ਹੈਰਾਨੀਜਨਕ ਸੀ ਕਾਰਗਿਲ ਜੰਗ ’ਚ ਬਹਾਦੁਰੀ ਦਾ ਪ੍ਰਦਰਸ਼ਨ
Tuesday, Aug 03, 2021 - 03:51 AM (IST)

ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ
ਪਿਛਲੇ ਦਿਨੀਂ 26 ਜੁਲਾਈ ਨੂੰ ਅਸੀਂ ਕਾਰਗਿਲ ਵਿਜੇ ਦਿਵਸ ਮਨਾਇਆ ਜੋ 1999 ’ਚ ਕਾਰਗਿਲ ਖੇਤਰ ’ਚ ਭਾਰਤ ਦੀਆਂ ਹਥਿਆਰਬੰਦ ਫੌਜਾਂ ਵਲੋਂ ਪਾਕਿਸਤਾਨੀ ਫੌਜ ਵਿਰੁੱਧ ਜੰਗ ਦੌਰਾਨ ‘ਆਪ੍ਰੇਸ਼ਨ ਵਿਜੇ’ ਦੀ ਚਮਤਕਾਰੀ ਜਿੱਤ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਇਸ ਜੰਗ ਦੌਰਾਨ ਪੂਰੇ ਦੇਸ਼ ਦੇ 527 ਅਧਿਕਾਰੀਆਂ ਅਤੇ ਜਵਾਨਾਂ ਨੇ ਬਲੀਦਾਨ ਦਿੱਤਾ ਅਤੇ 1363 ਜ਼ਖਮੀ ਵੀ ਹੋਏ। ਆਪਣੇ ਯੋਧਿਆਂ ਦਾ ਸਨਮਾਨ ਕਰਦੇ ਹੋਏ ਰਾਸ਼ਟਰ ਨੇ ਸ਼ੂਰਵੀਰਾਂ ਨੂੰ ਚਾਰ ਪਰਮਵੀਰ ਚੱਕਰ, 10 ਮਹਾਵੀਰ ਚੱਕਰ, 55 ਵੀਰ ਚੱਕਰ ਅਤੇ ਕਈ ਬਹਾਦੁਰੀ ਦੇ ਪੁਰਸਕਾਰਾਂ ਅਤੇ ਤਮਗਿਆਂ ਨਾਲ ਨਿਵਾਜਿਆ।
ਇਹ ਹੈਰਾਨੀਜਨਕ ਅਤੇ ਬੇਮਿਸਾਲ ਦਾਸਤਾਨ ਉਨ੍ਹਾਂ ਬਹਾਦੁਰ ਯੋਧਿਆਂ ਦੀ ਹੈ, ਜਿਨ੍ਹਾਂ ਨੇ ਲੜਾਈ ’ਚ ਆਪਣੀ ਬੇਮਿਸਾਲ ਹਿੰਮਤ ਦਿਖਾਉਂਦੇ ਹੋਏ ਬਹਾਦੁਰੀ ਦੀ ਮਿਸਾਲ ਕਾਇਮ ਕੀਤੀ।
ਕੈਪਟਨ ਵਿਕਰਮ ਬਤਰਾ ‘ਪੀ.ਵੀ.ਸੀ. ‘ਮਰਨ ਉਪਰੰਤ’ (13 ਜੈਕ ਰਾਈਫਲਸ)
13 ਜੈਕ ਰਾਈਫਲਸ ਨੇ ਦ੍ਰਾਸ ਸਬ ਸੈਕਟਰ (ਕਾਰਗਿਲ ) ’ਚ 14 ਜੂਨ 1999 ਨੂੰ ਪ੍ਰਵੇਸ਼ ਕੀਤਾ। ਪਲਟਨ ਨੂੰ ਤੋਲੋਲਿੰਗ ਦੇ ਨਾਲ ਲੱਗਦੇ ਪ੍ਰਭਾਵੀ ਪੁਆਇੰਟ 5140 ’ਤੇ ਕਬਜ਼ਾ ਕਰਨ ਦਾ ਹੁਕਮ ਦਿੱਤਾ ਗਿਆ। ਹਮਲਾ 15 ਜੂਨ ਨੂੰ ਰਾਤ 9 ਵਜੇ ਸ਼ੁਰੂ ਹੋਇਆ। ਦੁਸ਼ਮਣ ਵਲੋਂ ਭਾਰੀ ਗੋਲਾਬਾਰੀ ਕਾਰਨ ਸਫਲਤਾ ਪ੍ਰਾਪਤ ਨਹੀਂ ਹੋਈ। ਇਕ ਵਾਰ ਫਿਰ 30 ਜੂਨ ਨੂੰ ‘ਡੀ’ ਕੰਪਨੀ ਨੂੰ ਇਸ ਔਖੀ ਪਹਾੜੀ ’ਤੇ ਹਮਲਾ ਕਰਨ ਲਈ ਕਿਹਾ ਗਿਆ। ਕੈਪਟਨ ਵਿਕਰਮ ਬੱਤਰਾ ਨੇ ਸਭ ਤੋਂ ਅੱਗੇ ਹੋ ਕੇ ਆਪਣੇ ਜਵਾਨਾਂ ਦੀ ਪ੍ਰਭਾਵਸ਼ਾਲੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਬੇਧੜਕ ਪੁਆਇੰਟ 5140 ’ਤੇ ਡਟੇ ਦੁਸ਼ਮਣਾਂ ’ਤੇ ਟੁੱਟ ਪਿਆ। ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਧੁਨਿਕ ਹਥਿਆਰਾਂ ਨਾਲ ਲੈਸ ਦੁਸ਼ਮਣਾਂ ਨਾਲ ਮੁਕਾਬਲੇ ਦੌਰਾਨ 4 ਦੁਸ਼ਮਣਾਂ ਨੂੰ ਆਪਣੀ ਏ. ਕੇ. 47 ਰਾਈਫਲ ਨਾਲ ਮਾਰ ਸੁੱਟਿਆ।
ਇਕ ਵਾਰ ਫਿਰ 7 ਜੁਲਾਈ 1999 ਨੂੰ ਮਸ਼ਕੋਹ ਘਾਟੀ ’ਚ 13 ਜੈਕ ਰਾਈਫਲਸ ਨੂੰ ਤੰਗ ਪਹਾੜੀ ਵਾਲੇ ਪੁਆਇੰਟ 4875 ਦੇ ਉੱਤਰੀ ਹਿੱਸੇ ’ਤੇ ਹਮਲਾ ਕਰਨ ਦੇ ਲਈ ਚੁਣਿਆ ਗਿਆ। ਕੈਪਟਨ ਬੱਤਰਾ ਨੇ ਫਿਰ ਵਲੰਟੀਅਰ ਹੋ ਕੇ ਪਥਰੀਲੀ ਪਹਾੜੀ ਸ਼੍ਰੇਣੀ ਦੀ ਚੋਟੀ ’ਤੇ ਹਮਲਾ ਬੋਲ ਦਿੱਤਾ। ਦੁਸ਼ਮਣ ਨਾਲ ਹੱਥੋਪਾਈ ਕਰਦੇ ਹੋਏ 5 ਘੁਸਪੈਠੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮੁਕਾਬਲੇ ਦੌਰਾਨ ਕੈਪਟਨ ਬੱਤਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਪਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੁਸ਼ਮਣ ਦੇ ਦੂਜੇ ਕੈਂਪ ਨੇੜੇ ਪਹੁੰਚ ਕੇ ਉਥੇ ਹੱਥਗੋਲੇ ਸੁੱਟੇ ਅਤੇ ਆਪਣੀ ਏ.ਕੇ. 47 ਰਾਈਫਲ ਨਾਲ ਘੁਸਪੈਠੀਆਂ ’ਤੇ ਲਗਾਤਾਰ ਫਾਇਰਿੰਗ ਕੀਤੀ। ਉਸ ਦੀ ਉੱਚ ਕੋਟੀ ਦੀ ਬਹਾਦੁਰੀ ਅਤੇ ਹਿੰਮਤ ਨੂੰ ਦੇਖਦੇ ਹੋਏ ਉਸ ਦੀ ਕੰਪਨੀ ਦੇ ਸਿਪਾਹੀ ਵੀ ਦੁਸ਼ਮਣ ਕੋਲੋਂ ਬਦਲਾ ਲੈਣ ਦੀ ਭਾਵਨਾ ਨਾਲ ਅੱਗੇ ਵਧਦੇ ਹੋਏ ਦੁਸ਼ਮਣ ਨੂੰ ਖਦੇੜਦੇ ਚਲੇ ਗਏ ਅਤੇ ਅਖੀਰ ਆਪਣੇ ਨਿਸ਼ਾਨੇ ਨੂੰ ਹਾਸਲ ਕਰ ਕੇ ਦੇਸ਼ ਅਤੇ ਫੌਜ ਦਾ ਨਾਂ ਰੌਸ਼ਨ ਕੀਤਾ।
ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ ਪੀ.ਵੀ. ਸੀ. 18 ਗ੍ਰੇਨੇਡੀਅਰ
ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ 18 ਗ੍ਰੇਨੇਡੀਅਰ ਦੀ ਘਾਤਕ ਪਲਟੂਨ ਦੇ ਸਭ ਤੋਂ ਅੱਗੇ ਲੱਗਣ ਵਾਲੀ ਟੀਮ ਦਾ ਮੈਂਬਰ ਸੀ, ਜਿਸ ਨੂੰ 4 ਜੁਲਾਈ 1999 ਨੂੰ 16,500 ਫੁਟ ਉੱਚੀ ‘ਟਾਈਗਰ ਹਿਲ’ (ਦ੍ਰਾਸ ਸਬ ਸੈਕਟਰ ਕਾਰਗਿਲ) ’ਤੇ ਕਬਜ਼ਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਜਿਸ ਨੇ ਆਪਣੀ ਇੱਛਾ ਨਾਲ ਸਭ ਤੋਂ ਅੱਗੇ ਹੋ ਕੇ ਖੜ੍ਹੀ ਚੜਾਈ ਵਾਲੀ ਬਰਫੀਲੀ, ਪਥਰੀਲੀ ਪਹਾੜੀ ’ਤੇ ਚੜ੍ਹ ਕੇ ਸਭ ਤੋਂ ਪਹਿਲਾਂ ਰੱਸੀ ਬੰਨ੍ਹੀ ਤਾਂ ਜੋ ਉਸ ਦੇ ਬਾਕੀ ਸਾਥੀ ਆਸਾਨੀ ਨਾਲ ਉੱਪਰ ਪਹੁੰਚ ਸਕਣ। ਹੈਰਾਨ ਪ੍ਰੇਸ਼ਾਨ ਦੁਸ਼ਮਣ ਨੇ ਜਦੋਂ ਦੇਖਿਆ ਕਿ ਘਾਤਕ ਪਲਟੂਨ ਦੇ ਸੂਰਬੀਰਾਂ ਨੇ ਅਤਿਅੰਤ ਔਖੇ ਪਾਸਿਓਂ ਉਨ੍ਹਾਂ ਵਲ ਹੋਰ ਵਧਣਾ ਸ਼ੁਰੂ ਕਰ ਦਿੱਤਾ ਹੈ ਤਾਂ ਪਾਕਿਸਤਾਨੀਆਂ ਨੇ ਭਾਰਤੀ ਹਮਲਾਵਰਾਂ ’ਤੇ ਹੱਥਗੋਲੇ ਸੁੱਟਦੇ ਹੋਏ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਕਾਰਨ ਯਾਦਵ ਦਾ ਟੀਮ ਲੀਡਰ ਅਤੇ ਇਕ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਅਤੇ ਐਡਵਾਂਸ ਰੁੱਕ ਗਿਆ। ਹਾਲਾਤ ਦੀ ਗੰਭੀਰਤਾ ਨੂੰ ਸਮਝਦੇ ਹੋਏ ਯਾਦਵ ਨੇ ਦੁਸ਼ਮਣ ਵਲ ਸਰਕਨਾ ਸ਼ੁਰੂ ਕਰ ਦਿੱਤਾ। ਜਿਵੇਂ-ਜਿਵੇਂ ਉਹ ਅੱਗੇ ਵਧਦਾ ਜਾ ਰਿਹਾ ਸੀ, ਤਿਵੇਂ-ਤਿਵੇਂ ਦੁਸ਼ਮਣ ਵਲੋਂ ਗੋਲੀਬਾਰੀ ਹੋਰ ਤੇਜ਼ ਹੁੰਦੀ ਗਈ ਪਰ ਜ਼ਖਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਸ ਨੇ ਦੁਸ਼ਮਣ ਦੇ ਬੰਕਰ ਨੇੜੇ ਪਹੁੰਚ ਕੇ ਉਸ ’ਚ ਗੋਲੇ ਸੁੱਟ ਕੇ ਆਪਣੀ ਰਾਈਫਲ ਨਾਲ ਫਾਇਰਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਅਤੇ 4 ਪਾਕਿਸਤਾਨੀਆਂ ਨੂੰ ਢੇਰ ਕਰ ਦਿੱਤਾ।
ਇਸ ਮੌਕੇ ’ਤੇ ਪਾਕਿਸਤਾਨੀ ਫੌਜ ਨੇ ਸਾਡੇ ਤੇਜ਼ੀ ਨਾਲ ਵਧ ਰਹੇ ਜਵਾਨਾਂ ’ਤੇ ਜਵਾਬੀ ਹਮਲਾ ਬੋਲ ਦਿੱਤਾ ਜਿਸ ਕਾਰਨ ਯੋਗੇਂਦਰ ਦੇ ਕੁਝ ਸਾਥੀ ਸ਼ਹੀਦ ਹੋ ਗਏ ਅਤੇ ਉਹ ਭੜਕ ਉੱਠਿਆ। ਆਪਣੀ ਬਾਂਹ ਨੂੰ ਬੈਲਟ ਨਾਲ ਬੰਨ੍ਹ ਕੇ ਲੱਤ ’ਚੋਂ ਵਗਦੇ ਖੂਨ ਦੀ ਪ੍ਰਵਾਹ ਨਾ ਕਰਦੇ ਹੋਏ ਉਹ ਅੱਗ ਵਾਂਗ ਦੁਸ਼ਮਣ ਦੇ ਦੂਜੇ ਕੈਂਪ ’ਤੇ ਟੁੱਟ ਪਿਆ ਅਤੇ ਹੱਥ ਗੋਲੇ ਸੁੱਟਦਾ ਹੋਇਆ ਉਨ੍ਹਾਂ ਦੇ ਦੂਜੇ ਬੰਕਰ ’ਤੇ ਕਬਜ਼ਾ ਕਰ ਲਿਆ। ਇਕ ਵਾਰ ਮੁੜ ਉਸ ਨੂੰ ਗੋਲੀਆਂ ਲੱਗੀਆਂ ਪਰ ਉਸ ਨੇ ਪਿੱਛੇ ਹਟਣ ਤੋਂ ਨਾਂਹ ਕਰ ਦਿੱਤੀ। ਉਸ ਦੀ ਹਿੰਮਤ ਅਤੇ ਬਦਲਾ ਲੈਣ ਦੀ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਬਾਕੀ ਸਾਥੀ ਵੀ ਉਤਸ਼ਾਹ ਨਾਲ ਅੱਗੇ ਵਧਦੇ ਗਏ। ਜ਼ਬਰਦਸਤ ਮੁਕਾਬਲੇ ਪਿਛੋਂ ਆਖਿਰ ਸਫਲਤਾ ਨੇ ਪਲਟੂਨ ਦੇ ਪੈਰ ਚੁੰਮੇ।
ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ ਦੇ ਦ੍ਰਿੜ੍ਹ ਇਰਾਦੇ ਅਤੇ ਉੱਚ ਕੋਟੀ ਦੀ ਬਹਾਦੁਰੀ ਨੂੰ ਮੁੱਖ ਰੱਖਦੇ ਹੋਏ ਰਾਸ਼ਟਰਪਤੀ ਨੇ ਉਸ ਨੂੰ ਦੇਸ਼ ਦੇ ਸਭ ਤੋਂ ਵੱਡੇ ਬਹਾਦੁਰੀ ਦੇ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ।