ਹਿਮਾਚਲ ’ਚ ਸੰਗਠਨ ਵਿਚ ਮੁਕੰਮਲ ਬਦਲਾਅ ਵੱਲ ਵਧ ਰਹੀ ਹੈ ਕਾਂਗਰਸ

11/27/2019 1:39:47 AM

ਡਾ. ਰਾਜੀਵ ਪਥਰੀਆ

ਪਹਿਲਾਂ ਲੋਕ ਸਭਾ, ਫਿਰ ਵਿਧਾਨ ਸਭਾ ਦੀਆਂ 2 ਉਪ-ਚੋਣਾਂ ਦੀ ਹਾਰ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ। ਕਾਂਗਰਸ ਨਾਲ ਸਬੰਧਤ ਵਿਦਿਆਰਥੀ ਸੰਗਠਨ ਐੱਨ. ਐੱਸ. ਯੂ. ਆਈ. ਨੂੰ ਭੰਗ ਕਰ ਦਿੱਤਾ ਗਿਆ ਹੈ। ਹਾਲਾਂਕਿ ਕਾਂਗਰਸ ਹਾਈਕਮਾਨ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਹਿਮਾਚਲ ਦੇ ਸੰਗਠਨ ’ਚ ਮੁਕੰਮਲ ਬਦਲਾਅ ਚਾਹੁੰਦੀ ਸੀ ਪਰ ਵਿਧਾਨ ਸਭਾ ਉਪ-ਚੋਣਾਂ ਕਾਰਣ ਇਸ ਵਿਚ ਥੋੜ੍ਹੀ ਦੇਰ ਹੋਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਸ ਦੀ ਕੋਰ ਟੀਮ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਨੂੰ ਨਹੀਂ ਹਟਾਇਆ, ਭਾਵ ਕਿ ਹੁਣ ਰਾਠੌਰ ਹਾਈਕਮਾਨ ਅਤੇ ਪ੍ਰਦੇਸ਼ ਦੇ ਸੀਨੀਅਰ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਨਵੀਂ ਵਰਕਿੰਗ ਕਮੇਟੀ ਦਾ ਗਠਨ ਕਰਨਗੇ ਪਰ ਇਸ ਦੌਰਾਨ ਕੁਲਦੀਪ ਸਿੰਘ ਰਾਠੌਰ ਨੂੰ ਹਟਾਉਣ ਦੀ ਇਕ ਵੱਡੀ ਮੁਹਿੰਮ ਵੀ ਕਾਂਗਰਸ ਦੇ ਕੁਝ ਨੇਤਾਵਾਂ ਨੇ ਛੇੜੀ ਹੋਈ ਹੈ, ਜਿਸ ਕਾਰਣ ਕੁਝ ਨੇਤਾ ਦਿੱਲੀ ’ਚ ਹਾਈਕਮਾਨ ਨੂੰ ਮਿਲ ਕੇ ਪ੍ਰਦੇਸ਼ ਕਾਂਗਰਸ ਲਈ ਜਿੱਥੇ ਨਵੇਂ ਪ੍ਰਧਾਨ ਦੀ ਮੰਗ ਕਰ ਰਹੇ ਹਨ, ਉਥੇ ਹੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਹੁਦੇ ਲਈ ਵੀ ਲਾਬਿੰਗ ਕਰ ਰਹੇ ਹਨ।

