ਯੂਕ੍ਰੇਨ ਜੰਗ ਦੌਰਾਨ ਉਜਾਗਰ ਹੋਈ ਚੀਨ ਦੀ ਖੋਖਲੀ ਸ਼ਾਨ
Thursday, Apr 07, 2022 - 04:44 PM (IST)
ਰੂਸ ਵਲੋਂ ਯੂਕ੍ਰੇਨ ’ਤੇ ਹਮਲਾ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਵੀ ਉਥੋਂ ਦੇ ਹਾਲਾਤ ਬੇਹੱਦ ਖਰਾਬ ਹੋਣ ਲੱਗੇ ਹਨ। ਸਥਾਨਕ ਲੋਕਾਂ ਦੇ ਨਾਲ ਹੀ ਉਥੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਪ੍ਰਭਾਵਿਤ ਹੋ ਰਹੀ ਹੈ। ਉਹ ਵੱਡੀ ਗਿਣਤੀ ’ਚ ਯੂਕ੍ਰੇਨ ’ਚ ਮੈਡੀਕਲ ਅਤੇ ਮੈਡੀਸਨ ਦੀ ਪੜ੍ਹਾਈ ਕਰ ਰਹੇ ਹਨ। ਜੰਗ ਕਾਰਨ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਧਵਾਟੇ ਹੀ ਛੱਡ ਕੇ ਯੂਕ੍ਰੇਨ ਤੋਂ ਬਾਹਰ ਜਾਣਾ ਪਿਆ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਯੂਕ੍ਰੇਨ ’ਚੋਂ ਕੱਢਣ ਦਾ ਪ੍ਰਬੰਧ ਕੀਤਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਚੀਨ ਨੇ ਯੂਕ੍ਰੇਨ ਤੋਂ ਆਪਣੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਕੱਢਣ ਲਈ ਕੋਈ ਪ੍ਰਬੰਧ ਨਹੀਂ ਕੀਤੇ। ਆਪਣੇ ਪ੍ਰਾਪੇਗੰਡਾ ਰਾਹੀਂ ਚੀਨ ਹਮੇਸ਼ਾ ਆਪਣੇ ਦੇਸ਼ ਦੇ ਲੋਕਾਂ ਨਾਲ ਹਰ ਮੁਸੀਬਤ ’ਚ ਖੜ੍ਹੇ ਹੋਣ ਦਾ ਦਾਅਵਾ ਕਰਦਾ ਰਹਿੰਦਾ ਹੈ ਪਰ ਯੂਕ੍ਰੇਨ ’ਚ ਚੀਨੀ ਵਿਦਿਆਰਥੀਆਂ ਅਤੇ ਉਥੋਂ ਦੇ ਲੋਕਾਂ ਨੇ ਜੋ ਕੁਝ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਹੈ, ਨੇ ਚੀਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
2017 ’ਚ ਚੀਨ ’ਚ ਇਕ ਫਿਲਮ ਆਈ ਸੀ ਜਿਸ ਦਾ ਨਾਂ ਸੀ ਵੁਲਫ ਵਾਰੀਅਰਸ-2। ਇਸ ਫਿਲਮ ਦੇ ਅੰਤ ’ਚ ਇਹ ਦਿਖਾਇਆ ਗਿਆ ਹੈ ਕਿ ਚੀਨੀ ਪਾਸਪੋਰਟ ਦੇ ਪਿਛਲੇ ਕਵਰ ਪੰਨੇ ’ਤੇ ਇਕ ਸੰਦੇਸ਼ ਲਿਖਿਆ ਹੈ ਕਿ ਚੀਨ ਦੇ ਨਾਗਰਿਕ ਕਿਸੇ ਵੀ ਦੇਸ਼ ਦੀ ਧਰਤੀ ’ਤੇ ਹੋਣ, ਕਿੰਨੇ ਵੀ ਮੁਸੀਬਤ ’ਚ ਕਿਉਂ ਨਾ ਹੋਣ, ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸ਼ਕਤੀਸ਼ਾਲੀ ਮਾਤਰ ਭੂਮੀ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ’ਚ ਜਾ ਕੇ ਸੁਰੱਖਿਅਤ ਬਾਹਰ ਕੱਢੇਗੀ ਜਿਥੇ ਉਹ ਫਸੇ ਹਨ।
