ਕੀ ਚੀਨ ਅਤੇ ਉਸ ਦੇ ਪ੍ਰਾਜੈਕਟਾਂ ਦੇ ਲਈ ਪਾਕਿਸਤਾਨ ਵਾਟਰਲੂ ਸਾਬਿਤ ਹੋਵੇਗਾ

07/31/2021 10:26:21 AM

ਬੀਜਿੰਗ- ਚੀਨ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ’ਚ ਲੱਗੇ ਆਪਣੇ ਕਰਮਚਾਰੀਆਂ ਨੂੰ ਏ. ਕੇ.-47 ਬੰਦੂਕਾਂ ਨਾਲ ਲੈਸ ਕਰਨਾ ਅਤੇ ਦੇਸ਼ ਭਰ ’ਚ ਫੈਲੇ ਆਪਣੇ ਲੋਕਾਂ ਅਤੇ ਹਿੱਤਾਂ ਦੀ ਰੱਖਿਆ ਲਈ ਆਪਣੇ ਫੌਜੀਆਂ ਨੂੰ ਪਾਕਿਸਤਾਨ ਭੇਜਣ ’ਤੇ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਚੀਨ ਨੂੰ ਪਾਕਿਸਤਾਨ ਆਰਮੀ ਦੀ ਸਪੈਸ਼ਲ ਸਕਿਓਰਿਟੀ ਡਵੀਜ਼ਨ (ਐੱਸ. ਐੱਸ. ਡੀ.) ਦੀ ਸਮਰੱਥਾ ’ਤੇ ਕੋਈ ਭਰੋਸਾ ਨਹੀਂ ਹੈ ਜਿਸ ’ਤੇ ਪੇਈਚਿੰਗ ਨੇ ਸਿਖਲਾਈ ਅਤੇ ਚੀਨੀ ਨਾਗਰਿਕਾਂ ਅਤੇ ਬਹੁ-ਅਰਬ ਡਾਲਰ ਦੇ ਸੀ. ਪੀ. ਈ. ਸੀ. ਪ੍ਰਾਜੈਕਟ ਨਾਲ ਜੁੜੀਆਂ ਜਾਇਦਾਦਾਂ ਦੀ ਰੱਖਿਆ ਲਈ ਭਾਰੀ ਮਾਤਰਾ ’ਚ ਧਨ ਦਾ ਨਿਵੇਸ਼ ਕੀਤਾ ਹੈ। ਚੀਨ ਨੇ ਖੈਬਰ ਪਖਤੂਨਖਵਾ ਸੂਬੇ ਦੇ ਉਪਰਲੇ ਕੋਹਿਸਤਾਨ ਇਲਾਕੇ ’ਚ ਦਸੂ ਪਣਬਿਜਲੀ ਪ੍ਰਾਜੈਕਟ ਦਾ ਕੰਮ ਵੀ ਰੋਕ ਦਿੱਤਾ ਹੈ। 14 ਜੁਲਾਈ ਨੂੰ ਹੋਏ ਧਮਾਕੇ ’ਚ 9 ਚੀਨੀ ਇੰਜੀਨੀਅਰਾਂ ਦੀ ਮੌਤ ਤੋਂ ਨਾਰਾਜ਼ ਸੀ. ਪੀ. ਈ. ਸੀ. ਪ੍ਰਾਜੈਕਟ ਲਈ ਇਕ ਉੱਚ ਪੱਧਰੀ ਸੰਯੁਕਤ ਸਹਿਯੋਗ ਕਮੇਟੀ ਦੀ ਬੈਠਕ ਰੱਦ ਕਰ ਦਿੱਤੀ ਜੋ 16 ਜੁਲਾਈ ਨੂੰ ਹੋਣੀ ਸੀ।

