ਸੰਵਿਧਾਨ ਪ੍ਰਤੀ ਮੰਦਭਾਵਨਾ ਨਾਲ ਕੀਤੀਆਂ ਗਈਆਂ ਟਿੱਪਣੀਆਂ ਬੇਹੱਦ ਗੈਰ-ਜ਼ਿੰਮੇਵਾਰਾਨਾ

Wednesday, Jul 09, 2025 - 05:32 PM (IST)

ਸੰਵਿਧਾਨ ਪ੍ਰਤੀ ਮੰਦਭਾਵਨਾ ਨਾਲ ਕੀਤੀਆਂ ਗਈਆਂ ਟਿੱਪਣੀਆਂ ਬੇਹੱਦ ਗੈਰ-ਜ਼ਿੰਮੇਵਾਰਾਨਾ

ਦੇਸ਼ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਬੀਤੇ ਦਿਨੀਂ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ’ਚ ਦਰਜ ਦੋ ਸ਼ਬਦਾਂ ‘ਧਰਮ ਨਿਰਪੱਖਤਾ ਤੇ ਸਮਾਜਵਾਦ’ ਨੂੰ ‘ਨਾਸੂਰ’ ਕਰਾਰ ਦਿੰਦੇ ਹੋਏ ਇਨ੍ਹਾਂ ਨੂੰ ਸੰਵਿਧਾਨ ਦੀ ਆਤਮਾ ਦਾ ‘ਅਪਮਾਨ’ ਦੱਸਿਆ ਹੈ। ਸੰਵਿਧਾਨ ਪ੍ਰਤੀ ਮੰਦੀ ਭਾਵਨਾ ਨਾਲ ਕੀਤੀ ਗਈ ਇਹ ਸਿਰੇ ਦੀ ਗੈਰ-ਜ਼ਿੰਮੇਵਾਰਾਨਾ ਟਿੱਪਣੀ ਹੈ। ਅਫਸੋਸ, ਇਹ ਵਿਖਿਆਨ ਦੇਸ਼ ਦੇ ਵੱਕਾਰੀ ਸੰਵਿਧਾਨਕ ਅਹੁਦੇ ’ਤੇ ਬਿਰਾਜਮਾਨ ਉਸ ਸ਼ਖਸ ਦਾ ਹੈ, ਜਿਸ ਨੇ ਉਪ ਰਾਸ਼ਟਰਪਤੀ ਵਜੋਂ ਆਪਣਾ ਕਾਰਜਭਾਗ ਸੰਭਾਲਣ ਸਮੇਂ ਭਾਰਤੀ ਸੰਵਿਧਾਨ ਦੀ ਸਹੁੰ ਖਾਧੀ ਸੀ।

ਭਾਜਪਾ ਦੀ ਅਗਵਾਈ ਵਾਲੀ ਆਸਾਮ ਦੀ ਸੂਬਾ ਸਰਕਾਰ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਤਾਂ ਇਸ ਤੋਂ ਵੀ ਦੋ ਕਦਮ ਹੋਰ ਅਗਾਂਹ ਜਾ ਕੇ ਫਰਮਾਇਆ ਹੈ, ‘‘ਸਮਾਜਵਾਦ ਤੇ ਧਰਮ ਨਿਰਪੱਖਤਾ ਪੱਛਮੀ ਸੰਕਲਪ ਹਨ, ਇਨ੍ਹਾਂ ਨੂੰ ਸੰਵਿਧਾਨ ’ਚੋਂ ਖਾਰਿਜ ਕਰ ਦੇਣਾ ਚਾਹੀਦਾ ਹੈ।’’ ਆਪਣੀ ਵਿਦਵਤਾ ਦਾ ਵਿਖਾਵਾ ਕਰਦਿਆਂ ਹੇਮੰਤ ਬਿਸਵਾ ਸਰਮਾ ਕਹਿੰਦੇ ਹਨ, ‘‘ਮੈਂ ਇਕ ਕੱਟੜ ਹਿੰਦੂ ਹਾਂ, ਇਸ ਲਈ ਮੈਂ ਧਰਮ ਨਿਰਪੱਖ ਕਿਵੇਂ ਹੋ ਸਕਦਾ ਹਾਂ? ਇਉਂ ਹੀ ਇਕ ਕੱਟੜ ਮੁਸਲਮਾਨ ਵੀ ਧਰਮ ਨਿਰਪੱਖ ਨਹੀਂ ਹੋ ਸਕਦਾ।’’ ਦੋਨਾਂ ਸੱਜਣਾਂ ਨੇ ਇਹ ਵਿਵਾਦਪੂਰਨ ਟਿੱਪਣੀਆਂ ਇਕ ਦਿਨ ਪਹਿਲਾਂ ਆਰ. ਐੱਸ. ਐੱਸ. ਦੇ ਸਹਿ-ਪ੍ਰਮੁੱਖ ਸ਼੍ਰੀ ਹੋਸਬੋਲੇ ਦੀ ਅਜਿਹੀ ਹੀ ਬਿਆਨਬਾਜ਼ੀ ਪਿੱਛੋਂ ਕੀਤੀਆਂ ਹਨ।

ਸੰਘ ਪਰਿਵਾਰ ਦੀ ਝੂਠ ਬੋਲਣ ਦੀ ਕਲਾ ਉਦੋਂ ਹੋਰ ਵੀ ਸਪੱਸ਼ਟ ਜ਼ਾਹਿਰ ਹੋ ਜਾਂਦੀ ਹੈ, ਜਦੋਂ ਇਕ ਪਾਸੇ ਤਾਂ ਉਹ ਸਾਰੇ ਸੰਸਾਰ ਨੂੰ ਇਕ ਪਰਿਵਾਰ ਦੱਸਦੇ ਹਨ ਪਰ ਨਾਲ ਹੀ ਦੇਸ਼ ਦੇ ਕਰੋੜਾਂ ਮੁਸਲਮਾਨਾਂ ਤੇ ਇਸਾਈਆਂ ਨੂੰ ਉਸੇ ‘ਪਰਿਵਾਰ’ ’ਚੋਂ ਬਾਹਰ ਧੱਕ ਰਹੇ ਹਨ। ‘ਹਿੰਦੂਤਵੀ’, ‘ਸਨਾਤਨੀ’ ਵਿਚਾਰਧਾਰਾ ਦੇ ਇਹੋ ਅਲੰਬਰਦਾਰ, ਦਲਿਤਾਂ ਤੇ ਨੀਵੀਆਂ ਸਮਝੀਆਂ ਜਾਂਦੀਆਂ ਹੋਰ ਜਾਤੀਆਂ ਦੇ ਲੋਕਾਂ ਨੂੰ ਮੰਦਰਾਂ ’ਚ ਪ੍ਰਵੇਸ਼ ਕਰਨ ਤੋਂ ਵਰਜਦੇ ਹਨ।

