ਕੀ ਅਸੀਂ ਫੂਹੜ ਜਾਂ ਸਲੀਕਾਹੀਣ ਲੋਕ ਹਾਂ

10/27/2019 1:42:27 AM

ਕਰਨ ਥਾਪਰ

ਮੈਂ ਜਾਣਦਾ ਹਾਂ ਕਿ ਇਹ ਸਵਾਲ ਉਕਸਾਉਣ ਵਾਲਾ ਹੈ ਪਰ ਮੇਰਾ ਮੰਨਣਾ ਹੈ ਕਿ ਇਹ ਇਕ ਅਜਿਹਾ ਸਵਾਲ ਹੈ, ਜੋ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਅਸੀਂ ਫੂਹੜ ਜਾਂ ਸਲੀਕਾਹੀਣ ਲੋਕ ਹਾਂ? ਕੀ ਸਾਨੂੰ ਕੋਈ ਅੰਦਾਜ਼ਾ ਨਹੀਂ ਕਿ ਕੀ ਬੋਲਣਾ ਚਾਹੀਦਾ ਹੈ, ਕਿਸ ਗੱਲ ਨੂੰ ਦਬਾਇਆ ਜਾਣਾ ਚਾਹੀਦਾ ਹੈ ਅਤੇ ਕਦੇ ਵੀ ਜ਼ਾਹਿਰ ਨਹੀਂ ਕੀਤਾ ਜਾਣਾ ਚਾਹੀਦਾ? ਇਸ ਮੂਰਖਤਾ ਭਰੀ ਮਾਨਤਾ ਦੇ ਤਹਿਤ ਕਿ ਅਸੀਂ ਜੋ ਚਾਹੁੰਦੇ ਹਾਂ, ਸਾਨੂੰ ਉਹ ਕਹਿਣ ਦਾ ਹੱਕ ਹੈ, ਅਸੀਂ ਆਮ ਤੌਰ ’ਤੇ ਆਪਣੇ ਮੂੰਹ ’ਚੋਂ ਮੂਰਖਤਾ ਭਰੀਆਂ ਗੱਲਾਂ ਵੀ ਕਹਿ ਦਿੰਦੇ ਹਾਂ।

ਤੁਸੀਂ ਮੰਨੋ ਜਾਂ ਨਾ ਮੰਨੋ, ਭਾਜਪਾ ਦੇ 2 ਸੀਨੀਅਰ ਆਗੂਆਂ ਨੇ ਅਭਿਜੀਤ ਬੈਨਰਜੀ ਦਾ ਭਾਰਤ ਆਉਣ ’ਤੇ ਇੰਝ ਹੀ ਸਵਾਗਤ ਕੀਤਾ। ਉਹ ਅਰਥ ਸ਼ਾਸਤਰ ਲਈ ਨੋਬਲ ਪੁਰਸਕਾਰ ਜਿੱਤਣ ਤੋਂ ਕੁਝ ਦਿਨਾਂ ਬਾਅਦ ਭਾਰਤ ਆਏ ਸਨ ਪਰ ਭਾਜਪਾ ਦੇ ਪ੍ਰਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀ ਨਾ ਸਿਰਫ ਪ੍ਰਭਾਵਹੀਣ ਸਨ, ਸਗੋਂ ਆਲੋਚਨਾਤਮਕ ਅਤੇ ਆਮ ਤੌਰ ’ਤੇ ਮੇਰੀ ਰਾਏ ਮੁਤਾਬਿਕ ਬਹੁਤ ਰੁੱਖੇ ਸਨ।

ਕੀ ਮੈਂ ਵਧਾ-ਚੜ੍ਹਾਅ ਕੇ ਗੱਲ ਕਹਿ ਰਿਹਾ ਹਾਂ? ਤੁਸੀਂ ਖ਼ੁਦ ਫੈਸਲਾ ਕਰੋ।

ਗੋਇਲ ਦਾ ਰਵੱਈਆ ਆਲੋਚਨਾਤਮਕ

ਪ੍ਰੈੱਸ ਕਾਨਫਰੰਸ ’ਚ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾ ਸਿਰਫ ਅਣਦੇਖੀ ਵਾਲਾ ਰਵੱਈਆ ਅਪਣਾ ਰਹੇ ਸਨ, ਸਗੋਂ ਅਭਿਜੀਤ ਬੈਨਰਜੀ ਦੇ ਕਾਂਗਰਸ ਦੀ ‘ਨਿਆਏ’ ਯੋਜਨਾ ਨਾਲ ਸਬੰਧ ਨੂੰ ਲੈ ਕੇ ਉਹ ਆਲੋਚਨਾਤਮਕ ਵੀ ਸਨ। ਜੇ ਤੁਸੀਂ ਭੁੱਲ ਗਏ ਹੋਵੋ ਤਾਂ ਇਹ ਯੋਜਨਾ ਭਾਰਤੀ ਆਬਾਦੀ ਦੇ ਸਭ ਤੋਂ ਗਰੀਬ 20 ਫੀਸਦੀ ਲੋਕਾਂ ਨੂੰ ਹਰ ਮਹੀਨੇ 6000 ਰੁਪਏ ਦੇੇਣ ਬਾਰੇ ਸੀ।

