ਕੋਰੋਨਾ ’ਤੇ ਕਾਬੂ ਪਾਉਣਾ ਔਖਾ ਨਹੀਂ

04/25/2021 3:29:52 AM

ਡਾ. ਵੇਦਪ੍ਰਤਾਪ ਵੈਦਿਕ 

ਪਿਛਲੇ 2-3 ਦਿਨਾਂ ’ਚ ਕੋਰੋਨਾ ਨੇ ਅਜਿਹਾ ਜ਼ੁਲਮ ਢਾਹਿਆ ਹੈ ਕਿ ਪੂਰਾ ਦੇਸ਼ ਕੰਬ ਉੱਠਿਆ ਹੈ। ਜੋ ਲੋਕ ਮੋਦੀ ਸਰਕਾਰ ਦੇ ਅੰਧ-ਭਗਤ ਸਨ, ਉਹ ਵੀ ਡਰ ਅਤੇ ਗੁੱਸੇ ਨਾਲ ਭਰਨ ਲੱਗੇ ਸਨ।

ਸਵਾ 3 ਲੱਖ ਲੋਕਾਂ ਦਾ ਕੋਰੋਨਾ ਗ੍ਰਸਤ ਹੋਣਾ, ਹਜ਼ਾਰਾਂ ਲੋਕਾਂ ਦਾ ਮਰਨਾ, ਆਕਸੀਜਨ ਦਾ ਕਾਲ ਪੈਣਾ, ਦਵਾਈਆਂ ਅਤੇ ਆਕਸੀਜਨ ਸਿਲੰਡਰਾਂ ਦੀ 10 ਗੁਣਾ ਕੀਮਤ ’ਤੇ ਕਾਲਾਬਾਜ਼ਾਰੀ, ਸੂਬਾ ਸਰਕਾਰਾਂ ਦੀ ਆਪਸੀ ਖਿੱਚੋਤਾਣ ਅਤੇ ਨੇਤਾਵਾਂ ਦੇ ਦੋਸ਼ਾਂ ਜਾਂ ਪ੍ਰਤੀਦੋਸ਼ਾਂ ਨੇ ਕੇਂਦਰ ਸਰਕਾਰ ਨੂੰ ਕੰਬਣੀ ਛੇੜ ਦਿੱਤੀ ਹੈ।

ਪਰ ਇਸ ਸਭ ਦਾ ਫਾਇਦਾ ਇਹ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੇ ਲਾਲਚ ਨੂੰ ਛੱਡ ਕੇ ਕੋਰੋਨਾ ’ਤੇ ਆਪਣਾ ਧਿਆਨ ਜਮਾਇਆ ਹੈ। ਹੁਣ ਰਾਤੋ-ਰਾਤ ਹਸਪਤਾਲਾਂ ਨੂੰ ਆਕਸੀਜਨ ਦੇ ਸਿਲੰਡਰ ਪਹੁੰਚ ਰਹੇ ਹਨ। ਹਜ਼ਾਰਾਂ ਬਿਸਤਰਿਆਂ ਵਾਲੇ ਤਤਕਾਲਿਕ ਹਸਪਤਾਲ ਸ਼ਹਿਰਾਂ ’ਚ ਖੁੱਲ੍ਹ ਰਹੇ ਹਨ, ਕਾਲਾਬਾਜ਼ਾਰੀਆਂ ਦੀ ਗ੍ਰਿਫਤਾਰੀ ਵਧ ਗਈ ਹੈ ਅਤੇ 80 ਕਰੋੜ ਗਰੀਬ ਲੋਕਾਂ ਨੂੰ ਪ੍ਰਤੀ ਮਹੀਨਾ 5 ਕਿਲੋ ਅਨਾਜ ਮੁਫਤ ਵੰਡਣ ਲੱਗਾ ਹੈ।

ਆਸ ਹੈ ਕਿ 1-2 ਦਿਨਾਂ ’ਚ ਹੀ ਕੋਰੋਨਾ ਦੇ ਟੀਕੇ ਦੀ ਕੀਮਤ ਨੂੰ ਲੈ ਕੇ ਸ਼ੁਰੂ ਹੋਈ ਲੁੱਟਮਾਰ ’ਤੇ ਵੀ ਸਰਕਾਰ ਰੋਕ ਲਗਾ ਦੇਵੇਗੀ। ਕੋਰੋਨਾ ਦੇ ਟੀਕੇ ਅਤੇ ਹੋਰ ਦਵਾਈਆਂ ਲਈ ਜੋ ਕੱਚਾ ਮਾਲ ਅਸੀਂ ਅਮਰੀਕਾ ਤੋਂ ਦਰਾਮਦ ਕਰ ਰਹੇ ਸੀ, ਉਸ ਨੂੰ ਦੇਣ ’ਚ ਅਮਰੀਕਾ ਅਜੇ ਆਨਾਕਾਨੀ ਕਰ ਰਿਹਾ ਹੈ ਪਰ ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ਾਂ ਨੇ ਅੱਗੇ ਵਧ ਕੇ ਮਦਦ ਕਰਨ ਦਾ ਐਲਾਨ ਕੀਤਾ ਹੈ।

ਜਰਮਨੀ ਨੇ ਆਕਸੀਜਨ ਦੀਆਂ ਆਟੋਮੈਟਿਕ ਮਸ਼ੀਨਾਂ ਭੇਜਣ ਦਾ ਐਲਾਨ ਕਰ ਦਿੱਤਾ ਹੈ। ਸਭ ਤੋਂ ਵੱਧ ਧਿਆਨ ਦੇਣ ਲਈ ਤੱਥ ਇਹ ਹੈ ਕਿ ਚੀਨ ਅਤੇ ਪਾਕਿਸਤਾਨ ਨੇ ਵੀ ਭਾਰਤੀ ਜਨਤਾ ਨੂੰ ਇਸ ਆਫਤਕਾਲ ਤੋਂ ਬਚਾਉਣ ਦਾ ਇਰਾਦਾ ਜ਼ਾਹਿਰ ਕੀਤਾ ਹੈ।

ਪਾਕਿਸਤਾਨ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਕਿਹਾ ਹੈ ਕਿ ਸੰਕਟ ਦੇ ਇਸ ਸਮੇਂ ’ਚ ਆਪਸੀ ਰੰਜਿਸ਼ਾਂ ਨੂੰ ਅੱਖੋਂ-ਪਰੋਖੇ ਕੀਤਾ ਜਾਵੇ ਅਤੇ ਇਕ-ਦੂਸਰੇ ਦੀ ਮਦਦ ਲਈ ਅੱਗੇ ਵਧਿਆ ਜਾਵੇ। ਸਭ ਤੋਂ ਚੰਗੀ ਗੱਲ ਤਾਂ ਇਹ ਹੋਈ ਕਿ ਸਿੱਖਾਂ ਦੇ ਕਈ ਗੁਰਦੁਆਰਾ ਸਾਹਿਬਾਨ ’ਚ ਮੁਫਤ ਆਕਸੀਜਨ ਦੇਣ ਦਾ ਪ੍ਰਬੰਧ ਹੋ ਗਿਆ ਹੈ।

