ਭਾਜਪਾ ਦੀ ‘ਮੋਦੀ ਦਾ ਪਰਿਵਾਰ’ ਮੁਹਿੰਮ

Wednesday, Mar 06, 2024 - 02:36 PM (IST)

ਭਾਜਪਾ ਦੀ ‘ਮੋਦੀ ਦਾ ਪਰਿਵਾਰ’ ਮੁਹਿੰਮ

ਸੋਸ਼ਲ ਮੀਡੀਆ ਨੂੰ ਜਾਣਨ ਵਾਲਿਆਂ ਦੀ ਮੰਨੀਏ ਤਾਂ ‘ਮੋਦੀ ਦਾ ਪਰਿਵਾਰ’ ਅਜੇ ਟ੍ਰੈਂਡ ਕਰ ਰਿਹਾ ਹੈ। ਟ੍ਰੈਂਡ ਕਰ ਰਿਹਾ ਹੈ ਮਤਲਬ, ਸੋਸ਼ਲ ਮੀਡੀਆ ਦੀ ਚਰਚਾ ’ਚ ਪਹਿਲੇ ਨੰਬਰ ’ਤੇ ਆ ਗਿਆ ਹੈ। ਸੰਘ ਪਰਿਵਾਰ ਦੇ ਸਮਰਥਕਾਂ ਦੀ ਇਹ ਸਥਾਪਤ ਸਮਰੱਥਾ ਬਣ ਗਈ ਹੈ ਕਿ ਉਹ ਜਦੋਂ ਜੋ ਜ਼ਰੂਰੀ ਜਾਪੇ, ਉਸ ਨੂੰ ਟ੍ਰੈਂਡ ਕਰਵਾ ਲੈਂਦੇ ਹਨ। ਸੰਘ ਪਰਿਵਾਰ ਹੀ ਕਿਉਂ, ਉਨ੍ਹਾਂ ਦੇ ਵਿਰੋਧੀ ਵੀ ਕਈ ਵਾਰ ਕਿਸੇ ਮੁੱਦੇ ’ਤੇ ਆਪਣੇ ਨਾਅਰੇ ਜਾਂ ਮੁਹਿੰਮ ਨੂੰ ਟ੍ਰੈਂਡ ਕਰਵਾ ਲੈਂਦੇ ਹਨ। ਕਈ ਚੈਨਲਾਂ ਦੀ ਹੈੱਡਲਾਈਨ ਵੀ ਟ੍ਰੈਂਡ ਕਰਦੀ ਹੈ ਪਰ ਸੋਸ਼ਲ ਮੀਡੀਆ ਦੀ ਇਸ ਲੜਾਈ ਵਿਚ ਮੋਦੀ ਭਗਤਾਂ ਦਾ ਉੱਪਰੀ ਹੱਥ ਦੇਖਦੇ ਹੋਏ ਹੈਰਾਨੀ ਨਹੀਂ ਕਿ ਮੋਦੀ ਪਰਿਵਾਰ ਦੀ ਇਹ ਮੁਹਿੰਮ ਬੜੀ ਜਲਦੀ ਸਭ ਉੱਪਰ ਆ ਗਈ। ਕੇਂਦਰ ਦੇ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਜਪਾ ਦੇ ਚੋਟੀ ਦੇ ਅਹੁਦੇਦਾਰ ਜਦੋਂ ਮੁਹਿੰਮ ’ਚ ਲੱਗਣ ਤਾਂ ਇਸ ਦੀ ਸਫਲਤਾ ’ਤੇ ਕੌਣ ਸ਼ੱਕ ਕਰੇਗਾ।

ਸਪੱਸ਼ਟ ਤੌਰ ’ਤੇ ਲਾਲੂ ਪ੍ਰਸਾਦ ਯਾਦਵ ਵੱਲੋਂ ਪਟਨਾ ਦੀ ‘ਜਨਵਿਸ਼ਵਾਸ ਰੈਲੀ’ ’ਚ ਕੀਤੀਆਂ ਗਈਆਂ ਟਿੱਪਣੀਆਂ ਦੀ ਪ੍ਰਤੀਕਿਰਿਆ ’ਚ ਚੱਲੀ ਇਹ ਮੁਹਿੰਮ ਚੋਣਾਂ ਦੀ ਲੜਾਈ ਦਾ ਵੀ ਹਿੱਸਾ ਹੈ, ਇਸ ਵਿਚ ਵੀ ਸ਼ੱਕ ਨਹੀਂ ਹੋਣਾ ਚਾਹੀਦਾ। ਲਾਲੂ ਯਾਦਵ ਨੇ ਵੀ ਪ੍ਰਧਾਨ ਮੰਤਰੀ ਅਤੇ ਆਪਣੇ ਵਿਰੋਧੀਆਂ ਵੱਲੋਂ ਵਾਰ-ਵਾਰ ਪਰਿਵਾਰਵਾਦ ਦਾ ਦੋਸ਼ ਲਗਾਉਣ ਦੇ ਜਵਾਬ ਵਿਚ ਨਰਿੰਦਰ ਮੋਦੀ ’ਤੇ ਨਿੱਜੀ ਹਮਲੇ ਕੀਤੇ ਅਤੇ ਕੁਝ ਅਜਿਹੀਆਂ ਵੀ ਗੱਲਾਂ ਕਹੀਆਂ, ਜੋ ਆਮ ਸ਼ਿਸ਼ਟਾਚਾਰ ਦੇ ਹਿਸਾਬ ਤੋਂ ਉਚਿਤ ਨਹੀਂ ਮੰਨੀਆ ਜਾ ਸਕਦੀਆਂ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਦੋਸ਼ਾਂ ਨੂੰ ਤੁਰੰਤ ਮੌਕੇ ਦੀ ਤਰ੍ਹਾਂ ਵਰਤ ਲਿਆ ਅਤੇ ਤਮਿਲਨਾਡੂ ਦੀ ਆਪਣੀ ਇਕ ਰੈਲੀ ਵਿਚ ‘ਮੋਦੀ ਦਾ ਪਰਿਵਾਰ ਸਾਰਾ ਦੇਸ਼ ਹੈ ਅਤੇ ਇਸ ਦੇ ਸਾਰੇ 1.40 ਅਰਬ ਲੋਕ’ ਹੋਣਾ ਦੱਸਿਆ। ਨਰਿੰਦਰ ਮੋਦੀ ਇਧਰ ਕਾਫੀ ਸਮੇਂ ਤੋਂ ‘ਦੇਸ਼ ਹੀ ਮੇਰਾ ਪਰਿਵਾਰ ਹੈ’ ਬੋਲਣ ਲੱਗੇ ਸਨ। ਆਪਣੇ ਭਾਸ਼ਣਾਂ ’ਚ ਵੀ ਉਹ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਕਹਿੰਦੇ ਸਨ। ਚੇਨਈ ਦੀ ਰੈਲੀ ’ਚ ਉਨ੍ਹਾਂ ਨੇ ਲਾਲੂ ਯਾਦਵ ਦੇ ਹਮਲਿਆਂ ਦਾ ਜਵਾਬ ਦਿੱਤਾ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਬਹੁਤ ਘੱਟ ਉਮਰ ’ਚ ਦੇਸ਼ ਅਤੇ ਸਮਾਜ ਲਈ ਪਰਿਵਾਰ ਛੱਡ ਦਿੱਤਾ ਸੀ। ਜ਼ਾਹਿਰ ਤੌਰ ’ਤੇ ਪ੍ਰਧਾਨ ਮੰਤਰੀ ਦੀ ਇਸ ਚੌਕਸ ਪ੍ਰਤੀਕਿਰਿਆ ਅਤੇ ਪੂਰੇ ਭਾਜਪਾ ਪਰਿਵਾਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਕ ਦਿਨ ’ਚ ਹੀ ‘ਮੋਦੀ ਦਾ ਪਰਿਵਾਰ’ ਨੂੰ ਚਰਚਾ ’ਚ ਲਿਆ ਦੇਣਾ, ਉਨ੍ਹਾਂ ਦੀ ਤਿਆਰੀ ਅਤੇ ਚੋਣਾਂ ਪ੍ਰਤੀ ਉਤਸ਼ਾਹ ਨੂੰ ਦਿਖਾਉਂਦਾ ਹੈ।