ਕੁਲਦੀਪ ਸਿੰਘ ਰਾਠੌਰ ਨੂੰ ਇਕ ਸਾਲ ਪਹਿਲਾਂ ਹੀ ਪ੍ਰਧਾਨਗੀ ਅਹੁਦੇ ਦੀ ਵਾਗਡੋਰ ਸੌਂਪੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਸਾਲਾਂ ਪੁਰਾਣੇ ਅਹੁਦੇਦਾਰਾਂ ਨਾਲ ਸੰਗਠਨ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਪ੍ਰਦੇਸ਼ ਪੱਧਰ ’ਤੇ ਉਨ੍ਹਾਂ ਨੇ ਅੰਸ਼ਿਕ ਫੇਰਬਦਲ ਕੀਤਾ ਅਤੇ ਬਲਾਕ ਪੱਧਰ ’ਤੇ ਉਨ੍ਹਾਂ ਨੇ ਨਵੇਂ ਪ੍ਰਧਾਨਾਂ ਨੂੰ ਨਾਮਜ਼ਦ ਕੀਤਾ ਸੀ ਪਰ ਇਸੇ ਦੌਰਾਨ ਧਰਮਸ਼ਾਲਾ ਅਤੇ ਪੱਛਾਦ ਉਪ-ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਸੰਗਠਨ ਵਿਚ ਬਦਲਾਅ ਕੀਤਾ ਜਾਣਾ ਲਾਜ਼ਮੀ ਹੋ ਗਿਆ ਸੀ। ਹੁਣ ਕਾਂਗਰਸ ਹਾਈਕਮਾਨ ਕੋਲ ਰਾਠੌਰ ਨੂੰ ਬਦਲਣ ਦੀਆਂ ਮੰਗਾਂ ਵਿਚਾਲੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਉਨ੍ਹਾਂ ਦੇ ਹੁਣ ਤਕ ਦੇ ਕੰਮ ’ਤੇ ਸੰਤੋਸ਼ ਜਤਾਇਆ ਹੈ। ਅਜਿਹੀ ਹਾਲਤ ਵਿਚ ਹੁਣ ਜ਼ਿਆਦਾਤਰ ਸੀਨੀਅਰ ਨੇਤਾ ਰਾਠੌਰ ਨਾਲ ਖੜ੍ਹੇ ਹੋ ਗਏ ਹਨ, ਜਿਸ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਦੇ ਕਰੀਬੀ ਮੰਨੇ ਜਾਣ ਵਾਲੇ ਕੁਲਦੀਪ ਸਿੰਘ ਰਾਠੌਰ ਨੂੰ ਇਸ ਅਹੁਦੇ ਤੋਂ ਹਟਾ ਸਕਣਾ ਵਿਰੋਧੀਆਂ ਲਈ ਕਾਫੀ ਮੁਸ਼ਕਿਲ ਹੋ ਗਿਆ ਹੈ।

ਭਾਜਪਾ ਦੀਆਂ ਜਥੇਬੰਦਕ ਚੋਣਾਂ ਵਿਚਾਲੇ ਮੰਤਰੀ ਮੰਡਲ ਵਿਚ ਫੇਰਬਦਲ ’ਤੇ ਮੰਥਨ

ਅਗਲੇ ਮਹੀਨੇ 2 ਸਾਲਾਂ ਦਾ ਕਾਰਜਕਾਲ ਪੂਰਾ ਕਰਨ ਜਾ ਰਹੀ ਜੈਰਾਮ ਠਾਕੁਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੀ ਹੁਣ ਮੰਤਰੀ ਮੰਡਲ ਵਿਚ ਫੇਰਬਦਲ ਕਰਨ ਵੱਲ ਵਧ ਰਹੀ ਹੈ, ਜਿਸ ’ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਦਿੱਲੀ ਪ੍ਰਵਾਸ ਦੌਰਾਨ ਭਾਜਪਾ ਹਾਈਕਮਾਨ ਦੀ ਉੱਚ ਲੀਡਰਸ਼ਿਪ ਨਾਲ ਲੰਮੀ ਚਰਚਾ ਕੀਤੀ ਹੈ ਪਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਦੇ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਵਿਚ ਚੱਲੇ ਲੰਮੇ ਰੁਝੇਵੇਂ ਕਾਰਣ ਇਸ ਬਾਰੇ ਅੰਤਿਮ ਚਰਚਾ ਨਹੀਂ ਹੋ ਸਕੀ ਹੈ। ਹਾਲਾਂਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਸਾਰੇ ਮਾਮਲੇ ’ਤੇ ਆਪਣੀ ਯੋਜਨਾ ਹਾਈਕਮਾਨ ਸਾਹਮਣੇ ਰੱਖ ਦਿੱਤੀ ਹੈ, ਜਿਸ ਤਹਿਤ ਮੰਤਰੀ ਮੰਡਲ ਵਿਚ ਦੋ ਖਾਲੀ ਅਹੁਦਿਆਂ ਨੂੰ ਭਰਿਆ ਜਾਣਾ ਅਤੇ ਕੁਝ ਇਕ ਮੰਤਰੀਆਂ ਦੇ ਵਿਭਾਗਾਂ ਵਿਚ ਅੰਸ਼ਿਕ ਫੇਰਬਦਲ ਸ਼ਾਮਿਲ ਹੈ।