ਹੁਣੇ ਜਿਹੇ ਯੂ. ਪੀ. ਦੇ ਇਟਾਵਾ ਵਿਖੇ ‘ਯਾਦਵ’ ਜਾਤੀ ਨਾਲ ਸਬੰਧਤ ਇਕ ਸ਼ਖਸ ਨੂੰ ਕਥਾ ਕਰਨ ਦੇ ‘ਗੁਨਾਹ’ ਬਦਲੇ ਆਰ. ਐੱਸ. ਐੱਸ. ਦੇ ਸਮਰਥਕ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਘੋਰ ਅਪਮਾਨਿਤ ਕੀਤਾ ਹੈ। ਇਹ ਫਿਰਕੂ ਟੋਲੇ ਮੁਸਲਮਾਨਾਂ ਨੂੰ ਆਪਣੀਆਂ ਦੁਕਾਨਾਂ ਤੇ ਰੇਹੜੀ-ਫੜ੍ਹੀ ’ਤੇ ਆਪਣਾ ਨਾਂ ਲਿਖਣ ਦਾ ਤੁਗਲਕੀ ਫਰਮਾਨ ਜਾਰੀ ਕਰਨ ਤੋਂ ਵੀ ਸ਼ਰਮ ਨਹੀਂ ਮਹਿਸੂਸ ਕਰਦੇ। ਅਜਿਹਾ ਕਰਨ ਪਿੱਛੇ ਮਕਸਦ ਸਾਫ਼ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਆਦਿ ਤੋਂ ਗੈਰ-ਮੁਸਲਿਮ ਕੋਈ ਸੌਦਾ-ਪੱਤਾ ਨਾ ਖਰੀਦੇ। ਅੱਗੋਂ ਇਹ ਹੁਕਮ ਵੀ ਚਾੜ੍ਹਿਆ ਗਿਆ ਹੈ ਕਿ ਇਸ ਫਰਮਾਨ ਦੀ ਉਲੰਘਣਾ ਕਰਨ ਵਾਲੇ ਨੂੰ 2 ਲੱਖ ਰੁਪਏ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਅਸਲ ’ਚ ਇਹ ਧਾਰਮਿਕ ਕੱਟੜਤਾ ’ਚੋਂ ਉਪਜੇ ਉਸੇ ਜਬਰ ਦਾ ਭੱਦਾ ਨਮੂਨਾ ਹੈ, ਜਿਸ ਵਿਰੁੱਧ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ’ਚ ਆਪਣਾ ਸੀਸ ਲੁਹਾਇਆ ਸੀ।

ਭਾਜਪਾਈ ਹਾਕਮ ਜਿਸ ਢੰਗ ਦਾ ਸ਼ਾਸਨ ਚਲਾ ਰਹੇ ਹਨ, ਉਸ ਦਾ ਅੰਦਾਜ਼ਾ ਹਾਈ ਕੋਰਟ ਦੇ ਇਕ ਮੌਜੂਦਾ ਜੱਜ ਵਲੋਂ ਸੱਜੇ ਪੱਖੀ ਹਿੰਦੂ ਸੰਗਠਨ ਦੇ ਇਕ ਸਮਾਗਮ ’ਚ ਮੁਸਲਮਾਨਾਂ ਖਿਲਾਫ ਵਰਤੀ ਗਈ ਘੋਰ ਇਤਰਾਜ਼ਯੋਗ ਭਾਸ਼ਾ ਤੋਂ ਬਾਖੂਬੀ ਲਾਇਆ ਜਾ ਸਕਦਾ ਹੈ। ਆਸ ਅਨੁਸਾਰ ਉਸ ‘ਨਿਆਂਮੂਰਤੀ’ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

2014 ਤੋਂ, ਜਦੋਂ ਦੀ ਕੇਂਦਰੀ ਸੱਤਾ ’ਤੇ ਮੋਦੀ ਸਰਕਾਰ ਕਾਬਜ਼ ਹੋਈ ਹੈ, ਉਦੋਂ ਤੋਂ ਹੀ ਸੰਘ ਪਰਿਵਾਰ ਨੇ ਉਹ ਸਾਰਾ ਕੁਝ ਤਬਾਹ ਕਰਨ ’ਤੇ ਲੱਕ ਬੰਨ੍ਹਿਆ ਹੋਇਆ ਹੈ, ਜੋ ਸਾਡੇ ਲੋਕਾਂ ਨੇ ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ ਸਾਮਰਾਜ ਵਿਰੁੱਧ ਲੜਦਿਆਂ ਤੇ 1947 ’ਚ ਆਜ਼ਾਦੀ ਪ੍ਰਾਪਤੀ ਤੋਂ ਪਿੱਛੋਂ ਹਾਸਲ ਕੀਤਾ ਹੈ।

