ਸਫਰ ਦੀ ਕਹਾਣੀ ਕੁਝ ਇਸ ਤਰ੍ਹਾਂ ਕੀਤੀ ਬਿਆਨ
Friday, Jul 24, 2015 - 07:12 PM (IST)

ਲਗਾਤਾਰ ਤਣਾਅ, ਮਾਨਸਿਕ ਟੁੱਟ-ਭੱਜ ਜੱਦੋਂ-ਜ਼ਹਿਦ ਤੇ ਗਰਮੀ ਦੇ ਤਪੇ ਹੋਏ ਮੈਂ ਅਤੇ ਮੋਹਨਜੀਤ ਪੁਰੀ ਕਾਫ਼ੀ ਮਹਿਨਿਆਂ ਤੋਂ ਅਜਿਹੇ ਚੰਦ ਕੁ ਦਿਨਾਂ ਦੀ ਕਲਪਣਾ ਕਰ ਰਹੇ ਸਾਂ ।ਜਦੋਂ ਕੋਈ ਫਿਕਰ ਨਾ ਹੋਵੇ ,ਕੁਦਰਤ ਹੋਵੇ ਤੇ ਹੋਵੇ ਬੇਲਾਗੀ ਤੇ ਬੇਨਿਆਜ਼ੀ । ਦੋਵੇਂ ਹੀ ਸਾਹਿਤਕ ਪ੍ਰਵਿਰਤੀ ਦੇ ਹਾਂ ਤਾਂ ਪ੍ਰੋਗਰਾਮ ਬਣਦਿਆਂ ਦੇਰ ਨਾ ਲੱਗੀ । ਗੱਲਬਾਤ ਤੁਰੀ ਤਾਂ ਚੰਡੀਗੜ੍ਹੋਂ ਹੀ ਦੋ-ਤਿੰਨ ਦੋਸਤ ਹੋਰ ਤਿਆਰ ਹੋ ਗਏ ਤਾਂ ਫਿਰ ਕੀ ਸੀ ਤਿਆਰੀ ਹੋਣੀ ਸ਼ੁਰੂ ਹੋ ਗਈ ਸੀ । ਪੰਜ ਦੋਸਤਾਂ ਨੇ ਯਾਤਰਾ ਦਾ ਕਾਰਜਕ੍ਰਮ ਮਿਥ ਲਿਆ ਤੇ ਫਿਰ ਮੌਕੇ ਤੇ ਹੀ ਉਹ ਕੁਝ ਹੋਇਆ ਜਿਸ ਤੋਂ ਅਸੀਂ ਡਰਦੇ ਸਾਂ । ਮੈਂ ਪਹਿਲੀ ਵਾਰ ਅਜਿਹੇ ਟੂਰ ਦੀ ਕਲਪਣਾ ਕਰ ਰਿਹਾ ਸੀ ਜਦੋਂ ਪਰਿਵਾਰ ਨਾਲ ਨਹੀਂ ਸੀ ,ਕਿਉਂਕਿ ਕੁਝ ਮਜਬੂਰੀਆਂ ਕਾਰਨ ਇਸ ਸਾਲ ਮੈਂ ਇਕਲਾ ਬਾਹਰ ਜਾਣ ਬਾਰੇ ਸੋਚ ਰਿਹਾ ਸੀ । ਉਹ ਯਾਤਰਾ ! ਜਿਸ ਵਿਚ ਬੇਫਿਕਰੀ ਹੋਵੇਗੀ, ਮਸਤੀ ਹੋਵੇਗੀ ਪਰ ਜਿਵੇਂ ਮੈ ਪਹਿਲਾਂ ਦੱਸਿਆ ਰੂਹਾਨੀ ਸਫਰ ਤੋਂ ਪਹਿਲਾਂ ਹੀ ਕੁਝ ਮਾਨਸਿਕ ਝਟਕੇ ਲੱਗ ਚੁੱਕੇ ਸਨ, ਓਹੀ ਰਵਾਇਤੀ ਵਰਤਾਰਾ ਸਾਹਮਣੇ ਆਇਆ ਜਿਸ ਦੀ ਤਪਸ਼ ਨਾਲ ਅਸੀਂ ਝੁਲਸੇ ਹੋਏ ਸਾਂ ।ਦੋ ਦੋਸਤ ਨਾਲ ਜਾਣ ਤੋਂ ''ਮਜਬੂਰ'' ਹੋ ਗਏ ਤੇ ਅਸੀਂ ਖੜ੍ਹੇ ਸਾਂ ਇਕ ਖਲਾਅ ਦੇ ਸਾਹਮਣੇ ਜਿਸ ਦੀ ਗਰਤ ਵਿਚ ਚੰਦ ਕੁ ਹਸੀਨ ਸੋਚੇ ਗਏ ਪਲ ਦਫ਼ਨ ਹੋਣ ਜਾ ਰਹੇ ਸਨ । ਇਕ ਮਜਬੂਰੀ, ਇਕ ਜ਼ਰੂਰਤ ਤੇ ਇਕ ਭੁੱਖ । ਮਨ ਉਦਾਸ ਸੀ, ਬੇਚੈਨ ਸੀ ਤੇ ਫਿਰ ਅਚਾਨਕ ਇਕ ਰਸਤਾ ਖੁੱਲ੍ਹਿਆ ।ਇਕ ਦੋਸਤ ਤਿਆਰ ਹੋ ਗਿਆ ਸੀ ਬਠਿੰਡੇ ਤੋਂ ਹੀ ਇਸ ਸਫ਼ਰ ਵਾਸਤੇ, ਜਿਸ ਬਾਰੇ ਹਾਲੇ ਕੁਝ ਵੀ ਤਹਿ ਨਹੀਂ ਸੀ । ਬਿਖ਼ਰ ਚੁੱਕੇ, ਖਿੰਡ ਚੁੱਕੇ ਇਸ ਯਾਤਰਾ ਪ੍ਰੋਗਰਾਮ ਦੀ ਕਹਾਣੀ ਅਜੀਬ ਵੀ ਹੈ ਤੇ ਰੌਚਕ ਵੀ ।