ਮੌਜੂਦਾ ਸਮੇਂ ਵਿਚ ਭਾਜਪਾ ’ਚ ਜਥੇਬੰਦਕ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਤਹਿਤ ਡਵੀਜ਼ਨਾਂ ਅਤੇ ਜ਼ਿਲਿਆਂ ਵਿਚ ਪ੍ਰਧਾਨਾਂ ਦੀਆਂ ਚੋਣਾਂ ਹੋ ਰਹੀਆਂ ਹਨ। ਅਗਲੇ ਮਹੀਨੇ ਹਿਮਾਚਲ ਭਾਜਪਾ ਦਾ ਨਵਾਂ ਪ੍ਰਧਾਨ ਵੀ ਚੁਣਿਆ ਜਾਣਾ ਹੈ। ਜ਼ਾਹਿਰ ਹੈ ਕਿ ਇਸ ਵਾਰ ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ ਵਿਚ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪਸੰਦ ਨੂੰ ਹਾਈਕਮਾਨ ਤਵੱਜੋ ਦੇਵੇਗੀ। ਜੇਕਰ ਜੈਰਾਮ ਠਾਕੁਰ ਆਪਣੇ ਕਿਸੇ ਕਰੀਬੀ ਮੰਤਰੀ ਜਾਂ ਫਿਰ ਵਿਧਾਇਕ ਨੂੰ ਇਸ ਅਹੁਦੇ ਲਈ ਚੁਣਦੇ ਹਨ ਤਾਂ ਜ਼ਾਹਿਰ ਹੈ ਕਿ ਮੰਤਰੀ ਮੰਡਲ ਦਾ ਫੇਰਬਦਲ ਇਸ ਤੋਂ ਬਾਅਦ ਹੀ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਖੇਤਰੀ ਅਤੇ ਜਾਤੀ ਸੰਤੁਲਨ ਬਣਾਈ ਰੱਖਣ ਲਈ ਇਸ ਵਾਰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਹੇਠਲੇ ਹਿਮਾਚਲ ਤੋਂ ਕਿਸੇ ਸੀਨੀਅਰ ਨੇਤਾ ਨੂੰ ਸੌਂਪ ਸਕਦੀ ਹੈ। ਓਧਰ ਕਾਫੀ ਲੰਮੇ ਸਮੇਂ ਬਾਅਦ ਭਾਜਪਾ ਦੀਆਂ ਜਥੇਬੰਦਕ ਚੋਣਾਂ ਦੀ ਪ੍ਰਕਿਰਿਆ ਇਸ ਵਾਰ ਵਿਵਾਦਾਂ ਤੋਂ ਅਛੂਤੀ ਨਹੀਂ ਰਹੀ ਹੈ। ਇਸ ਵਾਰ ਕੁਝ ਡਵੀਜ਼ਨਾਂ ਵਿਚ ਇਸ ਚੋਣ ਪ੍ਰਕਿਰਿਆ ਨੂੰ ਲੈ ਕੇ ਪਾਰਟੀ ਨੂੰ ਧੜੇਬੰਦੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਈ ਡਵੀਜ਼ਨਾਂ ਵਿਚ ਤਾਂ ਪਾਰਟੀ ਵਿਧਾਇਕ ਅਤੇ ਪਾਰਟੀ ਦੇ ਉਮੀਦਵਾਰ ਰਹੇ ਨੇਤਾਵਾਂ ਦੀ ਅਣਡਿੱਠਤਾ ਦੀਆਂ ਸ਼ਿਕਾਇਤਾਂ ਵੀ ਭਾਜਪਾ ਹਾਈਕਮਾਨ ਤਕ ਪਹੁੰਚੀਆਂ।

