ਕੈਨੇਡਾ ਦਾ ਸੰਕਟ ਪੰਜਾਬੀ ਵਿਦਿਆਰਥੀਆਂ ਲਈ ਭਾਰਤ ਵਿਚ ਹੀ ਰੁਜ਼ਗਾਰ ਦਾ ਮੌਕਾ ਬਣਿਆ

Saturday, Jan 04, 2025 - 03:18 PM (IST)

ਕੈਨੇਡਾ ਦਾ ਸੰਕਟ ਪੰਜਾਬੀ ਵਿਦਿਆਰਥੀਆਂ ਲਈ ਭਾਰਤ ਵਿਚ ਹੀ ਰੁਜ਼ਗਾਰ ਦਾ ਮੌਕਾ ਬਣਿਆ

ਕਈ ਸਾਲਾਂ ਤੋਂ ਪੰਜਾਬੀਆਂ ਲਈ ਉੱਚ ਸਿੱਖਿਆ ਅਤੇ ਰੁਜ਼ਗਾਰ ਦੇ ਬਿਹਤਰ ਮੌਕਿਆਂ ਦਾ ਕੇਂਦਰ ਰਿਹਾ ਕੈਨੇਡਾ ਹੁਣ ਸੰਕਟ ਵਿਚ ਹੈ। ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਕੈਨੇਡਾ ਵਿਚ ਆਰਥਿਕ ਅਤੇ ਸਮਾਜਿਕ ਸੰਕਟ ਕਾਰਨ ਉਥੋਂ ਦੇ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੈ। ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਬਹੁਤ ਸਾਰੇ ਪੜ੍ਹੇ-ਲਿਖੇ ਨੌਜਵਾਨ ਡਰੱਗ ਮਾਫੀਆ ਦੇ ਚੁੰਗਲ ਵਿਚ ਫਸ ਚੁੱਕੇ ਹਨ। ਹਾਲਾਂਕਿ ਇਸ ਸੰਕਟ ਨੇ ਭਾਰਤ ਲਈ ਸੁਨਹਿਰੀ ਮੌਕਾ ਪੇਸ਼ ਕੀਤਾ ਹੈ। ਇਹ ਉਹ ਸਮਾਂ ਹੈ ਜਦੋਂ ਭਾਰਤ ਨੂੰ ਆਪਣੀ ਨੌਜਵਾਨ ਵਰਕ ਫੋਰਸ ਨੂੰ ਹੁਨਰਮੰਦ ਬਣਾ ਕੇ ਦੇਸ਼ ਦੇ ਅੰਦਰ ਉਨ੍ਹਾਂ ਦੀ ਸਮਰੱਥਾ ਦੀ ਵਰਤੋਂ ਕਰਨੀ ਚਾਹੀਦੀ ਹੈ।

ਭਾਰਤ ਵਿਚ 35 ਸਾਲ ਤੋਂ ਘੱਟ ਉਮਰ ਦੇ 65 ਫੀਸਦੀ ਲੋਕਾਂ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਨੌਜਵਾਨ ਕਾਰਜ ਬਲ (ਵਰਕ ਫੋਰਸ) ਹੈ। ਇਸ ਨੌਜਵਾਨ ਅਤੇ ਊਰਜਾਵਾਨ ਕਾਰਜ ਬਲ ਦੇ ਬਲ ’ਤੇ ਭਾਰਤ ਲਈ ਵਿਸ਼ਵ ਪ੍ਰਤਿਭਾ ਦੇ ਕੇਂਦਰ ਵਜੋਂ ਉਭਰਨ ਦਾ ਮੌਕਾ ਹੈ। ਭਾਰਤ ਦੀ ਇਹ ਯੁਵਾ ਸ਼ਕਤੀ ਨਾ ਸਿਰਫ਼ ਘਰੇਲੂ ਮੰਡੀ ਦੀਆਂ ਮੰਗਾਂ ਨੂੰ ਪੂਰਾ ਕਰ ਸਕਦੀ ਹੈ, ਸਗੋਂ ਭਾਰਤੀ ਨੌਜਵਾਨ ਕੈਨੇਡਾ ਤੋਂ ਇਲਾਵਾ ਵਿਸ਼ਵ ਪੱਧਰ ’ਤੇ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਸ ਸਮਰੱਥਾ ਦੀ ਪੂਰੀ ਵਰਤੋਂ ਤਾਂ ਹੀ ਕੀਤੀ ਜਾ ਸਕਦੀ ਹੈ ਜਦੋਂ ਅਸੀਂ ਆਪਣੇ ਨੌਜਵਾਨਾਂ ਨੂੰ ਗਲੋਬਲ ਮਾਪਦੰਡਾਂ ਅਨੁਸਾਰ ਹੁਨਰ ਵਿਕਾਸ ਰਾਹੀਂ ਤਿਆਰ ਕਰਦੇ ਹਾਂ।

