ਦੇਸ਼ ’ਚ ‘ਡਿਜੀਟਲ ਅਰੈਸਟ’ ਅਤੇ ‘ਸਾਈਬਰ ਸਲੇਵਰੀ’ ਰਾਹੀਂ ਲੋਕਾਂ ਨੂੰ ਲੁੱਟ ਰਹੇ ‘ਸਾਈਬਰ ਅਪਰਾਧੀ’
Wednesday, Dec 25, 2024 - 02:21 AM (IST)
ਦੇਸ਼ ’ਚ ‘ਡਿਜੀਟਲ ਅਰੈਸਟ’, ‘ਸਾਈਬਰ ਸਲੇਵਰੀ’ ਆਦਿ ‘ਸਾਈਬਰ ਅਪਰਾਧ’ ਤੇਜ਼ੀ ਨਾਲ ਵਧ ਰਹੇ ਹਨ। ‘ਡਿਜੀਟਲ ਅਰੈਸਟ’ ਦੇ ਮਾਮਲਿਆਂ ’ਚ ਅਪਰਾਧੀ ਖੁਦ ਨੂੰ ਪੁਲਸ, ਸੀ.ਬੀ.ਆਈ., ਇਨਕਮ ਟੈਕਸ ਅਧਿਕਾਰੀ ਆਦਿ ਦੱਸ ਕੇ ਲੋਕਾਂ ਨਾਲ ਵ੍ਹਟਸਐਪ, ਸਕਾਈਪ ਆਦਿ ਪਲੇਟਫਾਰਮਾਂ ’ਤੇ ਵੀਡੀਓ ਕਾਲ ਰਾਹੀਂ ਸੰਪਰਕ ਕਰ ਕੇ ਉਨ੍ਹਾਂ ਨੂੰ ਆਰਥਿਕ ਧੋਖਾਦੇਹੀ, ਟੈਕਸ ਚੋਰੀ ਜਾਂ ਹੋਰ ਕਾਨੂੰਨਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਡਿਜੀਟਲ ਗ੍ਰਿਫਤਾਰੀ ਦੀ ਧਮਕੀ ਦਿੰਦੇ ਹਨ।
ਇਹ ਜਾਲਸਾਜ਼ ਲੋਕਾਂ ’ਤੇ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਕਿਸੇ ਬੈਂਕ ਖਾਤੇ ’ਚ ਵੱਡੀ ਰਕਮ ਭੇਜਣ ਦਾ ਦਬਾਅ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਠੱਗਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ। ਅਜਿਹੀ ਹੀ ਠੱਗੀ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 18 ਦਸੰਬਰ ਨੂੰ ਬੈਂਗਲੁਰੂ ’ਚ ਜਾਲਸਾਜ਼ਾਂ ਨੇ ਖੁਦ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਦਾ ਡਰ ਦਿਖਾ ਕੇ ਇਕ ਔਰਤ ਨੂੰ ‘ਡਿਜੀਟਲ ਅਰੈਸਟ’ ਕਰ ਕੇ ਉਸ ਦੇ ਬੈਂਕ ਖਾਤੇ ਦਾ ਵੇਰਵਾ ਹਾਸਲ ਕਰ ਲਿਆ ਅਤੇ ਜਾਂਚ ਪ੍ਰਕਿਰਿਆ ਦੇ ਨਾਂ ’ਤੇ ਉਸ ਤੋਂ 1.24 ਕਰੋੜ ਰੁਪਏ ਠੱਗ ਲਏ।
* 19 ਦਸੰਬਰ ਨੂੰ ਇੰਦੌਰ ’ਚ ਇਕ ਸਾਫਟਵੇਅਰ ਇੰਜੀਨੀਅਰ ਨੂੰ ਸਾਈਬਰ ਅਪਰਾਧੀਆਂ ਦਾ ਇਕ ਆਨਲਾਈਨ ਕਾਲ ਆਇਆ ਜਿਸ ’ਚ ਉਸ ਨੂੰ ਕਿਹਾ ਗਿਆ ਕਿ ਕਸਟਮ ਵਲੋਂ ਰੋਕੇ ਗਏ ਉਸ ਦੇ ਨਾਂ ’ਤੇ ਆਏ ਪਾਰਸਲ ’ਚ ਡਰੱਗਜ਼ ਅਤੇ ਕਈ ਸ਼ੱਕੀ ਵਸਤੂਆਂ ਮਿਲੀਆਂ ਹਨ। ਸਾਈਬਰ ਠੱਗਾਂ ਨੇ ਉਸ ਨੂੰ ਤਿੰਨ ਦਿਨਾਂ ਤੱਕ ‘ਆਨਲਾਈਨ ਅਰੈਸਟ’ ਰੱਖ ਕੇ ਉਸ ਤੋਂ ਲਗਭਗ ਇਕ ਲੱਖ ਰੁਪਏ ਠੱਗ ਲਏ।
