ਕਾਨੂੰਨ ਵਿਵਸਥਾ ਤੇ ਨਿਆਂ ਵੰਡ ’ਚ ਮੀਡੀਆ ਦਾ ਯੋਗਦਾਨ

Monday, Aug 02, 2021 - 03:30 AM (IST)

ਕਾਨੂੰਨ ਵਿਵਸਥਾ ਤੇ ਨਿਆਂ ਵੰਡ ’ਚ ਮੀਡੀਆ ਦਾ ਯੋਗਦਾਨ

ਅਵਧੇਸ਼ ਕੁਮਾਰ
ਰਾਜਿੰਦਰ ਮੋਹਨ ਸ਼ਰਮਾ (ਸਾਬਕਾ ਡੀ. ਜੀ. ਪੀ. ਹਿ. ਪ੍ਰ.)

ਕਿਸੇ ਵੀ ਸੰਗਠਿਤ ਵਿਵਸਥਾ ਦਾ ਆਧਾਰ ਕਾਨੂੰਨ ਹੁੰਦਾ ਹੈ, ਜਿਸ ਦਾ ਮਕਸਦ ਨਿਆਂ ਦੀ ਸਥਾਪਨਾ ਕਰਨਾ ਹੁੰਦਾ ਹੈ। ਅਸਲ ’ਚ ਨਿਆਂ ਹੀ ਵਿਅਕਤੀਆਂ, ਸਮੂਹਾਂ ਅਤੇ ਭਾਈਚਾਰੇ ਨੂੰ ਇਕ ਸੂਤਰ ’ਚ ਬੰਨ੍ਹਦਾ ਹੈ। ਜ਼ਿੰਦਗੀ ਦੇ ਪੱਥ ਪ੍ਰਦਰਸ਼ਨ ਲਈ ਇਹ ਕਿਸੇ ਵੀ ਨਿਯਮ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ। ਇਸੇ ਤਰ੍ਹਾਂ ਨਿਆਂ ਦਾ ਅਰਥ ਸੱਚ, ਨੈਤਿਕਤਾ ਅਤੇ ਸ਼ੋਸ਼ਣ ਤੋਂ ਬਗੈਰ ਦੀ ਸਥਿਤੀ ’ਚ ਹੀ ਪਾਇਆ ਜਾ ਸਕਦਾ ਹੈ। ਇਨ੍ਹਾਂ ਹੀ ਤੱਥਾਂ ਦੇ ਪਿਛੋਕੜ ’ਚ ਕਾਨੂੰਨ ਵਿਵਸਥਾ ਬਣਾਉਣ ਤੇ ਨਿਆਂ ਵੰਡਣ ’ਚ ਮੀਡੀਆ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆਇਆ ਹੈ ਅਤੇ ਭਾਰਤੀ ਲੋਕਤੰਤਰ ਦੇ ਇਕ ਸ਼ਕਤੀਸ਼ਾਲੀ ਤੇ ਮਜ਼ਬੂਤ ਥੰਮ੍ਹ ਦੇ ਰੂਪ ’ਚ ਜਾਣਿਆ ਜਾਂਦਾ ਹੈ।

ਮੀਡੀਆ ਨੇ ਵਿਸ਼ਵ ’ਚ ਹੋਈਆਂ ਕਈ ਕ੍ਰਾਂਤੀਆਂ, ਜਿਵੇਂ ਕਿ ਅਮਰੀਕੀ ਆਜ਼ਾਦੀ ਅੰਦੋਲਨ, ਫਰਾਂਸੀਸੀ ਅੰਦੋਲਨ ਅਤੇ ਇਸੇ ਤਰ੍ਹਾਂ ਭਾਰਤ ਦੇ ਆਜ਼ਾਦੀ ਅੰਦੋਲਨ ’ਚ ਇਕ ਸ਼ਾਨਦਾਰ ਭੂਮਿਕਾ ਨਿਭਾਈ ਹੈ। ਅੱਜ ਦੇ ਸਮੇਂ ’ਚ ਮੀਡੀਆ ਹਰ ਖੇਤਰ ’ਚ ਜ਼ਰੂਰੀ ਬਣ ਗਿਆ ਹੈ। ਭਾਵੇਂ ਉਹ ਪ੍ਰਿੰਟ, ਇਲੈਕਟ੍ਰਾਨਿਕ ਜਾਂ ਫਿਰ ਸੋਸ਼ਲ ਮੀਡੀਆ ਹੋਵੇ, ਇਹ ਹਰ ਖੇਤਰ ’ਚ ਪ੍ਰਤੱਖ, ਅਪ੍ਰਤੱਖ ਤੌਰ ’ਤੇ ਸਮਾਜ ’ਚ ਆਪਣਾ ਹਾਂਪੱਖੀ ਤੇ ਨਾਂਹਪੱਖੀ ਅਸਰ ਪਾਉਂਦਾ ਆਇਆ ਹੈ।