ਇਹ ਹਰਗਿਜ਼ ਵੀ ਰਵਾਇਤੀ ਸਫ਼ਰਨਾਮਾ ਨਹੀਂ । ਕੁਦਰਤ ਮਾਣਨ ਲਈ ਉਤਾਵਲੇ ਪੁਰੀ ਸਾਹਿਬ ਇਕ ਦਿਨ ਪਹਿਲਾਂ ਪਟਿਆਲੇ ਪਹੁੰਚ ਗਏ ਸਨ ਤੇ ਲਗਾਤਾਰ ਫ਼ੋਨ ਕਰ ਰਹੇ ਸਨ ਕਿ ਅਸੀਂ ਪਹਿਲੀ ਗੱਡੀ ਪਟਿਆਲੇ ਉਨ੍ਹਾਂ ਕੋਲ ਪਹੁੰਚ ਜਾਈਏ ਉਹ ਉਤਾਵਲੇ ਸਨ ਤੇ ਘੱਟ ਉਤਾਵਲੇ ਅਸੀਂ ਵੀ ਨਹੀਂ ਸਾਂ ਤੇ ਅਸੀਂ ਬਠਿੰਡੇ ਤੋਂ ਪਹਿਲੀ ਟਰੇਨ ਫੜ੍ਹ ਕੇ 8:30 ਵਜੇ ਪਟਿਆਲੇ ਸਟੇਸ਼ਨ ਤੇ ਪਹੁੰਚ ਗਏ ਸਾਂ । ਸਟੇਸ਼ਨ ਦੇ ਸਾਹਮਣੇ ਹੀ ਬੱਸ ਅੱਡਾ ਹੈ ।ਅਸੀਂ ਦੋਵੇਂ ਦੋਸਤ ਪਟਿਆਲਾ ਬੱਸ ਅੱਡੇ ਤੇ ਖੜ੍ਹੇ ਮੋਹਨਜੀਤ ਪੁਰੀ ਦਾ ਇੰਤਜ਼ਾਰ ਕਰ ਰਹੇ ਸਾਂ ਤੇ ਹੈਰਾਨ ਸਾਂ ਕਿ ਹਾਲੇ ਤੱਕ ਕੋਈ ਫੈਸਲਾ ਨਹੀਂ ਸੀ ਹੋਇਆ ਕਿ ਘੁੰਮਣ ਜਾਣਾ ਹੈ ਪਹਾੜਾਂ ਵਿਚ ,ਠੰਢ ਮਾਣਨੀ ਹੈ ਪਰ ਜਾਣਾ ਕਿੱਥੇ ਐ ? ਕਾਰ ਤੇ ਜਾਣ ਦੀ ਤਿਆਰੀ ਕਰਦੇ ਕਰਦੇ ਹੁਣ ਅਸੀਂ ਬੱਸ ਵਿਚ ਜਾਣਾ ਸੀ.........ਕਿੱਥੇ........ਹਾਲੇ ਤਹਿ ਹੋਣਾ ਸੀ, ਅਜੀਬੋ-ਗਰੀਬ ਮਾਨਸਿਕ ਹਾਲਾਤ ਸਨ ਮੇਰੇ? ਮੋਹਨਜੀਤ ਪੁਰੀ ਆ ਗਏ ਤਾਂ ਥੋੜੀ ਬਹਿਸ ਹੋਈ ਤੇ ਤਲਖ਼ ਕਲਾਮੀ ਤੇ ਬਾਵਜੁਦ ਵੀ ਕਿਸੇ ਨਤੀਜੇ ਤੇ ਨਾ ਪਹੁੰਚ ਸਕੇ ।ਦਰਅਸਲ ਇਹ ਕਲਪਿਤ ਇਛਾਵਾਂ ਤੇ ਮੈਂ ਦੀ ਲੜ੍ਹਾਈ ਸੀ ਜਿਸ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਸੀ ਲੜ੍ਹ ਰਿਹਾ ।
ਮੈਂ ਚੰਡੀਗ੍ਹੜ ਤੋਂ ਵਾਇਆ ਦੇਹਰਾਦੂਨ ਮਸੂਰੀ ਜਾਣ ਦੇ ਹੱਕ ''ਚ ਸਾਂ, ਮੇਰਾ ਦੋਸਤ ਸ਼ਿਮਲੇ ਤੇ ਚੈਲ ਵੱਲ ਦਾ ਹਾਮੀ ਸੀ ਤੇ ਪੁਰੀ ਸਾਹਿਬ ਕੁੱਲੂ ਮਨਾਲੀ ਦੇ ਰੋਹਤਾਂਗ ਜਾਣ ਦੇ ਭਾਰੀ ਇੱਛੁਕ । ਅਖੀਰ ਅਸੀਂ ਕੁੱਲੂ ਮਨਾਲੀ ਦੀ ਹਾਮੀ ਭਰੀ ।ਪੁਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਕੋਈ ਦਿੱਕਤ ਨਹੀਂ ਆਵੇਗੀ ,ਦੂਜਾ ਅਸੀਂ ਦੋਵੇਂ ਹੀ ਕੁੱਲੂ ਮਨਾਲੀ ਨਹੀਂ ਸਾਂ ਗਏ ਭਾਵੇਂ ਕਿ ਜ਼ਿਕਰ ਅਨੇਕਾਂ ਵਾਰ ਸੁਣ ਚੁੱਕੇ ਸਾਂ ਤੇ ਦੂਜਾ ਪੁਰੀ ਸਾਹਿਬ ਪਹਿਲਾਂ ਵੀ ਜਾ ਚੁੱਕੇ ਹੋਣ ਦਾ ਦਾਅਵਾ ਕਰਦਿਆਂ ਬਹੁਤ ਕੁਝ ਵੰਡ ਵੀ ਰਹੇ ਸਨ । ਸਵੇਰ ਦੇ 8:30 ਵਜੇ ਸਨ ਅਸੀਂ ਚਾਲੇ ਪਾ ਦਿੱਤੇ । ਸਭ ਤੋਂ ਪਹਿਲਾ ਮੁਕਾਮ ਕੀਰਤਪੁਰ ਸਾਹਿਬ ਦਾ ਸੀ ਇਹ ਇੱਕ ਮਕੱਦਸ ਮੁਕਾਮ ਹੈ ਜਿੱਥੇ ਅਜਕਲ ਸਿੱਖ ਅਸਥੀਆਂ ਤਾਰਨ ਆਉਂਦੇ ਹਨ , ਭਾਵੇਂ ਕਿ ਤਮੰਨਾ ਸੀ ਕਿ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕੀਤੇ ਜਾਣ ਪਰ ਲੇਟ ਹੋਣ ਦੇ ਡਰ ਕਾਰਨ ਅਸੀਂ ਉੱਥੇ ਰੁਕ ਨਹੀਂ ਸਕੇ । 12:00 ਕੁ ਵਜੇ ਦੇ ਲਗਭਗ ਅਸੀਂ ਕੀਰਤਪੁਰ ਸਾਹਿਬ ਤੋਂ ਮਨੀਕਰਨ ਸਾਹਿਬ ਦੀ ਬੱਸ ਲੈ ਲਈ,ਬੱਸ ਪੀ.ਆਰ.ਟੀ.ਸੀ ਦੀ ਸੀ ਪਟਿਆਲਾ ਡਿਪੂ ਦੀ ।ਪੰਜਾਬੀ ਹੋਣ ਕਾਰਨ ਕੰੰਡਕਟਰ ਨੇ ਸਾਨੂੰ ਅਪਣਤ ਦਿਖਾਈ, ਮਨੀਕਰਨ ਸਾਹਿਬ ਬਾਰੇ ਜਾਣਕਾਰੀ ਦਿੰਦਿਆਂ ਸਾਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਹੋਣ ਦਾ ਭਰੋਸਾ ਵੀ ਦਿੱਤਾ । ਬੱਸ ਚੱਲ ਪਈ ਪਰ ਗਰਮੀ ਤੇ ਹੁੰਮਸ ਨਾਲ ਬੁਰਾ ਹਾਲ ਸੀ ।ਛੋਟੀਆਂ ਛੋਟੀਆਂ ਪਹਾੜੀਆਂ ਤੇ ਨੀਲੇ ਪਾਣੀਆਂ ਵਾਲੇ ਦਰਿਆਵਾਂ ਦੇ ਨਜ਼ਾਰੇ ਵੀ ਨਜ਼ਰ ਆਏ ਪਰ ਗਰਮੀ ਕਾਰਨ ਸਾਡੇ ਵਿਚ ਉਤਾਵਲਾਪਣ ਸੀ ਕਿ ਕਦੋਂ ਠੰਢੀ ਹਵਾ ਆਵੇ, ਕਦੋਂ ਝਰਨੇ ਨਜ਼ਰ ਆਉਣ, ਕਦੋਂ ਪਹਾੜੀਆਂ ਦੀ ਬੁੱਕਲ ਵਿਚ ਬੱਦਲ ਖੇਡਦੇ ਨਜ਼ਰ ਆਉਣ । ਅਜਿਹਾ ਕੁਝ ਨਹੀਂ ਹੋਇਆ । ਘੰਟਿਆਂ ਬੱਧੀ ਸਫਰ ਬਾਅਦ ਵੀ ਗਰਮੀ ਦਾ ਅਹਿਸਾਸ ਸੀ ਭਾਵੇਂ ਕਿ ਅਸੀਂ ਹੁਣ ਹਵਾ ਵਿਚ ਥੋੜੀ ਠੰਢਕ ਮਹਿਸੂਸ ਕਰ ਰਹੇ ਸਾਂ ।ਧੁੱਪ ਤਿੱਖੀ ਸੀ ਤੇ ਉੱਤੋਂ ਸਾਨੂੰ ਪਤਾ ਲੱਗਾ ਕਿ ਸਾਡਾ ਸਫਰ ਹਾਲੇ ਬਹੁਤ ਲੰਬਾ ਹੈ ।ਇਸ ਸਫ਼ਰਨਾਮੇ ਦਾ ਰੌਚਕ ਪੱਖ ਇਹ ਸੀ ਕਿ ਪੁਰੀ ਸਾਹਿਬ ਬੁਰੀ ਤਰ੍ਹਾਂ ਫਸ ਗਏ ਸਨ । ਜਿਸ ਅਲੌਕਿਕਤਾ ਦਾ ਜ਼ਿਕਰ ਕਰਦੇ ਉਹ ਥੱਕ ਨਹੀਂ ਸਨ ਰਹੇ ਮਨਾਲੀ ਦੇ ਸਫ਼ਰ ਤੱਕ ਕੁਦਰਤ ਨੇ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ । ਅਸੀਂ ਉਤਾਵਲੇ ਸਾਂ ਕਦੋਂ ਠੰਡਕ ਆਵੇ ,ਕਦੋਂ ਬੱਦਲ ਨੇੜੇ ਹੋ ਜਾਣ , ਨਜ਼ਾਰੇ ਬਦਲ ਜਾਣ ਪਰ ਇਹ ਨਹੀਂ ਸੀ ਹੋ ਰਿਹਾ , ਅੱਗੇ ਸਫ਼ਰ ਵਿੱਚ ਪਤਾ ਲੱਗੇਗਾ ਕਿ ਮਨਾਲੀ ਤੱਕ ਪੁਰੀ ਸਾਹਿਬ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਰਹੀ , ਉਹ ਸਾਡੇ ਤਾਹਨੇ ਮਿਹਣਿਆਂ ਤੋਂ ਦੁਖੀ ਸਨ ,ਕੁਦਰਤ ਕਿਤੇ ਉਨ੍ਹਾਂ ਦਾ ਸਾਥ ਨਹੀਂ ਸੀ ਦੇ ਰਹੀ । ਕੀਰਤਪੁਰ ਸਾਹਿਬ ਤੋਂ ਮਨੀਕਰਨ ਸਾਹਿਬ 231 ਕਿਲੋਮੀਟਰ ਦੂਰ ਹੈ ,ਬੱਸ ਰਾਹੀਂ ਲਗਭਗ ਨੌਂ ਦਸ ਘੰਟਿਆ ਦਾ ਪਹਾੜੀ ਰਸਤਿਆਂ ਦਾ ਸਫਰ ਜਿਸ ਦਾ ਇੱਕ ਦਰਿਆ ਨੇ ਮੱਲਿਆ ਹੋਇਆ ਹੈ ਤੇ ਦੂਜੇ ਪਾਸੇ ਉੱਚੀਆਂ ਪਹਾੜੀਆਂ ਨੇ। ਮਨੀਕਰਨ ਸਾਹਿਬ ਤੱਕ ਬੱਸ ਵੱਖ-ਵੱਖ ਢਾਬਿਆਂ ਤੇ ਦੋ ਵਾਰ ਰੁਕੀ । ਪਹਿਲਾ ਪੜਾਅ ਦੋ ਘੰਟਿਆ ਬਾਅਦ ਆਇਆ ਇਹ ਇੱਕ ਪਹਾੜੀ ਤੇ ਬਣਿਆ ਢਾਬਾ ਸੀ ।ਇੱਥੇ ਬੱਸ ਅੱਧੇ ਘੰਟੇ ਲਈ ਰੁਕੀ ਸੀ ਤੇ ਦੂਜਾ ਪੜਾਅ ਸੁੰਦਰ ਨਗਰ ਆਉਣ ਤੋਂ ਪਹਿਲਾਂ ਦਾ ਇੱਕ ਮੋੜ ਜਿਸ ਦੇ ਖਾਣੇ ਵਿੱਚ ਪੰਜਾਬੀ ਤਾਸੀਰ ਨਹੀਂ ਸੀ ਭਾਵੇਂ ਕਿ ਇਹ ਸਸਤਾ ਸੀ ।
ਰਸਤੇ ਵਿਚ ਹਿਮਾਚਲ ਪ੍ਰਦੇਸ਼ ਦਾ ਮੰਡੀ ਸ਼ਹਿਰ ਆਇਆ ।ਦਰਿਆ ਇਸ ਪਹਾੜੀ ਸ਼ਹਿਰ ਨੂੰ ਖੂਬਸੂਰਤ ਬਣਾਉਂਦਾ ਹੈ ।ਇੱਥੋਂ ਦੇ ਬਾਜ਼ਾਰ ਸੈਲਾਨੀਆਂ ਨਾਲ ਭਰ ਜਾਂਦੇ ਹਨ ।ਕਈ ਤਰ੍ਹਾਂ ਦੇ ਖੂਬਸੂਰਤ ਨਜ਼ਾਰਿਆਂ ਨਾਲ ਸਜਿਆ ਹੈ ਇਹ ਮੰਡੀ ਸ਼ਹਿਰ । ਮੰਡੀ ਸ਼ਹਿਰ ਖਤਮ ਹੁੰਦਾ ਹੈ ਤਾਂ ਅੱਗੇ ਆਉਂਦਾ ਹੈ ਡੈਮ । ਪਾਣੀ ਇਕੱਠਾ ਕਰਨ ਲਈ ਇੱਥੇ ਕੋਈ ਵਿਸ਼ੇਸ਼ ਤਰੱਦਦ ਕਰਨ ਦੀ ਲੋੜ ਨਹੀਂ ਸੀ ਪਈ । ਉੱਚੇ ਚੱਟਾਨੀ ਪਹਾੜ ਹਨ ਜਿੰਨ੍ਹਾਂ ਵਿੱਚ ਖੇਡਦਾ ਪਹਾੜ ਵੀ ਮਾਸੂਮ ਬੱਚਾ ਨਜ਼ਰ ਆਉਂਦਾ ਹੈ ।ਡੈਮ ਨਿਕਲਦਿਆਂ ਪਹਾੜੀਆਂ ਦੀ ਤਾਸੀਰ ਕੁੱਝ ਬਦਲਦੀ ਮਾਲੂਮ ਹੁੰਦੀ ਹੈ । ਕੁਝ ਕੁਦਰਤੀ ਨਜ਼ਾਰੇ ਬੜੇ ਮਨਮੋਹਕ ਸਨ । ਧੁੱਪ ਹਾਲੇ ਵੀ ਤਿੱਖੀ ਸੀ ਤੇ ਅਸੀਂ ਹਾਲੇ ਵੀ ਪੁਰੀ ਸਾਹਿਬ ਨੂੰ ਤੰਗ ਕਰ ਰਹੇ ਸਾਂ ਕਿ ਅਜਿਹਾ ਕਿਹੜਾ ਕੁੱਲੂ ਮਨਾਲੀ ਐ ਜਿੱਥੇ ਇੰਨੀ ਗਰਮੀ ਐ ,ਬੱਦਲ ਦਾ ਨਾਂ ਨਿਸ਼ਾਨ ਨਹੀਂ । ਹੁਣ ਪਹਾੜ ਕੁੱਝ ਉੱਚੇ ਹੋ ਗਏ ਸਨ ਤੇ ਦਰਿਆ ਥੋੜਾ ਵੱਡਾ ਤੇ ਡੂੰਘਾ । ਸਾਡੀ ਬੱਸ ਭੂੰਥਰ ਵੱਲ ਵਧ ਰਹੀ ਸੀ ਜਿੱਥੇ ਹਿਮਾਚਲ ਪ੍ਰਦੇਸ਼ ਦਾ ਹਵਾਈ ਅੱਡਾ ਵੀ ਹੈ ਤੇ ਜਿੱਥੋਂ ਅਸੀਂ ਕੁੱਲੂ ਵਾਲੇ ਮੁੱਖ ਰਸਤੇ ਤੋਂ ਹਟਕੇ ਮਨੀਕਰਨ ਸਾਹਿਬ ਵੱਲ ਮੁੜ ਜਾਣਾ ਸੀ। ਦਿਨ ਛਿਪਾ ਵੱਲ ਵਧ ਰਿਹਾ ਸੀ ਕਿ ਬੱਸ ਅਚਾਨਕ ਇੱਕ ਲੰਬੀ ਪਰ ਖੁੱਲ੍ਹੀ ਸੁਰੰਗ ਵਿੱਚ ਦਾਖਲ ਹੋਈ ਜੋ ਸ਼ਾਇਦ ਦੋ ਜਾਂ ਢਾਈ ਕਿਲੋਮੀਟਰ ਦੇ ਲਗਭਗ ਹੋਵੇਗੀ । ਸੁਰੰਗ ਵਿਚ ਠੰਡਕ ਦਾ ਅਹਿਸਾਸ ਸੀ ਤੇ ਨਮੀ ਦੀ ਖੁਸ਼ਬੂ । ਸੁਰੰਗ ਖਤਮ ਹੁੰਦੇ ਹੀ ਪਹਾੜ ਤੇ ਦਰਿਆ ਫਿਰ ਸਾਹਮਣੇ ਸਨ । ਬਹੁਤ ਉੱਚੇ ਉੱਚੇ ਪਹਾੜ । ਪਟਿਆਲੇ ਤੋਂ ਅਸੀਂ ਲੱਗਭੱਗ 10 ਘੰਟਿਆ ਤਾ ਸਫਰ ਤੈਅ ਕਰ ਚੁੱਕੇ ਸਾਂ ਪਰ ਮੈਂ ਖੁਦ ਹੈਰਾਨ ਸੀ ਕਿ ਹਾਲੇ ਕੋਈ ਮਨਮੋਹਕ ਦ੍ਰਿਸ਼ ,ਬੱਦਲਾਂ ਦੀ ਠੰਡ ਕਿਉਂ ਨਹੀਂ ਮਹਿਸੂਸ ਹੋਈ । ਦਿਨ ਛਿਪਦੇ ਨੂੰ ਬੱਸ ਭੂੰਥਰ ਅੱਡੇ ਤੇ ਪਹੁੰਚ ਗਈ ਸੀ ਕੁੱਲੂ ਮਨਾਲੀ ਜਾਣ ਵਾਲੀਆਂ ਸਵਾਰੀਆਂ ਉੱਥੇ ਹੀ ਉੱਤਰ ਗਈਆਂ ਤੇ ਮਨੀਕਰਨ ਸਾਹਿਬ ਜਾਣ ਵਾਲੀਆਂ ਸਵਾਰੀਆਂ ਬੱਸ ਵਿੱਚ ਚੜ੍ਹ ਗਈਆਂ ਬਂੱਸ ਹੁਣ ਦਰਿਆ ਦੇ ਨਾਲ ਨਾਲ ਪਹਾੜਾਂ ਦੀ ਗੋਦ ਵਿੱਚ ਬਣੀ ਸੜਕ ਤੇ ਜਾ ਰਹੀ ਸੀ । ਦਿਨ ਛਿਪ ਗਿਆ ਸੀ ਤੇ ਹੁਣ ਠੰਡ ਹੋ ਗਈ ਸੀ । ਲੱਗਭੱਗ ਦੋ ਘੰਟਿਆਂ ਬਾਅਦ ਛੋਟੇ ਮੋਟੇ ਕਸਬਿਆਂ ਨੂੰ ਪਿੱਛੇ ਛੱਡਦੇ ਅਸੀਂ ਮਨੀਕਰਨ ਸਾਹਿਬ ਪਹੁੰਚ ਗਏ ਸੀ । ਰਸਤੇ ਵਿੱਚ ਆਏ ਕਸਬੇ ਸੈਲਾਨੀਆਂ ਦੀ ਠਹਿਰ ਵਾਲੇ ਸਨ। ਉੱਥੇ ਵੀ ਰੌਣਕ ਸੀ ।ਉੱਥੇ ਦੇਸੀ ਸੈਲਾਨੀ ਤੇ ਕੁੱਝ ਅੰਗਰੇਜ਼ ਵੀ ਘੁੰਮ ਰਹੇ ਸਨ । ਪੂਰੇ ਦਿਨ ਦੇ ਸਫਰ ਤੋਂ ਬਾਅਦ ਜਦੋਂ ਮਨੀਕਰਨ ਸਾਹਿਬ ਉੱਤਰੇ ਤਾਂ ਸਿਰ ਭਾਰਾ ਸੀ ,ਲੱਤਾਂ ਗੋਡੇ ਜੁੜੇ ਹੋਏ। ਮਨੀਕਰਨ ਸਾਹਿਬ ਗੁਰੂਦੁਆਰਾ ਵੀ ਹੈ ਤੇ ਮੰਦਰ ਵੀ।ਇੱਥੇ ਉਤਰਦਿਆਂ ਹੀ ਸਭ ਤੋਂ ਪਹਿਲੀ ਜਿਹੜੀ ਚੀਜ਼ ਖਿੱਚਦੀ ਹੈ ਉਹ ਹੈ ਪਾਰਬਤੀ ਦਰਿਆ ਦੀ ਦਹਾੜਦੀ ਆਵਾਜ਼ ਕਿਸੇ ਨਵੇਂ ਆਏ ਸੈਲਾਨੀ ਵਾਸਤੇ ਇੱਕ ਵਿਲੱਖਣ ਅਨੁਭਵ ਹੁੰਦਾ ਹੈ । ਕਹਿੰਦੇ ਹਨ ਇਸ ਜਗ੍ਹਾਂ ਤੇ ਦੇਵਤਾਵਾਂ ਸਮੇਤ ਭਗਵਾਨ ਸ਼ਿਵ ਨੇ ਭਗਤੀ ਕੀਤੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਵੀ ਇੱਥੇ ਆਏ ਸਨ । ਇੱਥੋਂ ਦਾ ਮੁੱਖ ਆਕਰਸ਼ਨ ਹੈ ਗਰਮ ਪਾਣੀ ਦੇ ਝਰਨੇ ਂਜੋ ਆਪਣੇ ਆਪ ਵਿੱਚ ਆਪਣੇ ਆਪ ਵਿੱਚ ਉਦਾਹਰਣ ਹਨ । ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਨੁਸਾਰ ਲੰਗਰ ਦੀ ਰਸਦ ਇਸੇ ਗਰਮ ਪਾਣੀ ਤੋਂ ਤਿਆਰ ਕੀਤੀ ਜਾਂਦੀ ਹੈ ,ਕਿਸੇ ਕਿਸਮ ਦਾ ਹੋਰ ਦਰੱਦਦ ਨਹੀਂ ਕੀਤਾ ਜਾਂਦਾ ।