ਸ਼੍ਰੀ ਰਾਮ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਤੋਂ ਵਿਰੋਧੀ ਧਿਰ ਦੂਰ ਕਿਉਂ

Wednesday, Jan 03, 2024 - 12:27 PM (IST)

ਸ਼੍ਰੀ ਰਾਮ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਤੋਂ ਵਿਰੋਧੀ ਧਿਰ ਦੂਰ ਕਿਉਂ

ਕਈ ਵਿਰੋਧੀ ਧਿਰ ਪਾਰਟੀਆਂ ਦੇ ਆਗੂਆਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਸੱਦਾ ਮਿਲਣ ਦੇ ਬਾਵਜੂਦ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਣਗੇ। ਕੁਝ ਲੋਕਾਂ ਨੇ ਤਾਂ ਇਸ ਪ੍ਰੋਗਰਾਮ ਦਾ ਹੀ ਤਿੱਖਾ ਵਿਰੋਧ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਰ੍ਹੇ ਆਮ ਲੋਕਾਂ ’ਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਅਤੇ ਉਦਘਾਟਨ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਸਾਫ ਦਿਖਾਈ ਦਿੰਦਾ ਹੈ। ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਅਤੇ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਦੇਸ਼ ’ਚ ਕਾਇਮ ਇਹ ਵਾਤਾਵਰਣ ਗੈਰ-ਸੁਭਾਵਿਕ ਨਹੀਂ ਹੈ।

ਸਾਡੇ ਦੇਸ਼ ’ਚ ਅਜਿਹੇ ਲੋਕਾਂ ਦੀ ਵੱਡੀ ਗਿਣਤੀ ਰਹੀ ਹੈ ਜੋ ਸ਼੍ਰੀ ਰਾਮ ਮੰਦਰ ਅੰਦੋਲਨ ਦੇ ਮਹੱਤਵ ਅਤੇ ਉਸ ਦੇ ਪ੍ਰਭਾਵ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਇਹ ਦੇਖਦੇ ਹੋਏ ਵੀ ਕਿ ਅਯੁੱਧਿਆ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਇਕ ਵੱਡੇ ਵਰਗ ਦਾ ਚਹੇਤਾ ਬਣਾ ਦਿੱਤਾ, ਅਜਿਹੇ ਲੋਕ ਅੱਜ ਤੱਕ ਸੱਚਾਈ ਸਵੀਕਾਰਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦਾ ਇਹੀ ਮੰਨਣਾ ਰਿਹਾ ਹੈ ਕਿ ਭਾਜਪਾ ਅਤੇ ਸੰਘ ਨੇ ਜਾਣਬੁੱਝ ਕੇ ਆਪਣੀ ਸਿਆਸਤ ਲਈ ਸ਼੍ਰੀ ਰਾਮ ਮੰਦਰ ਦੇ ਮੁੱਦੇ ਨੂੰ ਉਠਾਇਆ, ਦੇਸ਼ ’ਚ ਫਿਰਕੂ ਵੰਡ ਕੀਤੀ ਅਤੇ ਹਿੰਦੂਆਂ ਦਾ ਧਰੁਵੀਕਰਨ ਕਰ ਕੇ ਆਪਣਾ ਵੋਟ ਬੈਂਕ ਬਣਾਇਆ।

