ਗੋਪੀਚੰਦ ਹਿੰਦੂਜਾ : ਭਾਰਤੀ ਸੰਸਾਰਕ ਸਮੂਹਾਂ ਲਈ ਮਿਸਾਲ ਕਾਇਮ ਕਰਨ ਵਾਲੇ ਕਾਰੋਬਾਰੀ

Thursday, Nov 06, 2025 - 08:19 PM (IST)

ਗੋਪੀਚੰਦ ਹਿੰਦੂਜਾ : ਭਾਰਤੀ ਸੰਸਾਰਕ ਸਮੂਹਾਂ ਲਈ ਮਿਸਾਲ ਕਾਇਮ ਕਰਨ ਵਾਲੇ ਕਾਰੋਬਾਰੀ

ਲੰਦਨ ਸਥਿਤ ਅਰਬਪਤੀ ਗੋਪੀਚੰਦ ਪਰਮਾਨੰਦ ਹਿੰਦੂਜਾ, ਹਿੰਦੂਜਾ ਸਮੂਹ ਦੇ ਮੁੱਖ ਸੰਸਥਾਪਕਾਂ ’ਚੋਂ ਇਕ ਅਤੇ ਇਸ ਦੇ ਸੰਸਾਰਕ ਵਿਸਥਾਰ ਦੇ ਮੁੱਖ ਨਿਰਮਾਤਾ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 85 ਸਾਲ ਦੇ ਸਨ। 4 ਹਿੰਦੂਜਾ ਭਰਾਵਾਂ ’ਚੋਂ ਦੂਜੇ, ਜੀ. ਪੀ. ਦੇ ਨਾਂ ਨਾਲ ਵਿਸ਼ਵ ’ਚ ਪ੍ਰਸਿੱਧ, ਉਹ ਅਤੇ ਉਨ੍ਹਾਂ ਦੇ ਵੱਡੇ ਭਰਾ ਸ਼੍ਰੀਚੰਦ (ਐੱਸ. ਪੀ.) 1980 ਦੇ ਦਹਾਕੇ ’ਚ ਲੰਦਨ ਚਲੇ ਗਏ, ਜਿਥੇ ਉਨ੍ਹਾਂ ਨੇ ਪਰਿਵਾਰ ਦੇ ਮਾਮੂਲੀ ਵਪਾਰਕ ਕਾਰੋਬਾਰ ਨੂੰ ਇਕ ਵਿਭਿੰਨ ਵਿਸ਼ਵਵਿਆਪੀ ਸਮੂਹ ’ਚ ਬਦਲ ਦਿੱਤਾ।

ਪਿਛਲੇ 5 ਦਹਾਕਿਆਂ ’ਚ, ਸਮੂਹ ਨੇ ਆਟੋਮੋਬਾਈਲਜ਼, ਵਿੱਤੀ ਸੇਵਾਵਾਂ, ਮਨੋਰੰਜਨ ਅਤੇ ਰਸਾਇਣ ਖੇਤਰ ’ਚ ਆਪਣੀ ਪਹੁੰਚ ਦਾ ਵਿਸਥਾਰ ਕੀਤਾ। ਐੱਸ. ਪੀ. ਅਤੇ ਉਨ੍ਹਾਂ ਦੇ ਛੋਟੇ ਭਰਾਵਾਂ ਪ੍ਰਕਾਸ਼ ਅਤੇ ਅਸ਼ੋਕ ਦੇ ਨਾਲ, ਜੀ. ਪੀ. ਨੇ ਇਕ ਸਥਿਰ ਵਿਕਾਸ ਦੀ ਅਗਵਾਈ ਕੀਤੀ ਜੋ ਭਾਰਤ ਦੇ ਵਧਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਦਰਸਾਉਂਦੀ ਹੈ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਸੁਨੀਤਾ ਹਿੰਦੂਜਾ, ਦੋ ਬੇਟੇ ਸੰਜੇ ਅਤੇ ਧੀਰਜ ਅਤੇ ਇਕ ਬੇਟੀ ਰੀਟਾ ਹੈ।