ਮੀਡੀਆ ਨੇ ਜਿੱਥੇ ਜਨਤਾ ਨੂੰ ਨਿਡਰਤਾ ਨਾਲ ਜਾਗਰੂਕ ਕਰਨ, ਭ੍ਰਿਸ਼ਟਾਚਾਰ ਦੇ ਖਾਤਮੇ, ਸੱਤਾ ’ਤੇ ਤਰਕਸੰਗਤ ਕੰਟਰੋਲ ਅਤੇ ਲੋਕਹਿੱਤ ਕਾਰਜਾਂ ’ਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਉਥੇ ਹੀ ਲਾਲਚ, ਡਰ, ਈਰਖਾ, ਮੁਕਾਬਲੇਬਾਜ਼ੀ ਤੇ ਸਿਆਸਤ ਦੇ ਭੈੜੇ ਚੱਕਰ ਦੇ ਜਾਲ ’ਚ ਫਸ ਕੇ ਆਪਣੀ ਭੂਮਿਕਾ ਨੂੰ ਸਮੇਂ-ਸਮੇਂ ’ਤੇ ਕਲੰਕਿਤ ਵੀ ਕੀਤਾ ਹੈ। ਪੀਲੀ ਪੱਤਰਕਾਰੀ ਨੂੰ ਅਪਣਾਉਣਾ, ਬਲੈਕਮੇਲ ਰਾਹੀਂ ਦੂਸਰਿਆਂ ਦਾ ਸ਼ੋਸ਼ਣ ਕਰਨਾ, ਚਟਪਟੀਆਂ ਖਬਰਾਂ ਨੂੰ ਤਰਜੀਹ ਦੇਣੀ ਅਤੇ ਖਬਰਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ, ਦੰਗੇ ਭੜਕਾਉਣ ਵਾਲੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰਨਾ, ਡਰ ਜਾਂ ਲਾਲਚ ’ਚ ਸੱਤਾਧਾਰੀ ਪਾਰਟੀ ਦੀ ਜਾਂ ਵਿਰੋਧੀ ਧਿਰ ਦੀ ਚਾਪਲੂਸੀ ਕਰਨੀ, ਬੇਲੋੜੇ ਢੰਗ ਨਾਲ ਕਿਸੇ ਦੀ ਸ਼ਲਾਘਾ ਜਾਂ ਆਲੋਚਨਾ ਕਰਨ ਅਤੇ ਈਮਾਨਦਾਰੀ, ਨੈਤਿਕਤਾ ਅਤੇ ਫਰਜ਼ ਨਿਭਾਉਣ ਨਾਲ ਸਬੰਧਤ ਖਬਰਾਂ ਨੂੰ ਨਜ਼ਰਅੰਦਾਜ਼ ਕਰਨਾ ਅੱਜਕਲ ਮੀਡੀਆ ਦੇ ਆਮ ਲੱਛਣ ਹੋ ਗਏ ਹਨ।