ਇਨਵੈਸਟਮੈਂਟ ਮੀਟ ਤੋਂ ਬਾਅਦ ਸਰਕਾਰ ਦੀ ਗੰਭੀਰਤਾ ਵਧੀ

ਇਸੇ ਮਹੀਨੇ ਧਰਮਸ਼ਾਲਾ ਵਿਚ ਆਯੋਜਿਤ ਹੋਈ ਇਨਵੈਸਟਮੈਂਟ ਮੀਟ ਤੋਂ ਬਾਅਦ ਕਰੀਬ 90,000 ਕਰੋੜ ਰੁਪਏ ਦੇ ਹੋਏ ਐੱਮ. ਓ. ਯੂ. ਨੂੰ ਜ਼ਮੀਨ ਉੱਤੇ ਉਤਾਰਨ ਦੀਆਂ ਕੋਸ਼ਿਸ਼ਾਂ ਭਾਜਪਾ ਸਰਕਾਰ ਨੇ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀਆਂ ਦੀ ਟੀਮ ਦੇ ਨਾਲ ਖ਼ੁਦ ਮੁੱਖ ਮੰਤਰੀ ਜੈਰਾਮ ਠਾਕੁਰ ਇਸ ਬਾਰੇ ਗੰਭੀਰ ਹਨ। ਇਹੀ ਕਾਰਣ ਹੈ ਕਿ ਅਗਲੇ ਮਹੀਨੇ ਸਰਕਾਰ ਦੇ 2 ਸਾਲ ਪੂਰੇ ਹੋਣ ’ਤੇ ਉਨ੍ਹਾਂ ਨੇ ਇਸ ਕੁਲ ਪ੍ਰਸਤਾਵਿਤ ਨਿਵੇਸ਼ ’ਚੋਂ 10 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਨੂੰ ਕਿਸੇ ਵੀ ਸੂਰਤ ਵਿਚ ਸ਼ੁਰੂ ਕਰਵਾਉਣ ਦਾ ਮਨ ਬਣਾ ਲਿਆ ਹੈ, ਜਿਸ ਲਈ ਨਿਵੇਸ਼ ਨਾਲ ਸਬੰਧਤ ਸਾਰੇ ਵਿਭਾਗਾਂ ਤੋਂ ਮੁੱਖ ਮੰਤਰੀ ਦਫਤਰ ਨਿਯਮਿਤ ਤੌਰ ’ਤੇ ਰਿਪੋਰਟ ਲੈ ਰਿਹਾ ਹੈ। ਉਥੇ ਹੀ 90 ਹਜ਼ਾਰ ਕਰੋੜ ਨਾਲ ਇਸ ਪ੍ਰਸਤਾਵਿਤ ਨਿਵੇਸ਼ ਨੂੰ ਲੈ ਕੇ ਮੁੱਖ ਮੰਤਰੀ ਆਏ ਦਿਨ ਸਮੀਖਿਆ ਬੈੈਠਕਾਂ ਕਰ ਕੇ ਫੀਡਬੈਕ ਲੈ ਰਹੇ ਹਨ। ਸਰਕਾਰ ਦੀ ਇਸ ਗੰਭੀਰਤਾ ਤੋਂ ਲੱਗਦਾ ਹੈ ਕਿ ਉਸ ਨੇ ਨਿਵੇਸ਼ ਮਿੱਤਰ ਮਾਹੌਲ ਦੀ ਇਕ ਚੰਗੀ ਸ਼ੁਰੂਆਤ ਹਿਮਾਚਲ ਪ੍ਰਦੇਸ਼ ਵਿਚ ਕਰ ਦਿੱਤੀ ਹੈ। ਜੇਕਰ ਸਰਕਾਰ ਇਸ ਪ੍ਰਸਤਾਵਿਤ ਸਾਰੇ ਨਿਵੇਸ਼ ਨੂੰ ਹਿਮਾਚਲ ਵਿਚ ਲਿਆ ਸਕਣ ਵਿਚ ਸਫਲ ਹੁੰਦੀ ਹੈ ਤਾਂ ਇਸ ਨਾਲ 4 ਲੱਖ ਦੇ ਕਰੀਬ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਲੇਬਰ ਵਿਭਾਗ ਦੇ ਅੰਕੜਿਆਂ ਨੂੰ ਦੇਖੀਏ ਤਾਂ 8.66 ਲੱਖ ਬੇਰੋਜ਼ਗਾਰ ਸੂਬੇ ’ਚ ਹਨ। ਤਕਰੀਬਨ 70 ਲੱਖ ਦੀ ਆਬਾਦੀ ’ਤੇ ਬੇਰੋਜ਼ਗਾਰਾਂ ਦੇ ਇੰਨੇ ਵੱਡੇ ਅੰਕੜੇ ਨੂੰ ਘੱਟ ਕਰਨਾ ਵੀ ਭਾਜਪਾ ਸਰਕਾਰ ਦੀਆਂ ਤਰਜੀਹਾਂ ਵਿਚ ਸ਼ਾਮਿਲ ਹੈ। ਇਹੀ ਕਾਰਣ ਹੈ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੇਸ਼-ਵਿਦੇਸ਼ ਜਾ ਕੇ ਉਦਯੋਗਪਤੀਆਂ ਨੂੰ ਹਿਮਾਚਲ ਵਿਚ ਨਿਵੇਸ਼ ਲਈ ਸੱਦਾ ਦਿੱਤਾ ਹੈ ਕਿਉਂਕਿ ਸੂਬੇ ਦੀ ਆਰਥਿਕ ਸੁਸਤੀ ਵੀ ਇਸੇ ਨਿਵੇਸ਼ ਨਾਲ ਦੂਰ ਹੋਵੇਗੀ ਅਤੇ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਵੀ ਹੋਵੇਗਾ।

(pathriarajeev@gmail.com)


Bharat Thapa

Content Editor

Related News