ਲਗਾਤਾਰ ਚੋਣਾਂ ਹਾਰਨ ਕਾਰਨ ‘ਕਾਂਗਰਸ ਮੁਕਤ ਭਾਰਤ’ ਧਰਾਤਲ ’ਤੇ ਦਿਸਣ ਲੱਗਾ
Wednesday, Feb 12, 2025 - 06:32 PM (IST)
![ਲਗਾਤਾਰ ਚੋਣਾਂ ਹਾਰਨ ਕਾਰਨ ‘ਕਾਂਗਰਸ ਮੁਕਤ ਭਾਰਤ’ ਧਰਾਤਲ ’ਤੇ ਦਿਸਣ ਲੱਗਾ](https://static.jagbani.com/multimedia/2025_2image_18_32_256695287congressfreeindia.jpg)
ਚੋਣ ਸਫਲਤਾਵਾਂ ਦੇ ਮਾਮਲੇ ਵਿਚ ਪਿਛਲਾ ਸਮਾਂ ਭਾਜਪਾ ਲਈ ਬਹੁਤ ਵਧੀਆ ਰਿਹਾ ਕਿਉਂਕਿ ਉਸ ਨੂੰ ਜਨਤਕ ਸਮਰਥਨ ਮਿਲਿਆ। ਦੂਜੇ ਪਾਸੇ, ਭਾਈ-ਭਤੀਜਾਵਾਦੀ ਅਤੇ ਭ੍ਰਿਸ਼ਟ ਕਾਂਗਰਸ ਆਪਣੀ ਕਮਜ਼ੋਰ ਲੀਡਰਸ਼ਿਪ ਅਤੇ ਵੋਟ ਬੈਂਕ ਦੀ ਰਾਜਨੀਤੀ ਲਈ ਜਾਤੀਵਾਦ ਅਤੇ ਧਾਰਮਿਕ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਦੇਸ਼ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਅਤੇ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਧਰਾਤਲ ’ਤੇ ਦਿਖਾਈ ਦੇ ਰਿਹਾ ਹੈ। ਭਾਰਤੀ ਰਾਜਨੀਤੀ ਦੀ ‘ਪ੍ਰਮੁੱਖ ਪਾਰਟੀ’ ਇੰਡੀਅਨ ਨੈਸ਼ਨਲ ਕਾਂਗਰਸ ਨੂੰ 2014 ਦੀਆਂ ਚੋਣਾਂ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ/ਐੱਨ. ਡੀ. ਏ. ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜ ਸਾਲ ਬਾਅਦ 2019 ਵਿਚ ਮੋਦੀ ਨੇ ਆਪਣੀ ਅਗਵਾਈ ਹੇਠ ਭਾਜਪਾ/ਐੱਨ. ਡੀ. ਏ. ਨੂੰ ਹੋਰ ਵੀ ਵੱਡੀ ਜਿੱਤ ਦਿਵਾਈ ਅਤੇ 2024 ਵਿਚ ਕੇਂਦਰ ਵਿਚ ਤੀਜੀ ਵਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ।