ਕੁਝ ਆਗੂਆਂ ਦਾ ਬਿਆਨ ਵੀ ਹੈ ਕਿ ਆਖਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਇਸ ਦੀ ਪ੍ਰਾਣ-ਪ੍ਰਤਿਸ਼ਠਾ ਕਿਉਂ ਹੋ ਰਹੀ ਹੈ। ਉਸ ਮੁਤਾਬਕ ਇਹ ਸਿੱਧੇ-ਸਿੱਧੇ ਰਾਮ ਮੰਦਰ ਦਾ ਸਿਆਸੀਕਰਨ ਹੈ। ਕੋਈ ਪਾਰਟੀ ਸਿਆਸਤ ’ਚ ਹੈ, ਕੇਂਦਰ ਦੀ ਸੱਤਾ ’ਚ ਹੈ ਤਾਂ ਉਸ ਦੀ ਭੂਮਿਕਾ ਪਿੱਛੇ ਸਿਆਸਤ ਹੋਵੇਗੀ ਪਰ ਕੀ ਇਹ ਮੰਨ ਲਿਆ ਜਾਵੇ ਕਿ ਪ੍ਰਾਣ-ਪ੍ਰਤਿਸ਼ਠਾ ਦਾ ਪੂਰਾ ਪ੍ਰੋਗਰਾਮ ਸਿਰਫ ਭਾਜਪਾ ਦੀ ਸਿਆਸਤ ਹੈ ਅਤੇ ਉਹ ਇਸ ਦਾ 2024 ਦੀ ਦ੍ਰਿਸ਼ਟੀ ਤੋਂ ਲਾਭ ਲੈਣਾ ਚਾਹੁੰਦੀ ਹੈ।

ਇਸ ਦੇ ਜਵਾਬ ਲਈ ਇਹ ਸਵਾਲ ਕਰਨਾ ਹੋਵੇਗਾ ਕਿ ਫਿਰ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਦਾ ਪ੍ਰੋਗਰਾਮ ਕਦੋਂ ਰੱਖਿਆ ਜਾਣਾ ਚਾਹੀਦਾ ਸੀ। ਜਿਨ੍ਹਾਂ ਲੋਕਾਂ ਲਈ ਅੱਜ ਵੀ ਮੰਦਰ ਕੋਈ ਮੁੱਦਾ ਨਹੀਂ, ਉਨ੍ਹਾਂ ਦੇ ਬਿਆਨ ਦੀ ਇਸ ਸੰਦਰਭ ’ਚ ਕੋਈ ਪ੍ਰਾਸੰਗਿਕਤਾ ਨਹੀਂ ਹੈ। ਉਨ੍ਹਾਂ ਦੀ ਗੱਲ ਛੱਡ ਦਿਓ। ਉਨ੍ਹਾਂ ਸਾਰੇ ਹਿੰਦੂਆਂ ਬਾਰੇ ਵਿਚਾਰ ਕਰੋ ਜਿਨ੍ਹਾਂ ਦੇ ਮਨ ’ਚ ਇਹ ਖਾਹਿਸ਼ ਸੀ ਕਿ ਲਗਭਗ 500 ਸਾਲ ਪਹਿਲਾਂ ਜਿਸ ਪਵਿੱਤਰ ਮੰਦਰ ਨੂੰ ਢਹਿ-ਢੇਰੀ ਕਰ ਕੇ ਮਸਜਿਦ ਬਣਾਈ ਗਈ, ਉੱਥੇ ਮੰਦਰ ਦਾ ਨਿਰਮਾਣ ਹੋਵੇ। ਇਸ ਮੰਦਰ ਨੂੰ ਬਚਾਉਣ ਤੇ ਫਿਰ ਬਾਅਦ ’ਚ ਉਸ ਥਾਂ ਨੂੰ ਹਾਸਲ ਕਰ ਕੇ ਪੂਜਾ ਪਾਠ ਕਰਨ ਲਈ ਸੰਘਰਸ਼ ਦਾ ਲੰਬਾ ਇਤਿਹਾਸ ਹੈ। ਕਈ ਇਤਿਹਾਸਕਾਰਾਂ ਨੇ ਉਸ ਨੂੰ ਮਹੱਤਵ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਅਦਾਲਤਾਂ ’ਚ ਦੋਵਾਂ ਧਿਰਾਂ ਦੀ ਹੋਈ ਬਹਿਸ ਅਤੇ ਪੈਸਿਆਂ ਤੋਂ ਸਾਫ ਹੋ ਗਿਆ ਕਿ ਇਸ ਲਈ ਸੰਘਰਸ਼ ਲਗਾਤਾਰ ਚੱਲਦਾ ਰਿਹਾ। ਇਸ ’ਚ ਹਿੰਦੂਆਂ ਨਾਲ ਸਿੱਖ, ਬੋਧੀ, ਜੈਨ ਸਭ ਦੀ ਭੂਮਿਕਾ ਰਹੀ ਹੈ।