ਇਸ ਦੇ ਉਲਟ ਯੂਕ੍ਰੇਨ ’ਚ ਚੀਨ ਦੇ ਨਾਗਰਿਕਾਂ ਨੂੰ ਅਸਲੀਅਤ ਕੁਝ ਹੋਰ ਹੀ ਨਜ਼ਰ ਆਈ। ਜਿਥੋਂ ਤਕ ਫਿਲਮ ’ਚ ਪਾਸਪੋਰਟ ਦੇ ਪਿਛਲੇ ਕਵਰ ਵਾਲੀ ਗੱਲ ਹੈ, ਅਸਲ ’ਚ ਯੂਕ੍ਰੇਨ ’ਚ ਫਸੇ ਚੀਨੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੁਝ ਵੀ ਲਿਖਿਆ ਨਜ਼ਰ ਨਹੀਂ ਆਇਆ।
ਜਿਵੇਂ ਹੀ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨ, ਕੈਨੇਡਾ ਅਤੇ ਕਈ ਹੋਰ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸੰਦੇਸ਼ ਭਿਜਵਾ ਦਿੱਤਾ ਕਿ ਖਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਯੂਕ੍ਰੇਨ ਛੱਡ ਦੇਣ। ਸਿਰਫ ਇੰਨਾ ਹੀ ਨਹੀਂ ਉਕਤ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਸਿਵਲ ਹਵਾਈ ਜਹਾਜ਼ਾਂ ਨੂੰ ਯੂਕ੍ਰੇਨ ਭੇਜਿਆ। ਰੂਸ ਅਤੇ ਚੀਨ ਦੇ ਸੰਬੰਧਾਂ ਨੂੰ ਦੇਖਿਆ ਜਾਏ ਤਾਂ ਚੀਨ ਨੂੰ ਰੂਸ ਦੇ ਹਮਲੇ ਦੀ ਜਾਣਕਾਰੀ ਸਾਰੀ ਦੁਨੀਆ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਪਰ ਇੰਝ ਨਹੀਂ ਹੋਇਆ।
24 ਫਰਵਰੀ ਨੂੰ ਪੁਤਿਨ ਨੇ ਜਿਵੇਂ ਹੀ ਯੂਕ੍ਰੇਨ ’ਤੇ ਪੂਰੀ ਤਰ੍ਹਾਂ ਹਮਲਾ ਸ਼ੁਰੂ ਕੀਤਾ, ਉਸ ਪਿਛੋਂ ਚੀਨ ਦੀ ਭੂਮਿਕਾ ਬਹੁਤ ਹੀ ਸ਼ੱਕੀ ਰਹੀ। ਚੀਨ ਆਪਣੇ ਮੀਡੀਆ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦੇ ਰਿਹਾ ਸੀ ਕਿ ਇਹ ਹਮਲਾ ਰੂਸ ਨੇ ਯੂਕ੍ਰੇਨ ’ਤੇ ਕੀਤਾ ਹੈ। ਸ਼ੁਰੂ ਤੋਂ ਚੀਨ ਦਾ ਮੀਡੀਆ ਜੋ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਕਬਜ਼ੇ ’ਚ ਰਹਿੰਦਾ ਹੈ, ਨੇ ਵਧ-ਚੜ੍ਹ ਕੇ ਰੂਸ ਦੀ ਹਮਾਇਤ ਕੀਤੀ। ਚੀਨ ਦੇ ਲੋਕਾਂ ’ਤੇ ਇਸ ਦਾ ਮਾੜਾ ਪ੍ਰਭਾਵ ਕੁਝ ਅਜਿਹਾ ਪਿਆ ਕਿ ਉਨ੍ਹਾਂ ਆਪਣੇ ਚੀਨੀ ਸੋਸ਼ਲ ਮੀਡੀਆ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਚੀਨੀ ਲੋਕਾਂ ਨੇ ਯੂਕ੍ਰੇਨ ਦੀ ਇਸ ਔਖੀ ਘੜੀ ’ਚ ਯੂਕ੍ਰੇਨ ਦੀਆਂ ਕੁੜੀਆਂ ਪ੍ਰਤੀ ਹੀ ਮਾੜੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੱਜ ਦੇ ਸੂਚਨਾ ਕ੍ਰਾਂਤੀ ਦੇ ਦੌਰ ’ਚ ਇਹ ਖਬਰ ਮਿੰਟਾਂ ’ਚ ਹੀ ਯੂਕ੍ਰੇਨ ਪਹੁੰਚ ਗਈ ਜਿਸ ਦਾ ਖਮਿਆਜ਼ਾ ਉਥੇ ਰਹਿਣ ਵਾਲੇ ਚੀਨ ਦੇ ਲੋਕਾਂ ਨੂੰ ਭੁਗਤਣਾ ਪਿਆ।
ਖਾਰਕੀਵ ’ਚ ਰਹਿਣ ਵਾਲੇ ਵਾਨਸ਼ਯ ਨੇ ਕਿਹਾ ਕਿ ਉਸ ਦੇ ਫ੍ਰਿਜ ’ਚ ਖਾਣ-ਪੀਣ ਦਾ ਕੋਈ ਸਾਮਾਨ ਨਹੀਂ ਬਚਿਆ। ਦੁਕਾਨਾਂ ਅਤੇ ਸੁਪਰ ਮਾਰਕੀਟ ’ਚ ਜਿਹੜਾ ਕੁਝ ਸਾਮਾਨ ਬਚਿਆ ਹੈ, ਉਸ ਨੂੰ ਦੁਕਾਨਦਾਰ ਚੀਨ ਦੇ ਲੋਕਾਂ ਨੂੰ ਨਹੀਂ ਵੇਚਣਾ ਚਾਹੁੰਦੇ। ਨਿਪ੍ਰੋਪੇਤਰੋਵਸਕ ਦੇ ਰਹਿਣ ਵਾਲੇ ਇਕ ਹੋਰ ਚੀਨੀ ਨਾਗਰਿਕ ਨੇ ਕਿਹਾ ਕਿ ਮੈਂ ਜਦੋਂ ਬਾਜ਼ਾਰ ਗਿਆ ਤਾਂ ਯੂਕ੍ਰੇਨ ਦੇ 2 ਲੋਕਾਂ ਨੇ ਮੇਰੇ ’ਤੇ ਗੋਲੀਆਂ ਚਲਾਈਆਂ। ਮੈਂ ਖੁਸ਼ਕਿਸਮਤੀ ਨਾਲ ਬਚ ਗਿਆ। ਉਡੇਸਾ ਦੀ ਇਕ ਚੀਨੀ ਕੁੜੀ ਨੇ ਦੱਸਿਆ ਕਿ ਕੁਝ ਯੂਕ੍ਰੇਨੀ ਲੋਕਾਂ ਨੇ ਘੇਰ ਕੇ ਮੈਨੂੰ ਧਮਕੀ ਦਿੱਤੀ। ਮੈਂ ਬਹੁਤ ਮੁਸ਼ਕਲ ਨਾਲ ਬਚ ਕੇ ਨਿਕਲੀ।
ਇਕ ਚੀਨੀ ਹੋਸਟ ਚਿਨਸ਼ਿੰਗ ਨੇ ਸੋਸ਼ਲ ਮੀਡੀਆ ਸੀਨਾਵੇਈਬੋ ’ਤੇ ਪੋਸਟ ਕੀਤੀ ਜਿਸ ’ਚ ਉਸ ਨੇ ਜੰਗ ਖਤਮ ਕਰ ਕੇ ਸ਼ਾਂਤੀ ਦੀ ਗੱਲ ਕੀਤੀ ਪਰ ਚੀਨ ਦੀ ਕਮਿਊਨਿਸਟ ਪਾਰਟੀ ਦੇ ਹਮਾਇਤੀਆਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਉਸ ਦਾ ਅਕਾਊਂਟ ਡਿਲੀਟ ਕਰ ਦਿੱਤਾ ਗਿਆ।
ਚੀਨ ਦੇ ਕੁਝ ਵਿਦਿਆਰਥੀਆਂ ਨੂੰ ਰਾਜਧਾਨੀ ਕੀਵ ’ਚ ਚੀਨ ਦੇ ਦੂਤਘਰ ਨੇ ਯੂਕ੍ਰੇਨ ਤੋਂ ਬਾਹਰ ਨਿਕਲ ਕੇ ਹੰਗਰੀ, ਪੋਲੈਂਡ ਅਤੇ ਰੋਮਾਨੀਆ ਪਹੁੰਚਣ ਲਈ ਕਿਹਾ। ਇਸ ਦਾ ਖਰਚਾ ਵਿਦਿਆਰਥੀਆਂ ਨੂੰ ਖੁਦ ਹੀ ਉਠਾਉਣਾ ਪਿਆ। ਬੜੀ ਮੁਸ਼ਕਲ ਨਾਲ ਇਹ ਵਿਦਿਆਰਥੀ ਯੂਕ੍ਰੇਨ ਤੋਂ ਬਾਹਰ ਨਿਕਲੇ ਪਰ ਉਥੇ ਚੀਨੀ ਏਅਰਲਾਈਨਜ਼ ਨੇ ਉਨ੍ਹਾਂ ਕੋਲੋਂ ਦੁੱਗਣੇ ਤੋਂ ਵੀ ਵੱਧ ਕਿਰਾਇਆ ਵਸੂਲਿਆ। ਪ੍ਰਤੀ ਵਿਦਿਆਰਥੀ ਕੋਲੋਂ 17999 ਯੂਆਨ ਵਸੂਲੇ ਗਏ। ਭਾਰਤੀ ਕਰੰਸੀ ’ਚ ਇਹ ਰਕਮ 2 ਲੱਖ 20 ਹਜ਼ਾਰ ਰੁਪਏ ਬਣਦੀ ਹੈ। ਇਕ ਚੀਨੀ ਵਿਦਿਆਰਥੀ ਨੇ ਦੱਸਿਆ ਕਿ ਉਸ ਕੋਲੋਂ 2846 ਅਮਰੀਕੀ ਡਾਲਰ ਵਸੂਲੇ ਗਏ।
ਕਈ ਚੀਨੀ ਵਿਦਿਆਰਥੀਆਂ ਕੋਲ ਪੂਰੇ ਪੈਸੇ ਨਹੀਂ ਸਨ। ਉਨ੍ਹਾਂ ਨੂੰ ਹਵਾਈ ਜਹਾਜ਼ ਅੰਦਰ ਸਵਾਰ ਨਹੀਂ ਹੋਣ ਦਿੱਤਾ ਗਿਆ। ਚੀਨ ਸਰਕਾਰ ਵਲੋਂ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਸੋਸ਼ਲ ਮੀਡੀਆ ’ਤੇ ਇਸ ਦੀ ਬੁਰਾਈ ਨਾ ਕੀਤੀ ਜਾਵੇ। ਜੇ ਇੰਝ ਕੀਤਾ ਤਾਂ ਚੀਨ ਪਹੁੰਚਣ ’ਤੇ ਉਨ੍ਹਾਂ ਨੂੰ ਚੀਨੀ ਪੁਲਸ ਨਾਲ ਬੈਠ ਕੇ ਚਾਹ ਪੀਣੀ ਪਏਗੀ। ਚਾਹ ਪੀਣ ਦਾ ਮਤਲਬ ਇਹ ਹੈ ਕਿ ਚੀਨ ਦੀ ਪੁਲਸ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਕੁਟੇਗੀ। ਦੂਜੇ ਪਾਸੇ ਭਾਰਤ ਸਰਕਾਰ ਨੇ ਆਪਣੇ ਸਭ ਵਿਦਿਆਰਥੀਆਂ ਨੂੰ ਸੁਰੱਖਿਅਤ ਵਤਨ ਲਿਆਂਦਾ ਅਤੇ ਉਨ੍ਹਾਂ ਕੋਲੋਂ ਇਕ ਪੈਸਾ ਵੀ ਨਹੀਂ ਲਿਆ। ਯੂਕ੍ਰੇਨ ਤੋਂ ਲਗਭਗ 20 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਲਿਆਂਦਾ ਗਿਆ।
ਚੀਨ ਦੇ ਉਕਤ ਘਟਨਾਚੱਕਰ ਨੇ ਸਾਬਿਤ ਕਰ ਦਿੱਤਾ ਹੈ ਕਿ ਜਿਵੇਂ ਉਹ ਦੁਨੀਆ ਦੇ ਸਾਹਮਣੇ ਖੁਦ ਨੂੰ ਦਿਖਾ ਰਿਹਾ ਹੈ, ਅਸਲ ’ਚ ਉਸ ਤਰ੍ਹਾਂ ਦਾ ਨਹੀਂ ਹੈ। ਚੀਨ ਹਰ ਔਖੀ ਘੜੀ ’ਚ ਆਪਣਾ ਲਾਭ ਦੇਖਦਾ ਹੈ। ਸ਼ਾਇਦ ਇਸੇ ਲਈ ਉਸ ਨੇ ਮੁਸੀਬਤ ’ਚ ਫਸੇ ਆਪਣੇ ਚੀਨੀ ਵਿਦਿਆਰਥੀਆਂ ਤਕ ਦਾ ਕੋਈ ਲਿਹਾਜ਼ ਨਹੀਂ ਕੀਤਾ ਅਤੇ ਉਨ੍ਹਾਂ ਕੋਲੋਂ ਹਵਾਈ ਟਿਕਟ ਦੇ ਕਈ ਗੁਣਾ ਵੱਧ ਪੈਸੇ ਵਸੂਲੇ। ਚੀਨ ਅਤੇ ਚੀਨ ਦਾ ਪ੍ਰਾਪੇਗੰਡਾ ਚੀਨ ਦੀ ਕਮਿਊਨਿਸਟ ਪਾਰਟੀ ਦੀ ਉਪਜ ਹੈ ਜਿਸ ਕਾਰਨ ਚੀਨ ਦੀ ਕੌਮਾਂਤਰੀ ਪੱਧਰ ’ਤੇ ਬੇਇੱਜ਼ਤੀ ਹੋ ਚੁੱਕੀ ਹੈ ਪਰ ਚੀਨ ਕਦੇ ਵੀ ਆਪਣੀ ਝੂਠੀ ਸ਼ਾਨ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ।