ਅਰਵਿੰਦ ਦਾ ਆਤਿਸ਼ੀ- ਦਾਅ ਵਿਗਾੜੇਗਾ ਵਿਰੋਧੀ ਧਿਰ ਦੀ ਰਣਨੀਤੀ!

Thursday, Sep 19, 2024 - 04:01 PM (IST)

ਅਰਵਿੰਦ ਦਾ ਆਤਿਸ਼ੀ- ਦਾਅ ਵਿਗਾੜੇਗਾ ਵਿਰੋਧੀ ਧਿਰ ਦੀ ਰਣਨੀਤੀ!

ਹਾਰ-ਜਿੱਤ ਤਾਂ ਦਿੱਲੀ ਦੇ ਵੋਟਰ ਤੈਅ ਕਰਨਗੇ ਪਰ ਅਰਵਿੰਦ ਕੇਜਰੀਵਾਲ ਨੇ ਆਪਣੀ ਥਾਂ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਉਣ ਦੇ ਦਾਅ ਨਾਲ ਕਈ ਨਿਸ਼ਾਨੇ ਸਾਧਨ ਦੀ ਕੋਸ਼ਿਸ਼ ਕੀਤੀ ਹੈ। ਸ਼ਰਾਬ ਘਪਲੇ ’ਚ ਗ੍ਰਿਫਤਾਰੀ ਤੋਂ ਪਿੱਛੋਂ ਤੋਂ ਹੀ ਭਾਜਪਾ, ਕੇਜਰੀਵਾਲ ਦਾ ਅਸਤੀਫਾ ਮੰਗਦੀ ਰਹੀ ਪਰ ਉਨ੍ਹਾਂ ਨੇ ਦਿੱਤਾ ਆਪਣੀ ਰਣਨੀਤੀ ਮੁਤਾਬਕ। 13 ਸਤੰਬਰ ਨੂੰ ਸੁਪਰੀਮ ਕੋਰਟ ’ਚੋਂ ਜ਼ਮਾਨਤ ਮਿਲਣ ਦੇ 2 ਦਿਨ ਬਾਅਦ ਕੇਜਰੀਵਾਲ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ।

17 ਸਤੰਬਰ ਨੂੰ ਅਸਤੀਫਾ ਹੋ ਗਿਆ ਅਤੇ ‘ਆਪ’ ਵਿਧਾਇਕ ਦਲ ਦਾ ਨਵਾਂ ਆਗੂ ਚੁਣੇ ਜਾਣ ਪਿੱਛੋਂ ਆਤਿਸ਼ੀ ਨੇ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਫਤਵੇ ਰਾਹੀਂ ਦਿੱਲੀ ਦੇ ਵੋਟਰਾਂ ਵਲੋਂ ਉਨ੍ਹਾਂ ਨੂੰ ‘ਈਮਾਨਦਾਰ’ ਮੰਨ ਲੈਣ ਪਿੱਛੋਂ ਹੀ ਅਹੁਦਾ ਲੈਣਗੇ। ਜ਼ਾਹਿਰ ਹੈ, ਆਤਿਸ਼ੀ ਚੋਣਾਂ ਤਕ ਹੀ ਮੁੱਖ ਮੰਤਰੀ ਰਹੇਗੀ। ਉਂਝ, ਲੀਡਰਸ਼ਿਪ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹੋਏ ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ ਉਹ ਦਿਖਾਏ ਗਏ ਭਰੋਸੇ ਲਈ ਧੰਨਵਾਦੀ ਹਨ ਪਰ ਦਿੱਲੀ ਦਾ ਸਿਰਫ਼ ਇਕ ਹੀ ਮੁੱਖ ਮੰਤਰੀ ਹੈ ਅਤੇ ਉਹ ਹੈ ਕੇਜਰੀਵਾਲ। ਕੇਜਰੀਵਾਲ ਚਾਹੁੰਦੇ ਹਨ ਕਿ ਦਿੱਲੀ ਵਿਧਾਨ ਸਭਾ ਚੋਣਾਂ ਮਹਾਰਾਸ਼ਟਰ ਅਤੇ ਝਾਰਖੰਡ ਦੇ ਨਾਲ ਹੀ ਨਵੰਬਰ ’ਚ ਕਰਵਾਈਆਂ ਜਾਣ। ਜ਼ਾਹਿਰ ਹੈ ਕਿ ਚੋਣਾਂ ਦਾ ਸਮਾਂ ਚੋਣ ਕਮਿਸ਼ਨ ਹੀ ਤੈਅ ਕਰੇਗਾ ਪਰ ਕੇਜਰੀਵਾਲ ਨੇ ਇਸ ਲਈ ਆਪਣਾ ਰਣਨੀਤਕ ਦਾਅ ਪਹਿਲਾਂ ਹੀ ਲਾ ਦਿੱਤਾ ਹੈ। ਬੇਸ਼ੱਕ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਸਿਰਫ ਜ਼ਮਾਨਤ ਮਿਲੀ ਹੈ, ਉਹ ਸ਼ਰਾਬ ਘਪਲੇ ਵਿਚ ਬਰੀ ਨਹੀਂ ਹੋਏ ਪਰ ਉਹ ਦੋਸ਼ੀ ਵੀ ਕਰਾਰ ਨਹੀਂ ਦਿੱਤੇ ਗਏ ਹਨ!

