ਫੌਜੀ ਨੌਜਵਾਨਾਂ ਦਾ SDM ਦਫਤਰ ਦੇ ਬਾਹਰ ਧਰਨਾ, ਇਨਸਾਫ ਨਾ ਮਿਲਣ ਤੱਕ ਰਹੇਗੀ ਭੁੱਖ ਹੜਤਾਲ ਜਾਰੀ
Tuesday, Apr 01, 2025 - 08:08 PM (IST)

ਬੁਢਲਾਡਾ-(ਬਾਂਸਲ) ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਫੌਜੀ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਫੌਜੀ ਨੌਜਵਾਨ ਜਿਸ ਦਾ ਨਾਮ ਸੋਨੂ ਹੈ ਉਸ ਵੱਲੋਂ ਆਪਣੇ ਘਰ ਦੇ ਨਾਲ ਲੱਗੀ ਰਾਈਸ ਮਿੱਲ ਵੱਲੋਂ ਕੀਤੇ ਜਾ ਰਹੇ ਪ੍ਰਦੂਸ਼ਣ ਦੇ ਖਿਲਾਫ ਸਰਕਾਰ ਤੇ ਪ੍ਰਸ਼ਾਸਨ ਤੱਕ ਗੁਹਾਰ ਲਗਾਤਾਰ ਲਗਾਈ ਜਾ ਰਹੀ ਸੀ ਪਰ ਪ੍ਰਸ਼ਾਸਨ ਨੇ ਕੋਈ ਵੀ ਗੱਲ ਨਹੀਂ ਸੁਣੀ ਜਿਸ ਕਰਕੇ ਅੱਜ ਮਜਬੂਰਨ ਪਰਿਵਾਰ ਨੂੰ ਅੱਜ ਐਸਡੀਐਮ ਦਫਤਰ ਬੁਢਲਾਡਾ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰਨੀ ਪੈ ਗਈ ਜਿਸ ਦੇ ਹੱਕ ਦੇ ਵਿੱਚ ਕਈ ਸਾਬਕਾ ਸੈਨਿਕ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਪਹੁੰਚ ਗਈਆਂ ।
ਫੌਜੀ ਨੌਜਵਾਨਾਂ ਦਾ ਕਹਿਣਾ ਕਿ ਅਸੀਂ ਸਰਹੱਦਾਂ ਉੱਪਰ ਬੈਠ ਕੇ ਦੇਸ਼ ਦੀ ਰਾਖੀ ਕਰ ਰਹੇ ਹਾਂ ਪਰ ਪ੍ਰਸ਼ਾਸਨ ਵੱਲੋਂ ਇੱਥੇ ਸਾਡੇ ਨਾਲ ਸਹੀ ਸਲੂਕ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਸਾਨੂੰ ਅੱਜ ਮਜਬੂਰਨ ਹੜਤਾਲ ਤੇ ਬੈਠਣਾ ਪੈ ਰਿਹਾ ਹੈ। ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਉਹ ਰਾਈਸ ਮਿਲ ਬੰਦ ਨਹੀਂ ਹੁੰਦੀ ਉਦੋਂ ਤੱਕ ਅਸੀਂ ਸੰਘਰਸ਼ ਕਰਦੇ ਰਹਾਂਗੇ। ਜਾਣਕਾਰੀ ਦਿੰਦਿਆਂ ਫੌਜੀ ਨੌਜਵਾਨ ਸੋਨੂ ਨੇ ਦੱਸਿਆ ਕਿ ਅਸੀਂ ਇਹ ਲੜਾਈ ਡੇਢ ਸਾਲ ਤੋਂ ਲੜ ਰਹੇ ਹਾਂ ਜਿਸ ਵਿੱਚ ਅਸੀਂ ਪ੍ਰਸ਼ਾਸਨ ਕੋਲ ਪਹਿਲਾਂ ਵੀ ਬਹੁਤ ਵਾਰ ਗੁਹਾਰ ਲਗਾਈ ਹੈ ਪਰ ਪ੍ਰਸ਼ਾਸਨ ਅਤੇ ਕੁਝ ਮਹਿਕਮਿਆਂ ਦੀ ਰਲੀ ਮਿਲੀ ਭੁਗਤ ਕਾਰਨ ਕੋਈ ਵੀ ਹੱਲ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਰਾਈਸ ਮਿੱਲ ਦੇ ਮਾਲਕ ਵੱਲੋਂ 2022 ਦੇ ਵਿੱਚ ਇਹ ਫੈਕਟਰੀ ਜਾਲੀ ਸਰਟੀਫਿਕੇਟ ਬਣਵਾ ਕੇ ਸ਼ੁਰੂ ਕਰਵਾਈ ਗਈ ਸੀ ਜਿਸ ਕਾਰਨ ਬਹੁਤ ਜਿਆਦਾ ਪ੍ਰਦੂਸ਼ਣ ਹੋ ਰਿਹਾ ਹੈ ਅਤੇ ਸਾਡੇ ਬੱਚਿਆਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ ਅਤੇ ਬੱਚਿਆਂ ਨੂੰ ਸਾਹ ਦੀਆਂ ਬਿਮਾਰੀਆਂ ਵੀ ਲੱਗ ਚੁੱਕੀਆਂ ਹਨ।
ਉਹਨਾਂ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਧਰਨੇ ਉੱਪਰ ਹੀ ਬੈਠੇ ਰਹਾਂਗੇ। ਦੂਸਰੇ ਪਾਸੇ ਐਸ.ਡੀ.ਐਮ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਸਾਰੀ ਰਿਪੋਰਟ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਾਣੂ ਕਰਵਾ ਦਿੱਤੀ ਗਈ ਹੈ।