ਸਫਲਤਾ ਦਾ ਝੰਡਾ ਲਹਿਰਾਉਂਦੀਆਂ ਧੀਆਂ ਨੂੰ ਪੇਸ਼ ਚੁਣੌਤੀਆਂ
Tuesday, Aug 27, 2019 - 07:26 AM (IST)

ਰੋਹਿਤ ਕੌਸ਼ਿਕ
ਪੀ. ਵੀ. ਸਿੰਧੂ ਨੇ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2019 ਦੇ ਫਾਈਨਲ ’ਚ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਹਰਾ ਕੇ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਸੋਨ ਤਮਗ਼ਾ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਸਿੰਧੂ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਇਤਿਹਾਸਿਕ ਸੋਨ ਤਮਗ਼ਾ ਜਿੱਤਣ ’ਤੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਡਮਿੰਟਨ ਪ੍ਰਤੀ ਸਿੰਧੂ ਦੀ ਲਗਨ ਅਤੇ ਸਮਰਪਣ ਪ੍ਰੇਰਨਾਦਾਇਕ ਹੈ। ਇਹ ਬਦਕਿਸਮਤੀ ਹੀ ਹੈ ਕਿ ਇਕ ਪਾਸੇ ਧੀਆਂ ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖ ਰਹੀਆਂ ਹਨ ਤਾਂ ਦੂਜੇ ਪਾਸੇ ਧੀਆਂ ’ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਤਰੱਕੀਸ਼ੀਲ ਦੌਰ ’ਚ ਸਾਨੂੰ ਇਹ ਸੋਚਣਾ ਪਵੇਗਾ ਕਿ ਧੀਆਂ ਦੇ ਸੰਦਰਭ ਵਿਚ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਇਹ ਸਮਾਜ ਧੀਆਂ ਦੇ ਸੰਦਰਭ ’ਚ ਖੋਖਲਾ ਆਸ਼ੀਰਵਾਦ ਕਿਉਂ ਅਪਣਾ ਲੈਂਦਾ ਹੈ? ਇਸ ਦੌਰ ਵਿਚ ਧੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਸਾਨੂੰ ਇਸ ਗੱਲ ’ਤੇ ਵੀ ਵਿਚਾਰ ਕਰਨਾ ਪਵੇਗਾ ਕਿ ਇਕ ਇਨਸਾਨ ਦੇ ਤੌਰ ’ਤੇ ਸਾਡੀ ਇਸ ਗਿਰਾਵਟ ਦਾ ਕਾਰਣ ਕੀ ਹੈ? ਅਸੀਂ ਬਾਹਰ ਦੀ ਕਾਨੂੰਨ ਵਿਵਸਥਾ ਨੂੰ ਨਿੰਦ ਕੇ ਸੰਤੁਸ਼ਟ ਹੋ ਸਕਦੇ ਹਾਂ ਪਰ ਆਪਣੇ ਅੰਦਰ ਦੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਸਾਨੂੰ ਖ਼ੁਦ ਹੀ ਲੈਣੀ ਪਵੇਗੀ। ਬਦਕਿਸਮਤੀ ਇਹ ਹੈ ਕਿ ਅਸੀਂ ਬਾਹਰ ਦੀ ਕਾਨੂੰਨ ਵਿਵਸਥਾ ਲਈ ਤਾਂ ਵੱਖ-ਵੱਖ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹਿੰਦੇ ਹਾਂ ਪਰ ਆਪਣੇ ਅੰਦਰ ਦੀ ਕਾਨੂੰਨ ਵਿਵਸਥਾ ਸੁਧਾਰਨ ’ਤੇ ਧਿਆਨ ਨਹੀਂ ਦਿੰਦੇ। ਕੀ ਇਹ ਸਮਾਜ ਧੀਆਂ ਦੀ ਇੱਜ਼ਤ ਅਤੇ ਜਾਨ ਬਚਾਉਣ ’ਚ ਇੰਨਾ ਲਾਚਾਰ ਅਤੇ ਅਸਮਰੱਥ ਹੋ ਗਿਆ ਹੈ ਕਿ ਉਸ ਦੇ ਸਾਹਮਣੇ ਧੀਆਂ ’ਤੇ ਵੱਖ-ਵੱਖ ਤੌਰ-ਤਰੀਕਿਆਂ ਨਾਲ ਹਮਲੇ ਹੁੰਦੇ ਰਹਿਣ ਅਤੇ ਉਹ ਚੁੱਪ ਧਾਰ ਲਏ। ਧੀਆਂ ਦੇ ਮਾਮਲੇ ਵਿਚ ਸਾਡੇ ਸਮਾਜ ਦਾ ਖੋਖਲਾ ਆਸ਼ੀਰਵਾਦ ਕਈ ਵਾਰ ਪ੍ਰਗਟ ਹੋ ਚੁੱਕਾ ਹੈ। ਛੋਟੀਆਂ-ਛੋਟੀਆਂ ਬੱਚੀਆਂ ਨੂੰ ਸ਼ਿਕਾਰ ਬਣਾਉਂਦੇ ਹੋਏ ਜੇਕਰ ਸਾਡਾ ਦਿਲ ਨਹੀਂ ਪਸੀਜਦਾ ਤਾਂ ਇਸ ਤੋਂ ਸ਼ਰਮਨਾਕ ਕੁਝ ਨਹੀਂ ਹੋ ਸਕਦਾ।
ਇਹ ਬਦਕਿਸਮਤੀ ਹੀ ਹੈ ਕਿ ਅਸੀਂ ਹੁਣ ਤਕ ਵੀ ਬੇਟੀਆਂ ਨੂੰ ਸਨਮਾਨ ਦੇਣਾ ਨਹੀਂ ਸਿੱਖ ਸਕੇ ਹਾਂ ਪਰ ਧੀਆਂ ਇਸ ਸਭ ਤੋਂ ਬੇਪਰਵਾਹ ਸਾਨੂੰ ਸਨਮਾਨ ਦੇਣ ਵਿਚ ਜੁਟੀਆਂ ਹਨ। ਧੀਆਂ ਆਸਮਾਨ ਵਿਚ ਉੱਡ ਕੇ ਆਸਮਾਨ ਛੂਹ ਰਹੀਆਂ ਹਨ ਅਤੇ ਅਸੀਂ ਜ਼ਮੀਨ ’ਤੇ ਉਨ੍ਹਾਂ ਨੂੰ ਦਬੋਚ ਕੇ ਉਨ੍ਹਾਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਾ ਰਹੇ ਹਾਂ। ਸਾਡੇ ਦੇਸ਼ ਦੀਆਂ ਧੀਆਂ ਨੇ ਇਹ ਕਈ ਵਾਰ ਸਿੱਧ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਉਤਸ਼ਾਹ ਅਤੇ ਸਨਮਾਨ ਦਿੱਤਾ ਜਾਵੇ ਤਾਂ ਉਹ ਸਾਡੇ ਦੇਸ਼ ਨੂੰ ਕੌਮਾਂਤਰੀ ਫ਼ਲਕ ’ਤੇ ਇਕ ਨਵੀਂ ਪਛਾਣ ਦਿਵਾ ਸਕਦੀਆਂ ਹਨ ਪਰ ਸਾਡੇ ਸਮਾਜ ਵਿਚ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਧੀਆਂ ਉਹ ਸਨਮਾਨ ਹਾਸਿਲ ਨਹੀਂ ਕਰ ਸਕੀਆਂ, ਜਿਸ ਦੀਆਂ ਉਹ ਹੱਕਦਾਰ ਸਨ। ਇਹ ਸਹੀ ਹੈ ਕਿ ਇਸ ਦੌਰ ’ਚ ਧੀਆਂ ਨੂੰ ਲੈ ਕੇ ਸਮਾਜ ਦੀ ਸੋਚ ਬਦਲ ਰਹੀ ਹੈ। ਪਰਿਵਾਰ ਧੀਆਂ ਦੇ ਪਾਲਣ-ਪੋਸ਼ਣ ਅਤੇ ਸਿੱਖਿਆ ’ਤੇ ਧਿਆਨ ਜ਼ਰੂਰ ਦੇ ਰਹੇ ਹਨ ਪਰ ਸਾਡੇ ਸਮਾਜ ਦੇ ਸਮੂਹਿਕ ਮਨ ’ਚ ਧੀਆਂ ਨੂੰ ਲੈ ਕੇ ਇਕ ਅਜੀਬ ਜਿਹੀ ਨਕਾਰਾਤਮਕਤਾ ਹੈ। ਰੀਓ ਡੀ ਜੇਨੇਰੀਓ ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਕਾਂਸੀ ਤਮਗ਼ਾ ਜਿੱਤਣ ਵਾਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਪਿਤਾ ਨੇ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਜਦੋਂ ਮੈਂ ਪਹਿਲੀ ਵਾਰ ਆਪਣੀ ਬੇਟੀ ਨੂੰ ਕੁਸ਼ਤੀ ਸਿਖਾਉਣ ਲਈ ਅਖਾੜੇ ਵਿਚ ਲੈ ਕੇ ਗਿਆ ਤਾਂ ਮੈਨੂੰ ਸਮਾਜ ਦੇ ਮਿਹਣੇ ਸੁਣਨੇ ਪਏ ਸਨ। ਸਮਾਜ ਦੀ ਇਹ ਨਕਾਰਾਤਮਕਤਾ ਲੜਕੀਆਂ ਦੇ ਆਤਮ-ਵਿਸ਼ਵਾਸ ਨੂੰ ਘੱਟ ਕਰਦੀ ਹੈ। ਜੋ ਲੜਕੀਆਂ ਇਸ ਨਕਾਰਾਤਮਕਤਾ ਨੂੰ ਚੁਣੌਤੀ ਦੇ ਰੂਪ ’ਚ ਲੈਂਦੀਆਂ ਹਨ, ਉਹ ਇਕ ਨਾ ਇਕ ਦਿਨ ਸਫਲਤਾ ਦਾ ਝੰਡਾ ਜ਼ਰੂਰ ਲਹਿਰਾਉਂਦੀਆਂ ਹਨ। ਇਹ ਤ੍ਰਾਸਦੀ ਹੀ ਹੈ ਕਿ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਸੀਂ ਅਜੇ ਆਤਮਿਕ ਤੌਰ ’ਤੇ ਵਿਕਾਸ ਨਹੀਂ ਕਰ ਸਕੇ। ਪਿਤਾ-ਪੁਰਖੀ ਸਮਾਜ ’ਚ ਲੜਕੀਆਂ ਨੂੰ ਰੋਜ਼ ਨਵੀਆਂ-ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰ ’ਚ ਸਾਡੇ ਸਮਾਜ ਦੇ ਇਕ ਛੋਟੇ ਜਿਹੇ ਤਬਕੇ ’ਚ ਲੜਕੀਆਂ ਨੂੰ ਪੂਰਨ ਛੋਟ ਦਿੱਤੀ ਜਾਣ ਲੱਗੀ ਹੈ ਪਰ ਇਥੇ ਉਨ੍ਹਾਂ ਦੀਆਂ ਚੁਣੌਤੀਆਂ ਵੱਖਰੀ ਕਿਸਮ ਦੀਆਂ ਹੁੰਦੀਆਂ ਹਨ। ਕੁਲ ਮਿਲਾ ਕੇ ਪਿਤਾ-ਪੁਰਖੀ ਸਮਾਜ ਲੜਕੀਆਂ ਲਈ ਅਨੇਕ ਕਿਸਮ ਦੇ ਅੜਿੱਕੇ ਖੜ੍ਹੇ ਕਰ ਰਿਹਾ ਹੈ। ਇਹ ਸਮਾਜ ਇਨ੍ਹਾਂ ਰੁਕਾਵਟਾਂ ਦੇ ਸਮਰਥਨ ’ਚ ਵੱਖਰੀ ਕਿਸਮ ਦੇ ਤਰਕ ਘੜਦਾ ਹੈ। ਇਹ ਜਾਣਦੇ ਹੋਏ ਵੀ ਕਿ ਇਨ੍ਹਾਂ ਤਰਕਾਂ ਦਾ ਕੋਈ ਆਧਾਰ ਨਹੀਂ ਹੈ, ਇਹ ਸਮਾਜ ਇਨ੍ਹਾਂ ਤਰਕਾਂ ਨੂੰ ਨਿਯਮਾਂ ਵਾਂਗ ਲੜਕੀਆਂ ’ਤੇ ਥੋਪਦਾ ਹੈ। ਜਦੋਂ ਅਸੀਂ ਇਨ੍ਹਾਂ ਆਧਾਰਹੀਣ ਨਿਯਮਾਂ ਨੂੰ ਸਿਰਫ ਲੜਕੀਆਂ ’ਤੇ ਥੋਪਦੇ ਹਾਂ ਤਾਂ ਇਕ ਤਰ੍ਹਾਂ ਨਾਲ ਅਸੀਂ ਪਿਤਾ-ਪੁਰਖੀ ਸਮਾਜ ਨੂੰ ਮੁੜ ਸਥਾਪਿਤ ਕਰਦੇ ਹਾਂ। 21ਵੀਂ ਸਦੀ ਵਿਚ ਵੀ ਜੇਕਰ ਲੜਕੀਆਂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਵਿਚ ਮਿਹਣੇ ਸੁਣਨੇ ਪੈਂਦੇ ਹਨ ਤਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਸਾਡੀ ਤਰੱਕੀਸ਼ੀਲਤਾ ਵਿਚ ਕਿੱਥੇ ਕਮੀ ਰਹਿ ਗਈ ਹੈ? ਸਿਰਫ ਭਾਸ਼ਣਬਾਜ਼ੀ ਨਾਲ ਸਮਾਜ ਵਿਚ ਤਰੱਕੀ ਨਹੀਂ ਆਉਂਦੀ। ਤਰੱਕੀਸ਼ੀਲ ਬਣਨ ਲਈ ਸਾਨੂੰ ਬਹੁਤ ਸਾਰੀਆਂ ਗਲੀਆਂ-ਸੜੀਆਂ ਪ੍ਰੰਪਰਾਵਾਂ ਨੂੰ ਦਾਅ ’ਤੇ ਲਾਉਣਾ ਪੈਂਦਾ ਹੈ। ਸਿਰਫ ਡਿਗਰੀਆਂ ਬਟੋਰ ਕੇ ਸਿੱਖਿਅਤ ਹੋ ਜਾਣਾ ਹੀ ਸਮਾਜ ਦੀ ਤਰੱਕੀਸ਼ੀਲਤਾ ਦਾ ਪੈਮਾਨਾ ਨਹੀਂ ਹੈ। ਸਿੱਖਿਆ ਹਾਸਿਲ ਕਰ ਕੇ ਸਮਾਜ ਦੇ ਹਰ ਵਰਗ ਦੀ ਤਰੱਕੀ ਵਿਚ ਇਸ ਦੀ ਵਰਤੋਂ ਕਰਨਾ ਹੀ ਸੱਚੀ ਤਰੱਕੀਸ਼ੀਲਤਾ ਹੈ। ਇਸ ਦੌਰ ’ਚ ਵਿਚਾਰਨਯੋਗ ਸਵਾਲ ਇਹ ਹੈ ਕਿ ਕੀ ਅਸੀਂ ਲੜਕੀਆਂ ਦੇ ਸੰਦਰਭ ’ਚ ਸੱਚੇ ਅਰਥਾਂ ’ਚ ਤਰੱਕੀਸ਼ੀਲ ਹਾਂ? ਕੀ ਲੜਕੀਆਂ ਨੂੰ ਪੜ੍ਹਾਉਣਾ-ਲਿਖਾਉਣਾ ਅਤੇ ਆਧੁਨਿਕ ਪਹਿਰਾਵਾ ਪਹਿਨਣ ਦੀ ਇਜਾਜ਼ਤ ਦੇਣਾ ਹੀ ਤਰੱਕੀਸ਼ੀਲਤਾ ਹੈ? ਦਰਅਸਲ, ਅਸੀਂ ਤਰੱਕੀਸ਼ੀਲਤਾ ਦੇ ਅਰਥ ਦੀ ਵਰਤੋਂ ਬਹੁਤ ਹੀ ਸੀਮਤ ਸੰਦਰਭਾਂ ਵਿਚ ਕਰਦੇ ਹਾਂ। 21ਵੀਂ ਸਦੀ ਵਿਚ ਵੀ ਜੇਕਰ ਅਸੀਂ ਲੜਕੀਆਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ।
ਬਦਕਿਸਮਤੀ ਇਹ ਹੈ ਕਿ ਖੇਡਾਂ ਵਿਚ ਵੀ ਲੜਕੀਆਂ ਨੂੰ ਅਨੇਕ ਪੱਧਰਾਂ ’ਤੇ ਚੁਣੌਤੀਆਂ ਸਹਿਣੀਆਂ ਪੈਂਦੀਆਂ ਹਨ। ਛੋਟੀ ਉਮਰ ’ਚ ਹਰੇਕ ਲੜਕੀ ਨੂੰ ਸਮਾਜ ਦੇ ਡਰੋਂ ਆਪਣੇ ਸ਼ੌਕ ਦੀ ਕੁਰਬਾਨੀ ਦੇਣੀ ਪੈਂਦੀ ਹੈ। ਇਸ ਲਈ ਸਾਡੇ ਦੇਸ਼ ’ਚ ਬਹੁਤ ਸਾਰੀਆਂ ਮਹਿਲਾ ਪ੍ਰਤਿਭਾਵਾਂ ਜਨਮ ਹੀ ਨਹੀਂ ਲੈ ਪਾਉਂਦੀਆਂ ਜਾਂ ਫਿਰ ਸਮੇਂ ਤੋਂ ਪਹਿਲਾਂ ਦਮ ਤੋੜ ਦਿੰਦੀਆਂ ਹਨ। ਜੋ ਮਹਿਲਾ ਪ੍ਰਤਿਭਾਵਾਂ ਪਰਿਵਾਰ ਦੀ ਪ੍ਰੇਰਨਾ ਨਾਲ ਖੇਡਾਂ ਵੱਲ ਰੁਖ਼ ਕਰਦੀਆਂ ਹਨ, ਉਨ੍ਹਾਂ ਨੂੰ ਵੀ ਅਨੇਕ ਪਾਪੜ ਵੇਲਣੇ ਪੈਂਦੇ ਹਨ। ਖੇਡ ਜਗਤ ਵਿਚ ਵੀ ਮਹਿਲਾ ਖਿਡਾਰੀਆਂ ਨੂੰ ਕਦਮ-ਕਦਮ ’ਤੇ ਚੁਣੌਤੀਆਂ ਸਹਿਣੀਆਂ ਪੈਂਦੀਆਂ ਹਨ ਅਤੇ ਵਾਰ-ਵਾਰ ਔਰਤ ਹੋਣ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਮਹਿਲਾ ਖਿਡਾਰੀਆਂ ਦੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਰੌਸ਼ਨੀ ਵਿਚ ਆਈਆਂ ਸਨ। ਕਈ ਵਾਰ ਅਜਿਹੀਆਂ ਘਟਨਾਵਾਂ ਰੌਸ਼ਨੀ ਵਿਚ ਨਹੀਂ ਆ ਪਾਉਂਦੀਆਂ ਹਨ ਅਤੇ ਖਿਡਾਰਨਾਂ ਨੂੰ ਸਾਰੀ ਉਮਰ ਇਹ ਦਰਦ ਸਹਿਣਾ ਪੈਂਦਾ ਹੈ। ਟ੍ਰੇਨਿੰਗ ਦੌਰਾਨ ਅਤੇ ਮੈਦਾਨ ’ਤੇ ਖਿਡਾਰਨਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵੀ ਆਮ ਹਨ। ਅਜਿਹੀਆਂ ਘਟਨਾਵਾਂ ਅਤੇ ਵਾਤਾਵਰਣ ਨੂੰ ਦੇਖ ਕੇ ਹੋਰ ਪਰਿਵਾਰਾਂ ਦਾ ਮਨੋਬਲ ਵੀ ਟੁੱਟ ਜਾਂਦਾ ਹੈ ਅਤੇ ਉਹ ਆਪਣੀਆਂ ਧੀਆਂ ਨੂੰ ਖੇਡਾਂ ਦੇ ਖੇਤਰ ਵਿਚ ਭੇਜਣ ਤੋਂ ਕਤਰਾਉਣ ਲੱਗਦੇ ਹਨ। ਰਹਿੰਦੀ-ਖੂੰਹਦੀ ਕਸਰ ਖੇਡ ਜਗਤ ਵਿਚ ਪੱਸਰੀ ਸਿਆਸਤ ਪੂਰੀ ਕਰ ਦਿੰਦੀ ਹੈ। ਤ੍ਰਾਸਦੀ ਇਹ ਹੈ ਕਿ ਇਕ ਪਾਸੇ ਧੀਆਂ ਖੇਡਾਂ ਵਿਚ ਪੱਸਰੀ ਸਿਆਸਤ ਨਾਲ ਜੂਝਦੀਆਂ ਹਨ ਤਾਂ ਦੂਜੇ ਪਾਸੇ ਸਮਾਜ ਵਿਚ ਪੱਸਰੀ ਰਾਜਨੀਤੀ ਉਨ੍ਹਾਂ ਦੇ ਰਾਹ ਵਿਚ ਕੰਡੇ ਵਿਛਾ ਦਿੰਦੀ ਹੈ। ਧੀਆਂ ਵਿਰੁੱਧ ਸਮਾਜ ਵਿਚ ਪੱਸਰੀ ਇਹ ਰਾਜਨੀਤੀ ਅਖੀਰ ਸਮਾਜਿਕ ਵਿਕਾਸ ਨੂੰ ਪਿੱਛੇ ਧੱਕਦੀ ਹੈ। ਸਿੱਟੇ ਵਜੋਂ ਧੀਆਂ ਅਤੇ ਪੁੱਤਾਂ ਵਿਚ ਅਨੇਕ ਪੱਧਰਾਂ ’ਤੇ ਇਕ ਫਰਕ ਬਣਿਆ ਰਹਿੰਦਾ ਹੈ। ਇਹ ਫਰਕ ਮੌਜੂਦ ਰਹਿਣ ਦੇ ਕਾਰਣ ਹੀ ਉਨ੍ਹਾਂ ਨੂੰ ‘ਦੇਹ’ ਹੀ ਮੰਨਿਆ ਜਾਂਦਾ ਹੈ।
ਇਸ ਦੌਰ ’ਚ ਧੀਆਂ ਨਾਲ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਅਤੇ ਉਨ੍ਹਾਂ ’ਤੇ ਲਗਾਤਾਰ ਹੋ ਰਹੇ ਹਮਲੇ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਅੱਜ ਵੀ ਲੜਕੀਆਂ ਨੂੰ ਸਿਰਫ ਭੋਗ-ਵਿਲਾਸ ਦੀ ਵਸਤੂ ਮੰਨਦੇ ਹਾਂ। ਇਸ ਤੱਥ ਨੂੰ ਗਲਤ ਸਿੱਧ ਕਰਨ ਲਈ ਇਹ ਕਿਹਾ ਜਾ ਸਕਦਾ ਹੈ ਕਿ ਸਾਰਾ ਸਮਾਜ ਅਜਿਹਾ ਨਹੀਂ ਹੈ ਪਰ ਅਸਲੀਅਤ ਇਹ ਹੈ ਕਿ ਜਦੋਂ ਸਾਹਮਣਿਓਂ ਕੋਈ ਲੜਕੀ ਲੰਘਦੀ ਹੈ ਤਾਂ ਸੱਭਿਅਕ ਲੋਕਾਂ ਦੇ ਚਿਹਰੇ ’ਤੇ ਵੀ ਇਕ ਖਚਰੀ ਮੁਸਕਰਾਹਟ ਆ ਜਾਂਦੀ ਹੈ। ਇਹ ਖਚਰੀ ਮੁਸਕਰਾਹਟ ਸਿੱਧ ਕਰਦੀ ਹੈ ਕਿ ਸਾਡੀ ਸੋਚ ’ਚ ਕੋਈ ਨਾ ਕੋਈ ਖੋਟ ਜ਼ਰੂਰ ਹੈ। ਸੁਖਦਾਈ ਗੱਲ ਇਹ ਹੈ ਕਿ ਇਸ ਮਾਹੌਲ ਵਿਚ ਵੀ ਲੜਕੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਲਗਾਤਾਰ ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖ ਰਹੀਆਂ ਹਨ।