‘ਦਿ ਸੰਡੇ ਟਾਈਮਜ਼ ਰਿਚ ਲਿਸਟ’ ਅਨੁਸਾਰ 35.3 ਬਿਲੀਅਨ ਪੌਂਡ ਦੀ ਅਨੁਮਾਨਤ ਕੁੱਲ ਜਾਇਦਾਦ ਵਾਲਾ ਹਿੰਦੂਜਾ ਪਰਿਵਾਰ, ਵਿਸ਼ਵਵਿਆਪੀ ਪ੍ਰਵਾਸੀ ਭਾਈਚਾਰੇ ’ਚ ਭਾਰਤੀ ਉਦਯੋਗਿਕ ਦੌਲਤ ਦੇ ਉਭਾਰ ਦਾ ਸਮਾਨਾਰਥੀ ਬਣ ਗਿਆ। ਸਮੂਹ ਨੇ 1984 ’ਚ ਗਲਫ ਆਇਲ ਅਤੇ 1987 ’ਚ ਅਸ਼ੋਕ ਲੀਲੈਂਡ ਵਰਗਿਆਂ ਨੂੰ ਹਾਸਲ ਕਰਨ ਦੇ ਨਾਲ ਭਾਰਤ ’ਚ ਆਪਣੀ ਹਾਜ਼ਰੀ ਨੂੰ ਹੋਰ ਡੂੰਘਾ ਕੀਤਾ, ਨਾਲ ਹੀ 1994 ’ਚ ਦੇਸ਼ ਦੇ ਸ਼ੁਰੂਆਤੀ ਨਵੀਂ ਪੀੜ੍ਹੀ ਦੇ ਨਿੱਜੀ ਬੈਂਕਾਂ ’ਚੋਂ ਇਕ, ਇੰਡਸਇੰਡ ਬੈਂਕ ਦੀ ਸ਼ੁਰੂਆਤ ’ਚ ਵੀ ਸਹਿਯੋਗ ਕੀਤਾ।

ਮਈ 2023 ’ਚ ਸ਼੍ਰੀਚੰਦ ਦੀ ਮੌਤ ਤੋਂ ਬਾਅਦ, ਪਰਿਵਾਰ ਨੇ ਆਪਣੀ ਵਿਸ਼ਾਲ ਜਾਇਦਾਦ ’ਤੇ ਕੰਟਰੋਲ ਨੂੰ ਲੈ ਕੇ ਇਕ ਕਾਨੂੰਨੀ ਅਤੇ ਵਿੱਤੀ ਵਿਵਾਦ ’ਚ ਪ੍ਰਵੇਸ਼ ਕੀਤਾ, ਜਿਸ ਨਾਲ ਐੱਸ. ਪੀ. ਦੇ ਉੱਤਰਾਧਿਕਾਰੀ ਹੋਰਨਾਂ ਭਰਾਵਾਂ ਦੇ ਵਿਰੁੱਧ ਹੋ ਗਏ। ਬਾਅਦ ’ਚ ਮਾਮਲਾ ਸੁਲਝ ਗਿਆ, ਹਾਲਾਂਕਿ ਸਮਝੌਤੇ ਦੀ ਵੰਡ ਅਜੇ ਵੀ ਗੁਪਤ ਹੈ। ਐੱਸ. ਪੀ. ਦੇ ਦਿਹਾਂਤ ਤੋਂ ਬਾਅਦ, ਜੀ. ਪੀ. ਨੇ ਹਿੰਦੂਜਾ ਸਮੂਹ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਅਤੇ 1959 ’ਚ ਮੁੰਬਈ ਦੇ ਜੈ ਹਿੰਦ ਕਾਲਜ ਤੋਂ ਗ੍ਰੈਜੂਏਟ ਹੋਣ ਦੇ ਤੁਰੰਤ ਬਾਅਦ ਪਰਿਵਾਰਕ ਉੱਦਮ ’ਚ ਸ਼ਾਮਲ ਹੋਣ ਨਾਲ ਸ਼ੁਰੂ ਹੋਏ ਆਪਣੇ ਕਰੀਅਰ ਨੂੰ ਜਾਰੀ ਰੱਖਿਆ। 1996 ’ਚ ਉਨ੍ਹਾਂ ਨੇ ਵੈਸਟਮਿੰਸਟਰ ਯੂਨੀਵਰਸਿਟੀ ਤੋਂ ਕਾਨੂੰਨ ’ਚ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ।

ਉਨ੍ਹਾਂ ਦੀ ਅਗਵਾਈ ’ਚ, ਕੰਪਨੀ ਨੇ ਗਲਫ ਆਇਲ ਨੂੰ ਹਾਸਲ ਕੀਤਾ ਜੋ ਹੁਣ ਵਿਸ਼ਵ ਪੱਧਰ ’ਤੇ ਗਲਫ ਬ੍ਰਾਂਡ ਦਾ ਮਾਲਕ ਹੈ। ਹਿੰਦੂਜਾ ਦਾ ਨਾਂ 80 ਦੇ ਦਹਾਕੇ ਦੇ ਅੱਧ ’ਚ ਬੋਫੋਰਸ ਘਪਲੇ ਨਾਲ ਵੀ ਜੁੜਿਆ ਸੀ।

ਸਮੂਹ ਦੇ ਕਾਰਜਕਾਰੀ ਡਿਪਟੀ ਚੇਅਰਮੈਨ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਵਿਸ਼ਵਾਸਪਾਤਰ ਰਹੇ ਅਬਿਨ ਕੁਮਾਰ ਦਾਸ ਨੇ ਜੀ. ਪੀ. ਦੇ ਮੂਲ ਵਪਾਰਕ ਦਰਸ਼ਨ ਨੂੰ ਯਾਦ ਕੀਤਾ ਜੋ ਸਥਾਈ ਸੰਬੰਧਾਂ ’ਤੇ ਆਧਾਰਿਤ ਸੀ। ਦਾਸ ਨੇ ਕਿਹਾ, ‘‘ਉਨ੍ਹਾਂ ਦੇ ਗੁਣ ਈਮਾਨਦਾਰੀ, ਵਿਨਿਮਰਤਾ ਅਤੇ ਉਦਾਰਤਾ ਉਤਸ਼ਾਹਵਰਧਕ ਸਨ। ਉਨ੍ਹਾਂ ਦਾ ਕੋਮਲ ਅਤੇ ਸਨੇਹੀ ਦਿਲ ਗਰੀਬਾਂ ਅਤੇ ਵਾਂਝਿਆਂ ਪ੍ਰਤੀ ਸਮਰਪਿਤ ਸੀ। ਉਨ੍ਹਾਂ ਨੇ ਯੋਗ ਲੋਕਾਂ ਨੂੰ ਆਪਣਾ ਸਮਰਪਣ ਮੁਕਤ ਅਤੇ ਪੂਰਨ ਰੂਪ ਨਾਲ ਦਿੱਤਾ।’’

