ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਮਦਦਗਾਰਾਂ ਵਿਰੁੱਧ ਕਾਰਵਾਈ ਹੋਰ ਤੇਜ਼ ਕਰਨ ਦੀ ਲੋੜ

Thursday, Dec 05, 2024 - 03:45 AM (IST)

ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਨੇ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਤੱਤਾਂ ਨੂੰ ਸ਼ਹਿ ਦੇਣ ਵਾਲੇ ਉਨ੍ਹਾਂ ਦੇ ਮਦਦਗਾਰਾਂ ਅਤੇ ਅਜਿਹੀਆਂ ਸਰਗਰਮੀਆਂ ’ਚ ਸ਼ਾਮਲ ਸਰਕਾਰੀ ਮੁਲਾਜ਼ਮਾਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 27 ਨਵੰਬਰ ਨੂੰ ਪਾਕਿਸਤਾਨ ਤੋਂ ਜੰਮੂ ’ਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਲਈ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਭੋਜਨ ਆਦਿ ਦਾ ਪ੍ਰਬੰਧ ਕਰਨ ਵਾਲਿਆਂ ਦੇ ਇਕ ਵੱਡੇ ਨੈੱਟਵਰਕ ਵਿਰੁੱਧ ਕਠੂਆ ਜ਼ਿਲੇ ’ਚ 17 ਸਥਾਨਾਂ ’ਤੇ ਛਾਪੇਮਾਰੀ ਕਰ ਕੇ 10 ਮਦਦਗਾਰਾਂ ਨੂੰ ਇਲੈਕਟ੍ਰਾਨਿਕ ਉਪਕਰਨਾਂ ਅਤੇ ਇਤਰਾਜ਼ਯੋਗ ਦਸਤਾਵੇਜ਼ਾਂ ਸਮੇਤ ਗ੍ਰਿਫਤਾਰ ਕੀਤਾ ਗਿਆ।

*29 ਨਵੰਬਰ ਨੂੰ ਜੰਮੂ-ਕਸ਼ਮੀਰ ਪੁਲਸ ਨੇ ਊਧਮਪੁਰ ਅਤੇ ਡੋਡਾ ਜ਼ਿਲਿਆਂ ’ਚ ਅੱਤਵਾਦੀ ਸੰਗਠਨਾਂ ਦੇ 2 ਸਹਿਯੋਗੀਆਂ ‘ਅਬਦੁਲ ਸੱਤਾਰ’ ਅਤੇ ‘ਫਿਰਦੌਸ ਅਹਿਮਦ ਵਾਨੀ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਤਰਾਜ਼ਯੋਗ ਸਮੱਗਰੀ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ।

* 29 ਨਵੰਬਰ ਨੂੰ ਹੀ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਅਤੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਦੇ ਦੋਸ਼ ’ਚ 2 ਸਰਕਾਰੀ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ।

ਇਨ੍ਹਾਂ ’ਚ 1992 ਤੋਂ ਸਿਹਤ ਵਿਭਾਗ ’ਚ ਕੰਮ ਕਰਦਾ ਫਾਰਮਾਸਿਸਟ ‘ਅਬਦੁਲ ਰਹਿਮਾਨ ਨੈਕਾ’ ਲੰਬੇ ਸਮੇਂ ਤੋਂ ਅੱਤਵਾਦੀ ਗਿਰੋਹ ਹਿਜ਼ਬੁਲ ਮੁਜਾਹਿਦੀਨ ਲਈ ਕੰਮ ਕਰ ਰਿਹਾ ਸੀ ਅਤੇ ਕੁਲਗਾਮ ਦੇ ਰਾਸ਼ਟਰਵਾਦੀ ਨੇਤਾ ‘ਗੁਲਾਮ ਹਸਨ ਲੋਨ’ ਦੀ 2021 ’ਚ ਹੱਤਿਆ ਦੀ ਜਾਂਚ ਦੌਰਾਨ ਉਸ ਦੀ ਭੂਮਿਕਾ ਸਾਹਮਣੇ ਆਈ ਸੀ।

