ਵਿਰੋਧੀ ਧਿਰ ਦੇ ਤਲਖ ਤੇਵਰਾਂ ’ਚ ਘਿਰੀ ਸਰਕਾਰ ਦੀ ਢਾਲ ਬਣੇ ਮੁੱਖ ਮੰਤਰੀ

12/18/2019 1:49:12 AM

ਡਾ. ਰਾਜੀਵ ਪਥਰੀਆ

ਧਰਮਸ਼ਾਲਾ ਵਿਧਾਨ ਸਭਾ ’ਚ ਸੰਪੰਨ ਹੋਏ ਸਰਦ ਰੁੱਤ ਇਜਲਾਸ ’ਚ ਵਿਰੋਧੀ ਪਾਰਟੀ ਕਾਂਗਰਸ ਨੇ ਪਹਿਲੇ ਦਿਨ ਤੋਂ ਹੀ ਭਾਜਪਾ ਸਰਕਾਰ ਨੂੰ ਘੇਰਨ ’ਚ ਕੋਈ ਕਸਰ ਨਹੀਂ ਛੱਡੀ। ਵਿਰੋਧੀ ਧਿਰ ਦੇ ਤਲਖ ਤੇਵਰਾਂ ਦਾ ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ ਅਤੇ ਅਸਿੱਧੇ ਤੌਰ ’ਤੇ ਸਰਕਾਰ ਦੇ ਕੁਝ ਚਹੇਤੇ ਅਧਿਕਾਰੀਆਂ ਨੂੰ ਸਾਹਮਣਾ ਕਰਨਾ ਪਿਆ। ਕੁਲ 6 ਬੈਠਕਾਂ ਵਾਲੇ ਇਸ ਸਰਦ ਰੁੱਤ ਇਜਲਾਸ ’ਚ ਵਿਰੋਧੀ ਧਿਰ ਨੇ ਅਨੇਕਾਂ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਅਨੇਕਾਂ ਵਾਰ ਵਾਕਆਊਟ ਵੀ ਕੀਤਾ। ਕਾਂਗਰਸੀ ਵਿਧਾਇਕਾਂ ਨਾਲ ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ ਨੇ ਸਰਦ ਰੁੱਤ ਦੇ ਇਸ ਇਜਲਾਸ ’ਚ ਸਰਕਾਰ ਦੇ ਪਸੀਨੇ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਲੀਡਰਸ਼ਿਪ ਦੀ ਲੜਾਈ ’ਚ ਸ਼ਾਮਲ ਕੁਝ ਇਕ ਸੀਨੀਅਰ ਵਿਧਾਇਕਾਂ ਨੇ ਇਜਲਾਸ ਦੌਰਾਨ ਵੱਖਰੇ ਤੌਰ ’ਤੇ ਚੱਲਣ ਦੀ ਕੋਸ਼ਿਸ਼ ਵੀ ਕੀਤੀ, ਜਦਕਿ ਹੁਕਮਰਾਨ ਧਿਰ ਵਲੋਂ ਵਿਰੋਧੀ ਧਿਰ ਸਾਹਮਣੇ ਆਪਣੇ ਮੰਤਰੀਆਂ ਨੂੰ ਘਿਰਦਾ ਦੇਖ ਕੇ ਖੁਦ ਮੁੱਖ ਮੰਤਰੀ ਜੈਰਾਮ ਠਾਕੁਰ ਅਨੇਕ ਵਾਰ ਉਨ੍ਹਾਂ ਦੀ ਢਾਲ ਬਣੇ। ਮੁੱਦਿਆਂ ਦੀ ਘਾਟ ਵਿਰੋਧੀ ਧਿਰ ਕੋਲ ਵੀ ਨਹੀਂ ਸੀ ਅਤੇ ਢੁੱਕਵਾਂ ਜਵਾਬ ਹੁਕਮਰਾਨ ਧਿਰ ਕੋਲ ਵੀ ਸੀ ਪਰ ਵਿਰੋਧੀ ਧਿਰ ਦੇ ਤਲਖ ਤੇਵਰਾਂ ’ਚ ਘਿਰੇ ਕੁਝ ਮੰਤਰੀ ਸਿਰਫ ਵਿਭਾਗ ਦੇ ਜਵਾਬ ਨੂੰ ਹੀ ਸਦਨ ’ਚ ਪੜ੍ਹਨ ਦੀ ਕੋਸ਼ਿਸ਼ ’ਚ ਰਹੇ। ਉੱਥੇ ਹੀ ਫਲੋਰ ਮੈਨੇਜਮੈਂਟ ’ਚ ਵੀ ਸਰਕਾਰ ਵਲੋਂ ਕੁਝ ਕਮੀਆਂ ਰਹਿ ਗਈਆਂ, ਜਿਸ ਕਾਰਣ ਸਰਕਾਰ ਨੂੰ ਘੇਰਨ ਦਾ ਮੌਕਾ ਮਿਲਦਾ ਰਿਹਾ।