‘ਇੰਡੀਆ ਟੂਡੇ’ ਦੇ ਸਰਵੇਖਣ ਵਿਚ 57.5 ਫੀਸਦੀ ਲੋਕਾਂ ਨੇ ਕਿਹਾ ਕਿ ਕਾਂਗਰਸ ਆਪਣੇ ਅੰਤ ਵੱਲ ਵਧ ਰਹੀ ਹੈ। ਇਕ ਹੋਰ ਸਰਵੇਖਣ ਵਿਚ 71.4 ਫੀਸਦੀ ਨੇ ਕਿਹਾ ਕਿ ਭਾਰਤੀ ਵੋਟਰਾਂ ਨੇ ਵੰਸ਼ਵਾਦੀ ਕਾਂਗਰਸ ਦੀ ਰਾਜਨੀਤੀ ਨੂੰ ਨਿਰਣਾਇਕ ਤੌਰ ’ਤੇ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ ਦੇ ਇਕ ਹੋਰ ਸਰਵੇਖਣ ਵਿਚ, 68.2 ਫੀਸਦੀ ਲੋਕਾਂ ਨੇ ਕਿਹਾ ਕਿ ਕਾਂਗਰਸ ਆਪਣੇ ਸਭ ਤੋਂ ਵੱਡੇ ਲੀਡਰਸ਼ਿਪ ਸੰਕਟ ਵਿਚੋਂ ਗੁਜ਼ਰ ਰਹੀ ਹੈ ਅਤੇ ਆਪਣੇ ਅੰਤ ਦੇ ਨੇੜੇ ਹੈ ਪਰ ਹੁਣ ਵੀ 140 ਸਾਲ ਪੁਰਾਣੀ ਪਾਰਟੀ ਦੇ ਮੁੜ ਸੁਰਜੀਤ ਹੋਣ ਦੇ ਕੋਈ ਸੰਕੇਤ ਨਹੀਂ ਦਿਸਦੇ।
7 ਅਗਸਤ 2020 ਨੂੰ 23 ਸੀਨੀਅਰ ਕਾਂਗਰਸੀ ਆਗੂਆਂ ਨੇ ਗਾਂਧੀ ਪਰਿਵਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਪਾਰਟੀ ਪ੍ਰਧਾਨ ਦੇ ਅਹੁਦੇ ਸਮੇਤ ਵੱਖ-ਵੱਖ ਸੰਗਠਨਾਂ ਲਈ ਚੋਣਾਂ ਦੀ ਮੰਗ ਕਰ ਕੇ ਨਹਿਰੂ-ਗਾਂਧੀ ਪਰਿਵਾਰ ਵਿਰੁੱਧ ਬਗਾਵਤ ਕੀਤੀ। ਸ਼੍ਰੀਮਤੀ ਸੋਨੀਆ ਗਾਂਧੀ ਨੇ ਡੰਮੀ ਮਲਿਕਾਰਜੁਨ ਖੜਗੇ ਨੂੰ ਪ੍ਰਧਾਨ ਤਾਂ ਬਣਾਇਆ ਪਰ ਸੰਗਠਨ ਦੀਆਂ ਚਾਬੀਆਂ ਆਪਣੇ ਕੋਲ ਰੱਖੀਆਂ ਅਤੇ ਹੁਣ ਆਪਣੇ ਗਾਂਧੀ ਪਰਿਵਾਰ ਨੂੰ 3 ਸੰਸਦ ਮੈਂਬਰਾਂ ਦਾ ਤੋਹਫ਼ਾ ਦੇਣ ਤੋਂ ਬਾਅਦ, ਉਨ੍ਹਾਂ ਨੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।
ਲਗਾਤਾਰ ਚੋਣ ਹਾਰਾਂ ਦੇ ਬਾਵਜੂਦ ਪਾਰਟੀ ਵਿਚ ਲੀਡਰਸ਼ਿਪ ਸੰਕਟ ਨੂੰ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ‘ਬਾਗ਼ੀਆਂ’ ਅਤੇ ‘ਅਖੌਤੀ ਪਰਿਵਾਰਕ ਵਫ਼ਾਦਾਰਾਂ’ ਵਿਚਕਾਰ ਪਾੜਾ ਕਾਂਗਰਸ ਪਾਰਟੀ ਨੂੰ ਲਗਾਤਾਰ ਡਰਾ ਰਿਹਾ ਹੈ।
ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਕਦੇ ਵੀ ਇੰਨੀ ਵੱਡੀ ਦੁਰਗਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਗਿਰਾਵਟ ਦੇ ਕਾਰਨ ਤਾਂ ਬਹੁਤ ਹਨ, ਪਰ ਮੈਂ ਉਨ੍ਹਾਂ ਬਾਰੇ ਸੰਖੇਪ ਵਿਚ ਚਰਚਾ ਕਰਾਂਗਾ :
1. ਕਾਂਗਰਸ ਪਾਰਟੀ ਦਾ ਮੁਖੀ ਸਿਰਫ਼ ਗਾਂਧੀ ਹੀ ਹੋਵੇ, ਭਾਵੇਂ ਉਹ ਭਾਰਤ ਦੀ ਜ਼ਮੀਨੀ ਹਕੀਕਤ ਨੂੰ ਨਾ ਜਾਣਦਾ ਹੋਵੇ, ਉਹ ਇਸ ਦੇ ਪਤਨ ਦਾ ਪਹਿਲਾ ਕਾਰਨ ਹੈ।