ਹੁਣ ਉਸੇ ਕਾਰਜ ਦੇ ਅਗਲੇ ਪੜਾਅ ’ਤੇ ਆਰ. ਐੱਸ. ਐੱਸ. ਦੀ ਅਗਵਾਈ ਹੇਠਲੇ ਸੰਘੀ ਸੰਗਠਨ ਤੇ ਮੋਦੀ ਸਰਕਾਰ ਧਰਮ ਆਧਾਰਿਤ ‘ਹਿੰਦੂਤਵੀ’ ਰਾਜ ਕਾਇਮ ਕਰਨ ਵਾਸਤੇ ਪੂਰਾ ਜ਼ੋਰ ਲਾ ਰਹੀ ਹੈ। 21ਵੀਂ ਸਦੀ ਅੰਦਰ, ਪੁਰਅਮਨ ਢੰਗ ਨਾਲ ਜ਼ਿੰਦਗੀ ਬਸਰ ਕਰਨ ਦੇ ਆਸਵੰਦ ਸੰਸਾਰ ਭਰ ਦੇ ਸਾਵੀਂ ਸੋਚਣੀ ਵਾਲੇ ਲੋਕ ਨਫ਼ਰਤ ਤੇ ਹਿੰਸਾ ਦੇ ਕੁਚੱਕਰ ’ਚੋਂ ਆਜ਼ਾਦ ਹੋਣ ਲਈ ਯਤਨਸ਼ੀਲ ਹਨ। ਉਸ ਸਮੇਂ ਧਰਮ ਨਿਰਪੱਖਤਾ ਤੇ ਲੋਕਰਾਜ ਦੀ ਵਿਰਾਸਤ ’ਤੇ ਚੱਲਦਾ ਹੋਇਆ ਭਾਰਤ, ਜੇਕਰ ਇਕ ਧਰਮ ਆਧਾਰਿਤ ਕੱਟੜਵਾਦੀ ਰਾਜ ’ਚ ਤਬਦੀਲ ਹੋ ਕੇ, ਫਾਸ਼ੀ ਤਰਜ਼ ਦਾ ਗੈਰ-ਲੋਕਰਾਜੀ ਸਮਾਜਿਕ ਢਾਂਚਾ ਸਿਰਜਣ ਦੇ ਰਾਹੇ ਪੈ ਜਾਵੇ ਤਾਂ ਇਹ ਡਾਢੀ ਸ਼ਰਮਿੰਦਗੀ ਤੇ ਫਿਕਰਮੰਦੀ ਵਾਲੀ ਗੱਲ ਹੋਵੇਗੀ।

‘ਧਰਮ ਨਿਰਪੱਖ’ ਰਾਜ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਧਰਮ ਜਾਂ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਜਾਂ ਨਾ ਕਰਨ ਦਾ ਅਧਿਕਾਰ ਦਿੰਦਾ ਹੈ, ਜਦਕਿ ਧਰਮ ਆਧਾਰਿਤ ਰਾਜ ਪ੍ਰਬੰਧ ਆਪਣੇ ਸ਼ਹਿਰੀਆਂ ਨੂੰ ਸੱਭਿਅਕ ਸਮਾਜ ਦੀ ਮੂਲ ਸ਼ਰਤ ਮੰਨੇ ਜਾਂਦੇ ਇਸ ਅਧਿਕਾਰ ਤੋਂ ਵਾਂਝਾ ਕਰਦਾ ਹੈ। ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨ ਤੋਂ ਵਰਜਦਾ ਧਰਮ ਨਿਰਪੱਖਤਾ ਦਾ ਸੰਕਲਪ ਲੋਕਰਾਜੀ ਵਿਵਸਥਾ ਦੀ ਬੁਨਿਆਦ ਹੈ। ਰਾਜਨੀਤੀ ਨੂੰ ਧਰਮ ਨਾਲ ਰਲਗੱਡ ਕੀਤੇ ਜਾਣ ਨਾਲ ‘ਧਰਮ ਤੇ ਰਾਜਨੀਤੀ’, ਦੋਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ।