ਇੱਥੇ ਇੱਕ ਸਰੋਵਰ ਹੈ ਜਿਸ ਵਿੱਚ ਮਿਕਸ ਕਰਕੇ ਪਾਣੀ ਛੱਡਿਆ ਜਾਂਦਾ ਹੈ ਤੇ ਲੋਕ ਇਸ਼ਨਾਨ ਕਰਦੇ ਹਨ ਕਿਉਂਕਿ ਗਰਮ ਝਰਨੇ ਦਾ ਪਾਣੀ ਬਹੁਤ ਗਰਮ ਹੁੰਦਾ ਹੈ ਧਿਆਨਯੋਗ ਤੱਥ ਹੈ ਟੂਟੀਆਂ ਵਿੱਚੋਂ ਡਿੱਗ ਰਹੇ ਗਰਮ ਪਾਣੀ ਨਾਲ ਜਿਸਮ ਝੁਲਸ ਸਕਦਾ ਹੈ ,ਹੱਥਾਂ ਤੇ ਛਾਲੇ ਤੱਕ ਪੈ ਜਾਂਦੇ ਹਨ ।ਮੈਂ ਖੁਦ ਇੱਕ ਟੂਟੀ ਥੱਲੇ ਹੱਥ ਧੋਣ ਲੱਗਾ ਸਾਂ ਕਿ ਗਰਮ ਪਾਣੀ ਨੇ ਹੱਥ ਝੁਲਸਾ ਦਿੱਤਾ ,ਛਾਲੇ ਪੈ ਗਏ । ਗੁਰੂਦੁਆਰਾ ਸਹਿਬ ਵਿੱਚ ਰਹਿਣ ਤੇ ਲੰਗਰ ਦੀ ਵਿਵਸਥਾ ਹੈ ਪਰ ਗਰਮੀਆਂ ਕਾਰਨ ਸ਼ਰਧਾਲੂਆਂ ਦੀ ਸੰਖਿਆਂ ਜਿਆਦਾ ਹੋਣ ਤੇ ਸਾਨੂੰ ਕਮਰਾ ਨਾ ਮਿਲ ਸਕਿਆ ਤਾਂ ਲੰਬੇ ਸਫਰ ਦੀ ਥਕਾਣ ਕਾਰਨ ਅਸੀਂ ਬਾਹਰ ਕਮਰਾ ਲੈ ਲਿਆ । ਮਨੀਕਰਨ ਸਾਹਿਬ ਵਿਖੇ ਵਗਦੇ ਦਰਿਆ ਜਿਸਨੂੰ ''ਪਾਰਬਤੀ ਦਰਿਆ'' ਕਿਹਾ ਜਾਂਦਾ ਹੈ ਤੇ ਇਸ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹਿੰਦੀ ਹੈ ਦੇ ਦੂਰ ਤੱਕ ਸੁਣਾਈ ਦਿੰਦੀ ਹੈ, ਨਾਲ ਹੀ ਮਾਰਕੀਟ ਮੌਜੂਦ ਹੈ ਤੇ ਉੱਥੇ ਹੀ ਮੌਜੁਦ ਹਨ ਛੋਟੇ ਛੋਟੇ ਹੋਟਲ ਤੇ ਉਹ ਘਰ ਜਿੰਨ੍ਹਾਂ ਕੋਲ ਕਮਰੇ ਕਿਰਾਏ ਤੇ ਦੇਣ ਦੀ ਮਨਜੂਰੀ ਹੁੰਦੀ ਹੈ । ਮਾਰਕੀਟ ਵਿੱਚੋਂ ਲੰਘਦਿਆਂ ਧਰਤੀ ਵਿੱਚੋਂ ਉਠਦੀਆਂ ਗਰਮ ਪਾਣੀ ਦੀਆਂ ਭਾਫਾਂ ਤੇ ਗਰਮ ਪਾਣੀ ਂਜੋ ਮੋਟੇ ਲੋਹੇ ਦੀਆਂ ਪਾਈਪਾਂ ਰਾਹੀਂ ਘਰਾਂ ਤੇ ਦੁਕਾਨਾਂ ਵਿੱਚ ਜਾਂਦਾ ਹੈ ,ਦਾ ਸੇਕ ਵੀ ਆਪਣੇ ਆਪ ਵਿੱਚ ਇੱਕ ਵਿਲੱਖਣ ਅਨੁਭਵ ਹੈ । ਸਾਨੂੰ 500 ਰੂ: ਵਿੱਚ ਇਂੱਕ ਘਰੇਲੂ ਸਾਫ ਸੁਥਰਾ ਕਮਰਾ ਮਿਲ ਗਿਆ ਸੀ ਂਜੋ ਉੱਥੇ ਦੇ ਵਸਨੀਕਾਂ ਦਾ ਸੀ । ਕਮਰਾ ਸਾਫ਼ ਸੁਥਰਾ ਸੀ । ਰਾਤ ਦੇ 10:00 ਵੱਜ ਚੁੱਕੇ ਸਨ ਪਰ ਅਸੀਂ ਆਪਣੇ ਆਪ ਨੂੰ ਰੋਕ ਨਹੀਂ ਪਾਏ , ਪਰੀ ਸਾਹਿਬ ਖੁਸ਼ ਸਨ ਕਿ ਸ਼ੁਕਰ ਹੈ ਤੇ ਠੰਡਕ ਵੀ ਹੈ ਤੇ ਕੁਦਰਤੀ ਨਜ਼ਾਰੇ ਵੀ ,ਅਸੀਂ ਵੀ ਇਸ ਚਮਤਕਾਰ ਦੀ ਛੋਹ ਨੂੰ ਮਾਣ ਰਹੇ ਸੀ । ਅਸੀਂ ਚੱਲ ਪਏ ਦੁਬਾਰਾ ਗੁਰੂਦੁਆਰਾ ਸਾਹਿਬ ਵੱਲ ਦਰਿਆ ਦੀ ਆਵਾਜ਼ ਸਾਨੂੰ ਖਿੱਚ ਰਹੀ ਸੀ ।