ਜ਼ਮਾਨਤ ਦਿੰਦੇ ਹੋਏ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਦੇ ਮੈਂਬਰ ਜਸਟਿਸ ਉੱਜਵਲ ਭੂਈਆਂ ਨੇ ਸੀ. ਬੀ. ਆਈ. ’ਤੇ ਸਖ਼ਤ ਟਿੱਪਣੀਆਂ ਵੀ ਕੀਤੀਆਂ, ਜਿਸ ਨੇ ਈ. ਡੀ. ਕੇਸ ਵਿਚ ਜ਼ਮਾਨਤ ਮਿਲਦੇ ਹੀ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦੀ ਕਾਹਲੀ ਦਿਖਾਈ ਸੀ ਪਰ ਜ਼ਮਾਨਤ ਦੀਆਂ ਸ਼ਰਤਾਂ ਦੇ ਮੱਦੇਨਜ਼ਰ ਉਹ ਮੁੱਖ ਮੰਤਰੀ ਦੀ ਉਸ ਤਰ੍ਹਾਂ ਦੀ ਭੂਮਿਕਾ ਨਹੀਂ ਨਿਭਾਅ ਸਕਦੇ ਸਨ, ਜਿਸ ਲਈ ਕੇਜਰੀਵਾਲ ਜਾਣੇ ਜਾਂਦੇ ਹਨ। ਨਾ ਤਾਂ ਨੀਤੀਗਤ ਫੈਸਲੇ ਲੈ ਸਕਦੇ ਸਨ ਅਤੇ ਨਾ ਹੀ ਲੋਕ-ਲੁਭਾਊ ਐਲਾਨ ਕਰ ਸਕਦੇ ਸਨ।

ਫਿਰ ਉਹ ਕਿਸ ਆਧਾਰ ’ਤੇ ਚੌਥੀ ਵਾਰ ਫ਼ਤਵਾ ਲੈਣ ਲਈ ਵੋਟਰਾਂ ਵਿਚਕਾਰ ਜਾਂਦੇ? ਦੂਜੇ ਪਾਸੇ ਭਾਜਪਾ ਉਸ ਨੂੰ ‘ਜ਼ਮਾਨਤ ’ਤੇ ਰਿਹਾਅ ਹੋਇਆ ਮੁਲਜ਼ਮ’ ਕਰਾਰ ਦਿੰਦਿਆਂ ਮੁਹਿੰਮ ਚਲਾਉਂਦੀ। ‘ਆਪ’ ਦੀ ਚੋਣ ਮੁਹਿੰਮ ਸਿਰਫ਼ ਸਪੱਸ਼ਟੀਕਰਨ ਦੇਣ ਵਿਚ ਹੀ ਨਿਕਲ ਜਾਂਦੀ। ਲੋਕਪਾਲ ਮੁੱਦੇ ’ਤੇ ਭ੍ਰਿਸ਼ਟਾਚਾਰ ਵਿਰੁੱਧ ਅੰਨਾ ਦੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਗਠਨ ਕਰਨ ਵਾਲੇ ਕੇਜਰੀਵਾਲ ਦਾ ਇਕ ਹਮਲਾਵਰ ਆਗੂ ਅਤੇ ਬੁਲਾਰੇ ਦਾ ਅਕਸ ਰਿਹਾ ਹੈ। ਆਪਣੇ ਅਤੇ ਪਾਰਟੀ ਦੇ ਭਵਿੱਖ ਨਾਲ ਰੱਖਿਆਤਮਕ ਮੁਦਰਾ ਵਿਚ ਲੜਨਾ ਜੋਖਮ ਭਰਿਆ ਹੋ ਸਕਦਾ ਸੀ। ਇਸ ਲਈ, ਉਨ੍ਹਾਂ ਨੇ ‘ਆਪਣਾ ਅਹੁਦਾ ਛੱਡਣਾ’ ਅਤੇ ਆਪਣੇ ਪੁਰਾਣੇ ਹਮਲਾਵਰ ਅਕਸ ’ਚ ਵਾਪਸ ਆਉਣਾ ਬਿਹਤਰ ਸਮਝਿਆ।

ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੇਜਰੀਵਾਲ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਈ ‘ਆਪ’ ਦੇ ਕਨਵੀਨਰ ਵਜੋਂ ਖਾਸ ਕਰ ਕੇ ਭਾਜਪਾ ਵਿਰੁੱਧ ਹਮਲਾਵਰ ਮੁਹਿੰਮ ਛੇੜਨਗੇ। ਇਹ ਮੁਹਿੰਮ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋ ਕੇ ਦਿੱਲੀ, ਮਹਾਰਾਸ਼ਟਰ ਅਤੇ ਝਾਰਖੰਡ ਤੱਕ ਜਾਰੀ ਰਹੇਗੀ। ਹਾਲੀਆ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਬਹੁਮਤ ਨਾ ਮਿਲਣ ਕਾਰਨ ਤੇਲਗੂ ਦੇਸ਼ਮ ਪਾਰਟੀ, ਜਨਤਾ ਦਲ ਯੂਨਾਈਟਿਡ ਅਤੇ ਲੋਕ ਜਨਸ਼ਕਤੀ ਪਾਰਟੀ ’ਤੇ ਨਰਿੰਦਰ ਮੋਦੀ ਸਰਕਾਰ ਦੀ ਵਧੀ ਨਿਰਭਰਤਾ ਦੇ ਮੱਦੇਨਜ਼ਰ ਇਨ੍ਹਾਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀ ਮਹੱਤਤਾ ਜਗ ਜਾਣਦਾ ਹੈ। ਜੇਕਰ ਫਤਵਾ ਭਾਜਪਾ ਦੇ ਹੱਕ ਵਿਚ ਨਾ ਗਿਆ ਤਾਂ ਵਿਰੋਧੀ ਗੱਠਜੋੜ ‘ਇੰਡੀਆ’ ਦਾ ਰਵੱਈਆ ਹੋਰ ਹਮਲਾਵਰ ਹੋ ਜਾਵੇਗਾ। ਨਵੀਂ ਲੋਕ ਸਭਾ ਦੇ ਹੁਣ ਤੱਕ ਹੋਏ ਦੋ ਸੈਸ਼ਨਾਂ ਵਿਚ ਅਤੇ ਸੰਸਦ ਦੇ ਬਾਹਰ ਵੀ ਵਿਰੋਧੀ ਧਿਰ ਦਾ ਰਵੱਈਆ ਸੱਤਾਧਾਰੀ ਧਿਰ ਨੂੰ ਲਗਾਤਾਰ ਘੇਰਦਾ ਨਜ਼ਰ ਆ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਦਿੱਲੀ ਤੋਂ ਇਲਾਵਾ ਇਨ੍ਹਾਂ ਸੂਬਿਆਂ ਵਿਚ ‘ਆਪ’ ਦਾ ਕਿਤੇ ਵੀ ਲੋਕ - ਆਧਾਰ ਨਹੀਂ ਹੈ। ਬੇਸ਼ੱਕ, ਪਰ ਹਰਿਆਣਾ ਕੇਜਰੀਵਾਲ ਦਾ ਗ੍ਰਹਿ ਸੂਬਾ ਹੈ।

ਲੋਕ ਸਭਾ ਚੋਣਾਂ ਇਕੱਠੇ ਲੜਨ ਵਾਲੀ ਕਾਂਗਰਸ ਨੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਗੱਠਜੋੜ ਤੋਂ ਇਨਕਾਰ ਕਰ ਦਿੱਤਾ। ਹੁਣ ਕਾਂਗਰਸ ਵਾਂਗ ‘ਆਪ’ ਵੀ 90 ’ਚੋਂ 89 ਸੀਟਾਂ ’ਤੇ ਚੋਣ ਲੜ ਰਹੀ ਹੈ। ਕਾਂਗਰਸ ਹਾਈਕਮਾਂਡ ਕੇਜਰੀਵਾਲ ਦੇ ਹਮਲਾਵਰ ਪ੍ਰਚਾਰ ਦੇ ਖਤਰੇ ਨੂੰ ਸਮਝ ਸਕਦੀ ਹੈ। ਅਜਿਹੇ ’ਚ ਹਰਿਆਣਾ ’ਚ ਤਾਲਮੇਲ ਦਾ ਰਾਹ ਅਜੇ ਵੀ ਲੱਭਿਆ ਜਾ ਸਕਦਾ ਹੈ, ਕਿਉਂਕਿ ਕਾਂਗਰਸ ਉਥੇ ਗੱਠਜੋੜ ਦੀ ਸਿਆਸਤ ’ਚ ਜੋ ਬੀਜਦੀ ਹੈ, ਉਸ ਨੂੰ ਦਿੱਲੀ ’ਚ ਉਹੀ ਵੱਢਣਾ ਪਵੇਗਾ। ਜੇਕਰ ਹਰਿਆਣਾ ਵਿਧਾਨ ਸਭਾ ’ਚ ‘ਆਪ’ ਜ਼ੀਰੋ ਹੈ ਤਾਂ ਦਿੱਲੀ ਵਿਧਾਨ ਸਭਾ ’ਚ ਕਾਂਗਰਸ ਦਾ ਇਹੀ ਹਾਲ ਹੈ। ਆਪਸੀ ਕੁੜੱਤਣ ਵਿਰੋਧੀ ਗੱਠਜੋੜ ‘ਇੰਡੀਆ’ ਦੇ ਭਵਿੱਖ ’ਤੇ ਹੀ ਸਵਾਲੀਆ ਨਿਸ਼ਾਨ ਲਗਾ ਦੇਵੇਗੀ।

ਵਿਰੋਧੀ ਧਿਰ ਲਈ ਸਟਾਰ ਪ੍ਰਚਾਰਕ ਦੀ ਭੂਮਿਕਾ ਨਿਭਾਉਣ ਵਾਲੇ ਕੇਜਰੀਵਾਲ ਮਹਾਰਾਸ਼ਟਰ ਅਤੇ ਝਾਰਖੰਡ ’ਚ ‘ਆਪ’ ਲਈ ਕੁਝ ਸੀਟਾਂ ’ਤੇ ਵੀ ਦਬਾਅ ਬਣਾ ਸਕਦੇ ਹਨ। ਹਾਲਾਂਕਿ ਜੇਕਰ ਅਸੀਂ ਇਸ ਤੋਂ ਵੀ ਅੱਗੇ ਦੇਖੀਏ ਤਾਂ ਭਾਜਪਾ ਦੀ ਹਾਰ ਵਿਰੋਧੀ ਧਿਰ ਦੀ ਹੀ ਜਿੱਤ ਹੋਵੇਗੀ। ਫਿਰ ਵੀ ਇਹ ਸਮਝਣਾ ਔਖਾ ਨਹੀਂ ਹੋਣਾ ਚਾਹੀਦਾ ਕਿ ਕੇਜਰੀਵਾਲ ਲਈ ਦਿੱਲੀ ਦੀ ਸੱਤਾ ਸਭ ਤੋਂ ਅਹਿਮ ਹੈ। ਬੇਸ਼ੱਕ ਪੰਜਾਬ ਵਿਚ ਵੀ ‘ਆਪ’ ਭਾਰੀ ਬਹੁਮਤ ਨਾਲ ਰਾਜ ਕਰ ਰਹੀ ਹੈ। ਗੁਜਰਾਤ ਅਤੇ ਗੋਆ ਵਿਚ ਵੀ ਇਸ ਨੇ ਆਪਣੀ ਤਾਕਤ ਵਿਖਾ ਕੇ ਇਕ ਦਹਾਕੇ ਵਿਚ ਕੌਮੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ ਹੈ ਪਰ ‘ਆਪ’ ਅਤੇ ਕੇਜਰੀਵਾਲ ਦੀ ਪਛਾਣ ਦਿੱਲੀ ਨਾਲ ਜੁੜੀ ਹੋਈ ਹੈ, ਜਿੱਥੇ ਇਹ ਲਗਾਤਾਰ ਤੀਜੀ ਵਾਰ ਸੱਤਾ ਵਿਚ ਹੈ। ਅਜਿਹੇ ’ਚ ਦਿੱਲੀ ’ਚ ਸੱਤਾ ਖੁੱਸਣ ਦਾ ਖਤਰਾ ਆਤਮਘਾਤੀ ਹੋ ਸਕਦਾ ਹੈ। ਇਸੇ ਲਈ ਕੇਜਰੀਵਾਲ ਨੇ ‘ਸ਼੍ਰੀਮਾਨ ਈਮਾਨਦਾਰ’ ਦਾ ਅਕਸ ਬਹਾਲ ਕਰਨ ਲਈ ਰੱਖਿਆਤਮਕ ਹੋਣ ਦੀ ਬਜਾਏ ਹਮਲਾਵਰ ਹੋਣ ਦਾ ਬਦਲ ਚੁਣਿਆ ਹੈ।

