ਕੋਰੋਨਾ ਕਰਫਿਊ ਤੋਂ ਟੀਕਾ ਉਤਸਵ ਤੱਕ ਸੰਜਮ ਤੇ ਸੰਕਲਪ ਖਿੱਲਰ ਗਿਆ?

04/14/2021 2:25:51 AM

ਪੂਨਮ ਆਈ. ਕੌਸ਼ਿਸ਼\

ਭਾਰਤ ਅੱਜ ਦੋ ਤਰ੍ਹਾਂ ਦੇ ਦੌਰਾਂ ’ਚੋਂ ਲੰਘ ਰਿਹਾ ਹੈ। ਇਹ ਚੋਣ ਹਨੇਰੀ ਅਤੇ ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ’ਚ ਫਸਿਆ ਹੋਇਆ ਹੈ। ਸਾਡੇ ਨੇਤਾ ਉਨ੍ਹਾਂ 5 ਸੂਬਿਆਂ ’ਚ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ ਜਿੱਥੇ ਅਸੈਂਬਲੀ ਚੋਣਾਂ ਹੋ ਰਹੀਆਂ ਹਨ। ਕੋਰੋਨਾ ਮਹਾਮਾਰੀ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਤੇਜ਼ੀ ਨਾਲ ਫੈਲ ਰਹੀ ਹੈ। ਕੱਲ ਦੇਸ਼ ’ਚ 13527717 ਸਰਗਰਮ ਮਾਮਲੇ ਸਨ। ਕੋਰੋਨਾ ਕਾਰਣ ਹੁਣ ਤੱਕ ਕੁੱਲ 170179 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ’ਚੋਂ 904 ਮੌਤਾਂ ਸਿਰਫ ਕੱਲ ਹੋਈਆਂ ਸਨ। 18 ਅਕਤੂਬਰ ਤੋਂ ਬਾਅਦ ਕੋਰੋਨਾ ਕਾਰਣ ਇਹ ਸਭ ਤੋਂ ਵੱਧ ਮੌਤਾਂ ਸਨ। ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ 90 ਫੀਸਦੀ ਤੋਂ ਘੱਟ ਗਈ ਹੈ। ਫਿਰ ਵੀ ਲੋਕ ਕੋਰੋਨਾ ਦੇ ਪੈਮਾਨਿਆਂ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆ ਰਹੇ। ਦੇਸ਼ ’ਚ ਟੀਕਾ ਉਤਸਵ ਚੱਲ ਰਿਹਾ ਹੈ।

ਮਹਾਰਾਸ਼ਟਰ, ਪੰਜਾਬ ਅਤੇ ਛੱਤੀਸਗੜ੍ਹ ਵਿਚ ਕੋਰੋਨਾ ਦੇ ਸਭ ਤੋਂ ਵੱਧ ਨਵੇਂ ਮਾਮਲੇ ਆਏ ਹਨ। ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ’ਚ ਵੀ ਰੋਜ਼ਾਨਾ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਕਾਰਣ ਸਰਕਾਰ ਚਿੰਤਿਤ ਹੈ। ਇਨ੍ਹਾਂ ਸੂਬਿਆਂ ’ਚ ਕੋਰੋਨਾ ਦੇ ਕੁੱਲ 83.02 ਫੀਸਦੀ ਨਵੇਂ ਮਾਮਲੇ ਸਾਹਮਣੇ ਆਏ ਹਨ। 3 ਸੂਬਿਆਂ ’ਚ ਹਾਲਾਤ ਬਹੁਤ ਗੰਭੀਰ ਹਨ। ਇਨ੍ਹਾਂ ’ਚੋਂ ਮਹਾਰਾਸ਼ਟਰ ’ਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ 3 ਜ਼ਿਲਿਆਂ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਵੱਧ ਹੈ। 3 ਹੋਰਨਾਂ ਜ਼ਿਲਿਆਂ ’ਚ ਆਕਸੀਜਨ ਦੀ ਸਪਲਾਈ ਢੁੱਕਵੀਂ ਨਹੀਂ ਹੈ। 2 ਜ਼ਿਲਿਆਂ ’ਚ ਵੈਂਟੀਲੇਟਰ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ। ਕੁਝ ਜ਼ਿਲੇ ਗੰਭੀਰ ਰੋਗੀਆਂ ਦੀ ਦੇਖਭਾਲ ਲਈ ਗੁਆਂਢੀ ਜ਼ਿਲਿਆਂ ’ਤੇ ਨਿਰਭਰ ਹਨ। ਕੁਝ ਥਾਵਾਂ ’ਤੇ ਇਕ-ਇਕ ਬੈੱਡ ’ਤੇ ਦੋ-ਦੋ ਰੋਗੀ ਹਨ। 7 ਜ਼ਿਲਿਆਂ ’ਚ ਸਿਹਤ ਮੁਲਾਜ਼ਮਾਂ ਦੀ ਕਮੀ ਹੈ।

ਪੰਜਾਬ ’ਚ 2 ਜ਼ਿਲਿਆਂ ’ਚ ਕੋਰੋਨਾ ਦੇ ਵਿਸ਼ੇਸ਼ ਹਸਪਤਾਲ ਨਹੀਂ ਹਨ। 3 ਜ਼ਿਲਿਆਂ ’ਚ ਸਿਹਤ ਮੁਲਾਜ਼ਮਾਂ ਦੀ ਕਮੀ ਹੈ। 1 ਜ਼ਿਲੇ ’ਚ ਆਰ. ਟੀ. ਪੀ. ਸੀ. ਆਰ. ਪ੍ਰੀਖਣ ਲੈਬਾਰਟਰੀ ਨਹੀਂ ਹੈ। ਛੱਤੀਸਗੜ੍ਹ ’ਚ 3 ਜ਼ਿਲਿਆਂ ’ਚ ਆਰ. ਟੀ. ਪੀ. ਸੀ. ਆਰ. ਪ੍ਰੀਖਣ ਦਾ ਪ੍ਰਬੰਧ ਨਹੀਂ ਹੈ। 4 ਜ਼ਿਲਿਆਂ ’ਚ ਹਸਪਤਾਲਾਂ ’ਚ ਕੋਰੋਨਾ ਦੇ ਰੋਗੀ ਸਭ ਤੋਂ ਵੱਧ ਭਰਤੀ ਹੋਏ ਹਨ। ਸੂਬੇ ਦੀ ਰਾਜਧਾਨੀ ਰਾਏਪੁਰ ’ਚ ਆਕਸੀਜਨ ਦੀ ਸਪਲਾਈ ਸੀਮਤ ਹੈ। 3 ਜ਼ਿਲਿਆਂ ’ਚ ਸਿਹਤ ਮੁਲਾਜ਼ਮਾਂ ਦੀ ਕਮੀ ਹੈ। ਗੁਜਰਾਤ ਅਤੇ ਉੱਤਰ ਪ੍ਰਦੇਸ਼ ’ਚ ਕੋਰੋਨਾ ਦੇ ਰੋਗੀਆਂ ਦਾ ਪ੍ਰੀਖਣ ਇਕ ਵੱਡੀ ਸਮੱਸਿਆ ਹੈ। ਪਟਨਾ ’ਚ ਸਰਕਾਰੀ ਹਸਪਤਾਲ ਨੇ ਇਕ ਕੋਰੋਨਾ ਰੋਗੀ ਨੂੰ ਮ੍ਰਿਤਕ ਕਰਾਰ ਦੇ ਕੇ ਵੱਡੀ ਗਲਤੀ ਕੀਤੀ ਹੈ। ਉਸ ਦੇ ਰਿਸ਼ਤੇਦਾਰਾਂ ਨੂੰ ਕਿਸੇ ਹੋਰ ਵਿਅਕਤੀ ਦੀ ਲਾਸ਼ ਦੇ ਦਿੱਤੀ ਗਈ। ਇਹੀ ਨਹੀਂ ਕੋਰੋਨਾ ਦੀ ਦੂਜੀ ਲਹਿਰ ਕਾਰਣ ਮੁੰਬਈ, ਦਿੱਲੀ ਅਤੇ ਪੰਜਾਬ ਤੋਂ ਪ੍ਰਵਾਸੀ ਮਜ਼ਦੂਰਾਂ ਨੇ ਹਿਜਰਤ ਸ਼ੁਰੂ ਕਰ ਦਿੱਤੀ ਹੈ। ਇਸ ਕਾਰਣ ਉਕਤ ਸੂਬਿਆਂ ’ਚ ਕਿਰਤੀਆਂ ਦੀ ਕਮੀ ਹੋ ਗਈ ਹੈ। ਇਸ ਕਾਰਣ ਅਰਥਵਿਵਸਥਾ ਮੁੜ ਪ੍ਰਭਾਵਿਤ ਹੋ ਸਕਦੀ ਹੈ।