ਇੰਨੇ ਸੰਘਰਸ਼ ਅਤੇ ਆਜ਼ਾਦੀ ਪ੍ਰਾਪਤੀ ਦੇ ਬਾਵਜੂਦ ਲਗਭਗ 72 ਸਾਲ ਦੀ ਕਾਨੂੰਨੀ ਲੜਾਈ ਪਿੱਛੋਂ ਇਸ ਦਾ ਫੈਸਲਾ ਆਇਆ। ਕੀ ਉਸ ਫੈਸਲੇ ਨੂੰ ਸਾਕਾਰ ਕਰਨ ਲਈ ਸਮਾਂ-ਹੱਦ ਦਾ ਸੰਕਲਪ ਨਹੀਂ ਹੋਣਾ ਚਾਹੀਦਾ ਸੀ। ਸਾਡੇ ਦੇਸ਼ ’ਚ ਕਿਸੇ ਵੀ ਨਿਰਮਾਣ ’ਚ ਸਮਾਂ-ਹੱਦ ਦਾ ਸੰਕਲਪ ਨਹੀਂ ਦਿਖਾਉਂਦੇ ਤਾਂ ਉਹ ਕਿੰਨਾ ਅੱਗੇ ਲਮਕ ਜਾਵੇਗਾ, ਇਸ ਦੀ ਕਲਪਨਾ ਸਾਨੂੰ ਸਾਰਿਆਂ ਨੂੰ ਹੈ।

ਇਕ ਨਿਰਮਾਣ ਕਾਰਜ ਸ਼ੁਰੂ ਹੋਣ ਪਿੱਛੋਂ ਉਹ ਕਦੋਂ ਪੂਰਾ ਹੋਵੇਗਾ, ਇਸ ਦੀ ਗਾਰੰਟੀ ਨਹੀਂ ਹੁੰਦੀ। ਉਂਝ ਵੀ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਗਠਨ ਦੇ ਕੁਝ ਸਮੇਂ ਬਾਅਦ ਹੌਲੀ-ਹੌਲੀ ਇਹ ਖਬਰ ਆਉਣ ਲੱਗੀ ਸੀ ਕਿ ਆਮ ਲੋਕਾਂ ਦੇ ਦਰਸ਼ਨ ਅਤੇ ਪੂਜਨ ਲਈ 2023 ਦੇ ਅਖੀਰ ਜਾਂ 2024 ਦੇ ਸ਼ੁਰੂ ’ਚ ਸ਼੍ਰੀ ਰਾਮ ਮੰਦਰ ਖੁੱਲ੍ਹ ਜਾਵੇਗਾ। ਯਕੀਨੀ ਤੌਰ ’ਤੇ ਇਸ ਨੂੰ ਹਰ ਹਾਲ ’ਚ ਪੂਰਾ ਕੀਤਾ ਹੀ ਜਾਣਾ ਚਾਹੀਦਾ ਸੀ। ਕਿਹੜੀ ਚੋਣ ਕਦੋਂ ਹੈ, ਇਸ ਦਾ ਪ੍ਰਭਾਵ ਉਨ੍ਹਾਂ ਚੋਣਾਂ ’ਤੇ ਕੀ ਪਵੇਗਾ, ਇਸ ਦੇ ਨਜ਼ਰੀਏ ਨਾਲ ਵਿਚਾਰ ਕਰਨਾ ਅਣਉਚਿਤ ਹੁੰਦਾ। ਸੰਸਦੀ ਲੋਕਤੰਤਰ ’ਚ ਚੋਣਾਂ ਆਪਣੇ ਸਮੇਂ ’ਤੇ ਆਯੋਜਿਤ ਹੁੰਦੀਆਂ ਹਨ ਅਤੇ ਉਸ ਲਈ ਅਜਿਹੇ ਇਤਿਹਾਸਕ ਸੱਭਿਆਚਾਰਕ ਆਯੋਜਨ ਨੂੰ ਟਾਲਿਆ ਨਹੀਂ ਜਾ ਸਕਦਾ।