* 20 ਦਸੰਬਰ ਨੂੰ ਦੇਹਰਾਦੂਨ ’ਚ ਸਾਈਬਰ ਠੱਗਾਂ ਨੇ ਇਕ ਰਿਟਾਇਰਡ ਮਹਿਲਾ ਬੈਂਕ ਕਰਮਚਾਰੀ ਨੂੰ 5 ਦਿਨਾਂ ਤੱਕ ‘ਡਿਜੀਟਲ ਅਰੈਸਟ’ ਕਰ ਕੇ ਉਸ ਤੋਂ 31 ਲੱਖ 31 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ। ਠੱਗਾਂ ਨੇ ਉਸ ਨੂੰ ਡਰਾਇਆ ਕਿ ਉਸ ਦੇ ਖਾਤੇ ’ਚ 2 ਕਰੋੜ ਰੁਪਏ ਦਾ ਨਾਜਾਇਜ਼ ਢੰਗ ਨਾਲ ਲੈਣ-ਦੇਣ ਹੋਇਆ ਹੈ।
* 23 ਦਸੰਬਰ ਨੂੰ ਬੈਂਗਲੁਰੂ ’ਚ ਇਕ ਸਾਫਟਵੇਅਰ ਇੰਜੀਨੀਅਰ ‘ਡਿਜੀਟਲ ਅਰੈਸਟ’ ਦਾ ਸ਼ਿਕਾਰ ਹੋ ਗਿਆ। ਜਾਲਸਾਜ਼ਾਂ ਨੇ ਪਹਿਲਾਂ ਖੁਦ ਨੂੰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਅਤੇ ਫਿਰ ਪੁਲਸ ਅਧਿਕਾਰੀ ਦੱਸ ਕੇ ਦਾਅਵਾ ਕੀਤਾ ਕਿ ਆਧਾਰ ਕਾਰਡ ਨਾਲ ਜੁੜੇ ਉਸ ਦੇ ਸਿਮ ਕਾਰਡ ਦਾ ਇਸਤੇਮਾਲ ਨਾਜਾਇਜ਼ ਇਸ਼ਤਿਹਾਰਾਂ ਅਤੇ ਗਲਤ ਸੰਦੇਸ਼ ਭੇਜਣ ਲਈ ਕੀਤਾ ਗਿਆ ਸੀ।
ਜਾਲਸਾਜ਼ਾਂ ਨੇ ਮਾਮਲਾ ਗੁਪਤ ਰੱਖਣ ਦੀ ਹਦਾਇਤ ਦੇ ਨਾਲ ਹੀ ਡਿਜੀਟਲ ਢੰਗ ਨਾਲ ਜਾਂਚ ’ਚ ਸਹਿਯੋਗ ਨਾ ਕਰਨ ’ਤੇ ਉਸ ਨੂੰ ਗ੍ਰਿਫਤਾਰ ਕਰ ਲੈਣ ਦੀ ਧਮਕੀ ਵੀ ਦਿੱਤੀ ਅਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਬਹਾਨਿਆਂ ਨਾਲ ਉਸ ਦੇ ਬੈਂਕ ਖਾਤਿਆਂ ਤੋਂ 11.8 ਕਰੋੜ ਰੁਪਏ ਟਰਾਂਸਫਰ ਕਰਵਾ ਲਏ। ਜਦ ਜਾਲਸਾਜ਼ਾਂ ਨੇ ਹੋਰ ਰਕਮ ਦੀ ਮੰਗ ਕੀਤੀ ਤਾਂ ਕਿਤੇ ਜਾ ਕੇ ਇੰਜੀਨੀਅਰ ਨੂੰ ਧੋਖਾਦੇਹੀ ਦਾ ਸ਼ਿਕਾਰ ਹੋਣ ਦਾ ਅਹਿਸਾਸ ਹੋਇਆ ਅਤੇ ਉਸ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 23 ਦਸੰਬਰ ਨੂੰ ਕਾਨਪੁਰ ’ਚ ਸਾਈਬਰ ਠੱਗਾਂ ਨੇ ਖੁਦ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਇਕ ਵਿਅਕਤੀ ਨੂੰ ਕਈ ਨੰਬਰਾਂ ਤੋਂ ਵ੍ਹਟਸਐਪ ਅਤੇ ਮੋਬਾਈਲ ’ਤੇ ਫੋਨ ਕਰ ਕੇ ਉਸ ਦਾ ਰਿਸ਼ਵਤਖੋਰੀ ਦਾ ਵੀਡੀਓ ਵਾਇਰਲ ਹੋਣ ਦੀ ਧਮਕੀ ਦੇ ਕੇ ਗ੍ਰਿਫਤਾਰੀ ਤੋਂ ਬਚਾਉਣ ਲਈ ਵਾਰ-ਵਾਰ ਰੁਪਏ ਮੰਗ ਕੇ ਉਸ ਤੋਂ ਲਗਭਗ 1.25 ਲੱਖ ਰੁਪਏ ਠੱਗ ਲਏ।
* ਅਤੇ ਹੁਣ 24 ਦਸੰਬਰ ਨੂੰ ਜੈਪੁਰ ’ਚ ਇਕ ਮਲਟੀਨੈਸ਼ਨਲ ਕੰਪਨੀ ਦੇ ਇੰਜੀਨੀਅਰ ਨੂੰ 3 ਦਿਨਾਂ ਤੱਕ ਡਿਜੀਟਲ ਅਰੈਸਟ ਰੱਖ ਕੇ ਉਸ ਨਾਲ 1.35 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਇਕ ਵਦਿਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
‘ਡਿਜੀਟਲ ਅਰੈਸਟ’ ਦੇ ਨਾਲ-ਨਾਲ ਹੁਣ ‘ਸਾਈਬਰ ਸਲੇਵਰੀ’ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਇਨ੍ਹਾਂ ’ਚ ਸਾਈਬਰ ਅਪਰਾਧੀਆਂ ਵਲੋਂ ਪੜ੍ਹੇ-ਲਿਖੇ ਅਤੇ ਤਕਨੀਕੀ ਤੌਰ ’ਤੇ ਸਿੱਖਿਅਤ ਨੌਜਵਾਨਾਂ ਨੂੰ ਆਈ. ਟੀ. ਖੇਤਰ ’ਚ ਰੋਜ਼ਗਾਰ ਦੇ ਲੁਭਾਵਣੇ ਮੌਕਿਆਂ ਦਾ ਝਾਂਸਾ ਦੇ ਕੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ’ਚ ਲਿਜਾ ਕੇ ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਪਛਾਣ ਪੱਤਰ ਖੋਹ ਕੇ ਤੇ ਸਾਈਬਰ ਗੁਲਾਮ ਬਣਾ ਕੇ ਭਾਰਤੀ ਨਾਗਰਿਕਾਂ ਨਾਲ ਸਾਈਬਰ ਧੋਖਾਦੇਹੀ ਕਰਨ ਲਈ ਮਜਬੂਰ ਕੀਤਾ ਜਾਣ ਲੱਗਾ ਹੈ।
ਹਾਲਾਂਕਿ ਸਰਕਾਰ ਵਲੋਂ ‘ਸਾਈਬਰ ਕ੍ਰਾਈਮ’ ਤੋਂ ਬਚਣ ਲਈ ਅਖਬਾਰਾਂ ’ਚ ਇਸ਼ਤਿਹਾਰ ਦੇ ਕੇ ਅਤੇ ਸਰਕਾਰ ਦੇ ਨਿਰਦੇਸ਼ ’ਤੇ ਟੈਲੀਕਾਮ ਆਪ੍ਰੇਟਰਾਂ ਵਲੋਂ ‘ਸਾਈਬਰ ਕ੍ਰਾਈਮ ਜਾਗਰੂਕਤਾ ਕਾਲਰ ਟਿਊਨ’ ਵਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕ ‘ਡਿਜੀਟਲ ਅਰੈਸਟ’ ਦਾ ਸ਼ਿਕਾਰ ਹੋ ਰਹੇ ਹਨ।
ਉਂਝ ਤਾਂ ਆਨਲਾਈਨ ਠੱਗੀ ਦੇ ਮਾਮਲੇ ਪੂਰੀ ਦੁਨੀਆ ’ਚ ਤੇਜ਼ੀ ਨਾਲ ਵਧ ਰਹੇ ਹਨ ਪਰ ਅਜਿਹੀ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ’ਚ ਭਾਰਤੀ ਸਭ ਤੋਂ ਵੱਧ ਹਨ। ਇਸ ਲਈ ਜੇ ਇਸ ਮਾਡਰਨ ਲੁੱਟ ਨੂੰ ਰੋਕਣ ਲਈ ਹੋਰ ਅਸਰਦਾਰ ਕਦਮ ਨਾ ਚੁੱਕੇ ਗਏ ਤਾਂ ਕਹਿਣਾ ਮੁਸ਼ਕਿਲ ਹੈ ਕਿ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ।
-ਵਿਜੇ ਕੁਮਾਰ