ਲੱਗਭਗ ਸਾਰੇ ਲੋਕਾਂ ਨੂੰ ਇਸ ਵਿਚ ਪਿਛਲੀਆਂ ਚੋਣਾਂ ’ਚ ਮੋਦੀ ਸਮਰਥਕਾਂ ਵੱਲੋਂ ਚਲਾਈ ‘ਮੈਂ ਵੀ ਚੌਕੀਦਾਰ’ ਮੁਹਿੰਮ ਯਾਦ ਆਈ, ਜੋ ਰਾਹੁਲ ਗਾਂਧੀ ਵੱਲੋਂ ‘ਚੌਕੀਦਾਰ ਚੌਕ ਹੈ’ ਦਾ ਨਾਅਰਾ ਬੁਲੰਦ ਕਰਨ ਦੇ ਜਵਾਬ ’ਚ ਆਈ ਸੀ। ਪ੍ਰਧਾਨ ਮੰਤਰੀ ਵੱਲੋਂ ਆਪਣਿਆਂ ’ਤੇ ਹੋਏ ਹਮਲਿਆਂ ਨੂੰ ਮੋੜਵਾਂ ਜਵਾਬੀ ਸਿਆਸੀ ਲਾਭ ਲੈਣ ਦਾ ਇਹ ਪਹਿਲਾ ਜਾਂ ਦੂਜਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਵੱਲੋਂ ‘ਮੌਤ ਦੇ ਸੌਦਾਗਰ’ ਅਤੇ ਮਣੀਸ਼ੰਕਰ ਅਈਅਰ ਵੱਲੋਂ ‘ਚਾਏਵਾਲਾ’ ਜਾਂ ‘ਨੀਚ ਆਦਮੀ’ ਕਹੇ ਜਾਣ ਦਾ ਉਨ੍ਹਾਂ ਨੇ ਕਿਸ ਤਰ੍ਹਾਂ ਸਿਆਸੀ ਜਵਾਬ ਦਿੱਤਾ ਅਤੇ ਉਸ ਦਾ ਕੀ ਲਾਭ ਮਿਲਿਆ, ਇਹ ਵੀ ਸਾਰਿਆਂ ਨੇ ਦੇਖਿਆ ਹੈ।