ਵਰਤਮਾਨ ’ਚ ਜਦੋਂ ਆਮ ਜਨਤਾ ਨਿਆਂ ਵਿਵਸਥਾ ਬਣਾਉਣ ਵਾਲੀਆਂ ਸੰਸਥਾਵਾਂ ਜਿਵੇਂ ਕਿ ਪੁਲਸ, ਇਸਤਗਾਸਾ ਧਿਰ ਅਤੇ ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਦੀ ਝਲਕ ਦੇਖਦੀ ਹੈ ਤਦ ਉਸ ਦਾ ਯਕੀਨ ਇਨ੍ਹਾਂ ਸੰਸਥਾਵਾਂ ਤੋਂ ਉੱਠਣ ਲੱਗਦਾ ਹੈ ਅਤੇ ਸਿਰਫ ਮੀਡੀਆ ਹੀ ਅਜਿਹਾ ਤੰਤਰ ਰਹਿ ਜਾਂਦਾ ਹੈ ਜੋ ਲੋਕਾਂ ਨੂੰ ਸੱਚਾ ਮਿੱਤਰ ਤੇ ਹਮਰਾਜ਼ ਲੱਗਣ ਲੱਗਦਾ ਹੈ। ਮੀਡੀਆ ਨੇ ਕਈ ਕਿਸਮ ਦੇ ਸਟਿੰਗ ਆਪ੍ਰੇਸ਼ਨਾਂ ਰਾਹੀਂ ਪੁਲਸ ਤੇ ਨਿਆਪਾਲਿਕਾ ਤੇ ਹੋਰ ਕਈ ਸੰਸਥਾਵਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਪੀੜਤ ਵਰਗ ਨੂੰ ਇਨਸਾਫ ਦਿਵਾਉਣ ’ਚ ਅਹਿਮ ਰੋਲ ਅਦਾ ਕੀਤਾ ਹੈ। ਇਸ ਦੇ ਇਲਾਵਾ ਦੇਸ਼ ਨੂੰ ਖੰਡਿਤ ਕਰਨ ਵਾਲੀਆਂ ਤਾਕਤਾਂ, ਜਿਵੇਂ ਕਿ ਅੱਤਵਾਦ, ਮਾਓਵਾਦ, ਮਨੁੱਖੀ ਸਮੱਗਲਿੰਗ ਤੇ ਨਸ਼ਾ ਮਾਫੀਆ ਵਿਰੁੱਧ ਆਪਣੀ ਲੇਖਣੀ ਤੇ ਤਿੱਖੀਆਂ ਨਜ਼ਰਾਂ ਨਾਲ ਸਮੇਂ-ਸਮੇਂ ’ਤੇ ਇਨ੍ਹਾਂ ਸਾਰਿਆਂ ਦਾ ਕਾਲਾ ਚਿਹਰਾ ਸਮਾਜ ਤੇ ਸਰਕਾਰ ਸਾਹਮਣੇ ਪੇਸ਼ ਕੀਤਾ ਹੈ।

ਇਨ੍ਹਾਂ ਸਾਰੇ ਜੋਖਮ ਭਰੇ ਕਾਰਜਾਂ ਲਈ ਕਈ ਵਾਰ ਮੀਡੀਆ ਕਰਮਚਾਰੀਆਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ। ਇਸ ਦੇ ਇਲਾਵਾ ਰੋਜ਼ਾਨਾ ਦੇ ਪੱਧਰ ’ਤੇ ਹੋਣ ਵਾਲੇ ਕਈ ਕਿਸਮ ਦੇ ਸਮਾਜਿਕ, ਨੈਤਿਕ ਤੇ ਆਰਥਿਕ ਅਪਰਾਧਾਂ ਨੂੰ ਤੁਰੰਤ ਪ੍ਰਕਾਸ਼ਿਤ ਕਰ ਕੇ ਅਪਰਾਧੀਆਂ ਨੂੰ ਫੜਨ ਤੇ ਲੋਕਾਂ ’ਚ ਜਾਗਰੂਕਤਾ ਲਿਆਉਣ ’ਚ ਸ਼ਾਨਦਾਰ ਯੋਗਦਾਨ ਦਿੱਤਾ ਹੈ। ਇਸੇ ਤਰ੍ਹਾਂ ਸ਼ਹੀਦਾਂ ਦੇ ਸਨਮਾਨ ’ਚ ਪ੍ਰੇਰਕ ਤੇ ਉਤਸ਼ਾਹਜਨਕ ਖਬਰਾਂ ਦੇ ਪ੍ਰਸਾਰ ਨਾਲ ਮੀਡੀਆ ਆਪਣੀ ਹਾਂਪੱਖੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਅਤੇ ਹੜ੍ਹ ਜਾਂ ਹੋਰ ਕੁਦਰਤੀ ਜਾਂ ਮਨੁੱਖ ਵੱਲੋਂ ਪੈਦਾ ਕੀਤੀਆਂ ਆਫਤਾਂ ਦੇ ਸਮੇਂ ਲੋਕਾਂ ਦਾ ਸਹਿਯੋਗ ਮੁਹੱਈਆ ਕਰਵਾ ਕੇ ਮਨੁੱਖਤਾ ਦੀ ਸੱਚੀ ਸੇਵਾ ਕਰ ਰਿਹਾ ਹੈ।

ਪਰ ਪਦਾਰਥਵਾਦ ਦੇ ਇਸ ਯੁੱਗ ’ਚ ਮੀਡੀਆ ਵੀ ਕਿਥੇ ‘ਸਤਯਮ-ਸ਼ਿਵਮ-ਸੁੰਦਰਮ’ ਰਹਿ ਸਕਿਆ ਹੈ। ਮੀਡੀਆ ਦੇ ਕੁਝ ਲੋਕ ਵੀ ਆਪਣੀ ਕਲਮ ਦੀ ਦੁਰਵਰਤੋਂ ਕਰਦੇ ਹੋਏ ਕਿਤੇ ਨਾ ਕਿਤੇ ਸਮਾਜ ’ਚ ਅਰਾਜਕਤਾ ਦਾ ਮਾਹੌਲ ਬਣਾਉਣ ’ਚ ਆਪਣੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਭਾਰਤ ’ਚ ਸਮੇਂ-ਸਮੇਂ ’ਤੇ ਹੋਏ ਕਈ ਕਿਸਮ ਦੇ ਦੰਗੇ, ਜਿਵੇਂ ਕਿ ਗੋਧਰਾਕਾਂਡ (2002), ਮੁਜ਼ੱਫਰਨਗਰ ਦੰਗਾ (2013), ਦਿੱਲੀ ’ਚ ਭਾਰਤੀ ਨਾਗਰਿਕਤਾ ਸੋਧ ਕਾਨੂੰਨ ’ਤੇ ਸ਼ਾਹੀਨ ਬਾਗ ’ਚ ਭੜਕੇ ਦੰਗੇ (2019-2020) ਆਦਿ ’ਚ ਕੁਝ ਮੀਡੀਆ ਵਾਲਿਆਂ ਨੇ ਆਪਣੀ ਕਲਮ ਦੀ ਦੁਰਵਰਤੋਂ ਕਰਦੇ ਹੋਏ ਅੱਗ ’ਚ ਘਿਓ ਪਾਉਣ ਦਾ ਕੰਮ ਕੀਤਾ ਅਤੇ ਸਮਾਜ ’ਚ ਸ਼ਾਂਤੀ, ਭਾਈਚਾਰੇ, ਆਪਸੀ ਤਾਲਮੇਲ ਦੀ ਭਾਵਨਾ ਨੂੰ ਸੱਟ ਮਾਰੀ। ਦੂਸਰਿਆਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਬੁੱਧੀਜੀਵੀ ਪੱਤਰਕਾਰ ਜੇਕਰ ਆਪਣੇ ਚਿਹਰੇ ’ਤੇ ਕਾਲਖ ਦੀਆਂ ਪਰਤਾਂ ਚੜ੍ਹਾ ਲੈਣ ਤਦ ਮੀਡੀਆ ਦਾ ਪੂਰਾ ਵਰਗ ਕਲੰਕਿਤ ਹੋਣਾ ਸੁਭਾਵਿਕ ਹੋ ਜਾਂਦਾ ਹੈ।