2. ਰਾਹੁਲ ਗਾਂਧੀ ਪਤਨ ਦੇ ਦੂਜੇ ਨੰਬਰ ’ਤੇ ਫਿੱਟ ਬੈਠਦੇ ਹਨ। ਉਨ੍ਹਾਂ ਨੂੰ ਰਾਜਨੀਤੀ ਦਾ ਰੱਤੀ ਭਰ ਵੀ ਨਹੀਂ ਪਤਾ, ਉਨ੍ਹਾਂ ਕੋਲ ਸਿਰਫ਼ ਗਾਂਧੀ ਹੋਣ ਦਾ ਟੈਗ ਹੈ। ਉਹ ਸਿੱਧੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਹੱਕਦਾਰ, ਬਾਕੀ ਮਿਹਨਤੀ ਆਗੂਆਂ ਦਾ ਤਜਰਬਾ ਗਾਂਧੀ ਟੈਗ ਦੇ ਸਾਹਮਣੇ ਕੁਝ ਵੀ ਨਹੀਂ।
3. ਮੁਸਲਿਮ ਤੁਸ਼ਟੀਕਰਨ : ਹਿੰਦੂ ਬਹੁਲ ਭਾਰਤ ਵਿਚ ਹਿੰਦੂਆਂ ਨੂੰ ਆਪਣੇ ਹੀ ਦੇਸ਼ ਵਿਚ ਦੂਜੇ ਸਥਾਨ ’ਤੇ ਰੱਖਣਾ।
4. ਇਟਲੀ ਵਿਚ ਜਨਮੀ ਸ਼੍ਰੀਮਤੀ ਸੋਨੀਆ ਗਾਂਧੀ, ਜਿਨ੍ਹਾਂ ਨੂੰ ਕਈ ਵਾਰ ਮੀਡੀਆ ਨਾਲ ਆਹਮੋ-ਸਾਹਮਣੇ ਹੋਣਾ ਚਾਹੀਦਾ ਹੈ, ਉਹ ਰਾਜਗੱਦੀ ’ਤੇ ਬੈਠ ਕੇ ਜਨਤਾ ਨਾਲ ਸਿੱਧਾ ਸੰਪਰਕ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਹਿੰਦੀ ਨਹੀਂ ਜਾਣਦੇ। ਉਹ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਨੂੰ ਇਕ ਗਰੀਬ ਔਰਤ ਕਹਿ ਕੇ ਦੇਸ਼ ਦਾ ਅਪਮਾਨ ਕਰਦੇ ਹਨ।
5. ਪਾਰਟੀ ਵਿਚ ਚਾਪਲੂਸ ਆਗੂਆਂ ਨੂੰ ਜਗ੍ਹਾ ਦੇਣਾ ਜੋ ਜ਼ਮੀਨ ’ਤੇ ਨਹੀਂ ਜਾਣਾ ਚਾਹੁੰਦੇ ਅਤੇ ਕਾਂਗਰਸ ਵਿਚ ਉੱਚ ਅਹੁਦਿਆਂ ’ਤੇ ਬੈਠ ਕੇ ਗਾਂਧੀ ਪਰਿਵਾਰ ਦੀ ਚਾਪਲੂਸੀ ਕਰਦੇ ਹਨ।
6. ਕਾਂਗਰਸ ਦੇ 70 ਸਾਲਾਂ ਦੇ ਰਾਜ ਦੌਰਾਨ ਦੇਸ਼ ਦਾ ਪੈਸਾ ਵਿਦੇਸ਼ ਭੇਜਣਾ, ਜਿਸ ਨੂੰ ਕਾਲਾ ਧਨ ਕਿਹਾ ਜਾਂਦਾ ਹੈ।
7. ਕਾਂਗਰਸੀ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂਆਂ ਦੀ ਪਰਵਾਹ ਨਹੀਂ ਕਰਦੇ ਪਰ ਉਹ ਰੋਹਿੰਗਿਆਂ ਅਤੇ ਬੰਗਲਾਦੇਸ਼ੀਆਂ ਪ੍ਰਤੀ ਬਹੁਤ ਹਮਦਰਦੀ ਦਿਖਾਉਂਦੇ ਹਨ ਜੋ ਜਨਤਾ ਦੀਆਂ ਅੱਖਾਂ ’ਚ ਸਿੱਧੀ ਰੜੱਕਦੀ ਹੈ।
8. ਉਨ੍ਹਾਂ ਦੀ ਕੀ ਮਜਬੂਰੀ ਹੈ ਕਿ ਉਹ ਦੇਸ਼ਧ੍ਰੋਹ ਕਾਨੂੰਨ ਨੂੰ ਖਤਮ ਕਰਨਾ ਚਾਹੁੰਦੇ ਹਨ?
