ਪਾਕਿਸਤਾਨ ’ਚ ਲਿਆ ਗਿਆ ਇਕ ਹੋਰ ਇਤਿਹਾਸਕ ਫੈਸਲਾ

03/14/2024 2:42:15 PM

ਇਕ ਇਤਿਹਾਸਕ ਫੈਸਲੇ ’ਚ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜ਼ਰਦਾਰੀ ਨੇ ਆਪਣੀ 31 ਸਾਲਾ ਬੇਟੀ ਆਸਿਫਾ ਭੁੱਟੋ ਨੂੰ ਰਸਮੀ ਤੌਰ ’ਤੇ ਦੇਸ਼ ਦੀ ਪਹਿਲੀ ਔਰਤ (ਫਸਟ ਲੇਡੀ) ਦੇ ਤੌਰ ’ਤੇ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ। ਪਹਿਲੀ ਔਰਤ ਦਾ ਦਰਜਾ ਆਮ ਤੌਰ ’ਤੇ ਦੇਸ਼ ਦੇ ਰਾਸ਼ਟਰਪਤੀ ਦੀ ਪਤਨੀ ਨੂੰ ਮਿਲਦਾ ਹੈ।

ਅਤੇ ਹੁਣ, ਜ਼ਰਦਾਰੀ ਨੇ ਦੇਸ਼ ’ਚ ਆਰਥਿਕ ਚੁਣੌਤੀਆਂ ਦੇ ਮੱਦੇਨਜ਼ਰ ਆਪਣੀ ਤਨਖਾਹ ਛੱਡਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਦੇ ਦਫਤਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਿਵੇਕਪੂਰਨ ਵਿੱਤੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਦੇ ਯਤਨ ’ਚ ਇਹ ਫੈਸਲਾ ਲਿਆ।

ਜ਼ਰਦਾਰੀ ਦੇਸ਼ ਦੇ ਇਤਿਹਾਸ ’ਚ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਦੇ ਵੱਕਾਰੀ ਅਹੁਦੇ ’ਤੇ ਚੁਣੇ ਜਾਣ ਵਾਲੇ ਪਹਿਲੇ ਰਾਸ਼ਟਰਪਤੀ ਹਨ।

ਇਸ ਤੋਂ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਆਗੂ ਮਰੀਅਮ ਨਵਾਜ਼ ਪੱਛਮੀ ਪੰਜਾਬ ਦੀ ਮੁੱਖ ਮੰਤਰੀ ਚੁਣੀ ਜਾਣ ਵਾਲੀ ਪਹਿਲੀ ਔਰਤ ਸੀ। ਪੱਛਮੀ ਪੰਜਾਬ ਦੀ ਆਬਾਦੀ ਪਾਕਿਸਤਾਨ ’ਚ ਸਭ ਤੋਂ ਜ਼ਿਆਦਾ ਹੈ ਅਤੇ ਲਾਹੌਰ ਨੂੰ ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਦੇ ਰੂਪ ’ਚ ਜਾਣਿਆ ਜਾਂਦਾ ਹੈ।

ਆਸਿਫਾ ਨੂੰ ਪ੍ਰਥਮ ਔਰਤ ਦਾ ਖਿਤਾਬ ਮਿਲਣ ’ਤੇ ਸੋਸ਼ਲ ਮੀਡੀਆ ’ਤੇ ਪ੍ਰਤੀਕਿਰਿਆ ਕਾਫੀ ਹੱਦ ਤੱਕ ਸਕਾਰਾਤਮਕ ਰਹੀ ਹੈ।

ਰਾਸ਼ਟਰਪਤੀ ਜ਼ਰਦਾਰੀ ਨੇ 2007 ’ਚ ਆਪਣੀ ਪਤਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਪਿੱਛੋਂ ਮੁੜ ਵਿਆਹ ਕਰਨ ਦਾ ਬਦਲ ਨਹੀਂ ਚੁਣਿਆ। ਨਤੀਜੇ ਵਜੋਂ 2008 ਤੋਂ 2013 ਤੱਕ, ਦੇਸ਼ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਮੁੱਢਲੇ ਕਾਰਜਕਾਲ ਦੌਰਾਨ ਪ੍ਰਥਮ ਅੌਰਤ ਦੀ ਭੂਮਿਕਾ ਖਾਲੀ ਰਹੀ।