ਸੰਕਲਪਬੱਧਤਾ ਅਤੇ ਇਸ ਦਾ ਧਿਆਨ ਰੱਖਦੇ ਹੋਏ ਦਿਨ-ਰਾਤ ਇਕ ਨਹੀਂ ਕੀਤਾ ਜਾਂਦਾ ਤਾਂ 22 ਜਨਵਰੀ ਨੂੰ ਪ੍ਰਾਣ-ਪ੍ਰਤਿਸ਼ਠਾ ਸੰਭਵ ਨਾ ਹੁੰਦੀ। ਸੰਪੂਰਨ ਮੰਦਰ ਤੇ ਉਸ ਨਾਲ ਸਬੰਧਤ ਹੋਰ ਨਿਰਮਾਣ ਕਾਰਜ ਅੱਗੇ ਵੀ ਜਾਰੀ ਰਹਿਣਗੇ। ਅਜਿਹਾ ਆਮ ਤੌਰ ’ਤੇ ਹੁੰਦਾ ਹੈ। ਆਜ਼ਾਦੀ ਪ੍ਰਾਪਤੀ ਪਿੱਛੋਂ ਜਦੋਂ ਸਰਦਾਰ ਵੱਲਭਭਾਈ ਪਟੇਲ, ਕਨੱ੍ਹਈਆਲਾਲ ਮਾਣਿਕ ਲਾਲ ਮੁਨਸ਼ੀ, ਡਾ. ਰਾਜਿੰਦਰ ਪ੍ਰਸਾਦ ਵਰਗੇ ਮਹਾਨ ਆਗੂਆਂ ਨੇ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਦੀ ਯੋਜਨਾ ਬਣਾਈ, ਉਦੋਂ ਵੀ ਉਸ ਦਾ ਵਿਰੋਧ ਹੋਇਆ ਸੀ। ਹਾਲਾਂਕਿ ਉਦੋਂ ਦੇਸ਼ ’ਚ ਨਾ ਮੀਡੀਆ ਦਾ ਇੰਨਾ ਪ੍ਰਸਾਰ ਸੀ ਤੇ ਨਾ ਹੀ ਸਿਆਸਤ ’ਚ ਅਜਿਹੀ ਤਿੱਖੀ ਵੰਡ ਅਤੇ ਵੋਟ ਦੀ ਰਣਨੀਤੀ ਦੀ ਨਜ਼ਰ ਤੋਂ ਹੀ ਹਰ ਮੁੱਦੇ ’ਤੇ ਆਪਣਾ ਸਟੈਂਡ ਲੈਣ ਦਾ ਮਾਹੌਲ ਸੀ।

ਸੋਮਨਾਥ ਮੰਦਰ ਦੀ ਮੁੜ ਉਸਾਰੀ, ਪ੍ਰਾਣ-ਪ੍ਰਤਿਸ਼ਠਾ ਤੇ ਨਿਰਮਾਣ ਦੀ ਪੂਰੀ ਕਥਾ ਜਿਨ੍ਹਾਂ ਨੂੰ ਪਤਾ ਹੈ, ਉਹ ਕਿਸੇ ਤਰ੍ਹਾਂ ਦਾ ਸਵਾਲ ਨਹੀਂ ਉਠਾ ਸਕਦੇ। 8 ਮਈ, 1950 ਨੂੰ ਮੰਦਰ ਦੀ ਨੀਂਹ ਰੱਖੀ ਗਈ ਅਤੇ 11 ਮਈ, 1951 ਨੂੰ ਭਾਰਤ ਦੇ ਪ੍ਰਥਮ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਮੰਦਰ ’ਚ ਜਯੋਤਿਰਲਿੰਗ ਸਥਾਪਿਤ ਕੀਤਾ। ਉਦੋਂ ਤੱਕ ਮੰਦਰ ਦਾ ਸੰਪੂਰਨ ਨਿਰਮਾਣ ਨਹੀਂ ਹੋ ਸਕਿਆ ਸੀ। ਇਕ ਮਹੂਰਤ ਤੈਅ ਹੋ ਗਿਆ ਸੀ ਤੇ ਭਾਵਨਾ ਇਹੀ ਸੀ ਕਿ ਲੰਬੇ ਸਮੇਂ ਤੋਂ ਬੰਦ ਜਯੋਤਿਰਲਿੰਗ ਦਾ ਦਰਸ਼ਨ ਪੂਜਨ ਜਿੰਨੀ ਜਲਦੀ ਸ਼ੁਰੂ ਹੋ ਜਾਵੇ, ਓਨਾ ਹੀ ਚੰਗਾ।

ਦੂਰਦਰਸ਼ੀ ਆਗੂਆਂ ਦਾ ਮੰਨਣਾ ਸੀ ਕਿ ਜਯੋਤਿਰਲਿੰਗ ਦੀ ਪ੍ਰਾਣ-ਪ੍ਰਤਿਸ਼ਠਾ ਨਾਲ ਹੌਲੀ-ਹੌਲੀ ਦੇਸ਼ ਦਾ ਵਾਯੂਮੰਡਲ ਬਦਲੇਗਾ ਤੇ ਭਾਰਤ ਫਿਰ 15 ਅਗਸਤ, 1947 ਦੇ ਪਹਿਲੇ ਦੀ ਦੁਰਦਸ਼ਾ ਨੂੰ ਪ੍ਰਾਪਤ ਨਹੀਂ ਹੋਵੇਗਾ। ਧਿਆਨ ਰੱਖੋ, ਮੌਜੂਦਾ ਸਮੇਂ ’ਚ ਸੋਮਨਾਥ ਮੰਦਰ ਦਾ ਨਿਰਮਾਣ 1962 ’ਚ ਜਾ ਕੇ ਪੂਰਾ ਹੋਇਆ। ਇਸ ਲਈ ਅੱਧੇ-ਅਧੂਰੇ ਮੰਦਰ ’ਚ ਪ੍ਰਾਣ-ਪ੍ਰਤਿਸ਼ਠਾ ਦਾ ਸਵਾਲ ਉਠਾਉਣ ਵਾਲੇ ਸੋਮਨਾਥ ਮੰਦਰ ਦੇ ਇਤਿਹਾਸ ਨੂੰ ਜ਼ਰੂਰ ਪੜ੍ਹ ਲੈਣ।

ਅਸਲ ’ਚ ਇਸ ਤਰ੍ਹਾਂ ਦਾ ਸਵਾਲ ਉਠਾਉਣ ਵਾਲੇ ਲੋਕਾਂ ਦੀ ਸੋਚ ਨੂੰ ਸਮਝਣਾ ਔਖਾ ਨਹੀਂ ਹੈ। ਇਸ ’ਚ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਮੰਦਰ ਤੋਂ ਹੀ ਸਮੱਸਿਆ ਰਹੀ ਹੈ ਤੇ ਜਿਨ੍ਹਾਂ ਦੀ ਸਿਆਸਤ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕੁਝ ਸੰਘ ਅਤੇ ਭਾਜਪਾ ਦੇ ਸਥਾਈ ਵਿਰੋਧੀ ਹਨ। ਕਿਸੇ ਸੰਗਠਨ ਜਾਂ ਸਿਆਸੀ ਪਾਰਟੀ ਦਾ ਵਿਰੋਧ ਕਰਨ ’ਚ ਸਮੱਸਿਆ ਨਹੀਂ ਹੈ ਪਰ ਹਰ ਵਿਸ਼ੇ ’ਚ ਸਾਡੇ ਵਿਰੋਧ ਦਾ ਹੀ ਸਟੈਂਡ ਰਹੇੇ, ਇਹ ਆਪਣੀ ਨਕਾਰਾਤਮਕਤਾ ਅਤੇ ਨਿਰਾਸ਼ਾ ਨੂੰ ਪ੍ਰਮਾਣਿਤ ਕਰਦਾ ਹੈ।