ਭਾਰਤ ਦੇ ਨੌਜਵਾਨਾਂ ਵਿਚ ਜੋਸ਼ ਅਤੇ ਪ੍ਰੇਰਣਾ ਹੈ, ਪਰ ਕਈ ਵਾਰ ਉਨ੍ਹਾਂ ਕੋਲ ਉਸ ਉਤਸ਼ਾਹ ਨੂੰ ਸਹੀ ਦਿਸ਼ਾ ਦੇਣ ਲਈ ਲੋੜੀਂਦੇ ਹੁਨਰ ਅਤੇ ਸਿਖਲਾਈ ਦੀ ਘਾਟ ਹੁੰਦੀ ਹੈ। ਇਸ ਕਮੀ ਨੂੰ ਦੂਰ ਕਰਨ ਲਈ ਸਾਨੂੰ ਹੁਨਰ ਵਿਕਾਸ ’ਤੇ ਜ਼ੋਰ ਦੇਣਾ ਹੋਵੇਗਾ। ਇਹ ਵਿਸ਼ੇਸ਼ ਤੌਰ ’ਤੇ ਉਨ੍ਹਾਂ ਖੇਤਰਾਂ ਵਿਚ ਮਹੱਤਵਪੂਰਨ ਹੈ ਜਿੱਥੇ ਵਿਸ਼ਵਵਿਆਪੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਜਿਵੇਂ ਕਿ ਸੂਚਨਾ ਤਕਨਾਲੋਜੀ, ਪ੍ਰਾਹੁਣਚਾਰੀ, ਸੁੰਦਰਤਾ-ਤੰਦਰੁਸਤੀ, ਆਵਾਜਾਈ ਅਤੇ ਪ੍ਰਚੂਨ।

ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਮੁਤਾਬਕ ਇਸ ਸਮੇਂ ਕੈਨੇਡਾ ਵਿਚ 3 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ। ਕੈਨੇਡਾ ਦੇ ਤਾਜ਼ਾ ਸੰਕਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੈਨੇਡਾ ਤੋਂ ਇਲਾਵਾ ਯੂਰਪ, ਤਾਈਵਾਨ ਅਤੇ ਵੀਅਤਨਾਮ ਵਰਗੇ ਦੇਸ਼ਾਂ ਵਿਚ ਵੀ ਹੁਨਰਮੰਦ ਕਾਮਿਆਂ ਦੀ ਲੋੜ ਵਧ ਰਹੀ ਹੈ। ਭਾਰਤ ਇਸ ਮੌਕੇ ਦਾ ਫਾਇਦਾ ਉਠਾ ਸਕਦਾ ਹੈ ਬਸ਼ਰਤੇ ਅਸੀਂ ਇਨ੍ਹਾਂ ਦੇਸ਼ਾਂ ਦੀਆਂ ਲੋੜਾਂ ਮੁਤਾਬਕ ਆਪਣੇ ਨੌਜਵਾਨਾਂ ਲਈ ਹੁਨਰ ਸਿਖਲਾਈ ਪ੍ਰੋਗਰਾਮ ਬਣਾਈਏ।

ਭਾਰਤ ਸਰਕਾਰ ਪਹਿਲਾਂ ਹੀ ‘ਸਕਿੱਲ ਇੰਡੀਆ’, ‘ਡਿਜੀਟਲ ਇੰਡੀਆ’ ਅਤੇ ‘ਰਾਸ਼ਟਰੀ ਹੁਨਰ ਵਿਕਾਸ ਮਿਸ਼ਨ’ ਵਰਗੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਚੁੱਕੀ ਹੈ। ਇਹ ਕਦਮ ਭਾਰਤ ਦੇ ਹੁਨਰ ਵਿਕਾਸ ਯਤਨਾਂ ਨੂੰ ਇਕ ਠੋਸ ਦਿਸ਼ਾ ਪ੍ਰਦਾਨ ਕਰਦੇ ਹਨ ਪਰ ਗਲੋਬਲ ਮਾਪਦੰਡਾਂ ਨਾਲ ਮੇਲ ਖਾਂਦਾ ਹੋਰ ਵਿਸਥਾਰ ਕਰਨ ਦੀ ਲੋੜ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਨਿੱਜੀ ਖੇਤਰ ਵੀ ਅੰਤਰਰਾਸ਼ਟਰੀ ਪੱਧਰ ਦੇ ਪ੍ਰਮਾਣੀਕਰਨ ਪ੍ਰੋਗਰਾਮ ਤਿਆਰ ਕਰੇ, ਤਾਂ ਜੋ ਭਾਰਤੀ ਵਰਕ ਫੋਰਸ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਮਿਲ ਸਕੇ।

ਡਿਜੀਟਲ ਲਰਨਿੰਗ ਪਲੇਟਫਾਰਮ ਅਤੇ ਵਿੱਦਿਅਕ ਸੰਸਥਾਵਾਂ ਨਾਲ ਸਾਂਝੇਦਾਰੀ ਪੇਂਡੂ ਖੇਤਰਾਂ ਵਿਚ ਵੀ ਉੱਚ ਗੁਣਵੱਤਾ ਵਾਲੀ ਸਿਖਲਾਈ ਨੂੰ ਯਕੀਨੀ ਬਣਾ ਸਕਦੀ ਹੈ। ਇਹ ਕਦਮ ਨਾ ਸਿਰਫ਼ ਹੁਨਰ ਵਿਕਾਸ ਵਿਚ ਮਦਦ ਕਰੇਗਾ ਸਗੋਂ ਭਾਰਤ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਵੀ ਲਿਆਏਗਾ।

ਹੁਨਰ ਵਿਕਾਸ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ। ਸਾਨੂੰ ਸਿਰਫ਼ ਿਮਸਾਲ ਲਈ ਰੁਜ਼ਗਾਰ ਪੈਦਾ ਕਰਨ ’ਤੇ ਧਿਆਨ ਦੇਣ ਦੀ ਬਜਾਏ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਦਾਹਰਣ ਲਈ, ਸੁੰਦਰਤਾ-ਤੰਦਰੁਸਤੀ ਦੇ ਖੇਤਰ ਵਿਚ ਸਿਖਲਾਈ ਪ੍ਰਾਪਤ ਵਿਅਕਤੀ ਆਪਣਾ ਸੈਲੂਨ ਖੋਲ੍ਹ ਸਕਦਾ ਹੈ, ਜਾਂ ਆਵਾਜਾਈ ਅਤੇ ਲੌਜਿਸਟਿਕਸ ਸੈਕਟਰ ਵਿਚ ਇਕ ਡਲਿਵਰੀ ਸੇਵਾ ਸ਼ੁਰੂ ਕਰ ਸਕਦਾ ਹੈ। ਅਜਿਹੇ ਕਦਮਾਂ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਭਾਰਤੀ ਨੌਜਵਾਨ ਆਤਮਨਿਰਭਰ ਬਣ ਸਕਣਗੇ।

ਆਰਟੀਫੀਸ਼ੀਅਲ ਇੰਟੈਲੀਜੈਂਸ, ਕਲਾਊਡ ਕੰਪਿਊਟਿੰਗ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿਚ ਸੂਚਨਾ ਤਕਨਾਲੋਜੀ ਵਿਚ ਤੇਜ਼ੀ ਨਾਲ ਤਰੱਕੀ ਕੀਤੀ ਜਾ ਰਹੀ ਹੈ। ਭਾਰਤ ਨੂੰ ਡਾਟਾ ਵਿਸ਼ਲੇਸ਼ਣ, ਏ. ਆਈ. ਐਪਲੀਕੇਸ਼ਨਾਂ ਅਤੇ ਸਾਈਬਰ ਸੁਰੱਖਿਆ ਦੇ ਖੇਤਰਾਂ ਵਿਚ ਇਕ ਹੁਨਰਮੰਦ ਵਰਕ ਫੋਰਸ ਬਣਾਉਣ ’ਤੇ ਧਿਆਨ ਦੇਣਾ ਪਵੇਗਾ। ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਵਿਚ ਵਾਧੇ ਨੇ ਇਸ ਖੇਤਰ ਵਿਚ ਸਾਫਟ ਸਕਿੱਲਸ ਹੁਨਰ ਅਤੇ ਸੱਭਿਆਚਾਰਕ ਸਮਝ ਵਾਲੇ ਪੇਸ਼ੇਵਰਾਂ ਦੀ ਮੰਗ ਵਿਚ ਵਾਧਾ ਕੀਤਾ ਹੈ। ਭਾਰਤ ਦੇ ਨੌਜਵਾਨ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ ਅਤੇ ਸੈਰ-ਸਪਾਟਾ ਉਦਯੋਗ ਵਿਚ ਆਪਣੀ ਭੂਮਿਕਾ ਨਿਭਾਅ ਸਕਦੇ ਹਨ।