ਪਾਕਿਸਤਾਨ ਦੇ ਕਾਨੂੰਨੀ ਮਾਹਿਰਾਂ ਨੇ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਕੋਲ ਆਪਣੇ ਪਰਿਵਾਰ ਦੀ ਕਿਸੇ ਵੀ ਅੌਰਤ ਮੈਂਬਰ ਨੂੰ ਉਪਾਧੀ ਪ੍ਰਦਾਨ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਅਜਿਹੀ ਨਿਯੁਕਤੀ ਨੂੰ ਰੋਕਣ ’ਚ ਕੋਈ ਕਾਨੂੰਨੀ ਰੁਕਾਵਟ ਨਹੀਂ ਹੈ।

ਕਾਨੂੰਨ ਮੁਤਾਬਕ ਰਾਸ਼ਟਰਪਤੀ ਦੇ ਪਰਿਵਾਰ ਦੇ ਮੈਂਬਰ ਯਾਤਰਾ ਦੌਰਾਨ ਰਿਹਾਇਸ਼, ਜਹਾਜ਼ ਅਤੇ ਹੋਰ ਸਹੂਲਤਾਂ ਦੀ ਵਰਤੋਂ ਕਰਨ ਲਈ ਅਧਿਕਾਰਤ ਹਨ। ਉਨ੍ਹਾਂ ਕੋਲ ਆਪਣੀ ਵਰਤੋਂ ਲਈ ਰੇਲਵੇ ਸੈਲੂਨ ਅਤੇ ਅਧਿਕਾਰਤ ਵਾਹਨ ਪ੍ਰਾਪਤ ਕਰਨ ਦਾ ਵੀ ਬਦਲ ਹੈ। ਰਾਸ਼ਟਰਪਤੀ ਵੱਲੋਂ ਪ੍ਰਾਪਤ ਭੱਤੇ ਸਬੰਧੀ ਕਾਨੂੰਨ ਪਰਿਵਾਰ ’ਤੇ ਵੀ ਲਾਗੂ ਹੋਣਗੇ।

ਆਸਿਫਾ ਦੀ ਨਾਨੀ ਨੁਸਰਤ ਭੁੱਟੋ, ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਦੀ ਪਤਨੀ ਸ਼ਫੀਕ ਜ਼ਿਆ ਅਤੇ ਇਸਕੰਦਰ ਮਿਰਜ਼ਾ ਦੀ ਪਤਨੀ ਨਾਹੀਦ ਮਿਰਜ਼ਾ ਸਮੇਤ ਕੁਝ ਪ੍ਰਥਮ ਔਰਤਾਂ ਸਿਆਸਤ ’ਚ ਵੀ ਸਰਗਰਮ ਰਹੀਆਂ।

ਆਸਿਫਾ ਦਾ ਜਨਮ 3 ਫਰਵਰੀ, 1993 ਨੂੰ ਹੋਇਆ ਸੀ। ਉਹ ਪਾਕਿਸਤਾਨ ਦੀ ਪਹਿਲੀ ਬੱਚੀ ਸੀ, ਜਿਸ ਨੂੰ ਦੇਸ਼ ਦੇ ਪਹਿਲੇ ਰਾਸ਼ਟਰੀ ਟੀਕਾਕਰਨ ਦਿਵਸ ’ਤੇ ਪੋਲੀਓ ਰੋਕੂ ਟੀਕਾ ਲਾਇਆ ਗਿਆ ਸੀ। ਉਸ ਦੀ ਮਾਂ, ਤੱਤਕਾਲੀਨ ਪ੍ਰਧਾਨ ਮੰਤਰੀ ਬੇਨਜ਼ੀਰ ਨੇ 1994 ’ਚ ਇਕ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਸੀ। ਬੇਨਜ਼ੀਰ ਨੇ ਮੁਹਿੰਮ ਦੀ ਹਮਾਇਤ ਦੇ ਤੌਰ ’ਤੇ ਵਿਅਕਤੀਗਤ ਤੌਰ ’ਤੇ ਆਸਿਫਾ ਦਾ ਟੀਕਾਕਰਨ ਕੀਤਾ।