ਨਿੱਜੀ ਹਮਲੇ ਲਾਲੂ ਯਾਦਵ ’ਤੇ ਵੀ ਘੱਟ ਨਹੀਂ ਹੋਏ। ਵੱਡਾ ਪਰਿਵਾਰ ਤੋਂ ਲੈ ਕੇ ਭਾਈ-ਭਤੀਜਾ, ਸਾਲਾ-ਸਾਲੇਹਾਰ ਅਤੇ ਹੁਣ ਪੁੱਤਰ, ਧੀ, ਜਵਾਈ, ਨੂੰਹ, ਸਬੰਧੀਆਂ ਸਮੇਤ ਰਿਸ਼ਤੇਦਾਰਾਂ ਦੀ ਫੌਜ ਦੀਆਂ ਕਰਤੂਤਾਂ ਕਾਰਨ ਉਹ ਪਰਿਵਾਰਵਾਦ ਦੀ ਸਭ ਤੋਂ ਵੱਡੀ ਉਦਾਹਰਣ ਬਣੇ ਹੋਏ ਹਨ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਅਪਰਾਧੀ ਵੀ ਹਨ ਪਰ ਇਕ ਪੁੱਤਰ ਦੇ ਲਾਇਕ ਉੱਤਰਾਧਿਕਾਰੀ ਬਣਨ ਅਤੇ ਪਾਰਟੀ ਦੇ ਫਿਰ ਤੋਂ ਤਾਕਤਵਰ ਬਣ ਜਾਣ ਨਾਲ ਉਨ੍ਹਾਂ ਨੂੰ ਵੀ ਹੌਸਲਾ ਆ ਗਿਆ ਹੈ ਕਿ ਪਰਿਵਾਰਵਾਦ ’ਤੇ ਬੋਲਣ। ਨਿੱਜੀ ਹਮਲੇ ਵਾਲੀ ਆਮ ਗੱਲ ਛੱਡ ਦੇਈਏ ਤਾਂ ਉਨ੍ਹਾਂ ਨੇ ਬੜਾ ਗਲਤ ਵੀ ਨਹੀਂ ਕਿਹਾ ਅਤੇ ਖੁਦ ਮੋਦੀ ਜੀ ਨੇ ਉਨ੍ਹਾਂ ’ਤੇ ਜਾਂ ਸੋਨੀਆ, ਰਾਹੁਲ ਸਮੇਤ ਆਪਣੇ ਵਿਰੋਧੀਆਂ ’ਤੇ ਘੱਟ ਨਿੱਜੀ ਅਤੇ ਘਟੀਆ ਹਮਲੇ ਨਹੀਂ ਕੀਤੇ ਹਨ। ਦੂਜੇ, ਪਰਿਵਾਰ ਨੂੰ ਲੈ ਕੇ ਉਨ੍ਹਾਂ ਦੇ ਅੰਦਰ ਵੀ ਅਪਰਾਧਬੋਧ ਰਿਹਾ ਹੈ, ਤਾਂ ਹੀ ਤਾਂ ਕਿਸੇ ਚੋਣਾਂ ਦੇ ਐਲਾਨ ’ਚ ਖੁਦ ਨੂੰ ਵਿਆਹੇ ਤਾਂ ਖੁਦ ਨੂੰ ਇਕੱਲੇ ਦੱਸਦੇ ਰਹੇ ਹਨ। ਲਾਲੂ-ਰਾਬੜੀ ਆਪਣੇ ਬ੍ਰਾਹਮਣਵਾਦੀ ਕਰਮਕਾਂਡ ਦੇ ਚੱਕਰ ’ਚ ਪੱਛੜਾਵਾਦ ਦਾ ਕਾਫੀ ਨੁਕਸਾਨ ਕਰ ਚੁੱਕੇ ਹਨ।

ਪਰ ਇਸ ਟ੍ਰੈਂਡ ਕਰਨ ਵਾਲੀ ਜਾਂ ਅਚਾਨਕ ਸਾਹਮਣੇ ਆਈ ਮੋਦੀ ਪਰਿਵਾਰ ਵਾਲੀ ਘਟਨਾ ਦੇ ਆਧਾਰ ’ਤੇ ਇਹ ਨਤੀਜਾ ਕੱਢਣਾ ਔਖਾ ਹੈ ਕਿ ਇਹ ਮੁਹਿੰਮ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਜਾਏਗੀ ਜਾਂ ਉਸੇ ਤਰ੍ਹਾਂ ਚੋਣਾਂ ਨੂੰ ਪ੍ਰਭਾਵਿਤ ਕਰੇਗੀ ਜਿਵੇਂ ਮੋਦੀ ਜੀ ਨੇ ਆਪਣੇ ਪਿਛਲੇ ਜਵਾਬਾਂ ਨਾਲ ਪ੍ਰਭਾਵ ਬਣਾ ਲਿਆ ਸੀ। ਮੌਤ ਦੇ ਸੌਦਾਗਰ ਵਾਲੇ ਹਮਲੇ ’ਤੇ ਉਨ੍ਹਾਂ ਨੇ ਨਾ ਸਿਰਫ ਹਿੰਦੂ ਹਿਰਦਾ ਸਮਰਾਟ ਵਾਲਾ ਅਕਸ ਬਣਾਇਆ ਸਗੋਂ ‘ਚਾਏਵਾਲਾ’ ਜਾਂ ‘ਨੀਚ’ ਵਾਲੇ ਚਾਰਜ ਨੂੰ ਉਨ੍ਹਾਂ ਨੇ ਚਾਹ ’ਤੇ ਚਰਚਾ ਅਤੇ ਨੀਵੀਂ ਜਾਤੀ ’ਤੇ ਹਮਲਾ ਬਣਾ ਲਿਆ ਸੀ ਅਤੇ ਲਾਲੂ ਜੀ ਵਰਗੇ ਚਲਾਕ ਨੇਤਾ ਨੇ ਇਹ ਗਲਤੀ ਕਿਵੇਂ ਕਰ ਦਿੱਤੀ, ਇਹ ਅੰਦਾਜ਼ਾ ਮੁਸ਼ਕਲ ਹੈ, ਨਹੀਂ ਤਾਂ ਹੁਣ ਕੋਈ ਵੀ ਮੋਦੀ ’ਤੇ ਨਿੱਜੀ ਹਮਲੇ ਕਰਨ ਤੋਂ ਬਚਦਾ ਹੈ।

10 ਸਾਲ ਤੋਂ ਪ੍ਰਧਾਨ ਮੰਤਰੀ ਅਹੁਦੇ ਨੂੰ ਸੁਸ਼ੋਭਿਤ ਕਰ ਰਹੇ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਮਰਥਕ ਹੁਣ ਅਜਿਹੇ ਹਮਲਿਆਂ ਨੂੰ ਰਾਸ਼ਟਰ ਦੇ ਨਿਰਾਦਰ ਨਾਲ ਜੋੜਦੇ ਹਨ, ਤਦ ਉਸ ਦਾ ਤਰਕ ਵਧੇਰੇ ਲੋਕਾਂ ਨੂੰ ਸਹੀ ਲੱਗਦਾ ਹੈ। ਨਿੱਜੀ ਮਰਿਆਦਾ ਦਾ ਮਸਲਾ ਵੀ ਬੜਾ ਛੋਟਾ ਨਹੀਂ ਪਰ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਦਾ ਮਾਮਲਾ ਹੋਰ ਵੀ ਉਲਝਿਆ ਹੋਇਆ ਹੋ ਜਾਂਦਾ ਹੈ। ਸਗੋਂ ਜਗਦੀਪ ਧਨਖੜ ਵਰਗੇ ਚਲਾਕ ਨੇਤਾ ਨੇ ਤਾਂ ਆਪਣੀ ਨਕਲ ਉਤਾਰਨ ਨੂੰ ਹੀ ਸੰਵਿਧਾਨਕ ਮਰਿਆਦਾ ਦਾ ਘਾਣ ਦੱਸਣ ਦੀ ਕੋਸ਼ਿਸ਼ ਕੀਤੀ।

ਮੋਦੀ ਜੀ ਜਾਂ ਭਾਜਪਾ ਨੂੰ ਫਿਲਹਾਲ ਮੁੱਦਿਆਂ ਦੀ ਵੀ ਕਮੀ ਨਹੀਂ ਹੈ, ਜੋ ਉਹ ਇਸ ਨੂੰ ਅੱਗੇ ਕਰ ਕੇ ਚੋਣਾਂ ’ਚ ਉਤਰਨਗੇ। ਰਾਮ ਮੰਦਰ ਨਿਰਮਾਣ, ਕਾਸ਼ੀ ਕਾਰੀਡੋਰ ਤੋਂ ਲੈ ਕੇ ਧਾਰਾ 370 ਦੀ ਸਮਾਪਤੀ, ਤਿੰਨ ਤਲਾਕ ਦਾ ਖਾਤਮਾ, ਮੁਫਤ ਰਾਸ਼ਨ, ਕਿਸਾਨ ਭਲਾਈ ਫੰਡ, ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਵਰਗੇ ਪਤਾ ਨਹੀਂ ਕਿੰਨੇ ਮੁੱਦੇ ਹਨ, ਜਿਨ੍ਹਾਂ ਦਾ ਭਾਰ ਅਜੇ ਇਸ ਤੋਂ ਵੱਧ ਲੱਗਦਾ ਹੈ ਪਰ ਚੋਣਾਂ ’ਚ ਕਦੋਂ ਕੀ ਮੁੱਦਾ ਕੰਮ ਕਰ ਜਾਏ, ਇਸ ਦਾ ਕੋਈ ਭਰੋਸਾ ਨਹੀਂ ਹੈ। ਇਸ ਲਈ ਬਹੁਤ ਸਾਰੇ ਅਤੇ ਕਈ ਤਰ੍ਹਾਂ ਦੇ ਮੁੱਦੇ ਚੁੱਕ ਕੇ ਉਨ੍ਹਾਂ ਦਾ ਪ੍ਰੀਖਣ ਚੱਲਦਾ ਰਹਿੰਦਾ ਹੈ। ਪਾਰਟੀ ਅਤੇ ਨੇਤਾ ਨੂੰ ਕਿਸ ਤੋਂ ਫਾਇਦਾ ਹੋਵੇਗਾ, ਇਸ ਦਾ ਅੰਦਾਜ਼ਾ ਲਗਾਉਣਾ ਵੀ ਨਾਲ ਚੱਲਦਾ ਹੈ। ਕੋਈ ਵੀ ਮਾਮਲਾ ‘ਕਲਿਕ’ ਕਰ ਸਕਦਾ ਹੈ।