ਹਾਲਾਂਕਿ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਇਸ ਤੱਥ ਨੂੰ ਦੇਖਦੇ ਹੋਏ ਖੈਬਰ ਪਖਤੂਨਖਵਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਡੀ. ਪੀ.) ਸੰਗਠਨ ਦਾ ਗੜ੍ਹ ਰਿਹਾ ਹੈ। ਸ਼ੱਕ ਹੈ ਕਿ ਧਮਾਕੇ ਦੇ ਪਿੱਛੇ ਇਹ ਅੱਤਵਾਦੀ ਸੰਗਠਨ ਹੋ ਸਕਦਾ ਹੈ। ਚੀਨੀ ਹਿੱਤਾਂ ’ਤੇ ਪਹਿਲਾਂ ਦੇ ਹਮਲਿਆਂ ਦੀ ਟੀ. ਟੀ. ਪੀ. ਕੋਲ ਜ਼ਿੰਮੇਵਾਰੀ ਸੀ। ਅਪ੍ਰੈਲ ’ਚ ਦੱਖਣੀ-ਪੱਛਮੀ ਬਲੋਚਿਸਤਾਨ ’ਚ ਲਗਜ਼ਰੀ ਹੋਟਲ ’ਤੇ ਹੋਏ ਆਤਮਘਾਤੀ ਹਮਲੇ ਦੇ ਪਿੱਛੇ ਇਸ ਦਾ ਹੱਥ ਸੀ। ਇਹ ਹਮਲਾ ਪਾਕਿਸਤਾਨ ’ਚ ਚੀਨੀ ਰਾਜਦੂਤ ਨੋਂਗ ਰੋਂਗ ਨੂੰ ਟੀਚਾ ਬਣਾ ਕੇ ਕੀਤਾ ਗਿਆ ਸੀ। ਚੀਨੀ ਰਾਜਦੂਤ, ਹਾਲਾਂਕਿ ਟੀ. ਟੀ. ਪੀ. ਵੱਲੋਂ ਕੀਤੇ ਗਏ ਆਤਮਘਾਤੀ ਬੰਬ ਧਮਾਕੇ ’ਚ ਚਮਤਕਾਰੀ ਤੌਰ ’ਤੇ ਬਚ ਗਏ। ਅੱਤਵਾਦੀ ਸੰਗਠਨ ਨੇ ਤੁਰੰਤ ਉਸ ਘਟਨਾ ਦੀ ਜ਼ਿੰਮੇਵਾਰੀ ਲਈ, ਜਿਸ ’ਚ 5 ਵਿਅਕਤੀ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ।

ਰਿਕਾਰਡ ਦੱਸਦੇ ਹਨ ਕਿ ਪਿਛਲੇ 6 ਸਾਲਾਂ ’ਚ, ਵਿਸ਼ੇਸ਼ ਤੌਰ ’ਤੇ ਸੀ. ਪੀ. ਈ. ਸੀ. ਪ੍ਰਾਜੈਕਟਾਂ ਦੇ ਸਬੰਧ ’ਚ ਚੀਨੀ ਫੌਜੀਆਂ ਦੇ ਪਾਕਿਸਤਾਨ ਉਤਰਨ ਦੇ ਬਾਅਦ, ਵੱਖ-ਵੱਖ ਕੱਟੜਪੰਥੀ ਸਮੂਹਾਂ ਨੇ ਦੇਸ਼ ’ਚ ਆਪਣੇ ਹਮਲਿਆਂ ਦਾ ਟੀਚਾ ਚੀਨੀ ਹਿੱਤਾਂ ਨੂੰ ਬਣਾਇਆ ਹੈ। 6 ਮਈ, 2016 ਨੂੰ ਸਿੰਧ ਸੂਬੇ ਦੇ ਸੱਕਰ ਸ਼ਹਿਰ ’ਚ ਇਸ ਦੇ ਉਦਘਾਟਨ ਸਮਾਰੋਹ ’ਚ ਸੀ. ਪੀ. ਈ. ਸੀ. ’ਤੇ ਪਾਕਿਸਤਾਨ ਅਤੇ ਚੀਨ ਦੇ ਸੱਤਾਧਾਰੀ ਕੁਲੀਨਾਂ ਦੀਆਂ ਉਤਸ਼ਾਹਜਨਕ ਆਵਾਜ਼ਾਂ ਫੈਲਣ ਤੋਂ ਪਹਿਲਾਂ ਹੀ, ਮਈ 2016 ’ਚ ਹੀ ਕਰਾਚੀ ’ਚ ਚੀਨੀ ਇੰਜੀਨੀਅਰਾਂ ’ਤੇ ਸਿੰਧੀ ਵੱਖਵਾਦੀਆਂ ਨੇ ਹਮਲਾ ਕੀਤਾ ਸੀ। ਫਿਰ ਸਤੰਬਰ 2016 ’ਚ ਬਲੋਚ ਬਾਗੀਆਂ ਵੱਲੋਂ ਕੀਤੇ ਗਏ ਹਮਲੇ ’ਚ ਦੋ ਚੀਨੀ ਇੰਜੀਨੀਅਰਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