ਰਾਮ ਮੰਦਰ ਸਿਰਫ ਇਕ ਮੰਦਰ ਦਾ ਨਿਰਮਾਣ ਨਹੀਂ ਹੈ, ਭਾਰਤ ਦੇ ਸੱਭਿਆਚਾਰਕ ਪੁਨਰ-ਜਾਗਰਣ, ਇਕ ਅਧਿਆਤਮਕ ਰਾਸ਼ਟਰ ਵਜੋਂ ਭਾਰਤ ਦੀ ਚੜ੍ਹਤ ਅਤੇ ਵਿਸ਼ਵ ਭਲਾਈ ਲਈ ਸਮਰਪਿਤ ਭਾਵਨਾ ਵਾਲੇ ਦੇਸ਼ ਦੀ ਚੜ੍ਹਾਈ ਦੇ ਨਜ਼ਰੀਏ ਤੋਂ ਇਸ ਦਾ ਮਹੱਤਵ ਹੈ। ਮੰਦਰ ਦੀਆਂ ਮੂਰਤੀਆਂ ਪੱਥਰਾਂ ਜਾਂ ਧਾਤਾਂ ਦੀਆਂ ਹੋਣ, ਪ੍ਰਾਣ-ਪ੍ਰਤਿਸ਼ਠਾ ਤੇ ਫੈਸਲਾਕੁੰਨ ਪੂਜਨ ਨਾਲ ਉਹ ਮੁਕੰਮਲ ਵਾਤਾਵਰਣ ਨੂੰ ਸਕਾਰਾਤਮਕ ਊਰਜਾ ਨਾਲ ਪੂਰਨ ਕਰਨ ਦਾ ਕੇਂਦਰ ਬਣਦਾ ਹੈ। ਸੰਘ ਪਰਿਵਾਰ ਜਾਂ ਹੋਰ ਹਿੰਦੂ ਸੰਗਠਨਾਂ ਲਈ ਇਹ ਅੰਦੋਲਨ ਕਿਸੇ ਇਕ ਮੰਦਰ ਦੇ ਨਿਰਮਾਣ ਤੱਕ ਹੀ ਸੀਮਤ ਨਹੀਂ ਸੀ।

ਉਹ ਭਾਰਤ ਦੀ ਬੇਹੱਦ ਅੰਦਰਲੀ ਤਾਕਤ-ਆਤਮਿਕ-ਸੱਭਿਆਚਾਰਕ ਹਾਰ-ਜਿੱਤ ਨਾਲ ਸਾਰੇ ਦੇਸ਼ ਅੰਦਰ ਫੈਲੀ ਹੀਣਤਾ ’ਚੋਂ ਕੱਢ ਕੇ ਭਾਰਤ ਨੂੰ ਉਸ ਦੇ ਮਾਣ ਅਤੇ ਪੁਨਰ-ਸਥਾਪਿਤ ਕਰਨ ਦੀ ਸਾਧਨਾ ਦਾ ਅੰਗ ਸੀ। ਕਿਸੇ ਦਾ ਸੰਘ ਜਾਂ ਹੋਰ ਸੰਗਠਨਾਂ ਨਾਲ ਜਿੰਨਾ ਵੀ ਮਤਭੇਦ ਹੋਵੇ, ਸ਼੍ਰੀ ਰਾਮ ਮੰਦਰ ਅੰਦੋਲਨ ਨੇ ਭਾਰਤ ’ਚ ਸੱਭਿਆਚਾਰਕ ਪੁਨਰ-ਜਾਗਰਣ ਅਤੇ ਇਕ ਸੱਭਿਆਚਾਰਕ ਪਛਾਣ ਦੇ ਨਾਲ ਰਾਸ਼ਟਰ ਦੀ ਚੜ੍ਹਤ ਦਾ ਮੁਕੰਮਲ ਸੰਕੇਤ ਦਿੱਤਾ। ਹੌਲੀ-ਹੌਲੀ ਇਸ ਦੇ ਪਿੱਛੇ ਵਿਰੋਧ ’ਚ ਕਮੀ ਆਈ ਤੇ ਅਜਿਹੇ ਲੋਕ ਵੀ ਅੰਦਰੋਂ ਮੰਨਣ ਲੱਗੇ ਕਿ ਉੱਥੇ ਮੰਦਰ ਨਿਰਮਾਣ ਹੀ ਹੋਣਾ ਚਾਹੀਦਾ ਹੈ ਜੋ ਪਹਿਲਾਂ ਇਹ ਮੰਨਦੇ ਨਹੀਂ ਸੀ। ਸਿਆਸੀ ਪਾਰਟੀਆਂ ਦੇ ਸਾਹਮਣੇ ਸਮੱਸਿਆ ਇਹ ਹੋ ਗਈ ਕਿ ਰਾਮ ਮੰਦਰ ਦਾ ਵਿਰੋਧ ਕਰਨਗੇ ਤਾਂ ਇਕ ਵੱਡੇ ਵਰਗ ਦੀ ਵੋਟ ਤੋਂ ਵਾਂਝੇ ਹੋ ਜਾਣਗੇ। ਇਸ ਲਈ ਕਈ ਪਾਰਟੀਆਂ ਅਤੇ ਆਗੂ ਨਾ ਚਾਹੁੰਦੇ ਹੋਏ ਵੀ ਇਸ ਵਿਰੋਧ ’ਚ ਖੜ੍ਹੇ ਹੋਣ ਤੋਂ ਬਚਣ ਲੱਗੇ। ਇਹ ਬਦਲੇ ਹੋਏ ਭਾਰਤ ਦਾ ਨਤੀਜਾ ਸੀ ਜੋ ਅੱਜ ਤੱਕ ਕਾਇਮ ਹੈ। ਇਸ ਲਈ ਰਾਮ ਮੰਦਰ ਦਾ ਜਨਤਕ ਵਿਰੋਧ ਕਰਨ ਵਾਲੇ ਆਗੂਆਂ ਦੀ ਗਿਣਤੀ ਕਾਫੀ ਘੱਟ ਹੋ ਗਈ।

