ਅਰਵਿੰਦ ਕੇਜਰੀਵਾਲ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ

02/17/2020 1:51:34 AM

ਰਾਹਿਲ ਨੋਰਾ ਚੋਪੜਾ 

ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਤਿੰਨ ਚੀਜ਼ਾਂ ਸਾਬਿਤ ਹੋਈਆਂ ਹਨ, ਜਿਨ੍ਹਾਂ ਨੇ ਵੋਟਰਾਂ ’ਤੇ ਕਾਫੀ ਪ੍ਰਭਾਵ ਪਾਇਆ ਹੈ। ਪਹਿਲੀ, ਦਿੱਲੀ ਦੇ ਵੋਟਰਾਂ ਨੇ ਉਸ ਪਾਰਟੀ ਦਾ ਸਮਰਥਨ ਕੀਤਾ, ਜਿਸ ਨੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਨਾਂ ਐਲਾਨਿਆ। ਦੂਜੀ, ਪਾਰਟੀ ਵਲੋਂ ਕੀਤਾ ਗਿਆ ਕੰਮ। ਤੀਜੀ, ਦਿੱਲੀ ਦੀਆਂ ਚੋਣਾਂ ’ਚ ਧਾਰਮਿਕ ਮੁੱਦੇ ਬੇਅਸਰ ਰਹੇ। ਅਰਵਿੰਦ ਕੇਜਰੀਵਾਲ ਇਕ ਮਜ਼ਬੂਤ ਮੁੱਖ ਮੰਤਰੀ ਸਾਬਿਤ ਹੋਏ, ਜਿਨ੍ਹਾਂ ਦਿੱਲੀ ਦੀ ਜਨਤਾ ਦੇ ਕਲਿਆਣ ਲਈ ਕੰਮ ਕੀਤਾ। ਐਤਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ’ਚ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ। ਉਨ੍ਹਾਂ ਦੀ ਪਿਛਲੀ ਸਰਕਾਰ ਵਿਚ ਮੰਤਰੀ ਰਹੇ 6 ਵਿਅਕਤੀਆਂ ਨੰਬਰ 1 ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਜਿੰਦਰ ਗੌਤਮ ਨੂੰ ਮੰਤਰੀ ਮੰਡਲ ’ਚ ਬਰਕਰਾਰ ਰੱਖਿਆ ਗਿਆ ਹੈ। ਰਾਮਲੀਲਾ ਮੈਦਾਨ ਦੇ ਆਸ-ਪਾਸ ਕੇਜਰੀਵਾਲ ਦੇ ਚਿੱਤਰ ਦੇ ਨਾਲ ਵੱਡੇ-ਵੱਡੇ ਬੈਨਰ ਲੱਗੇ ਸਨ, ਜਿਨ੍ਹਾਂ ’ਤੇ ‘ਧੰਨਵਾਦ ਦਿੱਲੀ’ ਵਰਗੇ ਸੰਦੇਸ਼ ਲਿਖੇ ਹੋਏ ਸਨ। ਇਹ ਪ੍ਰੋਗਰਾਮ ਆਮ ਜਨਤਾ ਲਈ ਖੁੱਲ੍ਹਾ ਸੀ ਪਰ ਇਸ ਵਿਚ ਪ੍ਰਮੁੱਖ ਸਿਆਸਤਦਾਨਾਂ ਦਾ ਇਕੱਠ ਨਹੀਂ ਦਿਸਿਆ। ਪ੍ਰੋਗਰਾਮ ਵਿਚ ਮੁੱਖ ਆਕਰਸ਼ਣ ਲੱਗਭਗ 50 ਆਮ ਲੋਕ ਸਨ, ਜੋ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਨ ਅਤੇ ਜੋ ਦਿੱਲੀ ਦੇ ਨਿਰਮਾਤਾ ਕਹੇ ਜਾ ਰਹੇ ਹਨ ਅਤੇ ਜਿਨ੍ਹਾਂ ਨੇ ਪਿਛਲੇ 5 ਸਾਲਾਂ ਵਿਚ ਸ਼ਹਿਰ ਦੇ ਵਿਕਾਸ ’ਚ ਕਾਫੀ ਯੋਗਦਾਨ ਦਿੱਤਾ। ਇਹ ਲੋਕ ਕੇਜਰੀਵਾਲ ਨਾਲ ਮੰਚ ’ਤੇ ਹਾਜ਼ਰ ਰਹੇ। ਇਨ੍ਹਾਂ ਲੋਕਾਂ ’ਚ ਵਿਦਿਆਰਥੀ, ਮੁਹੱਲਾ ਕਲੀਨਕ ਦੇ ਡਾਕਟਰਸ, ਸਕੂਲ ਅਧਿਆਪਕ, ਬੱਸ ਮਾਰਸ਼ਲ, ਕਿਸਾਨ, ਬਿਜ਼ਨੈੱਸਮੈਨ, ਆਟੋ ਡਰਾਈਵਰ, ਮੈਟਰੋ ਪਾਇਲਟ ਅਤੇ ਐੱਨ. ਜੀ. ਓਜ਼ ਦੇ ਕੁਝ ਲੋਕ ਸ਼ਾਮਲ ਸਨ। ਸਹੁੰ ਚੁੱਕਣ ਤੋਂ ਬਾਅਦ ਸਮਾਰੋਹ ਦੌਰਾਨ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਵਿਕਾਸ ਕੰਮਾਂ ਦਾ ਸਮਰਥਨ ਕਰਨ ਲਈ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ ਕਿਸੇ ਨੂੰ ਵੀ ਵੋਟ ਦਿੱਤੀ ਹੋਵੇ, ਤੁਸੀਂ ਮੇਰੇ ਪਰਿਵਾਰ ਦਾ ਹਿੱਸਾ ਹੋ।

