ਕੋਰੋਨਾ : ਭਾਰਤ ਬਣਿਆ ਵਿਸ਼ਵ ਨੂੰ ਤਾਰਨਹਾਰਾ

Tuesday, Feb 23, 2021 - 02:34 AM (IST)

ਕੋਰੋਨਾ : ਭਾਰਤ ਬਣਿਆ ਵਿਸ਼ਵ ਨੂੰ ਤਾਰਨਹਾਰਾ

ਡਾ. ਵੇਦਪ੍ਰਤਾਪ ਵੈਦਿਕ
ਕੁਝ ਦਿਨ ਪਹਿਲਾਂ ਜਦੋਂ ਮੈਂ ਲਿਖਿਆ ਸੀ ਕਿ ਕੋਰੋਨਾ ਦਾ ਟੀਕਾ ਭਾਰਤ ਨੂੰ ਵਿਸ਼ਵ ਦੀ ਮਹਾਸ਼ਕਤੀ ਦੇ ਰੂਪ ’ਚ ਉਭਾਰ ਰਿਹਾ ਹੈ ਤਾਂ ਕੁਝ ਸੁਚੇਤ ਪਾਠਕਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਮੋਦੀ ਸਰਕਾਰ ਨੂੰ ਜ਼ਬਰਦਸਤੀ ਇਸ ਦਾ ਸਿਹਰਾ ਦੇ ਰਹੇ ਹੋ। ਇਸ ਦਾ ਸਿਹਰਾ ਤੁਸੀਂ ਜਿਸ ਨੂੰ ਚਾਹੋ ਦਿਓ ਜਾਂ ਨਾ ਦਿਓ, ਜੋ ਗੱਲ ਮੈਂ ਲਿਖੀ ਸੀ, ਉਸ ’ਤੇ ਵਿਸ਼ਵ ਸਿਹਤ ਸੰਗਠਨ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਮੋਹਰ ਲਗਾ ਦਿੱਤੀ ਹੈ।

ਗੁਟਾਰੇਸ ਨੇ ਕਿਹਾ ਹੈ ਕਿ ਕੋਰੋਨਾ ਦੀ ਜੰਗ ’ਚ ਭਾਰਤ ਨੇ ਵਿਸ਼ਵ ਦੀ ਅਗਵਾਈ ਕੀਤੀ ਹੈ। ਉਹ ਵਿਸ਼ਵ ਲਈ ਤਾਰਨਹਾਰਾ ਬਣ ਗਿਆ ਹੈ। ਜਿਵੇਂ ਕਿ ਮੈਂ ਦਹਾਕਿਆਂ ਤੋਂ ਲਿਖਦਾ ਰਿਹਾ ਹਾਂ ਕਿ ਭਾਰਤ ਨੂੰ ਅਸੀਂ ਭਿਆਨਕ ਮਹਾਸ਼ਕਤੀ ਨਹੀਂ, ਸਗੋਂ ਮਿਆਰੀ ਮਹਾਸ਼ਕਤੀ ਬਣਾਉਣਾ ਹੈ, ਇਸ ਦਾ ਸ਼ੁੱਭ ਆਰੰਭ ਹੋ ਗਿਆ ਹੈ। ਭਾਰਤ ਨੇ ਦੁਨੀਆ ਦੇ ਲਗਭਗ 150 ਦੇਸ਼ਾਂ ਨੂੰ ਕੋਰੋਨਾ ਦੇ ਟੀਕੇ, ਜਾਂਚ ਕਿੱਟ, ਪੀ.ਪੀ.ਈ., ਵੈਂਟੀਲੇਟਰ ਮੁਹੱਈਆ ਕਰਵਾਏ ਹਨ। ਇਨ੍ਹਾਂ ਦੇਸ਼ਾਂ ਤੋਂ ਭਾਰਤ ਨੇ ਇਨ੍ਹਾਂ ਚੀਜ਼ਾਂ ਦੇ ਪੈਸੇ ਜਾਂ ਤਾਂ ਨਾਮਾਤਰ ਲਏ ਹਨ ਜਾਂ ਬਿਲਕੁਲ ਨਹੀਂ ਲਏ।

ਸੰਯੁਕਤ ਰਾਸ਼ਟਰ ਸੰਘ ਦੀ ਸ਼ਾਂਤੀ ਫੌਜ ਨੂੰ 2 ਲੱਖ ਟੀਕੇ ਭਾਰਤ ਨੇ ਭੇਟ ਕੀਤੇ ਹਨ। ਅਜੇ ਤਕ ਭਾਰਤ ਲਗਭਗ ਢਾਈ ਕਰੋੜ ਟੀਕੇ ਕਈ ਦੇਸ਼ਾਂ ਨੂੰ ਭੇਜ ਚੁੱਕਾ ਹੈ। ਉਨ੍ਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਨੇ ਭਾਰਤ ਦਾ ਬੜਾ ਅਹਿਸਾਨ ਮੰਨਿਆ ਹੈ। ਇਸ ਦਾ ਸਿਹਰਾ ਭਾਰਤ ਦੇ ਵਿਗਿਆਨੀਆਂ, ਦਵਾਈਆਂ ਦੇ ਉਤਪਾਦਕਾਂ ਅਤੇ ਸਿਹਤ ਮੰਤਰਾਲਾ ਨੂੰ ਆਪਣੇ ਆਪ ਮਿਲ ਰਿਹਾ ਹੈ।