2017 ’ਚ ‘ਮਜੀਦ ਬ੍ਰਿਗੇਡ’ ਨਾਂ ਦੇ ਇਕ ਸੰਗਠਨ ਨੇ ਗਵਾਦਰ ’ਚ ਇਕ ਪੰਜ ਸਿਤਾਰਾ ਹੋਟਲ ’ਤੇ ਹਮਲਾ ਕੀਤਾ, ਜਦੋਂ ਚੀਨੀ ਵਫਦ ਇਕ ਬੰਦਰਗਾਹ ਪ੍ਰਾਜੈਕਟ ’ਚ ਰੁੱਝਿਆ ਸੀ। ਉਸ ਹਮਲੇ ’ਚ 8 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਸੇ ਸਾਲ, ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਜਿਸ ’ਚ ‘ਮਜੀਦ ਬ੍ਰਿਗੇਡ’ ਦੇ ਇਕ ਕਥਿਤ ਮੈਂਬਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਬਲੋਚਿਸਤਾਨ ਤੋਂ ਬਾਹਰ ਨਿਕਲਣ’ ਦੀ ਚਿਤਾਵਨੀ ਦਿੰਦੇ ਹੋਏ ਸੁਣਿਆ ਗਿਆ ਕਿ ‘ਰਾਸ਼ਟਰਪਤੀ ਜਿਨਪਿੰਗ, ਤੁਹਾਡੇ ਕੋਲ ਅਜੇ ਵੀ ਬਲੋਚਿਸਤਾਨ ਤੋਂ ਬਾਹਰ ਨਿਕਲਣ ਦਾ ਸਮਾਂ ਹੈ ਜਾਂ ਤੁਸੀਂ ਬਲੋਚ ਪੁੱਤਰਾਂ ਅਤੇ ਧੀਆਂ ਦਾ ਬਦਲਾ ਦੇਖੋਗੇ, ਜਿਸ ਨੂੰ ਤੁਸੀਂ ਕਦੀ ਭੁੱਲ ਨਹੀਂ ਸਕੋਗੇ।’