ਬਿਹਾਰ ਵਿਧਾਨ ਸਭਾ ਚੋਣਾਂ ’ਚ ਬਰਾਬਰ ਸੀਟਾਂ ਚਾਹੁੰਦੀ ਹੈ ਕਾਂਗਰਸ

ਦਿੱਲੀ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਹੁਣ ਰਾਜਨੀਤੀ ਦਾ ਕੇਂਦਰ ਬਿਹਾਰ ਵੱਲ ਸ਼ਿਫਟ ਹੋ ਗਿਆ ਹੈ। ਕੁਝ ਵਿਰੋਧੀ ਨੇਤਾਵਾਂ ਦਾ ਕਹਿਣਾ ਹੈ ਕਿ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਬਿਹਾਰ ’ਚ ਨਵੀਆਂ ਗਿਣਤੀਆਂ-ਮਿਣਤੀਆਂ ਹੋ ਰਹੀਆਂ ਹਨ। ਹਾਲਾਂਕਿ ਕਾਂਗਰਸ ਨੇ ਬਿਹਾਰ ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਬਿਹਾਰ ਦੇ ਇਕ ਸੀਨੀਅਰ ਕਾਂਗਰਸ ਨੇਤਾ ਅਨੁਸਾਰ ਕਾਂਗਰਸ ਇਸ ਵਾਰ ਰਾਜਦ ਦੇ ਬਰਾਬਰ ਸੀਟਾਂ ਦੀ ਮੰਗ ਰੱਖੇਗੀ। ਇਥੇ ਵਿਧਾਨ ਸਭਾ ਵਿਚ ਕੁਲ ਸੀਟਾਂ 243 ਹਨ। ਪਿਛਲੀਆਂ ਵਿਧਾਨ ਚੋਣਾਂ ’ਚ ਕਾਂਗਰਸ ਨੇ 41 ਸੀਟਾਂ ’ਤੇ ਚੋਣ ਲੜੀ ਸੀ ਅਤੇ ਜਦ (ਯੂ) ਅਤੇ ਰਾਜਦ ਦੋਵੇਂ ਨੇ 101-101 ਸੀਟਾਂ ’ਤੇ ਚੋਣ ਲੜੀ ਸੀ ਪਰ ਚੋਣਾਂ ਤੋਂ ਬਾਅਦ 71 ਸੀਟਾਂ ਜਿੱਤਣ ਵਾਲੀ ਜਦ (ਯੂ) ਨੇ ਗੱਠਜੋੜ ਨੂੰ ਛੱਡ ਕੇ ਭਾਜਪਾ ਨਾਲ ਹੱਥ ਮਿਲਾ ਲਿਆ ਸੀ। ਕਾਂਗਰਸ ਨੇ ਅਜਿਹੀਆਂ 55 ਸੀਟਾਂ ਦੀ ਪਛਾਣ ਕੀਤੀ ਹੈ, ਜਿਥੇ ਉਹ ਸੱਤਾਧਾਰੀ ਗੱਠਜੋੜ ਜਦ (ਯੂ) ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਸਖਤ ਟੱਕਰ ਦੇ ਸਕਦੀ ਹੈ। 2015 ਵਿਚ ਕਾਂਗਰਸ ਨੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ’ਤੇ ਜ਼ੋਰ ਦਿੱਤਾ ਸੀ ਅਤੇ ਮੌਜੂਦਾ ਸਮੇਂ ਵਿਚ ਕਾਂਗਰਸ ਰਾਜਦ ਨੇਤਾ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਸਵੀਕਾਰ ਕਰਨ ਲਈ ਤਿਆਰ ਹੈ ਪਰ ਤਿੰਨ ਹੋਰ ਗੱਠਜੋੜ ਸਹਿਯੋਗੀ ਆਰ. ਐੱਲ. ਐੱਸ. ਪੀ. -ਹਮ-ਵੀ. ਆਈ. ਪੀ., ਸ਼ਰਦ ਯਾਦਵ ਨੂੰ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਤੌਰ ’ਤੇ ਪੇਸ਼ ਕਰਨਾ ਚਾਹੁੰਦੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ੳੁਨ੍ਹਾਂ ਦਾ ਪੀ. ਐੱਮ. ਅਤੇ ਸੀ. ਐੱਮ. ਉਮੀਦਵਾਰ ਕੌਣ ਹੋਵੇਗਾ। ਕਾਂਗਰਸ ਦੇ ਇਕ ਸੀਨੀਅਰ ਨੇਤਾ ਅਨੁਸਾਰ ਜੇਕਰ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਾਇਆ ਜਾਂਦਾ ਹੈ ਤਾਂ ਉੱਚੀਆਂ ਜਾਤੀਆਂ ਦੀਆਂ ਵੋਟਾਂ ਇਕ ਫਿਰ ਜਦ (ਯੂ)-ਭਾਜਪਾ ਗੱਠਜੋੜ ਨੂੰ ਮਿਲਣਗੀਆਂ ਅਤੇ ਜੇਕਰ ਉਹ ਉੱਚੀਆਂ ਜਾਤੀਆਂ ਦੀਆਂ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ ਤਾਂ ਵਿਰੋਧੀ ਗੱਠਜੋੜ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ।

ਜਯੋਤਿਰਾਦਿੱਤਿਆ ਸਿੰਧੀਆ ਬਨਾਮ ਕਮਲਨਾਥ

ਮੱਧ ਪ੍ਰਦੇਸ਼ ਕਾਂਗਰਸ ਵਿਚ ਮੱਤਭੇਦ ਲਗਾਤਾਰ ਵਧ ਰਹੇ ਹਨ ਕਿਉਂਕਿ ਕਮਲਨਾਥ ਨੇ ਮੁੱਖ ਮੰਤਰੀ ਅਹੁਦੇ ਦੇ ਨਾਲ-ਨਾਲ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਵੀ ਕਬਜ਼ਾ ਜਮਾਇਆ ਹੋਇਆ ਹੈ। ਹਾਲਾਂਕਿ ਕਾਂਗਰਸ ਜਨਰਲ ਸਕੱਤਰ ਜਯੋਤਿਰਾਦਿੱਤਿਆ ਸਿੰਧੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੱਧ ਪ੍ਰਦੇਸ਼ ਸਰਕਾਰ ਵਲੋਂ ਵਾਅਦੇ ਅਨੁਸਾਰ ਐਲਾਨ-ਪੱਤਰ ’ਤੇ ਅਮਲ ਨਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਉਤਰਨਗੇ। ਤਾਲਮੇਲ ਕਮੇਟੀ ਦੀ ਬੈਠਕ ਤੋਂ ਅਚਾਨਕ ਉਨ੍ਹਾਂ ਦਾ ਚਲੇ ਜਾਣਾ ਵੀ ਦੋਵਾਂ ਨੇਤਾਵਾਂ ਵਿਚ ਵਧ ਰਹੀ ਦੂਰੀ ਦਾ ਸੰਕੇਤ ਹੈ। ਮੁੱਖ ਮੰਤਰੀ ਕਮਲਨਾਥ ਨੇ ਉਨ੍ਹਾਂ ਨੂੰ ਆਪਣੀ ਮਨਮਰਜ਼ੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਸੀ. ਐੱਮ. ਨੇ ਐਲਾਨ ਕੀਤਾ ਹੈ ਕਿ ਸੋਨੀਆ ਗਾਂਧੀ ਛੇਤੀ ਹੀ ਪਾਰਟੀ ਦੇ ਸੂਬਾਈ ਪ੍ਰਧਾਨ ਦਾ ਨਾਂ ਤੈਅ ਕਰੇਗੀ।

ਮਹਾਰਾਸ਼ਟਰ ਸਰਕਾਰ ’ਚ ਮੱਤਭੇਦ

ਸਰਕਾਰ ਟੁੱਟਣ ਦੇ ਕੰਢੇ ’ਤੇ ਹੈ ਕਿਉਂਕਿ ਸੱਤਾਧਾਰੀ ਗੱਠਜੋੜ ਦੇ ਤਿੰਨ ਸਹਿਯੋਗੀਆਂ ਵਿਚ ਮੱਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਸੀਨੀਅਰ ਕਾਂਗਰਸੀ ਨੇਤਾ ਅਤੇ ਪਾਰਟੀ ਦੇ ਮਹਾਰਾਸ਼ਟਰ ਦੇ ਇੰਚਾਰਜ ਮਲਿਕਾਰਜੁਨ ਖੜਗੇ ਨੇ ਮੁੱਖ ਮੰਤਰੀ ਊਧਵ ਠਾਕਰੇ ਵਲੋਂ ਐਲਗਾਰ ਪ੍ਰੀਸ਼ਦ ਮਾਮਲੇ ਨੂੰ ਐੱਨ. ਆਈ. ਏ. ਨੂੰ ਸੌਂਪੇ ਜਾਣ ’ਤੇ ਅਸੰਤੋਸ਼ ਜ਼ਾਹਿਰ ਕੀਤਾ ਹੈ। ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਕੇਂਦਰ ਵਲੋਂ ਐੱਨ. ਆਈ. ਏ. ਨੂੰ ਐਲਗਾਰ ਪ੍ਰੀਸ਼ਦ ਮਾਮਲੇ ਨੂੰ ਆਪਣੇ ਹੱਥ ਵਿਚ ਲੈਣ ਲਈ ਕਹਿਣਾ ਅਣਉਚਿਤ ਸੀ ਪਰ ਪ੍ਰਦੇਸ਼ ਸਰਕਾਰ ਵਲੋਂ ਇਸ ਦੀ ਮਨਜ਼ੂਰੀ ਦੇਣਾ ਹੋਰ ਅਣਉਚਿਤ ਸੀ। ਖੜਗੇ ਨੇ ਇਹ ਵੀ ਕਿਹਾ, ‘‘ਇਹ ਠੀਕ ਨਹੀਂ ਹੈ। ਅਸੀਂ ਸਹਿਯੋਗੀ ਹਾਂ ਅਤੇ ਅਜਿਹੀਅਾਂ ਗੱਲਾਂ ’ਤੇ ਚਰਚਾ ਹੋਣੀ ਚਾਹੀਦੀ ਹੈ। ਊਧਵ ਠਾਕਰੇ ਕੋਲ ਸੱਤਾ ਹੈ ਪਰ ਇਸ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ। ਸਾਡੇ ਮੰਤਰੀ ਉੱਥੇ ਹਨ, ਉਹ ਇਸ ਦੇ ਲਈ ਲੜਨਗੇ। ਐਲਗਾਰ ਪ੍ਰੀਸ਼ਦ ਮਾਮਲੇ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਐੱਨ. ਪੀ. ਆਰ. ਸ਼ੁਰੂ ਕਰਨ ਲਈ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਕਾਂਗਰਸ ਅਤੇ ਰਾਕਾਂਪਾ ਨੇ ਜਨਤਕ ਤੌਰ ’ਤੇ ਇਸ ਦਾ ਵਿਰੋਧ ਕੀਤਾ ਹੈ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਵਿਚ ਮੱਤਭੇਦ ਹੋਣ ਕਾਰਣ ਮਹਾਰਾਸ਼ਟਰ ’ਚ ਛੇਤੀ ਹੀ ਮੱਧਕਾਲੀ ਚੋਣਾਂ ਹੋਣਗੀਆਂ। ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਪ੍ਰਦੇਸ਼ ਵਰਕਿੰਗ ਕਮੇਟੀ ਦੀ ਬੈਠਕ ’ਚ ਐਲਾਨ ਕੀਤਾ ਹੈ ਕਿ ਅੰਦਰੂਨੀ ਮੱਤਭੇਦਾਂ ਕਾਰਣ ਤਿੰਨ ਪਾਰਟੀਆਂ ਦੀ ਸਰਕਾਰ ਛੇਤੀ ਹੀ ਡਿਗ ਜਾਏਗੀ। ਉੱਧਰ ਇਕ ਰੈਲੀ ਦੌਰਾਨ ਊਧਵ ਠਾਕਰੇ ਨੇ ਸ਼ਰਦ ਪਵਾਰ ਦੀ ਹਾਜ਼ਰੀ ਵਿਚ ਭਾਜਪਾ ’ਤੇ ਹਮਲਾ ਕੀਤਾ ਹੈ।

ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ

ਦਿੱਲੀ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਜਿੱਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਭਾਰਤ ਦੀ ਆਤਮਾ ਨੂੰ ਬਚਾਉਣ ਲਈ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ ਹੈ। ਇਹ ਪ੍ਰਸ਼ਾਂਤ ਹੀ ਸਨ, ਜਿਨ੍ਹਾਂ ਨੇ ਕੇਜਰੀਵਾਲ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਜਾਰੀ ਮੁਹਿੰਮ ’ਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਸ਼ਾਹੀਨ ਬਾਗ ਨਾ ਜਾਣ ਕਿਉਂਕਿ ਕੇਜਰੀਵਾਲ ਨੂੰ ਕਈ ਵਾਰ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਨ ਲਈ ਬੁਲਾਇਆ ਗਿਆ ਸੀ। ਉਨ੍ਹਾਂ ਨੇ ਕੇਜਰੀਵਾਲ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਉਹ ਜਾਮੀਆ ’ਚ ਹੋਏ ਪੁਲਸ ਅੱਤਿਆਚਾਰ ਵਿਰੁੱਧ ਨਾ ਬੋਲਣ ਕਿਉਂਕਿ ਅਮਿਤ ਸ਼ਾਹ ‘ਆਪ’ ਦੇ ਬਿਆਨ ਦਾ ਸੀ. ਏ. ਏ. ਦੇ ਵਿਰੁੱਧ ਫਾਇਦਾ ਉਠਾ ਸਕਦੇ ਹਨ। ਹੁਣ ਪ੍ਰਸ਼ਾਂਤ ਕਿਸ਼ੋਰ ਇਸ ਸਾਲ ਦੇ ਅਖੀਰ ਵਿਚ ਬਿਹਾਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਵਿਰੋਧੀ ਗੱਠਜੋੜ ਬਣਾਉਣ ’ਚ ਰੁੱਝੇ ਹੋਏ ਹਨ।


Bharat Thapa

Content Editor

Related News