ਸਾਡੇ ਸੰਵਿਧਾਨ ਦੀ ਧਾਰਾ 19(1) ਏ ’ਚ ਆਜ਼ਾਦ ਤੌਰ ’ਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਹੈ ਪਰ ਇਸ ਦੇ ਨਾਲ-ਨਾਲ ਧਾਰਾ 19(2) ’ਚ ਕੁਝ ਪਾਬੰਦੀਆਂ ਵੀ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਵੀ ਓਨੀ ਹੀ ਜ਼ਰੂਰੀ ਹੈ ਜਿਸ ਨੂੰ ਮੀਡੀਆ ਦੇ ਲੋਕ ਕਈ ਵਾਰ ਨਜ਼ਰਅੰਦਾਜ਼ ਕਰ ਦਿੰਦੇ ਹਨ। ਕਈ ਵਾਰ ਤਾਂ ਕਾਨੂੰਨ ਦੀ ਅਣਜਾਣਤਾ ਦੇ ਕਾਰਨ ਵੀ ਇਕਤਰਫਾ ਭੋਂਪੂ ਵਜਾਉਂਦੇ ਰਹਿੰਦੇ ਹਨ ਅਤੇ ਸਬੰਧਤ ਵਿਅਕਤੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਹੁੰਚਾ ਦਿੰਦੇ ਹਨ। ਸਾਲ 2019 ’ਚ ਹਾਥਰਸ (ਉ. ਪ੍ਰ.) ਦੀ ਘਟਨਾ, ਜਿਸ ’ਚ ਇਕ ਲੜਕੀ ਦੇ ਅਖੌਤੀ ਜਬਰ-ਜ਼ਨਾਹ ਅਤੇ ਹੱਤਿਆਕਾਂਡ ’ਚ ਇਕਪਾਸੜ ਭੋਂਪੂ ਵਜਾ-ਵਜਾ ਕੇ ਉੱਥੇ ਦੰਗੇ ਭੜਕਾ ਦਿੱਤੇ। ਇਸੇ ਤਰ੍ਹਾਂ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੂੰ ਹੱਤਿਆ ਦਾ ਰੂਪ ਦੇ ਕੇ ਉਸ ਦੀ ਪ੍ਰੇਮਿਕਾ ਰੀਆ ਚਕਰਵਰਤੀ ਨੂੰ ਮੁਜਰਿਮ ਠਹਿਰਾ ਕੇ ਸਾਰੇ ਸਮਾਜ ਦੀਆਂ ਨਜ਼ਰਾਂ ’ਚ ਉਸ ਨੂੰ ਜ਼ਲੀਲ ਕੀਤਾ। ਇਸੇ ਤਰ੍ਹਾਂ ਜੈਸਿਕਾ ਲਾਲ ਹੱਤਿਆ ਅਤੇ ਨਿਰਭਯਾ ਹੱਤਿਆਕਾਂਡ ਆਦਿ ’ਚ ਕਈ ਘਟਨਾਵਾਂ ’ਚ ਮੀਡੀਆ ਟ੍ਰਾਇਲ ਕੀਤਾ ਗਿਆ ਅਤੇ ਨਿਆਪਾਲਿਕਾ ’ਤੇ ਲੋੜ ਤੋਂ ਵੱਧ ਦਬਾਅ ਬਣਾਇਆ।

ਮੀਡੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਿਆਂ ਪ੍ਰਣਾਲੀ ਅਧੀਨ ਇਕ ਨਿਰਧਾਰਤ ਪ੍ਰਕਿਰਿਆ ਨੂੰ ਅਪਣਾਉਣਾ ਜ਼ਰੂਰੀ ਹੁੰਦਾ ਹੈ ਅਤੇ ਹਰੇਕ ਅਪਰਾਧੀ ਨੂੰ ਉਦੋਂ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ ਜਦੋਂ ਤੱਕ ਉਸ ਦੇ ਵਿਰੁੱਧ ਸਾਰੇ ਤੱਥ ਸਿੱਧ ਨਾ ਹੋ ਜਾਣ। ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਰੀਅਨ ਜੋਸੇਫ ਨੇ 2015 ’ਚ ਇਕ ਫੈਸਲੇ ’ਚ ਕਿਹਾ ਸੀ ਕਿ ਮੀਡੀਆ ਟ੍ਰਾਇਲ ਨਿਆਂ ਨੂੰ ਪਟੜੀ ਤੋਂ ਉਤਾਰ ਿਦੰਦਾ ਹੈ ਅਤੇ ਲੋਕਾਂ ਦਾ ਨਿਆਪਾਲਿਕਾ ਤੋਂ ਯਕੀਨ ਉੱਠਣ ਲੱਗਦਾ ਹੈ।