ਗੋਇਲ ਨੇ ਸ਼ੁਰੂਆਤ ਕਰਦਿਆਂ ਕਿਹਾ ਕਿ ‘‘ਅਭਿਜੀਤ ਬੈਨਰਜੀ ਨੇ ਨੋਬਲ ਪੁਰਸਕਾਰ ਜਿੱਤਿਆ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਪਰ ਤੁਸੀਂ ਸਭ ਜਾਣਦੇ ਹੋ ਕਿ ਉਨ੍ਹਾਂ ਦੀ ਸਮਝ ਕੀ ਹੈ? ਉਨ੍ਹਾਂ ਦੀ ਸੋਚ ਪੂਰੀ ਤਰ੍ਹਾਂ ਖੱਬੇਪੱਖੀ ਹੈ। ਉਨ੍ਹਾਂ ਨੇ ਬਹੁਤ ਅਸਰਦਾਰ ਢੰਗ ਨਾਲ ‘ਨਿਆਏ’ ਯੋਜਨਾ ਦੀ ਤਾਰੀਫ ਕੀਤੀ ਸੀ ਪਰ ਭਾਰਤ ਦੇ ਲੋਕਾਂ ਨੇ ਉਨ੍ਹਾਂ ਦੀ ਸੋਚ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ।’’

ਇਸ ਤੱਥ ਤੋਂ ਇਲਾਵਾ, ਜੋ ਸਹੀ ਵੀ ਨਹੀਂ ਹੋ ਸਕਦਾ, ਘੱਟੋ-ਘੱਟ ਇਸ ਕਾਰਣ ਕਰਕੇ ਕਿ ਇਹ ਦਲੀਲ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ‘ਨਿਆਏ’ ਨਾਲੋਂ ਵੱਖਰੀ ਨਹੀਂ ਹੈ, ਇਹ ਕਹਿਣਾ ਵੀ ਇਕ ਮੂਰਖਤਾ ਭਰੀ ਗੱਲ ਹੈ। ਭਾਰਤ ਦੇ ਲੋਕਾਂ ਨੇ ਬੈਨਰਜੀ ਦੀ ਸੋਚ ਦਾ ਸਮਰਥਨ ਕਰਨ ਲਈ ਵੋਟ ਨਹੀਂ ਦਿੱਤੀ। ਅਸਲ ਵਿਚ ਜੇ ਉਹ ਉਨ੍ਹਾਂ ਦੀ ਸੋਚ ਤੋਂ ਜਾਣੂ ਹੁੰਦੇ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਸੀ ਕਿ ਉਹ ਇਸ ਨੂੰ ਗਰਮਜੋਸ਼ੀ ਨਾਲ ਅਪਣਾ ਲੈਂਦੇ।

ਇਹ ਸਿਰਫ ਇਕ ਫੂਹੜ ਅਤੇ ਸਲੀਕਾਹੀਣ ਟਿੱਪਣੀ ਸੀ। ਯਕੀਨੀ ਤੌਰ ’ਤੇ ਇਹ ਇਕ ਮੰਤਰੀ ਨੂੰ ਸੋਭਾ ਨਹੀਂ ਦਿੰਦੀ। ਅਸਲ ’ਚ ਇਹ ਬੈਨਰਜੀ ਦੀ ਬਜਾਏ ਗੋਇਲ ਦੀ ਸ਼ਖ਼ਸੀਅਤ ਦਾ ਜ਼ਿਆਦਾ ਖੁਲਾਸਾ ਕਰਦੀ ਹੈ। ਮੈਂ ਤਾਂ ਇਹ ਕਹਾਂਗਾ ਕਿ ਇਹ ਗੋਇਲ ਨੂੰ ਨੀਚਾ ਦਿਖਾਉਂਦੀ ਹੈ।