ਅਤੇ ਇਹ ਵੀ ਹੁੰਦਾ ਹੈ ਕਿ ਸਾਰੀ ਤਿਆਰੀ ਇਕ ਪਾਸੇ ਰਹਿ ਜਾਂਦੀ ਹੈ, ਚੋਣਾਂ ਦੇ ਸਮੇਂ ਲੋਕ ਕਿਸੇ ਨਵੀਂ ਚੀਜ਼ ਵੱਲ ਝੁਕਦੇ ਦਿਸਦੇ ਹਨ। ਪਿਛਲੀਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਚ ਰਾਮ ਮੰਦਰ ਦਾ ਨੀਂਹ ਪੱਥਰ ਮੁੱਦਾ ਨਹੀਂ ਬਣਿਆ ਅਤੇ ਯੋਗੀ ਰਾਜ ’ਚ ਔਰਤਾਂ ਦੀ ਸੁਰੱਖਿਆ (ਜਿਸ ਦਾ ਭਰਮ ਦੋਸ਼ੀਆਂ ਨੂੰ ਵੱਡੀ ਗਿਣਤੀ ’ਚ ਪੈਰਾਂ ’ਚ ਗੋਲੀ ਮਾਰਨ ਜਾਂ ਉਨ੍ਹਾਂ ਦੇ ਮਕਾਨ ’ਤੇ ਬੁਲਡੋਜ਼ਰ ਚਲਾਉਣ ਨਾਲ ਬਣਿਆ ਸੀ) ਦਾ ਸਵਾਲ ਸਭ ਤੋਂ ਉੱਪਰ ਆ ਗਿਆ। ਇਸ ਨਾਲ ਸਪਾ ਦੀ ਜਿੱਤ ਨਾਲ ਅਪਰਾਧੀਆਂ ਨੂੰ ਸ਼ਹਿ ਮਿਲਣ ਦਾ ਬਣਾਉਟੀ ਡਰ ਵੀ ਸ਼ਾਮਲ ਸੀ। ਬਿਹਾਰ ’ਚ ਤਾਂ ਦੋ ਦੌਰ ’ਚ ਰਾਜਦ ਵੱਲ ਜਾਂਦੀ ਵਿਧਾਨ ਸਭਾ ਚੋਣ ਜੰਗਲ ਰਾਜ ਸੀ ਜਾਂ ਅਹੀਰ ਰਾਜ ਦੀ ਵਾਪਸੀ ਦੇ ਖਤਰੇ ਨੂੰ ਅੱਗੇ ਕਰ ਕੇ ਪਲਟ ਦਿੱਤਾ ਗਿਆ। ਇਸ ਲਈ ਹੁਣ ਇਸ ਮੋਦੀ ਪਰਿਵਾਰ ਯੋਜਨਾ ਨੂੰ ਇਕ ਆਮ ਘਟਨਾ ਹੀ ਮੰਨੀਏ, ਚੋਣਾਂ ’ਚ ਚਲਾਉਣ ਤੋਂ ਪਹਿਲਾਂ ਅਜੇ ਕਾਫੀ ਹੋਰ ਚੀਜ਼ਾਂ ਵੀ ਹੋਣਗੀਆਂ।

ਅਰਵਿੰਦ ਮੋਹਨ


author

Rakesh

Content Editor

Related News