ਭਾਰਤ ਤੋਂ ਕੁਝ ਅੱਗੇ ਹੈ ਬੰਗਲਾਦੇਸ਼
Friday, Oct 16, 2020 - 02:17 AM (IST)

ਡਾ. ਵੇਦਪ੍ਰਤਾਪ ਵੈਦਿਕ
ਅਸੀਂ ਭਾਰਤੀ ਲੋਕ ਆਪਣੇ ਗੁਆਂਢੀ ਦੇਸ਼ਾਂ ਬਾਰੇ ਸੋਚਦੇ ਹਾਂ ਕਿ ਉਹ ਬਹੁਤ ਪੱਛੜੇ ਹੋਏ ਹਨ। ਸਾਡੇ ਨਾਲੋਂ ਖੇਤਰਫਲ ਅਤੇ ਆਬਾਦੀ ’ਚ ਤਾਂ ਉਹ ਛੋਟੇ ਹਨ ਹੀ ਪਰ ਉਹ ਸਿੱਖਿਆ, ਮੈਡੀਕਲ, ਭੋਜਨ, ਵਿਦੇਸ਼-ਵਪਾਰ ਆਦਿ ਦੇ ਮਾਮਲਿਆਂ ’ਚ ਵੀ ਭਾਰਤ ਦੀ ਤੁਲਨਾ ’ਚ ਬਹੁਤ ਪਿੱਛੇ ਹਨ। ਖਾਸ ਤੌਰ ’ਤੇ ਬੰਗਲਾਦੇਸ਼ ਬਾਰੇ ਤਾਂ ਇਹ ਰਾਏ ਸਾਰੇ ਦੇਸ਼ ’ਚ ਫੈਲੀ ਹੋਈ ਹੈ, ਕਿਉਂਕਿ ਬੰਗਲਾਦੇਸ਼ੀ ਮਜ਼ਦੂਰਾਂ ਨੂੰ ਤਾਂ ਭਾਰਤ ਦੇ ਕੋਨੇ-ਕੋਨੇ ’ਚ ਦੇਖਿਆ ਜਾ ਸਕਦਾ ਹੈ।
ਪਰ ਅੰਤਰਰਾਸ਼ਟਰੀ ਮੁਦਰਾ ਕਰੰਸੀ ਫੰਡ ਦੀ ਤਾਜ਼ਾ ਰਿਪੋਰਟ ਤਾਂ ਸਾਡੇ ਸਾਹਮਣੇ ਦੂਜਾ ਨਕਸ਼ਾ ਪੇਸ਼ ਕਰ ਰਹੀ ਹੈ। ਉਸ ਅਨੁਸਾਰ ਇਸ ਸਾਲ ਬੰਗਲਾਦੇਸ਼ ਦਾ ਪ੍ਰਤੀ ਵਿਅਕਤੀ ਸਮੁੱਚਾ ਉਤਪਾਦ (ਜੀ. ਐੱਸ. ਟੀ.) ਭਾਰਤ ਨਾਲੋਂ ਥੋੜ੍ਹਾ ਜ਼ਿਆਦਾ ਹੈ। 2020-21 ’ਚ ਬੰਗਲਾਦੇਸ਼ ਪ੍ਰਤੀ ਵਿਅਕਤੀ ਸਮੁੱਚਾ ਉਤਪਾਦ 1888 ਡਾਲਰ ਹੋਵੇਗਾ, ਜਦਕਿ ਭਾਰਤ ਦਾ 1877 ਡਾਲਰ ਰਹੇਗਾ। ਪਿਛਲੇ ਕੁਝ ਸਾਲਾਂ ’ਚ ਬੰਗਲਾਦੇਸ਼ ਦੀ ਅਰਥਵਿਵਸਥਾ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ। 2019 ’ਚ ਇਹ 8.2 ਫੀਸਦੀ ਵਧੀ ਸੀ। ਇਸ ਸਾਲ ਵੀ ਬੰਗਲਾ ਅਰਥਵਿਵਸਥਾ 3.8 ਫੀਸਦੀ ਵਧੇਗੀ, ਜਦਕਿ ਭਾਰਤੀ ਅਰਥਵਿਵਸਥਾ 10.3 ਫੀਸਦੀ ਘਟੇਗੀ।
ਕੋਰੋਨਾ ਮਹਾਮਾਰੀ ਦਾ ਉਲਟਾ ਅਸਰ ਤਾਂ ਭਾਰਤ ਨੂੰ ਪਿੱਛੇ ਖਿਸਕਾ ਹੀ ਰਿਹਾ ਹੈ, ਮੋਦੀ ਸਰਕਾਰ ਦੀ ਨੋਟਬੰਦੀ ਵਰਗੀਆਂ ਹੋਰ ਕਈ ਭੁੱਲਾਂ ਵੀ ਇਸਦੇ ਲਈ ਜ਼ਿੰਮੇਦਾਰ ਹਨ। ਇਸ ’ਚ ਸ਼ੱਕ ਨਹੀਂ ਹੈ ਕਿ ਪਿਛਲੇ 6 ਸਾਲਾਂ ’ਚ ਭਾਰਤ ਦੀ ਅਰਥਵਿਵਸਥਾ ਨੇ ਕਈ ਛਾਲਾਂ ਮਾਰੀਆਂ ਹਨ ਅਤੇ ਉਹ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਕਾਫੀ ਅੱਗੇ ਰਹੀ ਹੈ ਪਰ ਅੱਜ ਬੰਗਲਾਦੇਸ਼ ਕਈ ਮਾਮਲਿਆਂ ’ਚ ਸਾਡੇ ਨਾਲੋਂ ਕਿਤੇ ਜ਼ਿਆਦਾ ਅੱਗੇ ਹੈ।