9. ਭਾਜਪਾ ਵਰਗੇ ਦੇਸ਼ ਭਗਤ ਸੰਗਠਨ ਅਤੇ ਵਰਕਰਾਂ ਦੀ ਘਾਟ ਕਾਂਗਰਸ ਦੇ ਪਤਨ ਦਾ ਇਕ ਵੱਡਾ ਕਾਰਨ ਹੈ।
10. ਰਾਸ਼ਟਰੀ ਸੁਰੱਖਿਆ ਵਰਗੇ ਮੁੱਦਿਆਂ ’ਤੇ ਦੇਸ਼ ਨਾਲ ਧੋਖਾ ਕਰਨਾ। ਅੱਜ ਮੋਦੀ ਜੀ ਦੀ ਸਰਕਾਰ ਕੋਲ ਆਧੁਨਿਕ ਹਥਿਆਰ ਹਨ ਅਤੇ ਦੇਸ਼ ਦਾ ਵਿਸ਼ਵ ਵਿਚ ਸਤਿਕਾਰ ਵਧਿਆ ਹੈ, ਜੋ ਕਾਂਗਰਸ ਦੇ ਰਾਜ ਦੌਰਾਨ ਨਹੀਂ ਸੀ।
11. ਕਸ਼ਮੀਰ ਵਰਗੇ ਮੁੱਦਿਆਂ ਦੇ ਹੱਲ ਵਿਚ ਕੁਝ ਵੀ ਯੋਗਦਾਨ ਨਾ ਪਾਉਣਾ।
12. ਕਾਂਗਰਸ ਦੇ ਰਾਜ ਦੌਰਾਨ ਦੇਸ਼ ਵਿਚ ਵੱਡੇ ਅੱਤਵਾਦੀ ਹਮਲੇ ਹੋਏ ਅਤੇ ਉਨ੍ਹਾਂ ਨੂੰ ਕੰਟਰੋਲ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ।
13. ਦੇਸ਼ ਦੇ ਲੋਕਾਂ ਨੂੰ ਜਾਤਾਂ ਵਿਚ ਵੰਡ ਕੇ ਅਤੇ ਉਨ੍ਹਾਂ ਨੂੰ ਸਿੱਖਿਆ ਤੋਂ ਵਾਂਝੇ ਕਰ ਕੇ ਵੰਡੋ ਅਤੇ ਰਾਜ ਕਰੋ ਦੀ ਸਾਜ਼ਿਸ਼ ਰਚੀ।
14. ਦੇਸ਼ ਵਿਚ ਹਿੰਦੂ ਮੰਦਰਾਂ ਦੀ ਦੇਖਭਾਲ ਕਰਨ ਦੀ ਬਜਾਏ, ਉਸ ਨੇ ਮਸਜਿਦਾਂ ਨੂੰ ਸਰਕਾਰੀ ਪੈਸਾ ਵੰਡ ਕੇ ਹਿੰਦੂਆਂ ਨਾਲ ਬੇਇਨਸਾਫ਼ੀ ਕੀਤੀ ਅਤੇ ਵੋਟ ਬੈਂਕ ਲਈ ਵਕਫ਼ ਬੋਰਡ ਦੇ ਭ੍ਰਿਸ਼ਟਾਚਾਰ ਦਾ ਸਮਰਥਨ ਕੀਤਾ।
15. ਫੌਜ ਮੁਖੀ ਨੂੰ ਗਾਲ੍ਹਾਂ ਅਤੇ ਉਸ ਨੂੰ ਗੁੰਡਾ ਕਿਹਾ, ਦੇਸ਼ ਦੇ ਪ੍ਰਧਾਨ ਮੰਤਰੀ, ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਮੋਦੀ ਜੀ ਨੂੰ ਲਗਾਤਾਰ ਗਾਲ੍ਹਾਂ ਕੱਢਣਾ।
16. ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੱਲੋਂ ਕੀਤੇ ਜਾ ਰਹੇ ਵੱਡੇ ਘੁਟਾਲੇ, ਜੋ ਅਦਾਲਤ ਤੋਂ ਜ਼ਮਾਨਤ ’ਤੇ ਰਿਹਾਅ ਹਨ।
17. ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲੋਂ ਦੇਸ਼ ਨੂੰ ਕਠਪੁਤਲੀ ਵਾਂਗ ਚਲਵਾਉਣਾ।