ਇਸ ਸਮੇਂ ਨਿਆਂ ਦੀ ਦੇਵੀ ਜੋ ਆਪਣੇ ਇਕ ਹੱਥ ’ਚ ਤਲਵਾਰ ਅਤੇ ਦੂਸਰੇ ’ਚ ਤੱਕੜੀ, ਜਿਸ ਦੇ ਦੋਵੇਂ ਪੱਲੜੇ ਬਰਾਬਰ ਹਨ ਅਤੇ ਜਿਸ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੈ, ਦਾ ਇਕ ਪੱਲੜਾ ਉੱਚਾ ਉੱਠ ਗਿਆ ਲੱਗਦਾ ਹੈ ਅਤੇ ਮੀਡੀਆ ਟ੍ਰਾਇਲ ਵਾਲਾ ਦੂਸਰਾ ਪੱਲੜਾ ਭਾਰਾ ਦਿਖਾਈ ਦੇ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਨਿਆਂ ਵੰਡ ’ਚ ਪੁਲਸ, ਪ੍ਰੈੱਸ ਤੇ ਨਿਆਪਾਲਿਕਾ ਦੀ ਪਰਿਪੂਰਕ ਭੂਮਿਕਾ ਹੁੰਦੀ ਹੈ ਅਤੇ ਤਿੰਨਾਂ ’ਚ ਆਪਸੀ ਤਾਲਮੇਲ ਬਰਾਬਰ ਹੋਣਾ ਬੜਾ ਜ਼ਰੂਰੀ ਹੈ ਤਾਂ ਕਿ ਪੀੜਤ ਅਤੇ ਲਾਚਾਰ ਵਿਅਕਤੀਆਂ ਨੂੰ ਤੁਰੰਤ ਨਿਆਂ ਮਿਲ ਸਕੇ ਅਤੇ ਦੋਸ਼ੀਆਂ ਨੂੰ ਸੀਖਾਂ ਦੇ ਪਿੱਛੇ ਸੁੱਟਿਆ ਜਾ ਸਕੇ।

ਸਮਾਜ ਦੀਆਂ ਰਗਾਂ ’ਚ ਨਵਚੇਤਨਾ ਦਾ ਸੰਚਾਰ ਕਰਨ ਵਾਲੇ ਮੀਡੀਆ ਭਾਈਚਾਰੇ ਦਾ ਵਿਸ਼ੇਸ਼ ਫਰਜ਼ ਬਣਦਾ ਹੈ ਕਿ ਉਹ ਰੌਸ਼ਨੀ, ਹੱਥਾਂ ’ਚ ਸਧੀ ਹੋਈ ਲੇਖਣੀ ਲੈ ਕੇ ਭਾਵਾਂ ਅਤੇ ਵਿਚਾਰਾਂ ਦਾ ਬੇਰੋਕ ਪ੍ਰਵਾਹ ਕਰ ਕੇ ਸਮਾਜ ਦੀ ਅਭੇਦ ਰੱਖਿਆ ਕਤਾਰ ’ਚ ਸ਼ਾਨਦਾਰ ਯੋਗਦਾਨ ਦੇਵੇ। ਮੀਡੀਆ ਦੀ ਬਹੁਆਯਾਮੀ ਭੂਮਿਕਾ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਹ ਅੱਜ ਹਰ ਤਰ੍ਹਾਂ ਦੀਆਂ ਹਾਂਪੱਖੀ ਅਤੇ ਨਾਂਹਪੱਖੀ ਭੂਮਿਕਾਵਾਂ ਨਿਭਾਅ ਰਿਹਾ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਮੀਡੀਆ ਆਪਣੀ ਸ਼ਕਤੀ ਦੀ ਸੁਚੱਜੀ ਵਰਤੋਂ ਲੋਕ ਹਿੱਤ ’ਚ ਕਰਦੇ ਹੋਏ ਸਮਾਜ ਦਾ ਮਾਰਗਦਰਸ਼ਨ ਕਰੇ।


author

Bharat Thapa

Content Editor

Related News