ਕੋਰੋਨਾ ਵੈਕਸੀਨ ਸਬੰਧੀ ਲਚਕੀਲੀ ਨੀਤੀ ਅਪਣਾਉਣ ਦੇ ਬਾਵਜੂਦ ਹਸਪਤਾਲ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਸੀਮਤ ਮਾਤਰਾ ’ਚ ਵੈਕਸੀਨ ਦਿੱਤੀ ਜਾ ਰਹੀ ਹੈ ਜਦੋਂ ਕਿ ਉਨ੍ਹਾਂ ਦੀ ਸਮਰੱਥਾ ਰੋਜ਼ਾਨਾ 1000 ਵੈਕਸੀਨ ਲਾਉਣ ਦੀ ਹੈ। ਕੁਝ ਲੋਕ ਵੈਕਸੀਨ ਲਵਾਉਣ ਤੋਂ ਡਰ ਰਹੇ ਹਨ ਅਤੇ ਕੁਝ ਲੋਕ ਇਸ ਬਾਰੇ ਵਧੇਰੇ ਜਾਣਕਾਰੀ ਮੰਗ ਰਹੇ ਹਨ। ਕੁਝ ਲੋਕ ਵੈਕਸੀਨ ਲਵਾ ਕੇ ਖੁਦ ਨੂੰ ਪ੍ਰਮਾਤਮਾ ਦੇ ਭਰੋਸੇ ਛੱਡ ਰਹੇ ਹਨ। ਇਹੀ ਨਹੀਂ, ਪੂਰੇ ਦੇਸ਼ ’ਚ ਡਾਕਟਰ ਕੋਰੋਨਾ ਦੇ ਿਮਊਟੈਂਟ ਸਬੰਧੀ ਚਿੰਤਤ ਹਨ ਕਿ ਇਹ ਦੇਸ਼ ’ਚ ਹੀ ਪੈਦਾ ਹੋਇਆ ਸੀ ਜਾਂ ਬਰਤਾਨੀਆ, ਦੱਖਣੀ ਅਫਰੀਕਾ ਜਾਂ ਬ੍ਰਾਜ਼ੀਲ ਤੋਂ ਆਇਆ ਹੈ। ਭਾਵੇਂ ਕੁਝ ਹੀ ਹੋਵੇ, ਕੋਰੋਨਾ ਰੋਗੀਆਂ ਦੀ ਗਿਣਤੀ ਪਹਿਲੀ ਲਹਿਰ ਦੇ ਮੁਕਾਬਲੇ 3 ਗੁਣਾ ਤੇਜ਼ੀ ਨਾਲ ਵਧ ਗਈ ਹੈ। ਇਸ ਕਾਰਣ ਡਾਕਟਰੀ ਸਹੂਲਤਾਂ ’ਤੇ ਭਾਰੀ ਦਬਾਅ ਪੈ ਰਿਹਾ ਹੈ।