ਸਿਨ੍ਹਾ ਨੇ ਸ਼ਰਮਿੰਦਾ ਕੀਤਾ

ਹਾਲਾਂਕਿ ਗੋਇਲ ਦੀ ਮੂਰਖਤਾ ਨੂੰ ਉਨ੍ਹਾਂ ਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਸਿਨ੍ਹਾ ਵਲੋਂ ਕੀਤੀ ਗਈ ਟਿੱਪਣੀ ਨੇ ਤਾੜ ਲਿਆ, ‘‘ਜਿਹੜੇ ਲੋਕਾਂ ਦੀ ਦੂਜੀ ਪਤਨੀ ਵਿਦੇਸ਼ੀ ਹੈ, ਸਿਰਫ ਉਹੀ ਨੋਬਲ ਹਾਸਿਲ ਕਰ ਰਹੇ ਹਨ। ਮੈਨੂੰ ਨਹੀਂ ਪਤਾ ਕਿ ਨੋਬਲ ਹਾਸਿਲ ਕਰਨ ਲਈ ਇਹ ਇਕ ਸ਼ਰਤ ਹੈ ਜਾਂ ਨਹੀਂ।’’

ਮੈਂ ਇਕ ਵੀ ਅਜਿਹੇ ਆਦਮੀ ਨੂੰ ਨਹੀਂ ਮਿਲਿਆ, ਜੋ ਇਹ ਮੰਨਦਾ ਹੋਵੇ ਕਿ ਕਹਿਣ ਲਈ ਇਹ ਇਕ ਸਮਝਦਾਰੀ ਵਾਲੀ ਜਾਂ ਨੈਤਿਕ ਤੌਰ ’ਤੇ ਦਲੀਲਪੂਰਨ ਗੱਲ ਹੈ। ਇਸ ਨਾਲ ਮੈਨੂੰ ਹਰ ਕਿਸੇ ਵਿਚ ਇਕ ਹੜਬੜਾਹਟ ਜਿਹੀ ਦਿਖਾਈ ਦਿੱਤੀ। ਜ਼ਿਆਦਾਤਰ ਭਾਜਪਾ ਦੇ ਸਮਰਥਕ ਹਨ ਅਤੇ ਉਹ ਬਾਕੀਆਂ ਵਾਂਗ ਚਾਪਲੂਸ ਸਨ।

ਗੋਇਲ ਨੇ ਚਾਹੇ ਆਪਣੀ ਸਰਕਾਰ ਨੂੰ ਪ੍ਰੇਸ਼ਾਨੀ ਵਿਚ ਪਾਇਆ ਹੋਵੇ ਪਰ ਸਿਨ੍ਹਾ ਨੇ ਯਕੀਨੀ ਤੌਰ ’ਤੇ ਆਪਣੀ ਪਾਰਟੀ ਲਈ ਸ਼ਰਮਿੰਦਗੀ ਵਾਲੀ ਸਥਿਤੀ ਪੈਦਾ ਕਰ ਦਿੱਤੀ। ਮੈਨੂੰ ਜੋ ਚੀਜ਼ ਖਾਸ ਤੌਰ ’ਤੇ ਹੈਰਾਨੀਜਨਕ ਲੱਗੀ, ਜੋ ਸਿਆਸਤਦਾਨ ਆਮ ਕਰਦੇ ਹਨ, ਉਹ ਇਹ ਦਾਅਵਾ ਕਿ ਉਨ੍ਹਾਂ ਦੀ ਗੱਲ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਜਾਂ ਆਪਣੀ ਗਲਤੀ ’ਤੇ ਪਰਦਾ ਪਾਉਣ ਲਈ ਉਹ ਕਿਸੇ ਹੋਰ ਸੰਦਰਭ ਦਾ ਹਵਾਲਾ ਦਿੰਦੇ ਹਨ।

ਜੇ ਪ੍ਰਧਾਨ ਮੰਤਰੀ ਦਖਲ ਨਾ ਦਿੰਦੇ ਤਾਂ ਸਥਿਤੀ ਸੱਚਮੁਚ ਚਿੰਤਾਜਨਕ ਹੁੰਦੀ। ਅਭਿਜੀਤ ਬੈਨਰਜੀ ਦੇ ਦਿੱਲੀ ਵਿਚ ਆਖਰੀ ਦਿਨ ਮੋਦੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਅਜਿਹਾ ਕਰਨ ਲਈ ਟਵੀਟ ਦੇ ਜ਼ਰੀਏ ਆਪਣੀ ਖੁਸ਼ੀ ਜ਼ਾਹਿਰ ਕੀਤੀ। ਇਸ ਨਾਲ ਬੈਨਰਜੀ ਨੂੰ ਕੁਝ ਰਾਹਤ ਮਿਲੀ ਹੋਵੇਗੀ, ਜਿਨ੍ਹਾਂ ਨੇ ਉਦੋਂ ਤਕ ਕਹਿ ਦਿੱਤਾ ਸੀ ਕਿ ਭਾਜਪਾ ਦੀ ਨਿੱਜੀ ਆਲੋਚਨਾ ਪ੍ਰੇਸ਼ਾਨ ਕਰਨ ਵਾਲੀ ਹੈ।

