ਖੇਤੀ ਲਈ ਪੇਂਡੂਆਂ ਦੀਆਂ ਕਬਰਾਂ ਪੁੱਟ ਰਹੇ ਚੀਨ ਦੇ ਸਰਕਾਰੀ ਕਰਮਚਾਰੀ

Wednesday, May 24, 2023 - 04:32 PM (IST)

ਖੇਤੀ ਲਈ ਪੇਂਡੂਆਂ ਦੀਆਂ ਕਬਰਾਂ ਪੁੱਟ ਰਹੇ ਚੀਨ ਦੇ ਸਰਕਾਰੀ ਕਰਮਚਾਰੀ

ਆਮ ਤੌਰ ’ਤੇ ਕਿਸੇ ਵੀ ਦੇਸ਼ ’ਚ ਜੇਕਰ ਕੋਈ ਗਰੀਬ ਆਦਮੀ ਜਿਸ ਕੋਲ ਪੈਸੇ ਨਹੀਂ ਹੁੰਦੇ ਅਤੇ ਉਹ ਮਰਦਾ ਹੈ ਤਾਂ ਉਸਦਾ ਸਸਕਾਰ ਕਰਨ ਲਈ ਸਰਕਾਰ, ਧਾਰਮਿਕ ਅਤੇ ਸਮਾਜਿਕ ਸੰਗਠਨ ਇੱਥੋਂ ਤਕ ਕਿ ਉਹ ਵਿਸ਼ੇਸ਼ ਸ਼ਮਸ਼ਾਨਘਾਟ ਜਾਂ ਕਬਰਿਸਤਾਨ ਬਿਨਾਂ ਪੈਸੇ ਲਏ ਉਸ ਦਾ ਅੰਤਿਮ ਸੰਸਕਾਰ ਸਨਮਾਨਪੂਰਵਕ ਕਰਦੇ ਹਨ ਪਰ ਚੀਨ ਸਰਕਾਰ ਇਨ੍ਹੀਂ ਦਿਨੀਂ ਖੇਤੀ ਦੀਆਂ ਜ਼ਮੀਨਾਂ ’ਚ ਵਾਧਾ ਕਰਨ ਲਈ ਉਲਟੇ-ਸਿੱਧੇ ਕੰਮ ਕਰ ਰਹੀ ਹੈ।

ਚੀਨ ਕੋਲ ਆਪਣੀ ਵਿਸ਼ਾਲ ਆਬਾਦੀ ਨੂੰ ਖੁਆਉਣ ਲਈ ਅਨਾਜ ਚਾਹੀਦਾ ਹੈ, ਜਿਸਦੇ ਲਈ ਮੌਜੂਦਾ ਸੰਸਾਰਿਕ ਵਾਤਾਵਰਣ ਕਾਰਨ ਚੀਨ ਨੂੰ ਆਪਣੇ ਦੇਸ਼ ਅੰਦਰ ਹੀ ਵੱਧ ਤੋਂ ਵੱਧ ਅਨਾਜ ਉਗਾਉਣਾ ਪਵੇਗਾ ਪਰ ਇਸਦੇ ਲਈ ਚੀਨ ਦੀ ਕਮਿਊਨਿਸਟ ਸਰਕਾਰ ਨੇ ਕੁਝ ਸੂਬਿਆਂ ’ਚ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੀਆਂ ਸੜਕਾਂ ਤਕ ਨੂੰ ਨਹੀਂ ਛੱਡਿਆ, ਉਨ੍ਹਾਂ ਨੂੰ ਵੀ ਪੁੱਟ ਦਿੱਤਾ। ਕਵਾਂਗਸ਼ੀ ਸੂਬੇ ’ਚ ਚੀਨ ਸਰਕਾਰ ਕਿਸਾਨਾਂ ਦੀਆਂ ਕਬਰਾਂ ਨੂੰ ਪੁੱਟ ਕੇ ਜ਼ਮੀਨ ਦੇ ਬਾਹਰ ਕੱਢ ਰਹੀ ਹੈ ਅਤੇ ਉਹ ਜ਼ਮੀਨ ਖੇਤੀ ਲਈ ਇਸਤੇਮਾਲ ਕਰਨਾ ਚਾਹੁੰਦੀ ਹੈ।

