ਰੋਗੀਆਂ ਨੂੰ ''ਜ਼ਿੰਦਗੀ'' ਦੇਣ ਵਾਲੀਆਂ ਐਂਬੂਲੈਂਸਾਂ ’ਚ ਢੋਹਿਆ ਜਾ ਰਿਹਾ ''ਮੌਤ ਦਾ ਸਾਮਾਨ''- ਨਸ਼ਾ

Tuesday, Apr 02, 2024 - 03:07 AM (IST)

ਰੋਗੀਆਂ ਨੂੰ ''ਜ਼ਿੰਦਗੀ'' ਦੇਣ ਵਾਲੀਆਂ ਐਂਬੂਲੈਂਸਾਂ ’ਚ ਢੋਹਿਆ ਜਾ ਰਿਹਾ ''ਮੌਤ ਦਾ ਸਾਮਾਨ''- ਨਸ਼ਾ

ਉਂਝ ਤਾਂ ਐਂਬੂਲੈਂਸਾਂ ਦੀ ਵਰਤੋਂ ਰੋਗੀਆਂ ਨੂੰ ਹਸਪਤਾਲ ਲਿਆਉਣ ਅਤੇ ਲਿਜਾਣ ਲਈ ਹੁੰਦੀ ਹੈ ਪਰ ਸਮਾਜ ਵਿਰੋਧੀ ਤੱਤਾਂ ਨੇ ਇਨ੍ਹਾਂ ਦੀ ਵਰਤੋਂ ਨਸ਼ਿਆਂ ਦੀ ਸਮੱਗਲਿੰਗ ਲਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀਆਂ ਚੰਦ ਉਦਾਹਰਣਾਂ ਹੇਠਾਂ ਦਰਜ ਹਨ :
* 1 ਅਪ੍ਰੈਲ, 2023 ਨੂੰ ਦੇਹਰਾਦੂਨ (ਉੱਤਰਾਖੰਡ) ਪੁਲਸ ਨੇ ਐਂਬੂਲੈਂਸ ਰਾਹੀਂ ਸ਼ਰਾਬ ਸਮੱਗਲਿੰਗ ਦੇ ਦੋਸ਼ ’ਚ ਇਕ ਔਰਤ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀਆਂ ਨੇ ਐਂਬੂਲੈਂਸ ਵਿਚ ਸ਼ਰਾਬ ਦੀਆਂ 20 ਪੇਟੀਆਂ ਲੱਦ ਕੇ ਉਨ੍ਹਾਂ ਉੱਪਰ ਇਕ ਔਰਤ ਨੂੰ ਮਰੀਜ਼ ਵਜੋਂ ਲਿਟਾਇਆ ਹੋਇਆ ਸੀ।

* 9 ਅਪ੍ਰੈਲ, 2023 ਨੂੰ ਉੱਤਰੀ ਲਖੀਮਪੁਰ (ਆਸਾਮ) ਵਿਚ ‘ਚਬਾਤੀ’ ਮੈਡੀਕਲ ਕਾਲਜ ਦੇ ਨੇੜੇ ਖੜ੍ਹੀ ਇਕ ਐਂਬੂਲੈਂਸ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਦੇਸੀ ਸ਼ਰਾਬ ਦੀਆਂ ਕਈ ਬੋਤਲਾਂ ਬਰਾਮਦ ਹੋਈਆਂ।

* 4 ਜੂਨ, 2023 ਨੂੰ ਔਰੰਗਾਬਾਦ (ਬਿਹਾਰ) ਵਿਚ ‘ਅੰਬਾ’ ਥਾਣਾ ਇਲਾਕੇ ਵਿਚ ‘ਏਰਕਾ ਚੈੱਕ ਪੋਸਟ’ ਦੇ ਨੇੜੇ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਰੋਕੀ ਗਈ ਇਕ ਐਂਬੂਲੈਂਸ ਵਿਚੋਂ 333 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ।

* 1 ਜੁਲਾਈ, 2023 ਨੂੰ ਆਗਰਾ (ਉੱਤਰ ਪ੍ਰਦੇਸ਼) ਵਿਚ ਪੁਲਸ ਨੇ ਇਕ ਐਂਬੂਲੈਂਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 200 ਕਿਲੋ ਗਾਂਜਾ ਬਰਾਮਦ ਹੋਇਆ।