ਗ੍ਰਿਫਤਾਰੀ ਵੇਲੇ ਉਸ ਕੋਲੋਂ ਹੈਂਡ ਗ੍ਰੇਨੇਡ ਅਤੇ ਏ. ਕੇ. 47 ਦੀਆਂ ਗੋਲੀਆਂ ਬਰਾਮਦ ਹੋਈਆਂ। ਉਸ ਨੇ ਸਵੀਕਾਰ ਕੀਤਾ ਕਿ ਪਾਕਿਸਤਾਨ ਸਥਿਤ ਹੈਂਡਲਰਾਂ ਨੇ ਉਸ ਨੂੰ ਕੁਲਗਾਮ ’ਚ ਸੁਰੱਖਿਆ ਬਲਾਂ ਅਤੇ ਸਿਆਸੀ ਵਰਕਰਾਂ ’ਤੇ ਹਮਲੇ ਕਰਨ ਦਾ ਹੁਕਮ ਦਿੱਤਾ ਸੀ।

ਬਰਖਾਸਤ ਕੀਤਾ ਗਿਆ ਦੂਜਾ ਮੁਲਾਜ਼ਮ ਜ਼ਹੀਰ ਅੱਬਾਸ ਸਿੱਖਿਆ ਵਿਭਾਗ ’ਚ 2012 ਤੋਂ ਕੰਮ ਕਰਦਾ ਅਧਿਆਪਕ ਸੀ ਜਿਸ ਨੂੰ 2020 ’ਚ 3 ਸਰਗਰਮ ਅੱਤਵਾਦੀਆਂ ਨੂੰ ਸ਼ਰਨ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।

ਜ਼ਹੀਰ ਅੱਬਾਸ ਵੀ ਹਿਜ਼ਬੁਲ ਮੁਜਾਹਿਦੀਨ ਲਈ ਕੰਮ ਕਰਦਾ ਸੀ। ਉਸ ਨੇ ਨਾ ਸਿਰਫ ਅੱਤਵਾਦੀਆਂ ਲਈ ਖਾਣ-ਪੀਣ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ ਸਗੋਂ ਸੁਰੱਖਿਆ ਬਲਾਂ ਦੀਆਂ ਸਰਗਰਮੀਆਂ ਦੀ ਜਾਣਕਾਰੀ ਵੀ ਪਾਕਿਸਤਾਨੀ ਹੈਂਡਲਰਾਂ ਨੂੰ ਦਿੱਤੀ।

* ਅਤੇ ਹੁਣ 3 ਦਸੰਬਰ ਨੂੰ ਜੰਮੂ-ਕਸ਼ਮੀਰ ਪੁਲਸ ਨੇ ਪਾਕਿਸਤਾਨ ਤੋਂ ਘੁਸਪੈਠ ਕਰ ਕੇ ਜੰਗਲਾਂ ’ਚ ਲੁਕੇ ਉੱਚ ਟ੍ਰੇਨਿੰਗ ਪ੍ਰਾਪਤ ਅੱਤਵਾਦੀਆਂ ਦੀਆਂ ਮਦਦਗਾਰ 2 ਔਰਤਾਂ ‘ਮਰਿਆਮਾ ਬੇਗਮ’ ਅਤੇ ‘ਅਰਸ਼ਦ ਬੇਗਮ’ ਨੂੰ ਊਧਮਪੁਰ ਜ਼ਿਲੇ ਦੇ ‘ਬਸੰਤਗੜ੍ਹ’ ਤੋਂ ਜਨਤਕ ਸੁਰੱਖਿਆ ਐਕਟ ਦੇ ਅਧੀਨ ਗ੍ਰਿਫਤਾਰ ਕੀਤਾ ਹੈ।

ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਸੁਰੱਖਿਆ ਲਈ ਚੁਣੌਤੀ ਬਣੀਆਂ ਇਹ ਦੋਵੇਂ ਔਰਤਾਂ ਅੱਤਵਾਦੀ ਗਿਰੋਹਾਂ ਲਈ ਗਾਈਡ ਵਜੋਂ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤਮਾਮ ਸਹੂਲਤਾਂ ਮੁਹੱਈਆ ਕਰਵਾ ਰਹੀਆਂ ਸਨ।