ਇਹ ਕੋਈ ਹੋਰ ਹੀ ਦੁਨੀਆਂ ਸੀ ਕਿਸੇ ਕਲਪਣਾ ਦੇ ਸਾਕਾਰ ਹੋਣ ਵਾਂਗ । ਅਸੀਂ ਮੱਥਾ ਟੇਕਿਆ ਲੰਗਰ ਛਕਿਆ ਤੇ ਦਹਾੜਦੇ ਹੋਏ ਪਾਰਬਤੀ ਦਰਿਆ ਨੂੰ ਮਹਿਸੂਸ ਕਰਨ ਵਾਸਤੇ ਬਣੇ ਹਨ। ਛੋਟੇ ਜਿਹੇ ਪੁਲ ਤੇ ਜਾ ਖੜ੍ਹੇ ਹੋਏ ।ਇੱਥੇ ਹੀ ਕੁਝ ਅਜਿਹੇ ਲੋਕਾਂ ਨਾਲ ਮੁਲਾਕਾਤ ਹੋਈ ਂਜੋ ਹਰ ਰੋਜ਼ ਮਨੀਕਰਨ ਸਾਹਿਬ ਵਿਖੇ ਆਉਂਦੇ ਹਨ ,ਉਹ ਵੀ ਪੰਜਾਬ ਦੇ ਵੱਖ ਵੱਖ ਦੂਰ- ਦੁਰੇਡੇ ਇਲਾਕਿਆਂ ਵਿਚੋਂ । ਇਨ੍ਹਾਂ ਵਿਚੋਂ ਬਹੁਤੇ ਆਪੋ- ਆਪਣੇ ਮੋਟਰਸਾਇਕਲਾਂ ਤੇ ।ਸਾਨੂੰ ਇਹ ਮੋਟਰਸਾਇਕਲਾਂ ਵਾਲੇ ਪੰਜਾਬੀ ਅਕਸਰ ਰਾਹ ਵਿੱਚ ਦਿਖਾਈ ਦਿੰਦੇ ਹਨ ।ਅਸੀਂ ਵੀ ਦੇਖੇ ਸਨ ।ਇਹਨਾਂ ਦੀ ਮੁਲਾਕਾਤ ਜਿੱਥੇ ਸਾਨੂੰ ਊਰਜਾ ਦੇਣ ਵਾਲੀ ਸਾਬਤ ਹੋਈ ਉੱਥੇ ਹੀ ਬਹੁਤ ਜਾਣਕਾਰੀ ਵਾਲੀ ਵੀ ਸੀ ।ਮਣੀਕਰਨ ਸਾਹਿਬ ਵਿਖੇ ਵਾਤਾਵਰਣ ਤੇ ਮੌਸਮ ਨੂੰ ਦੇਖਦਿਆਂ ਬਹੁਤ ਲੋਕ ਸੜਕਾਂ ਨੂੰ ਆਧਾਰ ਬਣਾ ਕੇ ਉੱਥੇ ਹੀ ਟਿਕਣ ਦਾ ਯਤਨ ਕਰਦੇ ਹਨ ।ਉਹਨਾਂ ਲਈ ਹੁਣ ਉੱਥੇ ਰਹਿਣਾ ਆਸਾਨ ਨਹੀਂ ।ਉਹਨਾਂ ਨੂੰ ਸੰਤਾਂ ਦੀ ਸੇਵਾ ਲਈ ਕਹਿ ਦਿੱਤਾ ਜਾਂਦਾ ਹੈ ।ਇੱਕ ਦੋ ਮੋਟਰਸਾਇਕਲ ਸਵਾਰਾਂ ਨੇ ਦੱਸਿਆ ਕਿ ਤੇ ਉਹ ਕੁਝ ਦਿਨ ਲਾਉਂਦੇ ਹਨ ਤੇ ਸੇਵਾ ਵੀ ਕਰਦੇ ਹਨ ।
ਅਸੀਂ ਕਮਰੇ ਤੇ ਜਾ ਕੇ ਅਰਾਮ ਕਰਨਾ ਚਾਹੁੰਦੇ ਸਾਂ ,ਠੰਢਾ ਮੌਸਮ ਹੋਣ ਦੇ ਬਾਵਜੂਦ ਅਸੀ ਫੈਸਲਾ ਕੀਤਾ ਕਿ ਪੱਖਾ ਚਲਦਾ ਰਹਿਣ ਦਿੱਤਾ ਜਾਵੇ । ਮੌਸਮ ਠੰਢਾ ਸੀ ਪਰ ਸ਼ਾਇਦ ਅਸੀਂ ਮਾਨਸਿਕ ਤੌਰ ਤੇ ਇੰਨੇ ਸ਼ੀਤਲ ਨਹੀਂ ਸਾਂ । ਬਾਕੀ ਮਨੀਕਰਨ ਸਾਹਿਬ ਵਿਖੇ ਵੀ ਪੱਖੇ ਉਪਲਬਧ ਹਨ । ਅਗਲੀ ਸਵੇਰ ਅਸੀਂ ਫੈਸਲਾ ਕੀਤਾ ਸੀ ਕਿ ਸਿੱਧੇ ਮਨਾਲੀ ਜਾਵਾਂਗੇ ਭਾਵੇਂ ਕਿ ਕੁੱਲੂ ਰਾਹ ਵਿੱਚ ਆਵੇਗਾ । ਅਸੀਂ ਉੱਥੇ ਨਹੀਂ ਰੁਕਣਾ । ਦਰਅਸਲ ਅਸੀਂ ਜਲਦ ਤੋਂ ਜਲਦ ਉਹ ਠੰਢ ਪਾ ਲੈਣਾ ਚਾਹੁੰਦੇ ਸਾਂ ਂਜੋ ਕੁੱਝ ਮਨਾਲੀ ਦੇ ਨਾਂ ਨਾਲ ਜੁੜੀ ਹੋਈ ਸੀ । ਮਨੀਕਰਨ ਸਾਹਿਬ ਤੋਂ ਕੁੱਲੂ 41 ਕਿਲੋਮੀਟਰ ਦਾ ਸਫਰ ਹੈ ਜੋ ਕਿ ਲੱਗਭੱਗ ਡੇਢ ਤੋਂ ਦੋ ਘੰਟਿਆਂ ਦਾ ਸਫਰ ਹੈ । ਹਾਂ ! ਇਹ ਗੱਲ ਜਰੂਰ ਧਿਆਨ ਵਿੱਚ ਰੱਖੀ ਜਾਣੀ ਚਾਹੀਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜਾਂ ਦੇ ਇਲਾਕਿਆਂ ਵਿੱਚ ਸਫਰ ਮੌਸਮੀ ਪ੍ਰਸਥਿਤੀਆਂ ਤੇ ਨਿਰਭਰ ਕਰਦਾ ਹੈ । ਪ੍ਰੋਗਰਾਮ ਬਣ ਗਿਆ ਪਰ ਮਨੀਕਰਨ ਸਾਹਿਬ ਤੋਂ ਸਾਡਾ ਮਨ ਹਾਲੇ ਨਹੀਂ ਸੀ ਭਰਿਆ । ਦੋ ਕੁ ਘੰਟੇ ਹੋਰ ਉੱਥੇ ਹੀ ਬਿਤਾਉਣ ਬਾਰੇ ਫੈਸਲਾ ਹੋ ਗਿਆ । ਅਸੀਂ ਮਨੀਕਰਨ ਵਿਖੇ ਮੰਦਰ ਵਿੱਚ ਪਹੁੰਚੇ ਤਾਂ ਲੋਕ ਉੱਬਲ ਰਹੇ ਪਾਣੀ ਦੇ ਝਰਨਿਆਾਂ ਜਿੰਨ੍ਹਾਂ ਨੂੰ ਕਿ ਡਿੱਗੀਆਂ ਦੀ ਸ਼ਕਲ ਦੇ ਦਿੱਤੀ ਗਈ ਹੈ ,ਵਿੱਚ ਛੋਲਿਆਂ ਦਾ ਪ੍ਰਸਾਦ ਪਕਾ ਰਹੇ ਸਨ । ਗਰਮ ਪਾਣੀ ਦੀਆਂ ਇਹਨਾਂ ਡਿੱਗੀਆਂ ਵਿੱਚ ਧਾਗੇ ਦੀ ਮੱਦਦ ਨਾਲ ਪੋਟਲੀ ਵਿੱਚ ਬੰਨ੍ਹ ਕੇ ਛੋਲਿਆਂ ਦਾ ਪ੍ਰਸਾਦ ਪਕਾਇਆ ਜਾਂਦਾ ਹੈ ,ਜਿਸ ਨੂੰ ਅੱਧੇ ਘੰਟੇ ਦਾ ਸਮਾਂ ਚਾਹੀਦਾ ਹੁੰਦਾ ਹੈ । ਅਸੀਂ ਮੰਦਰ ਦੇ ਦਰਸ਼ਨ ਕੀਤੇ ਨਾਲ ਹੀ ਨਿੱਕਲ ਰਹੇ ਪਾਰਬਤੀ ਦਰਿਆ ਦੀਆਂ ਤਸਵੀਰਾਂ ਲਈਆਂ ਤੇ ਗੁਰੂਦੁਆਰਾ ਸਾਹਿਬ ਚਲੇ ਗਏ । ਮੱਥਾ ਟੇਕਣ ਉਪਰੰਤ ਲੰਗਰ ਛਕਣ ਤੋਂ ਬਾਅਦ ਅਸੀਂ ਜਲਦੀ ਹੀ ਬੱਸ ਫੜ੍ਹ ਲੈਣੀ ਚਾਹੁੰਦੇ ਸਾਂ । ਥੋੜੀ ਦੂਰ ਤੇ ਹੀ ਬੱਸ ਅੱਡਾ ਹੈ ,ਦਸ ਕੁ ਮਿੰਟ ਦਾ ਪੈਦਲ ਸਫਰ । ਇੱਥੋਂ ਪੰਜਾਬ ਲਈ ਬੱਸ ਮਿਲ ਸਕਦੀ ਹੈ ਤਾਂ ਕੁੱਲੂ ਮਨਾਲੀ ਲਈ ਵੀ ਬੱਸਾਂ ਉਪਲਬਧ ਹਨ । ਇੱਥੋਂ ਸਾਨੂੰ ਮਨਾਲੀ ਦੀ ਸਿੱਧੀ ਬੱਸ ਮਿਲ ਗਈ ਜਿਸਦਾ ਪਹਿਲਾ ਪੜਾਅ ਭੂੰਥਰ ਸੀ ਤੇ ਦੂਜਾ ਕੁੱਲੂ ।ਕੁੱਲੂ ਵਿੱਚ ਉਹ ਠੰਢ ਨਦਾਰਦ ਸੀ ਤੇ ਅਜਿਹਾ ਕੁੱਝ ਅਸੀਂ ਸੋਚਿਆ ਵੀ ਹੋਇਆ ਸੀ । ਕੁੱਲੂ ਦੇ ਮੌਸਮ ਬਾਰੇ ਅਸੀਂ ਮਾਨਸਿਕ ਤੌਰ ਤੇ ਤਿਆਰ ਸੀ । ਇਹ ਸਾਡੀ ਨਿਰਾਸ਼ਾ ਦਾ ਆਲਮ ਸੀ ਜਾਂ ਕੁਦਰਤ ਦੀ ਬੇਰੁਖ਼ੀ ।ਅਸੀਂ ਮਨਾਲੀ ਵਿਖੇ ਅਜਿਹੇ ਹੀ ਸੁੱਕੇ ਤੇ ਗਰਮ ਵਾਤਾਵਰਣ ਦੀ ਕਲਪਣਾ ਤੋਂ ਡਰ ਰਹੇ ਸੀ । ਹਾਂ ਇੱਕ ਦਿਲਚਸਪ ਪਰ ਮਹੱਤਵਪੂਰਨ ਗੱਲ ਸਾਂਝੀ ਕਰ ਦੇਵਾਂ ,ਥੋੜਾ ਜਿਆਦਾ ਹੀ ਸਾਦਗੀ ਪਸੰਦ ਹਾਂ । ਮੈਂ ਨਾ ਤਾਂ ਜੁੱਤੇ ਹੀ ਨਾਲ ਲੈ ਗਿਆ ਸਾਂ ਤੇ ਨਾ ਹੀ ਕੋਈ ਸੈਂਡਲ ,ਪੂਰਾ ਸਫਰ ਚੱਪਲਾਂ ਵਿੱਚ ਹੀ ਕੀਤਾ ।ਭਾਵੇਂ ਕਿ ਠੰਢ ਹੋਣ ਤੋਂ ਬਾਅਦ ਮਨਾਲੀ ਵਿਖੇ ਅਸੀਂ ਜੁੱਤੇ ਖਰੀਦਣ ਦੀ ਸੋਚਣ ਲੱਗ ਪਏ ਸੀ ।
ਤਰਸੇਮ ਬਸਰ