ਲੱਗਦਾ ਹੈ ਕਿ ਅਸੀਂ ਆਪਣੀ ਸਮਰੱਥਾ ’ਤੇ ਜ਼ਿਆਦਾ ਭਰੋਸਾ ਕਰ ਲਿਆ ਹੈ। ਵਾਇਰਸ ਦੇ ਪ੍ਰਕੋਪ ਨੂੰ ਬੇਧਿਆਨ ਕਰ ਦਿੱਤਾ ਹੈ। ਮੌਜੂਦਾ ਸਮੇਂ ’ਚ ਲੋਕਾਂ ਦਾ ਦ੍ਰਿਸ਼ਟੀਕੋਣ ਆਮ ਵਰਗਾ ਹੋ ਗਿਆ ਹੈ। ਉਹ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਤੁਸੀਂ ਦੇਖ ਰਹੇ ਹੋਵੇਗੇ ਕਿ ਕਿਸ ਤਰ੍ਹਾਂ ਸਾਡੇ ਨੇਤਾ ਬਿਨਾਂ ਮਾਸਕ ਪਾਈ ਚੋਣ ਰੈਲੀਆਂ ’ਚ ਭਾਸ਼ਣ ਦੇ ਰਹੇ ਹਨ। ਉਨ੍ਹਾਂ ਕੋਰੋਨਾ ਵਾਇਰਸ ਬਾਰੇ ਸਭ ਨਿਯਮਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਹੈ। ਚੋਣ ਜਲਸਿਆਂ ’ਚ ਲੋਕ ਇਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੁੰਦੇ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕੋਰੋਨਾ ਵਾਇਰਸ ਦੇ ਲੰਬੇ ਸਮੇਂ ਤੱਕ ਚੱਲਣ ਕਾਰਣ ਲੋਕ ਉਦਾਸੀਨ ਹੋ ਗਏ ਹਨ ਅਤੇ ਅਕਸਰ ਹੀ ਮਾਸਕ ਲਾਹ ਦਿੰਦੇ ਹਨ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਵੀ ਨਹੀਂ ਕਰ ਰਹੇ ਹਨ। ਪਾਰਟੀਆਂ ਕਰ ਰਹੇ ਹਨ। ਉਹ ਇਹ ਵੀ ਮੰਨ ਰਹੇ ਹਨ ਕਿ ਉਨ੍ਹਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਗਈ ਹੈ। ਹਾਲਾਂਕਿ ਕੋਰੋਨਾ ਦੀ ਇਨਫੈਕਸ਼ਨ ਤੇਜ਼ੀ ਨਾਲ ਵਧ ਰਹੀ ਹੈ। ਇਹ ਸਾਨੂੰ ਇਸ ਗੱਲ ਵੱਲ ਧਿਆਨ ਦਿਵਾਉਂਦੀ ਹੈ ਕਿ ਕੋਰੋਨਾ ਅਜੇ ਖਤਮ ਨਹੀਂ ਹੋਇਆ।

ਸਾਡੀ ਸਿਹਤ ਪ੍ਰਣਾਲੀ ਦੀ ਕਮਜ਼ੋਰੀ ਨੇ ਹਾਲਾਤ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਨੀਤੀ ਆਯੋਗ ਦੇ ਇਕ ਮੈਂਬਰ ਡਾਕਟਰ ਪਾਲ ਮੁਤਾਬਕ ਅਸੀਂ ਬੁਰੇ ਤੋਂ ਹੋਰ ਬੁਰੇ ਦੌਰ ਵੱਲ ਵਧ ਰਹੇ ਹਾਂ। ਜਦੋਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਘੱਟ ਰਹੀ ਸੀ ਤਾਂ ਕਿਸੇ ਵੀ ਸੂਬੇ ਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਸੀ ਪਰ ਮਹਾਮਾਰੀ ਅਜੇ ਖਤਮ ਨਹੀਂ ਹੋਈ ਸੀ। ਅਸੀਂ ਸਾਵਧਾਨੀ ਨਹੀਂ ਵਰਤੀ ਅਤੇ ਇਸੇ ਕਾਰਣ ਅਸੀਂ ਇਸ ਮਹਾਮਾਰੀ ਦੇ ਫੈਲਣ ਦੀ ਲੜੀ ਨੂੰ ਨਹੀਂ ਤੋੜ ਸਕੇ। ਅੱਜ ਪੂਰਾ ਦੇਸ਼ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਗੱਲ ਦਾ ਖਤਰਾ ਵਧ ਗਿਆ ਹੈ ਕਿ ਹਰ ਆਦਮੀ ਇਸ ਤੋਂ ਪੀੜਤ ਹੋ ਸਕਦਾ ਹੈ। ਇਸ ਕਾਰਣ ਇਸ ਦੇ ਮਿਊਟੈਂਟ ਹੋਣ ਦੇ ਆਸਾਰ ਵਧ ਗਏ ਹਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਕ ਸਾਲ ’ਚ ਅਸੀਂ ਸਭ ਨੇ ਕੋਈ ਸਬਕ ਨਹੀਂ ਸਿੱਖਿਆ? ਕੀ ਅਸੀਂ ਮੁੜ ਤੋਂ ਲਾਕਡਾਊਨ ਵੱਲ ਵਧ ਰਹੇ ਹਾਂ। ਕੀ ਭਾਰਤ ਕੋਰੋਨਾ ਦੇ ਦੂਜੇ ਦੌਰ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਸ ਦੇ ਆਰਥਿਕ ਪ੍ਰਭਾਵ ਕੀ ਪੈਣਗੇ? ਸਾਡੇ ਆਗੂਆਂ ਨੇ ਕੋਰੋਨਾ ਮਹਾਮਾਰੀ ਦਾ ਸਿਆਸੀਕਰਨ ਕੀਤਾ ਹੈ। ਕਈ ਵਿਰੋਧੀ ਸ਼ਾਸਿਤ ਸੂਬਿਆਂ ਨੇ ਕੋਰੋਨਾ ਵੈਕਸੀਨ ਦੀ ਕਮੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕੋਰੋਨਾ ਵੈਕਸੀਨ ਦੀ ਸਪਲਾਈ ਸਬੰਧੀ ਕੋਈ ਭਰੋਸਾ ਨਹੀਂ ਦੇ ਰਹੀ। ਇਸ ਮਾਮਲੇ ’ਚ ਇਹ ਸੂਬੇ ਸਿਰਫ ਸਿਆਸਤ ਕਰ ਰਹੇ ਹਨ। ਸਰਕਾਰ ਨੇ ਵੈਕਸੀਨ ਦੀ ਬਰਾਮਦ ਕਰ ਕੇ ਹਾਲਾਤ ਨੂੰ ਠੀਕ ਢੰਗ ਨਾਲ ਨਹੀਂ ਸੰਭਾਲਿਆ। ਇਸ ਕਾਰਣ ਦੇਸ਼ ’ਚ ਵੈਕਸੀਨ ਦੀ ਕਮੀ ਹੋ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ’ਤੇ ਅਜਿਹੇ ਦੋਸ਼ ਲਾਏ ਜਾ ਰਹੇ ਹਨ।

ਸੂਬਿਆਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਿੱਧੀ ਵੈਕਸੀਨ ਪ੍ਰਾਪਤ ਕਰਨ ਅਤੇ ਟੀਕਾਕਰਨ ਦੀ ਰਣਨੀਤੀ ਤਿਆਰ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਸਥਾਨਕ ਪੱਧਰ ’ਤੇ ਕੋਰੋਨਾ ਵੈਕਸੀਨ ਅਤੇ ਵੱਖ-ਵੱਖ ਗਰੁੱਪਾਂ ’ਚ ਟੀਕਾਕਰਨ ਪ੍ਰਤੀ ਅਗਿਆਨਤਾ ਅਤੇ ਝਿਜਕ ਨੂੰ ਦੂਰ ਕਰ ਸਕਣ। ਕੌੜੀ ਸੱਚਾਈ ਇਹ ਹੈ ਕਿ ਕੋਰੋਨਾ ਮਹਾਮਾਰੀ ਦੇ ਸੰਦਰਭ ’ਚ ਸੂਬਿਆਂ ਅਤੇ ਲੋਕਾਂ ਦੋਹਾਂ ਨੂੰ ਆਪਣੀ ਜ਼ਿੰਮੇਵਾਰੀ ਉਠਾਉਣੀ ਹੋਵੇਗੀ। ਉੱਤਰਾਖੰਡ ’ਚ ਚੱਲ ਰਿਹਾ ਮਹਾਕੁੰਭ ਇਸ ਗੱਲ ਦੀ ਉਦਾਹਰਣ ਹੈ ਕਿ ਕਿਸ ਤਰ੍ਹਾਂ ਆਸਥਾ ਦੀ ਸਿਆਸਤ ਲਈ ਵਿਗਿਆਨ ਨੂੰ ਬੇਧਿਆਨ ਕੀਤਾ ਹੈ। ਇਸੇ ਤਰ੍ਹਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਕਿਸਾਨਾਂ ਦੇ ਅੰਦੋਲਨ ਕਾਰਣ ਆਮ ਆਦਮੀ ’ਚ ਕੋਰੋਨਾ ਫੈਲਣ ਦਾ ਡਰ ਵਧ ਗਿਆ ਹੈ।

ਕੀ ਸਾਡਾ ਸੰਜਮ ਅਤੇ ਸੰਕਲਪ ਖਤਮ ਹੋ ਗਿਆ ਹੈ? ਸੰਕਟ ਦੇ ਸਮੇਂ ਇਕਮੁੱਠਤਾ ਜ਼ਰੂਰੀ ਹੈ ਕਿਉਂਕਿ ਅਸੀਂ ਇਕ ਨਵੀਂ ਦੁਨੀਆ ’ਚ ਅੱਗੇ ਵਧ ਰਹੇ ਹਾਂ। ਉੱਥੇ ਸਾਨੂੰ ਓਰਵੇਲੀਅਨ ਧੁਨ ਵੱਧ ਸੁਣਾਈ ਦਿੰਦੀ ਹੈ। ਸਾਨੂੰ ਹਿੰਮਤ ਕਰਕੇ ਅਤੇ ਦਲੀਲ ਭਰਪੂਰ ਦ੍ਰਿਸ਼ਟੀਕੋਣ ਅਪਣਾ ਕੇ ਉਸੇ ਆਧਾਰ ’ਤੇ ਕਦਮ ਚੁੱਕਣੇ ਹੋਣਗੇ। ਜੇ ਅਸੀਂ ਇੰਝ ਨਾ ਕੀਤਾ ਤਾਂ ਮਹਾਮਾਰੀ ਦੇ 2020 ਸਾਲ ਦੇ ਸਮਾਜਿਕ ਅਤੇ ਆਰਥਿਕ ਨੁਕਸਾਨ ਨੂੰ ਮੁੜ ਦੋਹਰਾਵਾਂਗੇ। ਅਜੇ ਤੱਕ 2020 ਦੇ ਜ਼ਖਮ ਨਹੀਂ ਭਰੇ ਹਨ। ਤੁਹਾਡਾ ਇਸ ਬਾਰੇ ਕੀ ਸੋਚਣਾ ਹੈ?


Bharat Thapa

Content Editor

Related News