ਕਿਉਂਕਿ ਲੰਬੇ ਸਮੇਂ ਤੱਕ ਤੁਸੀਂ ਅੰਦੋਲਨ ਦਾ ਵਿਰੋਧ ਕੀਤਾ, ਮੰਦਰ ਦੀ ਹੋਂਦ ਨੂੰ ਵੀ ਨਕਾਰਨ ਦੀ ਮੁਹਿੰਮ ਚਲਾਈ ਅਤੇ ਕੁਝ ਤਾਂ ਇਸ ਤੋਂ ਅੱਗੇ ਵਧ ਕੇ ਸ਼੍ਰੀ ਰਾਮ ਨੂੰ ਹੀ ਇਕ ਮਿੱਥ ਸਾਬਤ ਕਰਦੇ ਰਹੇ। ਅਜਿਹੇ ਲੋਕ ਅਦਾਲਤ ’ਚ ਵੀ ਗਏ। ਹਾਲਾਂਕਿ ਉਨ੍ਹਾਂ ਨੂੰ ਲਗਾਤਾਰ ਮੂੰਹ ਦੀ ਖਾਣੀ ਪਈ ਕਿਉਂਕਿ ਤੱਥ ਇਸ ਦੇ ਉਲਟ ਸਨ। ਲਗਾਤਾਰ ਵਿਰੋਧ ਕਰਨ ਤੇ ਨਕਾਰਨ ਪਿੱਛੋਂ ਉਨ੍ਹਾਂ ਸਭ ਲਈ ਮੰਦਰ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਹੋਣਾ ਔਖਾ ਹੈ ਅਤੇ ਇਸ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਆਖਿਰ ਕੱਲ ਤੱਕ ਵਿਰੋਧ ਕਰਨ ਵਾਲਿਆਂ ਨੂੰ ਲੱਗਦਾ ਹੋਵੇਗਾ ਕਿ ਉਹ ਕਿਸ ਮੂੰਹ ਨਾਲ ਉੱਥੇ ਜਾਣ। ਇਨ੍ਹਾਂ ਦੀਆਂ ਸਮੱਸਿਆਵਾਂ ਕਾਰਨ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਨਹੀਂ ਰੁਕ ਸਕਦੀ। ਹਾਲਾਂਕਿ ਇਨ੍ਹਾਂ ਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ, ਭਾਜਪਾ ਅਤੇ ਸੰਘ ਇਸ ਦਾ ਲਾਭ ਲੈ ਜਾਣਗੇ ਤਾਂ ਇਨ੍ਹਾਂ ਨੂੰ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ।

ਅਵਧੇਸ਼ ਕੁਮਾਰ


author

Tanu

Content Editor

Related News