ਜਿਵੇਂ ਬੰਗਲਾਦੇਸ਼ੀ ਨਾਗਰਿਕਾਂ ਦੀ ਔਸਤ ਉਮਰ ਭਾਰਤੀਆਂ ਨਾਲੋਂ 3 ਸਾਲ ਵੱਧ ਹੈ। ਆਬਾਦੀ ’ਚ ਵਾਧੇ ਲਈ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਪਰ ਬੰਗਲਾਦੇਸ਼ ’ਚ ਜਨਮ-ਦਰ ਦੀ ਰਫਤਾਰ ਸਿਰਫ 2 ਹੈ ਜਦਕਿ ਭਾਰਤ ’ਚ ਇਹ 2.2 ਹੈ। ਇਸੇ ਤਰ੍ਹਾਂ ਕਈ ਅਜਿਹੇ ਮਾਮਲਿਆਂ ’ਚ ਬੰਗਲਾਦੇਸ਼ ਸਾਡੇ ਨਾਲੋਂ ਅੱਗੇ ਹੈ। ਬੰਗਲਾਦੇਸ਼ ਦੀ ਇਸ ਤਰੱਕੀ ਨਾਲ ਈਰਖਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਭਾਰਤੀ ਅਰਥਵਿਵਸਥਾ ਉਸ ਨਾਲੋਂ ਲਗਭਗ 11 ਗੁਣਾ ਵੱਡੀ ਹੈ ਪਰ ਉਸ ਤੋਂ ਸਾਨੂੰ ਕੁਝ ਸਿੱਖਣ ਦੀ ਲੋੜ ਜ਼ਰੂਰ ਹੈ।
ਬੰਗਲਾਦੇਸ਼ ਨੇ ਹੁਣੇ-ਹੁਣੇ ਜਬਰ-ਜ਼ਨਾਹ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਇਆ ਹੈ। ਉਹ ਅੱਤਵਾਦੀਆਂ ਨਾਲ ਵੀ ਕਾਫੀ ਸਖਤੀ ਨਾਲ ਪੇਸ਼ ਆਉਂਦਾ ਹੈ। ਬੰਗਲਾਦੇਸ਼ੀ ਲੋਕ ਬੜੇ ਮਿਹਨਤੀ ਹਨ। ਉਥੇ ਸਾਡੇ ਸਮਾਜ ਦੀਆਂ ਕਮਜ਼ੋਰੀਆਂ ਘੱਟ ਹੀ ਹਨ। ਉਥੋਂ ਦੇ ਲੋਕ ਜਾਤੀਵਾਦੀ ਨਾਲ ਓਨੇ ਗ੍ਰਸਤ ਨਹੀਂ ਹਨ, ਜਿੰਨੇ ਅਸੀਂ ਹਾਂ। ਬੌਧਿਕ ਕੰਮਾਂ ਦੇ ਮੁਕਾਬਲੇ ਉਥੇ ਸਰੀਰਿਕ ਕੰਮਾਂ ਨੂੰ ਇਕਦਮ ਘਟੀਆ ਨਹੀਂ ਮੰਨਿਆ ਜਾਂਦਾ।
ਬੰਗਲਾਦੇਸ਼ ਦੇ ਕੱਪੜੇ ਸਾਰੀ ਦੁਨੀਆ ’ਚ ਗਰਮ ਪਕੌੜਿਆਂ ਵਾਂਗ ਵਿਕਦੇ ਹਨ। ਢਾਕਾ ਦੀ ਮਲਮਲ ਸਾਰੀ ਦੁਨੀਆ ’ਚ ਪ੍ਰਸਿੱਧ ਹੁੰਦੀ ਸੀ। ਭਾਰਤ ਦੇ ਨਾਲ ਬੰਗਲਾਦੇਸ਼ ਦੇ ਸੰਬੰਧ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਚੰਗੇ ਹਨ ਪਰ ਚੀਨ ਵੀ ਉਥੇ ਹਰ ਖੇਤਰ ’ਚ ਘੁਸਪੈਠ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਬੰਗਲਾਦੇਸ਼ ਦੀ ਤਰੱਕੀ ਤੋਂ ਸਭ ਤੋਂ ਵੱਧ ਸਬਕ ਪਾਕਿਸਤਾਨ ਨੂੰ ਲੈਣਾ ਚਾਹੀਦਾ ਹੈ, ਜਿਸਦਾ ਉਹ 1971 ਤਕ ਮਾਲਕ ਸੀ।