ਲੱਗਭਗ 93 ਹਜ਼ਾਰ ਕਰੋੜ ਦੇ ਤਜਵੀਜ਼ਸ਼ੁਦਾ ਨਿਵੇਸ਼ ਨੂੰ ਲੈ ਕੇ ਬਾਹਰਲੇ ਸਨਅਤਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਬਾਰੇ ਵਿਰੋਧੀ ਧਿਰ ਨੇ ਸਰਕਾਰ ’ਤੇ ਲਗਾਤਾਰ ਹਮਲੇ ਕੀਤੇ ਅਤੇ ਉਸ ’ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਸਦਨ ਦੇ ਅੰਦਰ ਅਤੇ ਬਾਹਰ ਸਰਕਾਰ ’ਤੇ ਨਿਵੇਸ਼ ਪਿੱਛੇ ਦੀ ਖੇਡ ’ਚ ਸ਼ਾਮਲ ਕੁਝ ਗੈਰ-ਹਿਮਾਚਲੀ ਅਧਿਕਾਰੀਆਂ ਦੇ ਮਨਸੂਬਿਆਂ ਨੂੰ ਹਿਮਾਚਲ ਵਿਰੋਧੀ ਦੱਸਿਆ। ਧਾਰਾ 118 ’ਚ ਨਿਵੇਸ਼ ਦੀ ਆੜ ’ਚ ਹਿਮਾਚਲ ਦੀਆਂ ਜ਼ਮੀਨਾਂ ਦੇ ਵਿਕਣ ਤੋਂ ਲੈ ਕੇ ਨਿਵੇਸ਼ ਮੀਟਿੰਗ ’ਚ ਐੱਮ. ਓ. ਯੂ. ਕਰਨ ਵਾਲੀਆਂ ਕੰਪਨੀਆਂ ਦੀਆਂ ਮਾਲੀ ਸਮਰੱਥਾਵਾਂ ਬਾਰੇ ਵੀ ਵਿਰੋਧੀ ਧਿਰ ਨੇ ਸਵਾਲ ਚੁੱਕੇ। ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ ਨੇ ਚਿੰਤਾ ਜਤਾਈ ਕਿ ਸਰਕਾਰ ਦੇ ਮਨਸੂਬੇ ‘ਹਿਮਾਚਲ ਫਾਰ ਸੇਲ’ ਦੇ ਹਨ ਪਰ ਵਿਰੋਧੀ ਧਿਰ ਕਿਸੇ ਵੀ ਸੂਰਤ ’ਚ ਸਰਕਾਰ ਨੂੰ ਹਿਮਾਚਲੀ ਹਿੱਤਾਂ ਨਾਲ ਖਿਲਵਾੜ ਕਰਨ ਨਹੀਂ ਦੇਵੇਗੀ। ਉੱਥੇ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਵਿਰੋਧੀ ਧਿਰ ਨਹੀਂ ਚਾਹੁੰਦੀ ਕਿ ਹਿਮਾਚਲ ’ਚ ਨਿਵੇਸ਼ ਆਵੇ ਅਤੇ ਇਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਨਿਵੇਸ਼ ਦੀ ਪ੍ਰਕਿਰਿਆ ਨੂੰ ਆਸਾਨ ਕਰਨ ਲਈ ਸਨਅਤ ਮੰਤਰੀ ਵਲੋਂ ਲਿਆਂਦੇ ਗਏ ਇਕ ਬਿੱਲ ਦਾ ਵਿਰੋਧੀ ਧਿਰ ਸਮੇਤ ਮਾਕਪਾ ਦੇ ਵਿਧਾਇਕ ਰਾਕੇਸ਼ ਸਿੰਘਾ ਨੇ ਵੀ ਵਿਰੋਧ ਕੀਤਾ ਪਰ ਨਾ ਤਾਂ ਸਦਨ ਦੇ ਅੰਦਰ ਨਿਵੇਸ਼ ਮੀਟਿੰਗ ਨੂੰ ਲੈ ਕੇ ਤਫਸੀਲੀ ਚਰਚਾ ਹੋ ਸਕੀ ਅਤੇ ਨਾ ਹੀ ਇਸ ਬਿੱਲ ਨੂੰ ਵਿਰੋਧੀ ਧਿਰ ਰੋਕ ਸਕੀ।

