ਪਟਿਆਲਾ ''ਚ ਭਿਆਨਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ, ਲੋਕਾਂ ਦੀਆਂ ਨਿਕਲੀਆਂ ਚੀਕਾਂ

Sunday, Mar 30, 2025 - 01:46 PM (IST)

ਪਟਿਆਲਾ ''ਚ ਭਿਆਨਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ, ਲੋਕਾਂ ਦੀਆਂ ਨਿਕਲੀਆਂ ਚੀਕਾਂ

ਪਟਿਆਲਾ/ਸਨੌਰ (ਮਨਦੀਪ ਜੋਸਨ) : ਪਟਿਆਲਾ ਰੋਡ ’ਤੇ ਸਨੌਰ ਵਿਖੇ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ’ਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਕੁੜੀ ਗੰਭੀਰ ਜ਼ਖਮੀ ਹੋ ਗਈ। ਇਸ ਹਾਦਸੇ ’ਚ ਇਕ ਨੌਜਵਾਨ ਦੀਆਂ ਲੱਤਾਂ ਟੁੱਟ ਗਈਆਂ। ਸਨੌਰ ਥਾਣੇ ਦੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਨੇ ਤੁਰੰਤ ਪੁਲਸ ਪਾਰਟੀ ਭੇਜ ਕੇ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਹੈ। ਜਾਣਕਾਰੀ ਅਨੁਸਾਰ ਪਟਿਆਲਾ ਤੋਂ ਇਕ ਛੋਟਾ ਹਾਥੀ ਟਾਈਲਾਂ ਨਾਲ ਓਵਰਲੋਡ ਹੋ ਕੇ ਸਨੌਰ ਜਾ ਰਿਹਾ ਸੀ। ਜਦੋਂ ਉਹ ਸਨੌਰ ਦੇ ਬਿਲਕੁਲ ਨੇੜੇ ਪੁੱਜਿਆ, ਉਸ ਸਮੇਂ ਚਾਲਕ ਦੇ ਸ਼ਰਾਬੀ ਹੋਣ ਕਾਰਨ ਵਾਹਨ ਦਾ ਸੰਤੁਲਨ ਵਿਗੜ ਗਿਆ।

ਸਭ ਤੋਂ ਪਹਿਲਾਂ ਉਸ ਨੇ ਐਕਟਿਵਾ ’ਤੇ ਜਾ ਰਹੀ ਇਕ ਕੁੜੀ ਅਤੇ ਉਸ ਦੇ ਦਾਦੇ ਨੂੰ ਟੱਕਰ ਮਾਰੀ ਅਤੇ ਫਿਰ ਮੋਟਰਸਾਈਕਲ ’ਤੇ ਜਾ ਰਹੇ 2 ਭਰਾਵਾਂ ਨੂੰ ਲਪੇਟ ’ਚ ਲੈ ਲਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਛੋਟੇ ਹਾਥੀ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਆਲੇ-ਦੁਆਲੇ ਤੋਂ ਤੁਰੰਤ ਲੋਕਾਂ ਨੇ ਇਕੱਠੇ ਹੋ ਕੇ ਸਨੌਰ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਭੇਜੀ।

ਸਨੌਰ ਪੁਲਸ ਅਨੁਸਾਰ ਐੱਸ. ਐੱਚ. ਓ. ਕੁਲਵਿੰਦਰ ਸਿੰਘ, ਆਈ. ਓ. ਥਾਣੇਦਾਰ ਬਲਜਿੰਦਰ ਸਿੰਘ ਅਨੁਸਾਰ ਇਸ ਭਿਆਨਕ ਹਾਦਸੇ ਵਿਚ ਪ੍ਰੀਤ (17) ਅਕਾਲ ਸਿੰਘ ਪੁੱਤਰ ਸਤਵੀਰ ਸਿੰਘ ਵਾਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸਦਾ ਚਚੇਰਾ ਭਰਾ ਮਨਜੋਤ ਸਿੰਘ ਪੁੱਤਰ ਪਰਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦੀਆਂ ਲੱਤਾਂ ਕਈ ਜਗ੍ਹਾ ਤੋਂ ਫਰੈਕਚਰ ਹਨ। ਦੂਸਰਾ ਐਕਟਿਵਾ ’ਤੇ ਆ ਰਹੇ ਗੁਰਚਰਨ ਸਿੰਘ ਪੁੱਤਰ ਮੰਸਾ ਸਿੰਘ (60) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੇ ਨਾਲ ਉਸਦੀ ਪੁੱਤਰੀ ਅਰਸ਼ਦੀਪ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਖਾਲਸਾ ਮੁਹੱਲਾ ਸਨੌਰ ਗੰਭੀਰ ਹਾਲਤ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
 


author

Babita

Content Editor

Related News