ਚੀਨ ਦੀ ਦੱਖਣੀ ਖੇਤਰਾਂ ’ਚ ਵਧਦੀ ਡਿਪਲੋਮੇਸੀ ਦੁਨੀਆ ਲਈ ਚਿੰਤਾ ਦਾ ਸਬੱਬ

Friday, May 19, 2023 - 09:58 AM (IST)

ਚੀਨ ਦੀ ਦੱਖਣੀ ਖੇਤਰਾਂ ’ਚ ਵਧਦੀ ਡਿਪਲੋਮੇਸੀ ਦੁਨੀਆ ਲਈ ਚਿੰਤਾ ਦਾ ਸਬੱਬ

ਬੀਜਿੰਗ- ਚੀਨ ਇਨ੍ਹੀਂ ਦਿਨੀਂ ਅਮਰੀਕਾ ਨੂੰ ਟੱਕਰ ਦੇਣ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਿਹਾ ਹੈ। ਇਸ ਲਈ ਚੀਨ ਨੇ ਪਹਿਲਾਂ ਅਮਰੀਕਾ ਦੇ ਵਿਰੋਧ ’ਚ ਹਮਲਾਵਰ ਡਿਪਲੋਮੇਸੀ ਦਾ ਸਹਾਰਾ ਲਿਆ ਪਰ ਇਸ ਕਾਰਨ ਚੀਨ ਦਾ ਡਿਪਲੋਮੇਸੀ ’ਚ ਜੋ ਸਥਾਨ ਸੀ ਉਹ ਪਿਛਲੇ ਕੁਝ ਸਾਲਾਂ ’ਚ ਹੀ ਟੁੱਟ ਕੇ ਚਕਨਾਚੂਰ ਹੋ ਗਿਆ। ਚੀਨ ਦੀ ਹਮਲਾਵਰਤਾ ਕਾਰਨ ਚੀਨ ਦੁਨੀਆ ’ਚ ਸਿਰਫ ਉੱਤਰ ਕੋਰੀਆ ਅਤੇ ਪਾਕਿਸਤਾਨ ਵਰਗੇ ਦੇਸ਼ ਦਾ ਮਿੱਤਰ ਬਣ ਕੇ ਸਿਮਟ ਗਿਆ ਸੀ, ਵਿਸ਼ਵ ਪੱਧਰ ’ਤੇ ਚੀਨ ਨੂੰ ਆਪਣੀਆਂ ਨੀਤੀਆਂ ’ਚ ਬਦਲਾਅ ਕਰਨਾ ਪਿਆ ਜਿਸ ਨਾਲ ਕੌਮਾਂਤਰੀ ਮੰਚ ’ਤੇ ਉਸ ਦੀ ਪ੍ਰਵਾਨਗੀ ਵਧੀ। ਇਸ ਲਈ ਚੀਨ ਨੇ ਇਕ ਵਾਰ ਫਿਰ ਅਮਰੀਕਾ ਦੇ ਬੂਟਾਂ ’ਚ ਆਪਣਾ ਪੈਰ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਬਾਰੇ ’ਚ ਰਣਨੀਤੀ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਦੀ ਡਿਪਲੋਮੇਸੀ ਅਜੇ ਇੰਨੀ ਮਜ਼ਬੂਤ ਨਹੀਂ ਹੋਈ ਕਿ ਉਹ ਅਮਰੀਕਾ ਦੇ ਸਾਹਮਣੇ ਖੜ੍ਹਾ ਹੋ ਸਕੇ। ਅਜਿਹਾ ਕਰਨ ਦੇ ਦੌਰਾਨ ਇਹ ਜ਼ਰੂਰ ਹੋ ਸਕਦਾ ਹੈ ਕਿ ਦੁਨੀਆ ਚੀਨ ਨੂੰ ਪੂਰੀ ਤਰ੍ਹਾਂ ਨਕਾਰ ਦੇਵੇ।