ਹੁਨਰਮੰਦ ਮਾਲੀ ਪ੍ਰਬੰਧ ’ਚ ਅਜੇ ਵੀ ਕਮੀ

ਸਰਦ ਰੁੱਤ ਇਜਲਾਸ ’ਚ ਮੁੱਖ ਮੰਤਰੀ ਜੈਰਾਮ ਠਾਕੁਰ ਵਲੋਂ ਪੇਸ਼ ਕੀਤੀ ਗਈ ਕੈਗ ਦੀ ਮਾਲੀ ਸਾਲ 2017-18 ਦੀ ਰਿਪੋਰਟ ’ਚ ਹਿਮਾਚਲ ਵਿਚ ਸਰਕਾਰੀ ਨਿਜ਼ਾਮ ਦੇ ਹੁਨਰਮੰਦ ਮਾਲੀ ਪ੍ਰਬੰਧ ਦੀ ਕਮੀ ਦਾ ਮੁੜ ਤੋਂ ਜ਼ਿਕਰ ਕੀਤਾ ਗਿਆ ਹੈ। ਸਰਕਾਰ ਦੇ ਲੱਗਭਗ ਸਭਨਾਂ ਵਿਭਾਗਾਂ ਅਤੇ ਜਨਤਕ ਅਦਾਰਿਆਂ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ’ਚ ਸਵਾਲ ਚੁੱਕਦੇ ਹੋਏ ਸੈਂਕੜੇ ਕਰੋੜਾਂ ਦੀਆਂ ਮਾਲੀ ਬੇਕਾਇਦਗੀਆਂ ਅਤੇ ਗੈਰ-ਜ਼ਰੂਰੀ ਖਰਚਿਆਂ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ’ਚ ਕੁਲ ਆਮਦਨ ਦਾ ਘਾਟਾ 922 ਕਰੋੜ ਰੁਪਏ ਤਕ ਪਹੁੰਚਣ ਸਮੇਤ ਜਨਤਕ ਅਦਾਰਿਆਂ ਵਲੋ ਵਿਗਾੜੀ ਜਾ ਰਹੀ ਸੂਬੇ ਦੀ ਆਰਥਿਕ ਸਿਹਤ ਬਾਰੇ ਵੀ ਕੈਗ ਨੇ ਸਖਤ ਟਿੱਪਣੀਆਂ ਕੀਤੀਆਂ ਹਨ। ਰਿਪੋਰਟ ’ਚ ਜਨਤਕ ਅਦਾਰਿਆਂ ਵਲੋਂ 2013 ਤੋਂ ਲੈ ਕੇ 2018 ਦੇ ਵਿਚਕਾਰ ਸਰਕਾਰ ਦੇ ਕਰਜ਼ਿਆਂ ਅਤੇ ਪੇਸ਼ਗੀ ਰਕਮ ਦੇ ਰੂਪ ’ਚ ਪ੍ਰਾਪਤ ਕੀਤੇ ਗਏ 6507 ਕਰੋੜ ’ਚੋਂ ਅਜੇ ਤਕ 622 ਕਰੋੜ ਰੁਪਏ ਦੀ ਵਾਪਸੀ ਹੋਣ ਕਾਰਣ ਸੂਬਾ ਸਰਕਾਰ ’ਤੇ ਵਧ ਰਹੇ ਆਰਥਿਕ ਬੋਝ ’ਤੇ ਕੈਗ ਨੇ ਚਿੰਤਾ ਪ੍ਰਗਟ ਕੀਤੀ ਹੈ। ਇਸੇ ਤਰ੍ਹਾਂ ਆਬਕਾਰੀ ਅਤੇ ਟੈਕਸ ਵਿਭਾਗ ਵਲੋਂ ਟੋਲ ਟੈਕਸ ਅਤੇ ਲਾਇਸੈਂਸਧਾਰੀ ਸ਼ਰਾਬ ਦੇ ਠੇਕੇਦਾਰਾਂ ਤੋਂ ਵਸੂਲੀ ਸਮੇਂ ਸਿਰ ਨਾ ਕੀਤੇ ਜਾਣ ਬਾਰੇ ਵਿਭਾਗ ਦੇ ਕੰਮ ਦੇ ਢੰਗ-ਤਰੀਕਿਆਂ ’ਤੇ ਵੀ ਸਵਾਲ ਕੀਤੇ ਗਏ ਹਨ, ਜਦਕਿ ਊਰਜਾ ਖੇਤਰ ’ਚ ਪ੍ਰਾਜੈਕਟ ਸਮੇਂ ਸਿਰ ਨਾ ਉਸਾਰੇ ਜਾਣ ਅਤੇ ਉਸ ’ਚ ਠੇਕੇਦਾਰਾਂ ਨੂੰ ਦਿੱਤੀਆਂ ਗਈਆਂ ਗੈਰ-ਜ਼ਰੂਰੀ ਆਰਥਿਕ ਫਾਈਲਾਂ ਬਾਰੇ ਵੀ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗਣ ਦਾ ਜ਼ਿਕਰ ਵੀ ਇਸ ਰਿਪੋਰਟ ’ਚ ਦਰਜ ਹੈ।

ਕੀ ਕਾਂਗਰਸ ਨਹੀਂ ਬਣਾਏਗੀ ਇਸ ਵਾਰ ਚਾਰਜਸ਼ੀਟ

ਪਿਛਲੇ ਕੁਝ ਸਾਲਾਂ ਤੋਂ ਵਿਰੋਧੀ ਧਿਰ ’ਚ ਬੈਠੀ ਪਾਰਟੀ ਸਰਕਾਰ ਦੇ ਕੰਮਕਾਜ ਬਾਰੇ ਹਰ ਸਾਲ ਸਰਕਾਰ ਦੀ ਕਾਇਮੀ ਦੇ ਦਿਨ ਇਕ ਤਫਸੀਲੀ ਚਾਰਜਸ਼ੀਟ ਤਿਆਰ ਕਰ ਕੇ ਗਵਰਨਰ ਨੂੰ ਪੇਸ਼ ਕਰਨ ਦੀ ਰਸਮ ਨਿਭਾਉਂਦੀ ਆ ਰਹੀ ਹੈ। ਪਿਛਲੇ ਸਾਲ ਵੀ 27 ਦਸੰਬਰ 2018 ਨੂੰ ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ’ਚ ਚਾਰਜਸ਼ੀਟ ਗਵਰਨਰ ਨੂੰ ਪੇਸ਼ ਕੀਤੀ ਸੀ ਪਰ ਇਸ ਵਾਰ ਸੂਬਾਈ ਕਾਂਗਰਸ ਕਮੇਟੀ ਵਲੋਂ ਨਾ ਤਾਂ ਅਜੇ ਤਕ ਕਿਸੇ ਸੀਨੀਅਰ ਆਗੂ ਦੀ ਪ੍ਰਧਾਨਗੀ ਹੇਠ ਚਾਰਜਸ਼ੀਟ ਕਮੇਟੀ ਕਾਇਮ ਕੀਤੀ ਗਈ ਹੈ ਅਤੇ ਨਾ ਹੀ ਇਸ ਬਾਰੇ ਮੌਜੂਦਾ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਗੰਭੀਰ ਦਿਸ ਰਹੇ ਹਨ, ਜਿਸ ਦਾ ਇਕ ਵੱਡਾ ਕਾਰਣ ਇਹ ਵੀ ਹੈ ਕਿ ਕੁਝ ਹੀ ਸਮਾਂ ਪਹਿਲਾਂ ਸੂਬਾਈ ਕਾਂਗਰਸ ਦੀਆਂ ਸਾਰੀਆਂ ਇਕਾਈਆਂ ਨੂੰ ਭੰਗ ਕੀਤਾ ਗਿਆ ਹੈ ਅਤੇ ਹੁਣ ਕੁਲਦੀਪ ਸਿੰਘ ਰਾਠੌਰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰ ਕੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ’ਚ ਰੁੱਝੇ ਹੋਏ ਹਨ। ਕਾਂਗਰਸ ਵਿਧਾਇਕ ਦਲ ਨੇ ਸਰਕਾਰ ਖਿਲਾਫ ਸਰਦ ਰੁੱਤ ਇਜਲਾਸ ਦੌਰਾਨ ਅਨੇਕਾਂ ਮੁੱਦੇ ਸਦਨ ’ਚ ਰੱਖੇ ਹਨ, ਜਿਨ੍ਹਾਂ ਨੂੰ ਪਾਰਟੀ ਨੇ ਹੀ ਚਾਰਜਸ਼ੀਟ ਦੀ ਸ਼ਕਲ ਦੇਣੀ ਹੈ ਪਰ ਕਾਂਗਰਸ ਪਾਰਟੀ ਅੰਦਰ ਕੁਝ ਕੁ ਸੀਨੀਅਰ ਆਗੂ ਜਥੇਬੰਦੀ ’ਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਜ਼ਿਆਦਾ ਗੰਭੀਰ ਹਨ, ਜਿਨ੍ਹਾਂ ਕਾਰਣ ਸ਼ਾਇਦ ਇਸ ਵਾਰ ਚਾਰਜਸ਼ੀਟ ਦਾ ਜਿਨ ਬੋਤਲ ’ਚ ਹੀ ਕੈਦ ਰਹਿ ਜਾਵੇਗਾ। ਭਾਜਪਾ ਸਰਕਾਰ 2 ਸਾਲ ਮੁਕੰਮਲ ਹੋਣ ’ਤੇ 27 ਦਸੰਬਰ ਨੂੰ ਸ਼ਿਮਲਾ ’ਚ ਇਕ ਵੱਡੇ ਸਮਾਗਮ ਦਾ ਆਯੋਜਨ ਕਰਨ ਜਾ ਰਹੀ ਹੈ, ਜਿਸ ’ਚ ਮੁੱਖ ਮਹਿਮਾਨ ਵਜੋਂ ਭਾਜਪਾ ਦੇ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਿੱਸਾ ਲੈਣਗੇ।

email-pathriarajeev@gmail.com


Bharat Thapa

Content Editor

Related News