ਦੇਸ਼ ਦੇ ਉਪ ਰਾਸ਼ਟਰਪਤੀ ਨੇ, ਜਿਵੇਂ ਭਾਰਤੀ ਸੰਵਿਧਾਨ ਵਿਚਲੇ ਲੋਕ ਹਿੱਤਾਂ ਦੀ ਤਰਜ਼ਮਾਨੀ ਕਰਦੇ ਦੋ ਸ਼ਬਦਾਂ ‘ਧਰਮ ਨਿਰਪੱਖਤਾ’ ਤੇ ਸਮਾਜਵਾਦ’ ਨੂੰ ‘ਨਾਸੂਰ’ ਕਹਿ ਕੇ ਅਪਮਾਨਿਤ ਕੀਤਾ ਹੈ, ਉਸ ਤੋਂ ਭਾਰਤੀ ਲੋਕਾਂ ਨੂੰ ਸਹਿਜੇ ਹੀ ਸਮਝ ਜਾਣਾ ਚਾਹੀਦਾ ਹੈ ਕਿ ਦੇਸ਼ ਦੀ ਰਾਜਨੀਤੀ ਵਿਚਲੇ ਅਸਲ ‘ਨਾਸੂਰ’ ਕੌਣ ਹਨ? ਬਿਨਾਂ ਸ਼ੱਕ, ਨਾਸੂਰ ਕਹਾਉਣ ਦੇ ਅਸਲੀ ਹੱਕਦਾਰ ਅਜਿਹੇ ਸੰਗਠਨ ਤੇ ਨੇਤਾ ਹਨ, ਜੋ ਧਰਮ ਦੇ ਆਧਾਰ ’ਤੇ ਲੋਕਾਂ ’ਚ ਵੰਡੀਆਂ ਪਾਉਣ ਰਾਹੀਂ, ਅਮੀਰੀ-ਗਰੀਬੀ ਦੇ ਪਾੜੇ ਨੂੰ ਕਾਇਮ ਰੱਖਣਾ ਤੇ ਇਹ ਫਾਸਲਾ ਹੋਰ ਵਧਦਾ-ਫੁਲਦਾ ਦੇਖਣਾ ਚਾਹੁੰਦੇ ਹਨ। ਭੁੱਖਮਰੀ ਦਾ ਸ਼ਿਕਾਰ ਲੋਕਾਂ ਦੀਆਂ ਕੁਰਲਾਹਟਾਂ ਸੁਣ ਕੇ ਕਿਲਕਾਰੀਆਂ ਮਾਰਨਾ ਅਜਿਹੇ ਨਿਰਦਈ ਨੇਤਾਵਾਂ ਦਾ ਮਨਭਾਉਂਦਾ ਸ਼ੁਗਲ ਹੈ! ਆਰ. ਐੱਸ. ਐੱਸ. ਤੇ ਭਾਜਪਾ ਨੇਤਾਵਾਂ ਦੀ ਉਪਰੋਕਤ ਬਿਆਨਬਾਜ਼ੀ ਅਸਲ ’ਚ ਭਾਰਤੀ ਲੋਕਾਂ ਦੀ ਗਰੀਬੀ ਦਾ ਮਖੌਲ ਉਡਾਉਣ ਵਾਲਾ ਐਸਾ ਅਮਾਨਵੀ ਕੁਕਰਮ ਹੈ, ਜਿਸ ਨੂੰ ਇਤਿਹਾਸ ਕਦੀ ਵੀ ਮੁਆਫ ਨਹੀਂ ਕਰੇਗਾ।

ਮੰਗਤ ਰਾਮ ਪਾਸਲਾ


author

Rakesh

Content Editor

Related News