ਅਗਸਤ 2012 ’ਚ, ਆਸਿਫਾ ਭੁੱਟੋ-ਜ਼ਰਦਾਰੀ ਨੂੰ ਪੋਲੀਓ ਖਤਮ ਕਰਨ ਲਈ ਪਾਕਿਸਤਾਨ ਦੇ ਸਦਭਾਵਨਾ ਰਾਜਦੂਤ (ਗੁਡਵਿੱਲ ਅੰਬੈਸਡਰ) ਵਜੋਂ ਨਿਯੁਕਤ ਕੀਤਾ ਗਿਆ। ਪਾਕਿਸਤਾਨ ’ਚ ਪੋਲੀਓ ਨੂੰ ਖਤਮ ਕਰਨ ’ਚ ਰਾਜਦੂਤ ਵਜੋਂ ਉਨ੍ਹਾਂ ਦੀ ਭੂਮਿਕਾ ਨੇ ਉਨ੍ਹਾਂ ਨੂੰ ਆਪਣੇ ਭਰਾਵਾਂ-ਭੈਣਾਂ ਦੀ ਤੁਲਨਾ ’ਚ ਆਮ ਜਨਤਾ ਦਰਮਿਆਨ ਇਕ ਜਾਣਿਆ-ਪਛਾਣਿਆ ਚਿਹਰਾ ਬਣਾ ਦਿੱਤਾ। ਰਾਜਦੂਤ ਵਜੋਂ ਆਪਣੇ ਕਾਰਜਕਾਲ ਦੌਰਾਨ ਆਸਿਫਾ ਨੇ ਇਸ ਬੀਮਾਰੀ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ, ਅਧਿਕਾਰੀਆਂ ਨਾਲ ਕੰਮ ਕੀਤਾ ਅਤੇ ਪੋਲੀਓ ਤੋਂ ਪ੍ਰਭਾਵਿਤ ਪਰਿਵਾਰਾਂ ਦਾ ਦੌਰਾ ਕੀਤਾ।

ਆਸਿਫਾ ਨੇ ਜੁਲਾਈ 2016 ’ਚ ਆਕਸਫੋਰਡ ਬਰੁਕਸ ਯੂਨੀਵਰਸਿਟੀ ਤੋਂ ਰਾਜਨੀਤੀ ਅਤੇ ਸਮਾਜ ਸ਼ਾਸਤਰ ’ਚ ਗ੍ਰੈਜੂਏਸ਼ਨ ਦੀ ਡਿਗਰੀ ਅਤੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਵਰਲਡ ਹੈਲਥ ਐਂਡ ਡਿਵੈਲਪਮੈਂਟ (ਵਿਸ਼ਵ ਸਿਹਤ ਅਤੇ ਵਿਕਾਸ) ’ਚ ਮਾਸਟਰ ਡਿਗਰੀ ਹਾਸਲ ਕੀਤੀ।

21 ਸਾਲ ਦੀ ਉਮਰ ’ਚ ਉਹ ਆਕਸਫੋਰਡ ਸਟੂਡੈਂਟਸ ਯੂਨੀਵਰਸਿਟੀ ਨੂੰ ਸੰਬੋਧਨ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਪਾਕਿਸਤਾਨੀ ਬਣ ਗਈ।

ਉਨ੍ਹਾਂ ਨੇ 30 ਨਵੰਬਰ, 2020 ਨੂੰ ਮੁਲਤਾਨ ’ਚ ਇਕ ਰੈਲੀ ’ਚ ਆਪਣੀ ਸਿਆਸੀ ਸ਼ੁਰੂਆਤ ਕੀਤੀ। 2022 ’ਚ, ਖਾਨੇਵਾਲ ’ਚ ਇਕ ਪੀ.ਪੀ.ਪੀ. ਜਲੂਸ ਦੇ ਦੌਰਾਨ, ਮੀਡੀਆ ਡ੍ਰੋਨ ਦੀ ਲਪੇਟ ’ਚ ਆਉਣ ਨਾਲ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

2024 ਦੀਆਂ ਪਾਕਿਸਤਾਨੀ ਆਮ ਚੋਣਾਂ ਦੌਰਾਨ, ਆਸਿਫਾ ਨੇ ਪੀ.ਪੀ.ਪੀ. ਦੀ ਮੁਹਿੰਮ ’ਚ ਇਕ ਅਹਿਮ ਭੂਮਿਕਾ ਨਿਭਾਈ, ਆਪਣੇ ਭਰਾ ਬਿਲਾਵਲ, ਜੋ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ, ਦੀ ਹਮਾਇਤ ’ਚ ਰੈਲੀਆਂ ਦੀ ਅਗਵਾਈ ਕੀਤੀ।

ਰਾਜ ਸਦੋਸ਼


Rakesh

Content Editor

Related News