18. ਫੌਜ ਦੀ ਬਹਾਦਰੀ ’ਤੇ ਸਵਾਲ ਉਠਾਉਣਾ, ਫੌਜ ਤੋਂ ਪਾਕਿਸਤਾਨ ਵਿਰੁੱਧ ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲੇ ਦੇ ਸਬੂਤ ਮੰਗਣੇ।
19. ਭਾਰਤ ‘ਤੇਰੇ ਟੁਕੜੇ ਹੋਣਗੇ ਇੰਸ਼ਾ ਅੱਲ੍ਹਾ’ ਵਰਗੇ ਵਿਵਾਦ ਵਿਚ ਰਾਹੁਲ ਗਾਂਧੀ ਦਾ ਸਿੱਧੇ ਜੇ. ਐੱਨ. ਯੂ. ’ਚ ਜਾ ਕੇ ਦੇਸ਼ ਦੇ ਗੱਦਾਰਾਂ ਦਾ ਸਮਰਥਨ ਕਰਨਾ।
20. ਚੀਨ ਨਾਲ ਡੋਕਲਾਮ ਵਿਵਾਦ ’ਚ ਰਾਹੁਲ ਗਾਂਧੀ ਵਲੋਂ ਗੁਪਤ ਰੂਪ ਵਿਚ ਚੀਨੀ ਰਾਜਦੂਤ ਨੂੰ ਮਿਲਣਾ।
21. ਰਾਹੁਲ ਗਾਂਧੀ ਦਾ ਆਧੁਨਿਕ ਲੜਾਕੂ ਜਹਾਜ਼ ਰਾਫੇਲ ਦੀ ਖਰੀਦ ’ਤੇ ਝੂਠ ਬੋਲਣਾ, ਬਾਅਦ ਵਿਚ ਸੁਪਰੀਮ ਕੋਰਟ ਵਿਚ ਮੁਆਫੀ ਮੰਗੀ।
22. ਕਿਸਾਨ ਵਿਰੋਧੀ ਕਾਂਗਰਸ ਨੇ 9 ਸਾਲਾਂ ਲਈ ਸਵਾਮੀਨਾਥਨ ਕਮਿਸ਼ਨ ਦੀ ਘੱਟੋ-ਘੱਟ ਫਸਲ ਦੀ ਕੀਮਤ ਵਧਾਉਣ ਦੀ ਸਿਫ਼ਾਰਸ਼ ਨੂੰ ਲਾਗੂ ਨਹੀਂ ਕੀਤਾ, ਜਿਸ ਦੀ ਬਾਅਦ ਵਿਚ ਮੋਦੀ ਸਰਕਾਰ ਨੇ ਸੁਵਿਧਾ ਦਿੱਤੀ।
23. 1984 ਦੇ ਦਿੱਲੀ ਸਿੱਖ ਕਤਲੇਆਮ ਵਿਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ।
24. ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡਣ ਲਈ ਕਾਂਗਰਸ ਦੇ ਰਾਜ ਅਧੀਨ ਹਰ ਰੋਜ਼ ਹਿੰਦੂ-ਮੁਸਲਿਮ ਦੰਗੇ ਹੋਣਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਮੁੱਖ ਵਿਰੋਧੀ ਪਾਰਟੀ ਨੂੰ ਰਾਜਨੀਤਿਕ ਤੌਰ ’ਤੇ ਖਤਮ ਕਰਨਾ ਨਹੀਂ ਹੈ, ਸਗੋਂ ਦੇਸ਼ ਨੂੰ ਕਾਂਗਰਸ ਸੱਭਿਆਚਾਰ ਤੋਂ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕਾਂਗਰਸ ਖੁਦ ਵੀ ਕਾਂਗਰਸ ਸੱਭਿਆਚਾਰ ਤੋਂ ਮੁਕਤ ਹੋਵੇ, ਇਹ ਦੇਸ਼ ਦੇ ਹਿੱਤ ਵਿਚ ਹੋਵੇਗਾ ਅਤੇ ਇਹ ਇਕ ਸਿਹਤਮੰਦ ਲੋਕਤੰਤਰ ਲਈ ਜ਼ਰੂਰੀ ਹੈ।
ਸ਼ਵੇਤ ਮਲਿਕ (ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਭਾਜਪਾ ਪੰਜਾਬ)