14 ਮਈ ਨੂੰ ਨਾਨਚਾਂਗ ਪ੍ਰਸ਼ਾਸਨ ਦੇ ਹੁਕਮ ’ਤੇ ਸਰਕਾਰੀ ਕਰਮਚਾਰੀਆਂ ਨੇ ਖੇਤਾਂ ’ਚ ਦੱਬੀਆਂ ਕਬਰਾਂ ਨੂੰ ਪੁੱਟ ਕੇ ਬਾਹਰ ਕੱਢਣਾ ਸ਼ੁਰੂ ਕੀਤਾ ਪਰ ਅਜਿਹਾ ਕਰਨ ’ਤੇ ਕਰਮਚਾਰੀਆਂ ਦੀ ਪੇਂਡੂਆਂ ਨਾਲ ਲੜਾਈ ਹੋਈ ਜਿਸ ’ਚ ਕਈ ਪੇਂਡੂਆਂ ਨੂੰ ਸੱਟਾਂ ਵੀ ਲੱਗੀਆਂ। ਸਥਾਨਕ ਪ੍ਰਸ਼ਾਸਨ ਨੇ ਆਪਣੇ ਕਰਮਚਾਰੀਆਂ ਨਾਲ ਪੁਲਸ ਅਤੇ ਗੈਂਗਸਟਰਾਂ ਨੂੰ ਵੀ ਨਾਲ ਭੇਜਿਆ ਸੀ, ਜਿਸ ਨਾਲ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਅੜਿੱਕਾ ਹੋਵੇ ਤਾਂ ਉਸ ਨੂੰ ਹਿੰਸਾ ਨਾਲ ਦਬਾਇਆ ਜਾ ਸਕੇ। ਸਥਾਨਕ ਟੀ. ਵੀ. ਚੈਨਲ ਐੱਨ. ਡੀ. ਟੀ. ਵੀ. ਦੀ ਰਿਪੋਰਟ ਮੁਤਾਬਕ ਲੰਬੇ ਸਮੇਂ ਤੋਂ ਚਿਆਂਗਸ਼ੀ ਸੂਬੇ ਦੀ ਸਰਕਾਰ ਸਥਾਨਕ ਲੋਕਾਂ ਦੀਆਂ ਕਬਰਾਂ ਨੂੰ ਪੁੱਟ ਕੇ ਜ਼ਮੀਨ ਨੂੰ ਖਾਲੀ ਕਰਦੀ ਆਈ ਹੈ।

ਚੀਨ ਸਰਕਾਰ ਨੇ ਕੁਝ ਦਹਾਕੇ ਪਹਿਲਾਂ ਆਪਣੇ ਦੇਸ਼ ਦੇ ਕਈ ਹਿੱਸਿਆਂ ’ਚ ਸੈਂਕੜੇ ਏਕੜ ਜ਼ਮੀਨ ’ਤੇ ਜੰਗਲ ਉਗਾਏ ਸਨ, ਜਿਸ ਨਾਲ ਉਹ ਕੌਮਾਂਤਰੀ ਪੱਧਰ ’ਤੇ ਕਾਰਬਨ ਫੁੱਟਪ੍ਰਿੰਟਸ ’ਚ ਚੀਨ ਦੀ ਸਥਿਤੀ ਨੂੰ ਸੁਧਾਰਨਾ ਚਾਹੁੰਦੀ ਹੈ ਪਰ ਅੱਜ ਚੀਨ ਕੋਲ ਖਾਣ ਨੂੰ ਅਨਾਜ ਦੀ ਕਮੀ ਹੋਣ ਤੋਂ ਬਾਅਦ ਇਕ ਪਾਸੇ ਕਮਿਊਨਿਸਟ ਸਰਕਾਰ ਨੇ ਕਰਮਚਾਰੀਆਂ ਨੂੰ ਜੰਗਲਾਂ ਦੀ ਜ਼ਮੀਨ ਨੂੰ ਵੀ ਖੇਤੀ ਦੇ ਲਾਇਕ ਬਣਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਪਿੰਡ ਵਾਲਿਆਂ ਵੱਲੋਂ ਲਾਏ ਗਏ ਦਰੱਖਤਾਂ ਨੂੰ ਵੀ ਪੁੱਟ ਕੇ ਸੁੱਟ ਰਹੀ ਹੈ ਜਿਸ ਨਾਲ ਜੰਗਲ ਦੀ ਜ਼ਮੀਨ ਵਾਪਸ ਖੇਤੀ ਲਈ ਇਸਤੇਮਾਲ ਕੀਤੀ ਜਾ ਸਕੇ। 60 ਦੇ ਦਹਾਕੇ ’ਚ ਮਾਓ ਦੇ ਹੁਕਮ ’ਤੇ ਅਜਿਹੀ ਹੀ ਬੇਵਕੂਫੀ ਚੀਨ ਨੇ ਕੀਤੀ ਸੀ ਜਦੋਂ ਉਨ੍ਹਾਂ ਗੋਰੱਈਆ ਚਿੜੀ ਦਾ ਸ਼ਿਕਾਰ ਸ਼ੁਰੂ ਕੀਤਾ ਸੀ।