ਜੇਕਰ ਭਾਰਤ ਸਰਕਾਰ ਇਸ ਔਖੀ ਘੜੀ ’ਚ ਆਯੁਰਵੈਦਿਕ ਕਾਹੜੇ ਨੂੰ ਵੀ ਸਾਰੇ ਵਿਸ਼ਵ ’ਚ ਫੈਲਾ ਦਿੰਦੀ ਤਾਂ ਭਾਰਤ ਨੂੰ ਅਰਬਾਂ ਰੁਪਏ ਦੀ ਆਮਦਨ ਤਾਂ ਹੁੰਦੀ ਹੀ, ਭਾਰਤ ਦੀ ਮਹਾਨ ਅਤੇ ਪ੍ਰਾਚੀਨ ਡਾਕਟਰੀ ਪ੍ਰਣਾਲੀ ਸਾਰੇ ਵਿਸ਼ਵ ’ਚ ਪ੍ਰਸਿੱਧ ਹੋ ਜਾਂਦੀ ਪਰ ਸਾਡੇ ਨੇਤਾਵਾਂ ’ਚ ਸਵੈ-ਭਰੋਸੇ ਅਤੇ ਸਵੈ-ਮਾਣ ਦੀ ਇੰਨੀ ਘਾਟ ਹੈ ਕਿ ਉਹ ਨੌਕਰਸ਼ਾਹਾਂ ਦੇ ਇਸ਼ਾਰੇ ’ਤੇ ਹੀ ਥਿਰਕਦੇ ਰਹਿੰਦੇ ਹਨ। ਕੋਰੋਨਾ ਜੰਗ ’ਚ ਭਾਰਤ ਦੀ ਜਿੱਤ ਸਾਰੀ ਦੁਨੀਆ ’ਚ ਬੇਜੋੜ ਹੈ। ਅਮਰੀਕਾ ਵਰਗੇ ਸ਼ਕਤੀਸ਼ਾਲੀ ਅਤੇ ਰੱਜੇ-ਪੁੱਜੇ ਦੇਸ਼ ’ਚ 5 ਲੱਖ ਤੋਂ ਵੱਧ ਲੋਕ ਮਰ ਚੁੱਕੇ ਹਨ।

ਜੋ ਦੇਸ਼ ਭਾਰਤ ਦੇ ਸੂਬਿਆਂ ਤੋਂ ਵੀ ਛੋਟੇ ਹਨ, ਉਨ੍ਹਾਂ ’ਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਵਧਦੀ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਅਜਿਹਾ ਕਿਉਂ ਹੈ? ਇਸ ਦਾ ਕਾਰਨ ਭਾਰਤ ਦੀ ਜੀਵਨ ਪ੍ਣਾਲੀ, ਖਾਣ-ਪੀਣ ਅਤੇ ਡਾਕਟਰੀ ਪ੍ਰਣਾਲੀ ਹੈ। ਦੁਨੀਆ ਦੇ ਸਭ ਤੋਂ ਵੱਧ ਸ਼ਾਕਾਹਾਰੀ ਭਾਰਤ ’ਚ ਰਹਿੰਦੇ ਹਨ। ਜੋ ਕਦੇ ਮਾਸ ਦੀ ਵਰਤੋਂ ਕਰਦੇ ਹਨ, ਉਹ ਵੀ ਇਨ੍ਹੀਂ ਦਿਨੀਂ ਸ਼ਾਕਾਹਾਰੀ ਹੋ ਗਏ ਹਨ।

ਸਾਡੇ ਭੋਜਨ ’ਚ ਰੋਜ਼ਾਨਾ ਵਰਤੇ ਜਾਣ ਵਾਲੇ ਮਸਾਲੇ ਸਾਡੀ ਰੋਗਾਂ ਨੂੰ ਬਚਾਉਣ ਵਾਲੀ ਸ਼ਕਤੀ ਨੂੰ ਵਧਾਉਂਦੇ ਹਨ। ਸਾਡੀ ਨਮਸਤੇ ਲੋਕਾਂ ’ਚ ਸਰੀਰਕ ਦੂਰੀ ਆਪਣੇ ਆਪ ਬਣਾ ਦਿੰਦੀ ਹੈ। ਮੇਰੀ ਬੇਨਤੀ ’ਤੇ ਆਯੁਸ਼ ਮੰਤਰਾਲਾ ਨੇ ਕਾਹੜੇ ਦੀਆਂ ਕਰੋੜਾਂ ਪੁੜੀਆਂ ਵੰਡਵਾਈਆਂ। ਇਨ੍ਹਾਂ ਸਾਰਿਆਂ ਦਾ ਨਤੀਜਾ ਹੈ ਕਿ ਭਾਰਤ ਦੀ ਗਰੀਬੀ, ਗੰਦਗੀ ਅਤੇ ਭੀੜ-ਭੜੱਕੇ ਦੇ ਬਾਵਜੂਦ ਅੱਜ ਭਾਰਤ ਕੋਰੋਨਾ ਨੂੰ ਮਾਤ ਦੇਣ ’ਚ ਸਾਰੇ ਦੇਸ਼ਾਂ ’ਚ ਮੋਹਰੀ ਹੈ। ਜੇਕਰ ਭਾਰਤ ਸਰਕਾਰ ਥੋੜ੍ਹੀ ਢਿੱਲ ਦੇ ਦੇਵੇ ਅਤੇ ਗੈਰ-ਸਰਕਾਰੀ ਪੱਧਰ ’ਤੇ ਵੀ ਟੀਕਾਕਰਨ ਦੀ ਸ਼ੁਰੂਆਤ ਕਰਵਾ ਦੇਵੇ ਤਾਂ ਕੁਝ ਹੀ ਦਿਨਾਂ ’ਚ 50-60 ਕਰੋੜ ਲੋਕ ਟੀਕਾ ਲਗਵਾ ਲੈਣਗੇ।


author

Bharat Thapa

Content Editor

Related News