ਇਸ ਵਾਰ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਚਿਹਰਾ ਬਣਾਇਆ ਜਾਵੇਗਾ, ਜੋ ਅਮੇਠੀ ਹਾਰਨ ਤੋਂ ਬਾਅਦ ਨਵੀਂ ਜਗ੍ਹਾ ਲੱਭ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਕੇਜਰੀਵਾਲ ਨੇ ਆਤਿਸ਼ੀ ਨੂੰ ਅੱਗੇ ਕਰ ਦਿੱਤਾ ਹੈ। ਸ਼ਾਨਦਾਰ ਵਿਦਿਅਕ ਪਿਛੋਕੜ ਵਾਲੀ ਆਤਿਸ਼ੀ ਨੇ ਥੋੜ੍ਹੇ ਸਮੇਂ ਵਿਚ ਹੀ ਦਿੱਲੀ ਵਿਚ ਜੋ ਅਕਸ ਬਣਾ ਲਿਆ ਹੈ, ਭਾਜਪਾ ਲਈ ਉਸ ’ਤੇ ਉਸੇ ਤਰ੍ਹਾਂ ਹਮਲਾ ਕਰਨਾ ਮੁਸ਼ਕਲ ਹੀ ਹੋਵੇਗਾ, ਜਿਸ ਤਰ੍ਹਾਂ ਦੇ ਹਮਲੇ ਉਸ ਨੇ ਕੇਜਰੀਵਾਲ ’ਤੇ ਕਰਨ ਦੀ ਯੋਜਨਾ ਬਣਾਈ ਸੀ।

ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ। ਬੇਸ਼ੱਕ ਭਾਜਪਾ ਨੇ ਸੁਸ਼ਮਾ ਸਵਰਾਜ ਨੂੰ ਪਹਿਲੀ ਮਹਿਲਾ ਮੁੱਖ ਮੰਤਰੀ ਬਣਾਇਆ ਪਰ ਉਨ੍ਹਾਂ ਦਾ ਕਾਰਜਕਾਲ ਸਿਰਫ਼ 52 ਦਿਨ ਹੀ ਚੱਲਿਆ। ਸ਼ੀਲਾ ਦੀਕਸ਼ਿਤ 15 ਸਾਲਾਂ ਤੱਕ ਕਾਂਗਰਸ ਦੀ ਮੁੱਖ ਮੰਤਰੀ ਰਹੀ, ਜੋ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਫਿਰ ਆਤਿਸ਼ੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਹੈ, ਜਿਸ ਦਾ ਵੱਡਾ ਹਿੱਸਾ ਭਾਜਪਾ ਦਾ ਰਵਾਇਤੀ ਹਮਾਇਤੀ ਰਿਹਾ ਹੈ।

-ਰਾਜ ਕੁਮਾਰ ਸਿੰਘ
 


author

Tanu

Content Editor

Related News