* 17 ਜੁਲਾਈ, 2023 ਨੂੰ ਸੂਰਤ (ਗੁਜਰਾਤ) ਦਿਹਾਤੀ ਪੁਲਸ ਨੇ ਇਕ ਐਂਬੂਲੈਂਸ ਵਿਚ ਲੁਕੋ ਕੇ ਲਿਆਂਦੀ ਜਾ ਰਹੀ 70 ,000 ਰੁਪਏ ਦੀ ਸ਼ਰਾਬ ਬਰਾਮਦ ਕੀਤੀ।

* 24 ਜੁਲਾਈ, 2023 ਨੂੰ ਫਤਹਿਗੜ੍ਹ ਸਾਹਿਬ (ਪੰਜਾਬ) ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਐਂਬੂਲੈਂਸ ਵਿਚ ਫਤਹਿਗੜ੍ਹ ਸਾਹਿਬ, ਮੋਹਾਲੀ ਅਤੇ ਰੋਪੜ ਜ਼ਿਲਿਆਂ ਵਿਚ ਲਿਜਾਇਆ ਜਾ ਰਿਹਾ 3.25 ਕੁਇੰਟਲ ਚੂਰਾ-ਪੋਸਤ ਬਰਾਮਦ ਕੀਤਾ।

* 29 ਜੁਲਾਈ 2023 ਨੂੰ ਮਾਂਝੀ (ਬਿਹਾਰ) ਚੈੱਕ ਪੋਸਟ ’ਤੇ ਪੁਲਸ ਨੇ 102 ਨੰਬਰ ਦੀ ਐਂਬੂਲੈਂਸ ਨੂੰ ਰੋਕ ਕੇ ਇਸ ਦੀ ਛੱਤ ਵਿਚ ਗੁਪਤ ਜਗ੍ਹਾ ਬਣਾ ਕੇ ਰੱਖੀ ਹੋਈ 18 ਲੱਖ ਰੁਪਏ ਮੁੱਲ ਦੀ 85 ਪੇਟੀਆਂ ਸ਼ਰਾਬ ਬਰਾਮਦ ਕੀਤੀ।

* 28 ਅਗਸਤ, 2023 ਨੂੰ ਸਈਦ ਰਾਜਾ (ਬਿਹਾਰ) ਪੁਲਸ ਨੇ ਬਿਹਾਰ-ਉੱਤਰ ਪ੍ਰਦੇਸ਼ ਹੱਦ ’ਤੇ ਇਕ ਐਂਬੂਲੈਂਸ ਵਿਚੋਂ 5 ਲੱਖ ਰੁਪਏ ਦੀ ਸ਼ਰਾਬ ਦੀਆਂ 39 ਪੇਟੀਆਂ ਬਰਾਮਦ ਕੀਤੀਆਂ।

* 1 ਅਕਤੂਬਰ, 2023 ਨੂੰ ਪ੍ਰਤਾਪਗੜ੍ਹ ਜ਼ਿਲ੍ਹੇ (ਰਾਜਸਥਾਨ) ਵਿਚ ‘ਧਮੋਤਰ’ ਪੁਲਸ ਨੇ ਇਕ ਐਂਬੂਲੈਂਸ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ 60 ਗ੍ਰਾਮ ਨਸ਼ੀਲਾ ਪਦਾਰਥ ਐੱਮ.ਡੀ.ਐੱਮ.ਏ. ਬਰਾਮਦ ਕਰ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ।

* 26 ਅਕਤੂਬਰ, 2023 ਨੂੰ ਊਨਾ (ਹਿਮਾਚਲ) ਵਿਚ ਮਹਿਤਪੁਰ ਪੁਲਸ ਨੇ ਉਲਟ ਦਿਸ਼ਾ ਤੋਂ ਆ ਰਹੀ ਇਕ ਐਂਬੂਲੈਂਸ ਨੂੰ ਰੋਕ ਕੇ ਉਸ ਵਿਚੋਂ ਸ਼ਰਾਬ ਬਰਾਮਦ ਕੀਤੀ।

* 4 ਨਵੰਬਰ, 2023 ਨੂੰ ਲਾਤੇਹਾਰ (ਬਿਹਾਰ) ਪੁਲਸ ਨੇ ਤਲਾਸ਼ੀ ਦੌਰਾਨ ਐਂਬੂਲੈਂਸ ਵਿਚ ਲਿਜਾਈ ਜਾ ਰਹੀ 1020 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ।