ਨਵੰਬਰ 2018 ’ਚ ਜਦੋਂ ਬਲੋਚ ਲਿਬਰੇਸ਼ਨ ਆਰਮੀ ਨੇ ਚੀਨੀ ਵਣਜ ਦੂਤਘਰ ’ਤੇ ਹਮਲਾ ਕੀਤਾ ਤਾਂ 4 ਵਿਅਕਤੀ ਮਾਰੇ ਗਏ ਸਨ। ਅਗਸਤ 2018 ’ਚ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਸਥਿਤ ਇਕ ਸ਼ਹਿਰ ਦਲਬੰਦਿਨ ’ਚ ਚੀਨੀ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ’ਤੇ ਆਤਮਘਾਤੀ ਹਮਲਾ ਕੀਤਾ ਗਿਆ ਸੀ। ਇਹ ਘਟਨਾਵਾਂ ਸੀ. ਪੀ. ਈ. ਸੀ. ਪ੍ਰਾਜੈਕਟਾਂ ਦੇ ਕਾਰਨ ਚੀਨ ਵਿਰੁੱਧ ਡੂੰਘੀ ਨਫਰਤ ਨੂੰ ਦਰਸਾਉਂਦੀਆਂ ਹਨ। ਦਰਅਸਲ, ਇਨ੍ਹਾਂ ਪ੍ਰਾਜੈਕਟਾਂ ਨੂੰ ਜਿਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਇਹ ਨਹੀਂ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ’ਚ ਚੰਗੇ ਮਨ ਨਾਲ ਲਿਆ ਗਿਆ ਹੈ। 7 ਜੁਲਾਈ, 2020 ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁਜ਼ੱਫਰਾਬਾਦ ਸ਼ਹਿਰ ਨੂੰ ਚੀਨ ਅਤੇ ਪਾਕਿਸਤਾਨ ਵਿਰੋਧੀ ਜ਼ੋਰਦਾਰ ਵਿਰੋਧ ਵਿਖਾਵਿਆਂ ਦਾ ਝਟਕਾ ਲੱਗਾ। ਨੀਲਮ ਅਤੇ ਜੇਹਲਮ ਨਦੀਆਂ ’ਤੇ ਦੋ ਮੈਗਾ-ਡੈਮਾਂ ਦੀ ਨਾਜਾਇਜ਼ ਉਸਾਰੀ ਲਈ ਪਾਕਿਸਤਾਨ ਅਤੇ ਚੀਨ ਦੇ ਵਿਰੋਧ ’ਚ ਹਜ਼ਾਰਾਂ ਲੋਕਾਂ ਨੇ ਰੈਲੀ ਕੱਢੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਨਦੀਆਂ ’ਤੇ ਕਬਜ਼ਾ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦਾ ਉਲੰਘਣਾ ਕਰ ਰਹੇ ਹਨ। ਆਪਣੇ ਸਾਥੀ ਚੀਨੀ ਹਮਵਤਨ ਦੀ ਤੁਲਨਾ ’ਚ ਪਾਕਿਸਤਾਨੀ ਕਿਰਤੀਆਂ ਦੀ ਤਨਖਾਹ ’ਚ ਨਾਬਰਾਬਰੀ ਨੇ ਵੀ ਚੀਨੀ ਵਿਰੋਧੀ ਭਾਵਨਾਵਾਂ ਨੂੰ ਹਵਾ ਦਿੱਤੀ ਹੈ।

18 ਨਵੰਬਰ, 2020 ਨੂੰ ਹਜ਼ਾਰਾਂ ਪਾਕਿਸਤਾਨੀ ਮਜ਼ਦੂਰਾਂ ਨੇ ਕਰਾਚੀ ’ਚ ਚੀਨ ਦੇ ਵਿਰੁੱਧ ਰੋਸ ਵਿਖਾਵਾ ਕੀਤਾ, ਜਿਸ ’ਚ ਸੀ. ਪੀ. ਈ. ਸੀ. ਪ੍ਰਾਜੈਕਟਾਂ ’ਚ ਸ਼ਾਮਲ ਚੀਨੀ ਕਿਰਤੀਆਂ ਦੀ ਤੁਲਨਾ ’ਚ ਉਨ੍ਹਾਂ ਦੀ ਨਾਬਰਾਬਰੀ ਮਜ਼ਦੂਰੀ ਦੀ ਸ਼ਿਕਾਇਤ ਕੀਤੀ ਗਈ ਸੀ। ਫਿਰ ਇਸ ਸਾਲ 16 ਜਨਵਰੀ ਨੂੰ, ਸ਼ਿਨਜਿਆਂਗ ਇਲਾਕੇ ਦੇ ਯਾਰਕੰਦ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੱਕ ਆਪਣੇ ਤੋਪਖਾਨੇ ਅਤੇ ਫੌਜੀਆਂ ਦੇ ਅਦਾਨ-ਪ੍ਰਦਾਨ ਲਈ 33 ਕਿ. ਮੀ. ਲੰਬੀ ਸੜਕ ਬਣਾਉਣ ਦੇ ਚੀਨੀ ਕਦਮ ਦੇ ਵਿਰੁੱਧ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਵੱਡੇ ਪੱਧਰ ’ਤੇ ਵਿਰੋਧ ਅਤੇ ਹਿੰਸਾ ਭੜਕ ਉੱਠੀ। ਪਾਕਿਸਤਾਨ ’ਚ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇ, ਜਿੱਥੇ ਚੀਨ ਦੀ ਅਗਵਾਈ ਵਾਲੇ ਪ੍ਰਾਜੈਕਟਾਂ ਦੀ ਮੌਜੂਦਗੀ ਨਾਲ ਦੇਸ਼ ਦੇ ਨਾਗਰਿਕਾਂ ’ਚ ਈਰਖਾ ਪੈਦਾ ਨਾ ਹੋ ਰਹੀ ਹੋਵੇ। ਇਕ ਮਜ਼ਬੂਤ ਭਾਵਨਾ ਹੈ ਕਿ ਸ਼ਿਨਜਿਆਂਗ ਇਲਾਕੇ ਤੋਂ ਬਲੋਚਿਸਤਾਨ ’ਚ ਗਵਾਦਰ ਬੰਦਰਗਾਹ ਤੱਕ ਚੱਲ ਰਹੇ ਸੀ. ਪੀ. ਈ. ਸੀ. ਸਮੇਤ ਵੱਖ-ਵੱਖ ਪ੍ਰਾਜੈਕਟਾਂ ਰਾਹੀਂ ਵੱਡੇ ਪੱਧਰ ’ਤੇ ਚੀਨੀ ਨਿਵੇਸ਼, ਪਾਕਿਸਤਾਨ ਨੂੰ ਚੀਨੀ ਉਪਨਿਵੇਸ਼ ’ਚ ਤਬਦੀਲ ਕਰਨ ਲਈ ਕਿਸੇ ਵੀ ਗੁਪਤ ਜਾਂ ਪ੍ਰਮੁੱਖ ਮਕਸਦ ਦੇ ਬਿਨਾਂ ਨਹੀਂ ਹੋ ਸਕਦਾ।