ਇਸ ਲਈ ਚੀਨ ਨੇ ਈਰਾਨ ਅਤੇ ਸਾਊਦੀ ਅਰਬ ਦਰਮਿਆਨ ਇਕ ਸਮਝੌਤਾ ਕਰਾਉਣ ਦੀ ਸ਼ੁਰੂਆਤ ਕੀਤੀ ਜਿਸ ਦਾ ਕੁਝ ਅਸਰ ਵੀ ਹੋਇਆ ਅਤੇ ਦੋਵਾਂ ਦੇਸ਼ਾਂ ਨੇ ਸਾਲਾਂ ਬਾਅਦ ਆਪਣੇ ਡਿਪਲੋਮੈਟਿਕ ਸਬੰਧਾਂ ਦੀ ਇਕ ਵਾਰ ਫਿਰ ਤੋਂ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਜਿਸ ਨੇ ਦੁਨੀਆ ਨੂੰ ਹੈਰਾਨੀ ’ਚ ਜ਼ਰੂਰ ਪਾ ਦਿੱਤਾ ਹੈ। ਚੀਨ ਨੇ ਦੋਵਾਂ ਦੇਸ਼ਾਂ ’ਚ ਸੁਲਾਹ ਕਰਾਉਣ ਦੀ ਕੋਸ਼ਿਸ਼ ਨੂੰ ਖੁਦ ਨੂੰ ਅਮਰੀਕਾ ਦੇ ਬਦਲ ਵਜੋਂ ਪੇਸ਼ ਕੀਤਾ ਅਤੇ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਵੁਲਫ ਵਾਰੀਅਰ ਵਾਲੇ ਅਕਸ ਹੁਣ ਚੀਨ ਬਦਲਣਾ ਚਾਹੁੰਦਾ ਹੈ ਅਤੇ ਪੂਰੀ ਦੁਨੀਆ ’ਚ ਸ਼ਾਂਤੀ ਅਤੇ ਸਥਾਈਪਣ ਲਿਆਉਣਾ ਚਾਹੁੰਦਾ ਹੈ। ਇਸ ਬਾਰੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਚੀਨ ਵੱਲੋਂ ਕੀਤਾ ਗਿਆ ਇਹ ਇਕ ਮਹੱਤਵਪੂਰਨ ਕੰਮ ਹੈ। ਇਸ ਨਾਲ ਪੂਰੇ ਮੱਧ-ਪੂਰਬ ਖੇਤਰ ’ਚ ਅਮਰੀਕਾ ਨੂੰ ਆਪਣੀ ਪਕੜ ਬਣਾਉਣ ਲਈ ਮੁੜ ਕੰਮ ਕਰਨਾ ਪਵੇਗਾ।

ਈਰਾਨ ਅਤੇ ਸਾਊਦੀ ਅਰਬ ’ਚ ਇਹ ਸਮਝੌਤਾ ਹੋਣ ਤੋਂ ਬਾਅਦ ਨਾ ਤਾਂ ਦੋਵੇਂ ਦੇਸ਼ ਦੁਸ਼ਮਣ ਤੋਂ ਦੋਸਤ ਬਣਨਗੇ ਅਤੇ ਨਾ ਹੀ ਬਹੁ ਧਰੁਵੀ ਮੱਧਪੂਰਬ ਦੇ ਦੇਸ਼ਾਂ ’ਚ ਕੋਈ ਰਣਨੀਤਕ ਬਦਲਾਅ ਹੋਣ ਦੀ ਆਸ ਹੈ। ਦਰਅਸਲ ਚੀਨ ਦਾ ਉਠਾਇਆ ਗਿਆ ਇਹ ਕਦਮ ਦੁਨੀਆ ਨੂੰ ਹੈਰਾਨ ਵੀ ਨਹੀਂ ਕਰਦਾ। ਅਸਲ ’ਚ ਪਿਛਲੇ ਕੁਝ ਸਾਲਾਂ ਤੋਂ ਚੀਨ ਆਪਣੇ ਹਮਲਾਵਰ ਅਕਸ ਬਣਨ ਤੋਂ ਪ੍ਰੇਸ਼ਾਨ ਸੀ ਹਾਲਾਂਕਿ ਇਹ ਅਕਸ ਉਸ ਨੇ ਕਿਸੇ ਦਬਾਅ ’ਚ ਨਹੀਂ ਸਗੋਂ ਚੀਨ ਦੇ ਤਾਨਾਸ਼ਾਹ ਸ਼ੀ ਜਿਨਪਿੰਗ ਦੇ ਕਹਿਣ ’ਤੇ ਬਣਾਇਆ ਸੀ ਪਰ ਹਮਲਾਵਰ ਅਕਸ ਜਾਂ ਵੁਲਫ ਵਾਰੀਅਰ ਵਾਲੇ ਅਕਸ ਤੋਂ ਚੀਨ ਹੁਣ ਬਾਹਰ ਨਿਕਲਣਾ ਚਾਹੁੰਦਾ ਸੀ ਕਿਉਂਕਿ ਪੂਰੀ ਦੁਨੀਆ ’ਚ ਚੀਨ ਦਾ ਇਕ ਹਮਲਾਵਰ ਅਕਸ ਬਣ ਚੁੱਕਾ ਸੀ। ਚੀਨ ਹੁਣ ਖੁਦ ਨੂੰ ਇਕ ਅਜਿਹੇ ਦੇਸ਼ ਦੇ ਰੂਪ ’ਚ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਹਾਂਪੱਖੀ ਡਿਪਲੋਮੇਸੀ ਦਾ ਸਹਾਰਾ ਲਿਆ, ਨਾ ਸਿਰਫ ਮੱਧ-ਪੂਰਬ ’ਚ ਸਗੋਂ ਦੁਨੀਆ ’ਚ ਆਪਣਾ ਅਜਿਹਾ ਅਕਸ ਬਣਾਉਣ ਦੀ ਸ਼ੁਰੂਆਤ ਕੀਤੀ। ਰਣਨੀਤਿਕ ਮਾਮਲਿਆਂ ’ਚ ਜਾਣਕਾਰ ਕਹਿੰਦੇ ਹਨ ਕਿ ਚੀਨ ਭਾਵੇਂ ਕਿਸੇ ਵੀ ਤਰ੍ਹਾਂ ਨਾਲ ਆਪਣਾ ਅਕਸ ਬਦਲਣ ਦੀ ਕੋਸ਼ਿਸ਼ ਕਰ ਲਵੇ ਪਰ ਅਖੀਰ ਚੀਨ ਆਪਣੇ ਅਸਲੀ ਰੂਪ ’ਚ ਦੁਨੀਆ ਦੇ ਸਾਹਮਣੇ ਆਵੇਗਾ ਅਤੇ ਉਸ ਦਾ ਅਸਲੀ ਚਿਹਰਾ ਹਮਲਾਵਰ ਹੀ ਹੈ।