ਹਜ਼ਾਰਾਂ ਬੇਰੋਜ਼ਗਾਰ ਲੋਕਾਂ ਨੂੰ ਲੰਗਰ ਵੀ ਛਕਾਇਆ ਜਾ ਰਿਹਾ ਹੈ। ਕਈ ਮਸਜਿਦਾਂ ਵੀ ਇਸ ਕੰਮ ’ਚ ਲੱਗ ਗਈਆਂ ਹਨ। ਇਹ ਸਾਰੇ ਕਿਸੇ ਜਾਤੀ, ਮਜ਼੍ਹਬ ਜਾਂ ਭਾਸ਼ਾ ਦਾ ਵਿਤਕਰਾ ਨਹੀਂ ਕਰ ਰਹੇ ਹਨ। ਇਹੀ ਕੰਮ ਹਿੰਦੂਆਂ ਦੇ ਮੰਦਰ, ਆਰੀਆ ਸਮਾਜ ਅਤੇ ਰਾਮ ਕ੍ਰਿਸ਼ਨ ਮਿਸ਼ਨ ਦੇ ਲੋਕ ਵੀ ਕਰਨ ਤਾਂ ਕੋਰੋਨਾ ਦੀ ਜੰਗ ਜਿੱਤਣੀ ਸਾਡੇ ਲਈ ਬੜੀ ਸੌਖੀ ਹੋ ਜਾਵੇਗੀ।

ਇਨ੍ਹਾਂ ਸੰਗਠਨਾਂ ਨੂੰ ਉਨ੍ਹਾਂ ਵਿਅਕਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜੋ ਨਿੱਜੀ ਪੱਧਰ ’ਤੇ ਬਹੁਤ ਜ਼ਿਆਦਾ ਉਦਾਰਤਾ ਅਤੇ ਦਲੇਰੀ ਦਾ ਸਬੂਤ ਦੇ ਰਹੇ ਹਨ। ਮੁੰਬਈ ਦਾ ਸ਼ਾਹਨਵਾਜ਼ ਸ਼ੇਖ ਨਾਂ ਦਾ ਨੌਜਵਾਨ ਆਪਣੀ 22 ਲੱਖ ਰੁਪਏ ਦੀ ਕਾਰ ਵੇਚ ਕੇ ਉਨ੍ਹਾਂ ਪੈਸਿਆਂ ਨਾਲ ਲੋੜਵੰਦ ਰੋਗੀਆਂ ਨੂੰ ਆਕਸੀਜਨ ਦੇ ਸਿਲੰਡਰ ਮੁਹੱਈਆ ਕਰਵਾ ਰਿਹਾ ਹੈ।

ਜੋਧਪੁਰ ਦੇ ਨਿਰਮਲ ਗਹਿਲੋਤ ਨੇ ਸਵਾਸ ਬੈਂਕ ਬਣਾ ਦਿੱਤਾ ਹੈ ਜੋ ਆਕਸੀਜਨ ਦੇ ਸਿਲੰਡਰ ਉਨ੍ਹਾਂ ਦੇ ਘਰ ਪਹੁੰਚਾਉਂਦਾ ਹੈ, ਮਾਮੂਲੀ ਭਾਅ ’ਤੇ! ਇਕ ਕਿਸਾਨ ਨੇ ਆਪਣੇ 3 ਮੰਜ਼ਿਲਾ ਘਰ ਨੂੰ ਹੀ ਕੋਰੋਨਾ ਹਸਪਤਾਲ ਬਣਾ ਦਿੱਤਾ ਹੈ।

ਗੁੜਗਾਓਂ ਦੇ ਕੌਂਸਲਰ ਮਹੇਸ਼ ਦਾਇਮਾ ਨੇ ਆਪਣੇ ਵੱਡੇ ਦਫਤਰ ਨੂੰ ਹੀ ਮੁਫਤ ਟੀਕਾਕਰਨ ਦਾ ਕੇਂਦਰ ਬਣਾ ਦਿੱਤਾ ਹੈ। ਜੇਕਰ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਲਗਭਗ 15 ਕਰੋੜ ਵਰਕਰ ਇਸ ਦਿਸ਼ਾ ’ਚ ਸਰਗਰਮ ਹੋ ਜਾਣ ਤਾਂ ਕੋਰੋਨਾ ’ਤੇ ਕਾਬੂ ਪਾਉਣਾ ਔਖਾ ਨਹੀਂ ਹੋਵੇਗਾ।


Bharat Thapa

Content Editor

Related News