* 9 ਨਵੰਬਰ, 2023 ਨੂੰ ਅਲਮੋੜਾ (ਉੱਤਰਾਖੰਡ) ਪੁਲਸ ਨੇ ਬੀਮਾਰ ਲੱਗਦੇ ਵਿਅਕਤੀ ਨੂੰ ਲਿਜਾ ਰਹੀ ਐਂਬੂਲੈਂਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 16 ਥੈਲੀਆਂ ਵਿਚ ਲੁਕੋਇਆ ਹੋਇਆ 32 ਲੱਖ ਰੁਪਏ ਮੁੱਲ ਦਾ 218 ਕਿਲੋ ਗਾਂਜਾ ਬਰਾਮਦ ਹੋਇਆ।

* 17 ਦਸੰਬਰ, 2023 ਨੂੰ ਪਾਲਘਰ (ਮਹਾਰਾਸ਼ਟਰ) ਪੁਲਸ ਨੇ ‘ਵਾਡਾ’ ਤਾਲੁਕਾ ਵਿਚ ਇਕ ਹੋਟਲ ਦੀ ਪਾਰਕਿੰਗ ਵਿਚ ਖੜ੍ਹੀ ਐਂਬੂਲੈਂਸ ਵਿਚ ਡਰਾਈਵਰ ਦੀ ਸੀਟ ਹੇਠ ਲੁਕੋ ਕੇ ਰੱਖੀਆਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ।

* 3 ਜਨਵਰੀ, 2024 ਨੂੰ ਰਤਨਗੜ੍ਹ (ਮੱਧ ਪ੍ਰਦੇਸ਼) ਵਿਚ ਐਂਬੂਲੈਂਸ ਦੀ ਆੜ ਵਿਚ ਨਾਜਾਇਜ਼ ਨਸ਼ੀਲੇ ਪਦਾਰਥ ਚੂਰਾ-ਪੋਸਤ ਦੀ ਸਮੱਗਲਿੰਗ ਕਰ ਰਹੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 840 ਕਿਲੋ ਡੋਡਾ-ਚੂਰਾ ਐਂਬੂਲੈਂਸ ਸਮੇਤ ਜ਼ਬਤ ਕੀਤਾ ਗਿਆ।

* 18 ਫਰਵਰੀ, 2024 ਨੂੰ ਸੋਨੀਪਤ (ਹਰਿਆਣਾ) ਦੇ ਥਾਣਾ ਰਾਈ ਦੀ ਪੁਲਸ ਨੇ ਦਿੱਲੀ ਵੱਲੋਂ ਆ ਰਹੀ ਝਾਰਖੰਡ ਦੇ ਨੰਬਰ ਵਾਲੀ ਇਕ ਐਂਬੂਲੈਂਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਮਰੀਜ਼ ਨੂੰ ਲਿਟਾਉਣ ਵਾਲੀ ਥਾਂ ਦੇ ਹੇਠੋਂ ਫਰਸ਼ ਵਿਚ ਬਣੇ ਗੁਪਤ ਸਥਾਨ ਅਤੇ ਖਿੜਕੀਆਂ ਅੰਦਰ ਬਿਹਾਰ ਤੋਂ ਲਿਆ ਕੇ ਲੁਕੋ ਕੇ ਰੱਖੀਆਂ ਹੋਈਆਂ ਡੇਢ ਲੱਖ ਰੁਪਏ ਮੁੱਲ ਦੀਆਂ ਅੰਗਰੇਜ਼ੀ ਸ਼ਰਾਬ ਦੀਆਂ 96 ਬੋਤਲਾਂ ਬਰਾਮਦ ਹੋਈਆਂ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾ ਸਿਰਫ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਸਗੋਂ ਲੱਗਭਗ ਪੂਰੇ ਦੇਸ਼ ਵਿਚ ਫੈਲਦੀ ਜਾ ਰਹੀ ਹੈ। ਇਸ ਲਈ ਇਸ ਬੁਰਾਈ ’ਤੇ ਰੋਕ ਲਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਹੀ ਤਰ੍ਹਾਂ ਦੀਆਂ ਐਂਬੂਲੈਂਸਾਂ ਵਿਚ ਨਸ਼ਾ ਢੋਹਣ ਵਾਲੇ ਡਰਾਈਵਰਾਂ ਤੋਂ ਇਲਾਵਾ ਇਨ੍ਹਾਂ ਦੇ ਮਾਲਕਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

-ਵਿਜੇ ਕੁਮਾਰ


author

Harpreet SIngh

Content Editor

Related News