ਪਰ ਇਸ ਨਾਲ ਗੋਇਲ ਅਤੇ ਸਿਨ੍ਹਾ ‘ਬਰੀ’ ਨਹੀਂ ਹੋ ਜਾਂਦੇ। ਤਾਂ ਕੀ ਹੁਣ ਤੁਸੀਂ ਸਮਝ ਸਕਦੇ ਹੋ ਕਿ ਮੈਂ ਉਸ ਢੰਗ ਨਾਲ ਸ਼ੁਰੂਆਤ ਕਿਉਂ ਕੀਤੀ? ਕੀ ਅਸੀਂ ਫੂਹੜ ਜਾਂ ਸਲੀਕਾਹੀਣ ਲੋਕ ਹਾਂ, ਜੋ ਇੰਨਾ ਵੀ ਨਹੀਂ ਜਾਣਦੇ ਕਿ ਕੀ ਕਹਿਣਾ ਹੈ ਅਤੇ ਕਦੋਂ ਅਨਪੜ੍ਹਤਾ ਭਰੇ ਵਿਚਾਰਾਂ ਨੂੰ ਪ੍ਰਗਟਾਏ ਬਿਨਾਂ ਛੱਡ ਦੇਣਾ ਹੈ? ਜਾਂ ਕੀ ਸਾਡੇ ’ਚੋਂ ਬਹੁਤੇ ਲੋਕ ਉਨ੍ਹਾਂ ਗੱਲਾਂ ਤੋਂ ਹੈਰਾਨ ਹਨ, ਜੋ ਮੈਂ ਕਹੀਆਂ ਹਨ? ਸਾਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਸਾਡੀਆਂ ਕਦਰਾਂ-ਕੀਮਤਾਂ ਨਹੀਂ ਹਨ ਅਤੇ ਅਜਿਹਾ ਸਲੂਕ ਸਵੀਕਾਰ ਨਹੀਂ ਹੈ।

ਵਾਜਪਾਈ ਦੀ ਮਿਸਾਲ ਭੁਲਾਈ

ਫਿਰ ਵੀ ਹਮੇਸ਼ਾ ਅਜਿਹਾ ਨਹੀਂ ਹੁੰਦਾ। ਸ਼੍ਰੀ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ, ਜਦੋਂ ਅਮ੍ਰਿਤਯ ਸੇਨ, ਜੋ ਬੇਹੱਦ ਕੱਟੜ ਆਲੋਚਕਾਂ ’ਚੋਂ ਇਕ ਸਨ, ਨੇ 1998 ’ਚ ਅਰਥ ਸ਼ਾਸਤਰ ਲਈ ਨੋਬਲ ਪੁਰਸਕਾਰ ਜਿੱਤਿਆ ਸੀ। ਪ੍ਰਧਾਨ ਮੰਤਰੀ ਨੇ ਤੁਰੰਤ ਉਨ੍ਹਾਂ ਨੂੰ ‘ਭਾਰਤ ਰਤਨ’ ਦਾ ਖਿਤਾਬ ਦਿੱਤਾ ਅਤੇ ਏਅਰ ਇੰਡੀਆ ’ਚ ਫਸਟ ਕਲਾਸ ਵਿਚ ਸਫਰ ਕਰਨ ਲਈ ਉਮਰ ਭਰ ਵਾਸਤੇ ਮੁਫਤ ਪਾਸ ਦਿੱਤਾ। ਇਹ ਦੁਖਦਾਈ ਹੈ ਕਿ ਸ਼੍ਰੀ ਵਾਜਪਾਈ ਦੀ ਸ਼ਲਾਘਾਯੋਗ ਮਿਸਾਲ ਨੂੰ ਉਨ੍ਹਾਂ ਲੋਕਾਂ ਵਲੋਂ ਭੁਲਾ ਦਿੱਤਾ ਗਿਆ, ਜਿਹੜੇ ਖੁਦ ਨੂੰ ਉਨ੍ਹਾਂ ਦੇ ਸਿਆਸੀ ਉੱਤਰਾਧਿਕਾਰੀ ਸਮਝਦੇ ਹਨ। ਮੈਂ ਹੈਰਾਨ ਹੁੰਦਾ ਹਾਂ ਕਿ ਉਹ ਇਨ੍ਹਾਂ ਦੇ ਰਵੱਈਏ ਨੂੰ ਲੈ ਕੇ ਕੀ ਸੋਚਦੇ ਹੋਣਗੇ?


Bharat Thapa

Content Editor

Related News