ਦੱਸਿਆ ਜਾਂਦਾ ਹੈ ਕਿ ਉਸ ਦੌਰ ’ਚ ਇਕ ਅਰਬ ਗੋਰੱਈਆ ਦਾ ਸ਼ਿਕਾਰ ਕੀਤਾ ਗਿਆ ਸੀ। ਜਦੋਂ ਚੀਨ ਗੋਰੱਈਆ ਵਿਹੀਣ ਹੋ ਗਿਆ ਸੀ ਪਰ ਇਸ ਤੋਂ ਬਾਅਦ ਵੀ ਜਦੋਂ ਫਸਲਾਂ ਖਰਾਬ ਹੋਣ ਲੱਗੀਆਂ ਅਤੇ ਉਨ੍ਹਾਂ ਨੂੰ ਕੀਟ-ਪਤੰਗੇ ਚੱਟ ਕਰਨ ਲੱਗੇ ਉਦੋਂ ਕਮਿਊਨਿਸਟਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਉਸ ਸਮੇਂ ਤਕ ਬਹੁਤ ਦੇਰ ਹੋ ਚੁੱਕੀ ਸੀ। ਗੋਰੱਈਆ ਫਸਲਾਂ ਨੂੰ ਲੱਗਣ ਵਾਲੇ ਕੀਟ-ਪਤੰਗਿਆਂ ਨੂੰ ਖਾ ਜਾਂਦੀ ਸੀ ਜਿਸ ਨਾਲ ਫਸਲਾਂ ਨੂੰ ਨੁਕਸਾਨ ਨਹੀਂ ਪੁੱਜਦਾ ਸੀ।

ਅਜਿਹੀ ਹੀ ਬੇਵਕੂਫੀ ਭਰੀ ਹਰਕਤ ਕਮਿਊਨਿਸਟ ਸਰਕਾਰ ਹੁਣ ਕਰ ਰਹੀ ਹੈ, ਮ੍ਰਿਤਕ ਲੋਕਾਂ ਦੀਆਂ ਕਬਰਾਂ ਨੂੰ ਪੁੱਟ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟਿਆ ਜਾ ਰਿਹਾ ਹੈ, ਜਿਨ੍ਹਾਂ ਨੇ ਕਬਰਾਂ ਨੂੰ ਆਪਣੇ ਖੇਤਾਂ ’ਚ ਗੱਡਣ ਲਈ ਸਰਕਾਰ ਨੂੰ ਪੈਸੇ ਨਹੀਂ ਦਿੱਤੇ। ਚੀਨ ’ਚ ਸਰਕਾਰ ਅੰਤਿਮ ਸੰਸਕਾਰ ਦੇ ਪੈਸੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਲੈਂਦੀ ਹੈ ਤਾਂ ਉਹੀ ਕਬਰ ਲਈ ਮ੍ਰਿਤਕ ਨੂੰ ਆਪਣੇ ਬਚਾਏ ਪੈਸਿਆਂ ਨਾਲ ਆਪਣੇ ਜੀਵਨ ਕਾਲ ’ਚ ਹੀ ਜ਼ਮੀਨ ਖਰੀਦਣੀ ਹੁੰਦੀ ਹੈ ਜੋ ਬਹੁਤ ਮਹਿੰਗੀ ਹੁੰਦੀ ਹੈ। ਅਜਿਹੇ ’ਚ ਬਹੁਤ ਸਾਰੇ ਪੇਂਡੂ ਆਪਣੇ ਖੇਤ ਦੇ ਕੋਨੇ ’ਚ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀਆਂ ਕਬਰਾਂ ਬਣਾ ਲੈਂਦੇ ਹਨ।

ਅਜਿਹੇ ਹਾਲਾਤ ’ਚ ਚੀਨ ਸਰਕਾਰ ਦੇ ਸਾਹਮਣੇ ਕਿਸਾਨਾਂ ਦੇ ਅੰਦੋਲਨ ਦਾ ਖਤਰਾ ਵੀ ਮੰਡਰਾਅ ਰਿਹਾ ਹੈ, ਚੀਨ ਦਾ ਅਮੀਰ ਵਰਗ, ਵਿਦਿਆਰਥੀ, ਸਰਕਾਰੀ ਕਰਮਚਾਰੀ, ਛੋਟੇ ਅਤੇ ਦਰਮਿਆਨੇ ਵਪਾਰੀ, ਸੇਵਾਮੁਕਤ ਕਰਮਚਾਰੀ ਅਤੇ ਹੁਣ ਕਿਸਾਨ ਸਰਕਾਰ ਦੀਆਂ ਬੇਸਿਰ-ਪੈਰ ਦੀਆਂ ਨੀਤੀਆਂ ਤੋਂ ਗੁੱਸੇ ’ਚ ਹਨ। ਆਉਣ ਵਾਲੇ ਸਮੇਂ ’ਚ ਇਹ ਸਭ ਮਿਲ ਕੇ ਇਕ ਵੱਡੇ ਅੰਦੋਲਨ ਦਾ ਰੂਪ ਕਦੋਂ ਲੈਂਦਾ ਹੈ, ਸਮੇਂ ਨੂੰ ਇਸਦੀ ਉਡੀਕ ਹੈ।


author

Rakesh

Content Editor

Related News