ਅਸਲ ’ਚ ਚੀਨ ਸ਼ਾਂਤੀ ਸਮਝੌਤਾ ਕਰਾਉਣ ਵਾਲੇ ਦੇਸ਼ ਵਜੋਂ ਦੁਨੀਆ ’ਚ ਅਮਰੀਕਾ ਦੀ ਥਾਂ ਨਹੀਂ ਲੈਣਾ ਚਾਹੁੰਦਾ ਸਗੋਂ ਚੀਨ ਕੌਮਾਂਤਰੀ ਪੱਧਰ ’ਤੇ ਮਿਲ ਰਹੇ ਮੌਕਿਆਂ ਨੂੰ ਫੜ ਕੇ ਦੂਜਿਆਂ ਵੱਲੋਂ ਕੀਤੇ ਗਏ ਕੰਮਾਂ ਦਾ ਫਲ ਖੁਦ ਹੀ ਖਾਣਾ ਚਾਹੁੰਦਾ ਹੈ। ਉਂਝ ਵੀ ਇਸ ਸਮੇਂ ਕੌਮਾਂਤਰੀ ਪੱਧਰ ’ਤੇ ਸਥਾਈਪਨ ਨਾਲ ਚੀਨ ਦੀ ਅਰਥਵਿਵਸਥਾ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਣ ਵਾਲਾ ਹੈ। ਇਸ ਦੇ ਨਾਲ ਹੀ ਚੀਨ ਲਈ ਸੰਸਾਰਕ ਪੱਧਰ ’ਤੇ ਆਪਣੇ ਅਕਸ ਨੂੰ ਸੁਧਾਰਨਾ ਵੀ ਬਹੁਤ ਜ਼ਰੂਰੀ ਹੈ। ਹਾਲ ਹੀ ’ਚ ਚੀਨ ਨੇ ਯੂਕ੍ਰੇਨ ਅਤੇ ਰੂਸ ਦਰਮਿਆਨ ਚੱਲ ਰਹੀ ਜੰਗ ’ਚ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਪਰ ਚੀਨ ਦਾ ਇਹ ਪ੍ਰਸਤਾਵ ਸਾਫ ਨਹੀਂ ਸੀ ਅਤੇ ਸ਼ੀ ਿਜਨਪਿੰਗ ਦੀ ਮਾਸਕੋ ਯਾਤਰਾ ਨੂੰ ਜਾਇਜ਼ਤਾ ਪ੍ਰਦਾਨ ਕਰਨ ਵਰਗਾ ਸੀ, ਚੀਨ ਇਸ ਯਾਤਰਾ ਤੋਂ ਖੁਦ ਨੂੰ ਇਕ ਸੰਤੁਲਿਤ ਅਤੇ ਜ਼ਿੰਮੇਵਾਰ ਸ਼ਕਤੀ ਸੰਪੰਨ ਦੇਸ਼ ਦੇ ਰੂਪ ’ਚ ਪੇਸ਼ ਕਰਨਾ ਚਾਹੁੰਦਾ ਸੀ। ਉੱਥੇ ਹੀ ਦੂਜੇ ਪਾਸੇ ਚੀਨ ਨੇ ਅਰਬ ਦੇਸ਼ਾਂ ’ਚ ਇਕ ਦੂਜੇ ਦੇ ਧੁਰ ਵਿਰੋਧੀ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਵੀ ਸਮਝੌਤਾ ਕਰਾਉਣ ਦੀ ਪਹਿਲ ਕੀਤੀ ਪਰ ਚੀਨ ਨੇ ਇਸ ਲਈ ਕੋਈ ਨਵੀਂ ਯੋਜਨਾ ਨਹੀਂ ਬਣਾਈ ਸਗੋਂ ਪੁਰਾਣੀਆਂ ਯੋਜਨਾਵਾਂ ’ਚੋਂ ਇਕ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਪਹਿਲਾਂ ਵੀ ਕਈ ਦੇਸ਼ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਵੀ ਇਸ ਪਹਿਲ ’ਚ ਜ਼ੀਰੋ ਸਫਲਤਾ ਮਿਲੀ ਸੀ।
 


author

cherry

Content Editor

Related News