ਭਾਰਤ ਵਿਚ ਹੁਨਰ ਵਿਕਾਸ ਵਿਚ ਸਫ਼ਲਤਾ ਹਾਸਲ ਕਰਨ ਲਈ ਸਰਕਾਰ, ਨਿੱਜੀ ਖੇਤਰ ਅਤੇ ਸਿੱਖਿਆ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਮਾਰਕੀਟ ਦੀ ਮੰਗ ਅਨੁਸਾਰ ਸਿਖਲਾਈ ਪ੍ਰੋਗਰਾਮ ਵਿਕਸਿਤ ਕਰਨਾ ਅਤੇ ਵਿੱਤੀ ਪ੍ਰੋਤਸਾਹਨ ਰਾਹੀਂ ਰੁਜ਼ਗਾਰ ਪੈਦਾ ਕਰਨਾ ਬਹੁਤ ਮਹੱਤਵਪੂਰਨ ਹੈ।

ਭਾਰਤ ਦੇ ਨੌਜਵਾਨ ਇਕ ਤਬਦੀਲੀ ਵਾਲੇ ਮੋੜ ’ਤੇ ਖੜ੍ਹੇ ਹਨ। ਉਨ੍ਹਾਂ ਨੂੰ ਸਹੀ ਹੁਨਰ ਦੇ ਕੇ, ਅਸੀਂ ਨਾ ਸਿਰਫ਼ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਸਗੋਂ ਵਿਸ਼ਵਵਿਆਪੀ ਵਰਕ ਫੋਰਸ ਦੀ ਮੰਗ ਨੂੰ ਵੀ ਪੂਰਾ ਕਰ ਸਕਦੇ ਹਾਂ। ਭਾਰਤ ਨੂੰ ਗਲੋਬਲ ਟੇਲੈਂਟ ਹੱਬ ਵਜੋਂ ਸਥਾਪਿਤ ਕਰਨ ਦਾ ਇਹ ਸਹੀ ਸਮਾਂ ਹੈ।

ਜੇਕਰ ਭਾਰਤ ਗਲੋਬਲ ਲੋੜਾਂ ਅਨੁਸਾਰ ਆਪਣੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਿਚ ਸਫਲ ਹੋ ਜਾਂਦਾ ਹੈ ਤਾਂ ਅਸੀਂ ਇਕ ਵਿਸ਼ਵਵਿਆਪੀ ਵਰਕ ਫੋਰਸ ਦੀ ਸਪਲਾਈ ਕਰਨ ਦੇ ਯੋਗ ਹੋ ਜਾਵਾਂਗੇ ਜੋ ਨਾ ਸਿਰਫ਼ ਭਾਰਤ ਦੇ ਆਰਥਿਕ ਵਿਕਾਸ ਨੂੰ ਅੱਗੇ ਵਧਾਏਗਾ ਸਗੋਂ ਵਿਸ਼ਵ ਭਰ ਦੇ ਦੇਸ਼ਾਂ ਲਈ ਇਕ ਮਜ਼ਬੂਤ ​​ਸਰੋਤ ਬਣ ਜਾਵੇਗਾ।

–ਦਿਨੇਸ਼ ਸੂਦ
(ਲੇਖਕ ਓਰੇਨ ਇੰਟਰਨੈਸ਼ਨਲ ਦੇ ਐੱਮ. ਡੀ. ਅਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨ. ਐੱਸ. ਡੀ. ਸੀ.) ਦੇ ਸਿਖਲਾਈ ਭਾਈਵਾਲ ਹਨ)


author

Tanu

Content Editor

Related News