ਵਪਾਰਕ ਅਤੇ ਸਿਆਸੀ ਨੇਤਾਵਾਂ ਨੇ ਸੋਗ ਜ਼ਾਹਿਰ ਕੀਤਾ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਹਿੰਦੂਜਾ ਨੂੰ ਇਕ ਦੂਰਦਰਸ਼ੀ ਉਦਯੋਗਪਤੀ ਦੱਸਿਆ, ਜਿਨ੍ਹਾਂ ਨੇ ਹਿੰਦੂਜਾ ਸਮੂਹ ਨੂੰ ਇਕ ਵਿਸ਼ਵਵਿਆਪੀ ਮਹਾਸ਼ਕਤੀ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਗਲਫ ਆਇਲ ਨੂੰ ਹਾਸਲ ਕਰਨ ਅਤੇ ਅਸ਼ੋਕ ਲੀਲੈਂਡ ਦੇ ਨਵੀਨੀਕਰਨ ਵਰਗੇ ਮਹੱਤਵਪੂਰਨ ਕੰਮਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਹਿੰਦੂਜਾ ਨੇ ਸਮੂਹ ਦੇ ਊਰਜਾ ਅਤੇ ਬੁਨਿਆਦੀ ਢਾਂਚਾ ਖੇਤਰਾਂ ’ਚ ਦਾਖਲੇ ਦਾ ਮਾਰਗਦਰਸ਼ਨ ਕੀਤਾ ਸੀ।

ਜੇ. ਐੱਸ. ਪੀ. ਐੱਲ. ਸਮੂਹ ਦੇ ਚੇਅਰਮੈਨ ਨਵੀਨ ਜਿੰਦਲ ਨੇ ਉਨ੍ਹਾਂ ਨੂੰ ‘ਇਕ ਵਿਸ਼ਵ ਨੇਤਾ ਅਤੇ ਭਾਰਤ ਦਾ ਮਾਣ ਵਧਾਉਣ ਵਾਲਾ ਪੁੱਤਰ’ ਦੱਸਿਆ। ਉਨ੍ਹਾਂ ਨੇ ਅੱਗੇ ਕਿਹਾ, ‘‘ਉਨ੍ਹਾਂ ਦੀ ਵਰਣਨਯੋਗ ਲੀਡਰਸ਼ਿਪ ਰਾਹੀਂ ਹਿੰਦੂਜਾ ਸਮੂਹ ਭਾਰਤੀ ਉੱਦਮਸ਼ੀਲਤਾ ਅਤੇ ਵਿਸ਼ਵਵਿਆਪੀ ਉੱਤਮਤਾ ਦਾ ਪ੍ਰਤੀਕ ਬਣ ਗਿਆ। ਉਨ੍ਹਾਂ ਦੀ ਈਮਾਨਦਾਰੀ, ਨਵੀਨਤਾ ਅਤੇ ਸੇਵਾ ਦੀ ਵਿਰਾਸਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।’’

ਜੋ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਉਹ ਜੀ. ਪੀ. ਦੇ ਜੀਵਨ ਪ੍ਰਤੀ ਉਤਸ਼ਾਹ ਅਤੇ ਸੰਗੀਤ ਪ੍ਰਤੀ ਉਨ੍ਹਾਂ ਦੇ ਅਟੁੱਟ ਪ੍ਰੇਮ ਦੀ ਚਰਚਾ ਕਰਦੇ ਹਨ। ਦਾਸ ਨੇ ਯਾਦ ਕਰਦੇ ਹੋਏ ਕਿਹਾ, ‘‘ਗੋਪੀ ਨੂੰ ਜੀਵਨ ਨਾਲ ਪਿਆਰ ਸੀ। ਸੰਗੀਤ ਉਨ੍ਹਾਂ ਦਾ ਜਨੂੰਨ ਸੀ।’’ ਉਨ੍ਹਾਂ ਨੇ ਅੱਗੇ ਕਿਹਾ, ‘‘ਉਹ ਆਪਣੇ ਪਿਆਰੇ ਗੀਤਾਂ ’ਚ ਜੀਵਨ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਪ੍ਰਗਟ ਕਰਦੇ ਸਨ ਅਤੇ ਉਨ੍ਹਾਂ ਦੇ ਮਾਧਿਅਮ ਨਾਲ ਆਪਣੀ ਖੁਸ਼ੀ, ਦੁੱਖ, ਪ੍ਰੇਮ ਅਤੇ ਦੋਸਤੀ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਸਨ।’’


author

Rakesh

Content Editor

Related News