ਅਫਗਾਨਿਸਤਾਨ ’ਚ ਅੱਤਵਾਦੀ ਸਮੂਹਾਂ ਦਰਮਿਆਨ ਸਬੰਧ ਬਣਾਈ ਰੱਖਣ ਅਤੇ ਇਸਲਾਮੀ ਕੱਟੜਵਾਦ ਦੀ ਸਹੁੰ ਲੈਣ ਦੀਆਂ ਰਿਪੋਰਟਾਂ ਦੇ ਦਰਮਿਆਨ, ਚੀਨ ਪੂਰੇ ਦੱਖਣ ਏਸ਼ੀਆਈ ਖੇਤਰ ’ਚ ਆਪਣੇ ਹਿੱਤਾਂ ਦੀ ਸੁਰੱਖਿਆ ਨੂੰ ਲੈ ਕੇ ਡਰਿਆ ਹੋਇਆ ਹੈ। ਇਸ ਦੌਰਾਨ ਜੇਕਰ ਚੀਨ ਪਾਕਿਸਤਾਨ ’ਚ ਆਪਣੇ ਲੋਕਾਂ ਅਤੇ ਹਿੱਤਾਂ ਦੀ ਰੱਖਿਆ ਲਈ ਆਪਣੀ ਫੌਜ ਭੇਜਦਾ ਹੈ, ਇਹ ਭੂੰਡਾਂ ਦੇ ਖੱਖਰ ਨੂੰ ਛੇੜਨ ਵਰਗਾ ਹੋਵੇਗਾ ਕਿਉਂਕਿ ਚੀਨ ਦੇ ਵਿਰੁੱਧ ਪਾਕਿਸਤਾਨੀ ਨਾਗਰਿਕਾਂ ਦਾ ਗੁੱਸਾ ਦੱਖਣੀ ਏਸ਼ੀਆਈ ਦੇਸ਼ਾਂ ਦੀਆਂ ਗਲੀਆਂ, ਸੜਕਾਂ ’ਤੇ ਫੈਲ ਜਾਵੇਗਾ। ਕੁਲ ਮਿਲਾ ਕੇ ਪਾਕਿਸਤਾਨ ’ਚ ਚੀਨ ਦਾ ਭਰੋਸਾ ਲਗਭਗ ਚਕਨਾਚੂਰ ਹੋ ਗਿਆ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਪਾਕਿਸਤਾਨ ਜਾਂ ਦੱਖਣੀ ਏਸ਼ੀਆ ਚੀਨ ਅਤੇ ਉਸ ਦੀ ਖਾਹਿਸ਼ਾਂ ਵਾਲੀ ਬੀ. ਆਰ. ਆਈ. ਪਹਿਲ ਦੇ ਲਈ ਵਾਟਰਲੂ ਸਾਬਿਤ ਹੋਵੇਗਾ?


cherry

Content Editor

Related News