ਵਰਨਣਯੋਗ ਹੈ ਕਿ ‘ਬਸੰਤਗੜ੍ਹ’ ਦਾ ਇਲਾਕਾ ਰਵਾਇਤੀ ਤੌਰ ’ਤੇ ਕਠੂਆ ਜ਼ਿਲੇ ’ਚ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਘੁਸਪੈਠ ਲਈ ਵਰਤਿਆ ਜਾਂਦਾ ਹੈ। ਡੋਡਾ ਅਤੇ ਕਿਸ਼ਤਵਾੜ ਦੇ ਪਹਾੜੀ ਜ਼ਿਲਿਆਂ ’ਚ ਘੁਸਪੈਠ ਕਰਨ ਤੋਂ ਪਹਿਲਾਂ ਅੱਤਵਾਦੀ ਆਮਤੌਰ ’ਤੇ ਜੰਗਲਾਂ ’ਚ ਲੁਕ ਕੇ ਰਹਿੰਦੇ ਹਨ।

ਹਾਲ ਹੀ ਦੇ ਮਹੀਨਿਆਂ ’ਚ ਡੋਡਾ ਅਤੇ ਕਿਸ਼ਤਵਾੜ ਜ਼ਿਲਿਆਂ ’ਚ ਸੁਰੱਖਿਆ ਬਲਾਂ ’ਤੇ ਹੋਏ ਹਮਲਿਆਂ ਤੋਂ ਇਥੇ ਵੱਖ-ਵੱਖ ਅੱਤਵਾਦੀ ਗਿਰੋਹਾਂ ਦੀ ਸਰਗਰਮੀ ਦਾ ਸੰਕੇਤ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਅੱਤਵਾਦੀ ਗਿਰੋਹਾਂ ਨੇ ਘੁਸਪੈਠੀਆਂ ਦੀ ਸਹਾਇਤਾ ਲਈ ‘ਬਸੰਤਗੜ੍ਹ’ ਵਿਚ ਆਪਣੇ ਮਦਦਗਾਰਾਂ ਦਾ ਇਕ ਨੈੱਟਵਰਕ ਕਾਇਮ ਕੀਤਾ ਹੋਇਆ ਹੈ।

ਸੁਰੱਖਿਆ ਬਲਾਂ ਵੱਲੋਂ ਜੰਮੂ-ਕਸ਼ਮੀਰ ’ਚ ਅੱਤਵਾਦ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਿਰਫ ਇਕ ਹਫਤੇ ਦੇ ਅੰਦਰ ਸਾਹਮਣੇ ਆਏ ਉਕਤ ਮਾਮਲਿਆਂ ਤੋਂ ਸਪੱਸ਼ਟ ਹੈ ਕਿ ਇਥੇ ਪਾਕਿਸਤਾਨ ਸਰਕਾਰ ਮਾਹੌਲ ਖਰਾਬ ਕਰਨ ’ਤੇ ਕਿਸ ਕਦਰ ਆਮਾਦਾ (ਤੁਲੀ ਹੋਈ) ਹੈ।

ਭਾਰੀ ਬੇਰੋਜ਼ਗਾਰੀ ਦੇ ਦੌਰ ’ਚ ਸਰਕਾਰੀ ਨੌਕਰੀ ਮਿਲਣ ਪਿੱਛੋਂ ਦੇਸ਼ ਦਾ ਧੰਨਵਾਦੀ ਹੋਣ ਦੀ ਬਜਾਏ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਅਜਿਹੇ ਲੋਕ ਪਤਾ ਨਹੀਂ ਆਪਣੇ ਹੀ ਕਿੰਨੇ ਲੋਕਾਂ ਨੂੰ ਮਰਵਾ ਚੁੱਕੇ ਹੋਣਗੇ।

ਹਾਲਾਂਕਿ ਹਾਲ ਹੀ ਵਿਚ ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਨੇ ਇਕ ਸੁਰੱਖਿਆ ਸਮੀਖਿਆ ਮੀਟਿੰਗ ’ਚ ਇਥੋਂ ਅੱਤਵਾਦ ਅਤੇ ਉਸ ਦੇ ਹਮਾਇਤੀਆਂ ਨੂੰ ਜੜ੍ਹੋਂ ਖਤਮ ਕਰਨਾ ਆਪਣੀ ਤਰਜੀਹ ਦੱਸੀ ਹੈ ਅਤੇ ਸੁਰੱਖਿਆ ਬਲ ਅਜਿਹਾ ਕਰ ਵੀ ਰਹੇ ਹਨ, ਪਰ ਇਸ ਕੰਮ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ।

–ਵਿਜੇ ਕੁਮਾਰ


Inder Prajapati

Content Editor

Related News