ਫਰਜ਼ਾਂ ਦਾ ਅਹਿਸਾਸ ਕਰਵਾਉਂਦੀ ਕਦਰਾਂ-ਕੀਮਤਾ ਆਧਾਰਿਤ ਸਿੱਖਿਆ

Tuesday, Nov 26, 2019 - 01:45 AM (IST)

ਫਰਜ਼ਾਂ ਦਾ ਅਹਿਸਾਸ ਕਰਵਾਉਂਦੀ ਕਦਰਾਂ-ਕੀਮਤਾ ਆਧਾਰਿਤ ਸਿੱਖਿਆ

ਰਮੇਸ਼ ਪੋਖਰਿਯਾਲ ‘ਨਿਸ਼ੰਕ’, ਮਾਨਵ ਸੰਸਾਧਨ ਵਿਕਾਸ ਮੰਤਰੀ, ਭਾਰਤ ਸਰਕਾਰ

ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿਸ਼ਾਲਤਮ ਸਿੱਖਿਆ ਤੰਤਰਾਂ ਵਿਚੋਂ ਇਕ ਹੋਣ ਦੇ ਮਾਣ ਦੇ ਨਾਲ-ਨਾਲ ਸਾਨੂੰ ਇਕ ਵੱਡੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੈ। ਸਾਨੂੰ ਪਤਾ ਹੈ ਕਿ ਚੰਗੀ ਸਿੱਖਿਆ ਦੇ ਜ਼ਰੀਏ ਅਸੀਂ ਨਵੇਂ ਭਾਰਤ ਦੇ ਨਿਰਮਾਣ ਦੀ ਨੀਂਹ ਤਿਆਰ ਕਰ ਸਕਦੇ ਹਾਂ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਕਰੀਬ 33 ਕਰੋੜ ਵਿਦਿਆਰਥੀਆਂ ਦੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦਾ ਨਿਰਮਾਣ ਤਾਂ ਹੀ ਹੋ ਸਕਦਾ ਹੈ ਜਦੋਂ ਅਸੀਂ ਉਨ੍ਹਾਂ ਦੀ ਜਾਣ-ਪਛਾਣ ਉਨ੍ਹਾਂ ਕਦਰਾਂ-ਕੀਮਤਾਂ ਨਾਲ ਕਰਵਾਵਾਂਗੇ, ਜੋ ਮਾਨਵਤਾ ਦੀਆਂ ਥੰਮ੍ਹ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਵਿਅਕਤੀ ਵੱਕਾਰੀ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਤਾਂ ਇਹ ਉਸ ਦਾ ਫਰਜ਼ ਹੈ ਕਿ ਉਸ ਦਾ ਕੋਈ ਵੀ ਕੰਮ ਅਜਿਹਾ ਨਾ ਹੋਵੇ ਜੋ ਕਿਸੇ ਹੋਰ ਦੇ ਵੱਕਾਰੀ ਜੀਵਨ ਵਿਚ ਰੁਕਾਵਟ ਪਾਉਂਦਾ ਹੋਵੇ। ਜੇਕਰ ਕਿਸੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਚਾਹੀਦੀ ਹੈ ਤਾਂ ਉਸ ਨੂੰ ਇਹ ਯਕੀਨੀ ਬਣਾਉਣਾ ਸਹਿਣਸ਼ੀਲਤਾ ਦਾ ਸਬੂਤ ਦੇਵੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੁਨੀਆ ਦੇ ਬਹੁਤ ਸਾਰੇ ਲੋਕਰਾਜੀ ਦੇਸ਼ ਮੂਲ ਅਧਿਕਾਰਾਂ ਦੀਆਂ ਗੱਲਾਂ ਕਰਦੇ ਹਨ ਪਰ ਮੂਲ ਫਰਜ਼ਾਂ ਦੇ ਵਿਸ਼ੇ ਵਿਚ ਚੁੱਪ ਹਨ। ਸਾਡੇ ਸੰਵਿਧਾਨ ਵਿਚ ਫਰਜ਼ਾਂ ਦੀ ਮੌਜੂਦਗੀ ਸੋਵੀਅਤ ਸੰਘ ਤੋਂ ਪ੍ਰੇਰਿਤ ਰਹੀ ਹੈ। ਜਿਸ ਦਿਨ ਅਸੀਂ ਆਪਣੇ ਵਿਦਿਆਰਥੀਆਂ ਨੂੰ ਫਰਜ਼ਾਂ ਦਾ ਮਹੱਤਵ ਸਮਝਾ ਸਕਾਂਗੇ, ਸਾਡੀਆਂ ਕਾਫੀ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ । ਜਦੋਂ ਅਸੀਂ ਭਾਰਤ ਕੇਂਦਰਿਤ ਸੰਸਕਾਰ ਨਾਲ ਲੈਸ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਸੰਵਿਧਾਨਕ ਫਰਜ਼ ਸਿੱਧੇ ਜਾਂ ਅਸਿੱਧੇ ਤੌਰ ’ਤੇ ਇਸ ਵਿਚ ਸ਼ਾਮਲ ਹੋ ਜਾਂਦੇ ਹਨ। ਦੇਸ਼ ਵਿਚ 33 ਸਾਲ ਬਾਅਦ ਨਵੀਂ ਸਿੱਖਿਆ ਨੀਤੀ ਆ ਰਹੀ ਹੈ। ਇਨੋਵੇਸ਼ਨ ਅਧਾਰਿਤ, ਕਦਰਾਂ-ਕੀਮਤਾਂ ਅਧਾਰਿਤ ਸੰਸਕਾਰਾਂ ਨਾਲ ਲੈਸ ਖੋਜਪੂਰਕ ਖੋਜ ਨੂੰ ਹੱਲਾਸ਼ੇਰੀ ਦਿੰਦੀ ਇਹ ਨਵੀਂ ਸਿੱਖਿਆ ਨੀਤੀ ਦੇਸ਼ ਦੇ ਸਮਾਜਿਕ- ਆਰਥਿਕ ਜੀਵਨ ਵਿਚ ਨਵੇਂ ਯੁੱਗ ਦਾ ਆਰੰਭ ਕਰੇਗੀ। ਨਵੀਂ ਸਿੱਖਿਆ ਨੀਤੀ ਦੇਸ਼ ਨੂੰ ਵਿਸ਼ਵ ਦੇ ਪਰਦੇ ’ਤੇ ਇਕ ਮਹਾਸ਼ਕਤੀ ਦੇ ਰੂਪ ਵਿਚ ਸਥਾਪਿਤ ਕਰਨ ਲਈ ਸਮਰਪਿਤ ਹੈ।

ਅੱਜ ਆਪਣੇ ਬੱਚਿਆਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਵੰਨ-ਸੁਵੰਨਤਾ ਨਾਲ ਲੈਸ ਭਾਰਤ ਇਕ ਦੇਸ਼ ਨਹੀਂ ਸਗੋਂ ਪੂਰਾ ਉੱਪ- ਮਹਾਂਦੀਪ ਹੈ, ਜਿਸ ਦੀਆਂ ਵੱਖ-ਵੱਖ ਪਰੰਪਰਾਵਾਂ ਹਨ। ਇਸ ਰੰਗ-ਬਿਰੰਗੀ ਵੰਨ-ਸੁਵਨੰਤਾ ਦੇ ਜਿੰਨੇ ਦਰਸ਼ਨ ਭਾਰਤ ਵਿਚ ਹੁੰਦੇ ਹਨ ਓਨੇ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਖੇਤਰ ਵਿਚ ਹੁੰਦੇ ਹੋਣਗੇ। ਭਾਰਤੀ ਸੱਭਿਅਤਾ ਨੇ ਮਨੁੱਖੀ ਸੱਭਿਅਤਾ ਦੇ ਅਧਿਆਤਮਕ ਖਜ਼ਾਨੇ ਵਿਚ ਹਮੇਸ਼ਾ ਹੀ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਅਤੇ ਸਾਨੂੰ ਇਸ ਦੀ ਰਾਖੀ ਲਈ ਸਮਰਪਿਤ ਹੋਣ ਦੀ ਲੋੜ ਹੈ। ਇਹ ਸੱਭਿਆਚਾਰ ਅਧਿਆਤਮ ਦੀ ਇਕ ਲਗਾਤਾਰ ਵਗਦੀ ਧਾਰਾ ਹੈ ਜਿਸ ਨੂੰ ਰਿਸ਼ੀਆਂ-ਮੁਨੀਆਂ, ਸੰਤਾਂ ਅਤੇ ਸੂਫੀਆਂ ਨੇ ਆਪਣੇ ਪਵਿੱਤਰ ਜੀਵਨ ਫਲਸਫੇ ਨਾਲ ਲਗਾਤਾਰ ਸਿੰਜਿਆ ਹੈ। ਇਨ੍ਹਾਂ ਦੇ ਨਾਂ ਨਾਲ ਹੀ ਭਾਰਤ ਦੀ ਬਹੁ-ਕੀਮਤੀ ਸੰਸਕ੍ਰਿਤੀ ਨੂੰ ਆਧਾਰ ਮਿਲਦਾ ਹੈ। ਇਥੇ ਹਰ 100 ਕਿਲੋਮੀਟਰ ਉੱਤੇ ਸਾਡੀ ਬੋਲੀ ਬਦਲ ਜਾਂਦੀ ਹੈ, ਕੋਈ 200 ਕਿਲੋਮੀਟਰ ਦੂਰ ਜਾਣ ਉੱਤੇ ਸਾਡਾ ਖਾਣਾ-ਪੀਣਾ, ਪਹਿਰਾਵਾ ਬਦਲ ਜਾਂਦਾ ਹੈ, ਸਾਡੀਆਂ ਭਾਸ਼ਾਵਾਂ ਬਦਲ ਜਾਂਦੀਆਂ ਹਨ ਅਤੇ 1000 ਕਿਲੋਮੀਟਰ ਦੂਰ ਜਾਣ ’ਤੇ ਪੂਰੀ ਜੀਵਨ ਸ਼ੈਲੀ ਦਾ ਵੱਖਰਾ ਰੰਗ ਉਜਾਗਰ ਹੁੰਦਾ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਅਸੀਂ ਸਦੀਆਂ ਤੋਂ ਏਕਤਾ ਦੇ ਸੂਤਰ ਵਿਚ ਬੱਝੇ ਹੋਏ ਹਾਂ। ਸਾਡਾ ਸੱਭਿਆਚਾਰ ਸਾਡੀ ਏਕਤਾ, ਸਮਰਸਤਾ, ਸਹਿਯੋਗ, ਭਾਈਚਾਰਾ, ਸੱਚ, ਅਹਿੰਸਾ, ਤਿਆਗ, ਨਿਮਰਤਾ, ਬਰਾਬਰੀ ਵਰਗੀਆਂ ਕਦਰਾਂ-ਕੀਮਤਾਂ ਜੀਵਨ ਵਿਚ ਅਪਣਾ ਕੇ ਵਸੁਧੈਵ ਕੁਟੁੰਬਕਮ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦਾ ਹੈ। ਅੱਜ ਮਨੁੱਖ ਤਨ-ਮਨ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ ਵਿਚ ਇਹ ਵਿਚਾਰ ਸੰਸਕਾਰ ਹੀ ਬਚਾਅ ਦਾ ਰਸਤਾ ਹੈ। ਵਿਚਾਰਾਂ ਤੋਂ ਅਸੀਂ ਵਿਸ਼ਵ ਗੁਰੂ ਬਣੇ ਅਤੇ ਫਿਰ ਵਿਚਾਰਾਂ ਰਾਹੀਂ ਜਿੱਤ ਹਾਸਲ ਕਰਾਂਗੇ। ਤੇਜ਼ੀ ਨਾਲ ਬਦਲਦੇ ਡਿਜੀਟਲ ਯੁੱਗ ਵਿਚ ਅਸੀਂ ਕਿਸ ਤਰ੍ਹਾਂ ਸਿੱਖਿਆ ਦੇ ਜ਼ਰੀਏ ਆਪਣੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖੀਏ ਅਤੇ ਉਨ੍ਹਾਂ ਵਿਚ ਵਾਧਾ ਕਰੀਏ ਇਹ ਵੱਡੀ ਚੁਣੌਤੀ ਹੈ। ਨਵੀਂ ਸਿੱਖਿਆ ਨੀਤੀ ਨਾਲ ਅਸੀਂ ਆਪਣੇ ਵਿਦਿਆਰਥੀਆਂ ਨੂੰ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।

ਮੈਨੂੰ ਲੱਗਦਾ ਹੈ ਕਿ ਫਰਜ਼ਾਂ ਪ੍ਰਤੀ ਜਾਗਰੂਕਤਾ ਬਚਪਨ ਵਿਚ ਸਕੂਲਾਂ ਦੇ ਜ਼ਰੀਏ ਆਪਣੇ ਆਪ ਹੀ ਆ ਜਾਂਦੀ ਹੈ। ਮੈਨੂੰ ਯਾਦ ਹੈ ਕਿ ਦੂਰ-ਦੁਰਾਡੇ ਹਿਮਾਚਲ ਖੇਤਰ ਵਿਚ ਸਥਿਤ ਮੇਰੇ ਪ੍ਰਾਇਮਰੀ ਸਕੂਲ ਵਿਚ ਸਿੱਖਿਆ ਤੋਂ ਪਹਿਲਾਂ ਸਾਨੂੰ ਚੰਗਾ ਨਾਗਰਿਕ ਬਣਨਾ ਸਿਖਾਇਆ ਜਾਂਦਾ ਸੀ। ਪ੍ਰਾਰਥਨਾ ਦੌਰਾਨ ਸਾਨੂੰ ਸਿਖਾਇਆ ਗਿਆ ਕਿ ਕਿਸ ਤਰ੍ਹਾਂ ਰਾਸ਼ਟਰੀ ਝੰਡੇ ਦਾ ਸਨਮਾਨ ਕਰੀਏ, ਰਾਸ਼ਟਰੀ ਗਾਨ ਦੇ ਵੱਕਾਰ ਦਾ ਧਿਆਨ ਰੱਖੀਏ, ਕਿਸ ਤਰ੍ਹਾਂ ਆਲਾ-ਦੁਆਲਾ ਸਵੱਛ ਬਣਾਈਏ, ਕਿਵੇਂ ਸਭ ਨਾਲ ਪ੍ਰੇਮ ਨਾਲ ਰਹੀਏ। ਸਾਡੇ ਅਧਿਆਪਕਾਂ ਵੱਲੋਂ ਸਾਰੇ ਵਿਦਿਆਰਥੀਆਂ ਅੰਦਰ ਜਗਿਆਸਾ ਦਾ ਭਾਵ, ਵਿਗਿਆਨਕ ਸੋਚ ਵਿਕਸਿਤ ਕਰਨ ਦਾ ਯਤਨ ਕੀਤਾ ਜਾਂਦਾ। ਇਹ ਸੱਚ ਹੈ ਕਿ ਉਸ ਵੇਲੇ ਸੰਵਿਧਾਨ ਵਿਚ ਵਰਣਿਤ ਫਰਜ਼ ਨਹੀਂ ਸਨ ਪਰ ਇਹ ਜ਼ਰੂਰ ਸਮਝਾਇਆ ਗਿਆ ਕਿ ਚੰਗਾ ਇਨਸਾਨ ਜਾਂ ਨਾਗਰਿਕ ਬਣਨ ਲਈ ਚੰਗਾ ਮਨੁੱਖ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਸਮਾਜ ਦੀਆਂ ਜਿੰਨੀਆਂ ਵੀ ਊਣਤਾਈਆਂ ਹਨ, ਉਨ੍ਹਾਂ ਲਈ ਕਦਰਾਂ-ਕੀਮਤਾਂ ਵਾਲੀ ਸਿੱਖਿਆ ਦੀ ਕਮੀ ਜ਼ਿੰਮੇਵਾਰ ਹੈ। ਆਉਣ ਵਾਲੇ ਸਮੇਂ ਵਿਚ ਇਹ ਇਕ ਵੱਡੀ ਚੁਣੌਤੀ ਹੋਵੇਗੀ ਜਦੋਂ ਅਸੀਂ ਤੇਜ਼ੀ ਨਾਲ ਬਦਲਦੇ ਵਿਸ਼ਵ ਮਾਹੌਲ ਵਿਚ ਆਮ ਨਾਗਰਿਕ ਨਹੀਂ ਸਗੋਂ ਡਿਜ਼ੀਟਲ ਨਾਗਰਿਕ ਹੋਵਾਂਗੇ।

ਕਾਫੀ ਚੁਣੌਤੀਪੂਰਨ ਵਿਸ਼ਵ ਮਾਹੌਲ ਵਿਚ ਇਹ ਮੇਰਾ ਸੁਭਾਗ ਹੈ ਕਿ ਭਾਰਤ ਨੂੰ ਅਨੋਖਾ ਆਬਾਦੀ ਲਾਭਅੰਸ਼ ਹਾਸਲ ਹੈ। ਸਾਡਾ ਸਭ ਤੋਂ ਵੱਧ ਨੌਜਵਾਨਾਂ ਵਾਲਾ ਦੇਸ਼ ਹੈ ਅਤੇ ਜਿਥੇ ਇਹ ਸਾਨੂੰ ਵਿਸ਼ਵਾਸ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਲੀਡ ਪ੍ਰਧਾਨ ਕਰਦਾ ਹੈ, ਉਥੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਕਿ ਅਸੀਂ ਆਪਣੀ ਯੁਵਾ ਸ਼ਕਤੀ ਨੂੰ ਵੀ ਕਿਵੇਂ ਹਾਂਪੱਖੀ ਅਤੇ ਸਿਰਜਣਾਤਮਕ ਰਾਹ ਉੱਤੇ ਪ੍ਰੇਰਿਤ ਕਰੀਏ। ਅੱਜ ਅਸੀਂ ਆਪਣੇ ਵਿਦਿਆਰਥੀਆਂ ਨੂੰ ਨਾ ਸਿਰਫ ਸੰਵਿਧਾਨਕ ਫਰਜ਼ਾਂ ਪ੍ਰਤੀ ਜਾਗਰੂਕ ਕਰਨਾ ਹੈ, ਸਗੋਂ ਇਕ ਅਜਿਹਾ ਮਾਹੌਲ ਤਿਆਰ ਕਰਨਾ ਹੈ ਜਿਥੇ ਹਰ ਕੋਈ ਆਪਣੇ ਫਰਜ਼ਾਂ ਦੀ ਪਾਲਣਾ ਪੂਰੀ ਤਤਪਰਤਾ ਅਤੇ ਗੰਭੀਰਤਾ ਨਾਲ ਕਰੇ। ਸਾਲ 2055 ਤੱਕ ਭਾਰਤ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੇਗੀ। ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਯੁਵਾ ਪੀੜ੍ਹੀ ਨੂੰ ਗੁਣਵਤਾ ਭਰਪੂਰ, ਇਨੋਵੇਸ਼ਨ ਨਾਲ ਲੈਸ, ਮੁਹਾਰਤ ਵਾਲੀ ਸਿੱਖਿਆ ਦੇ ਨਾਲ-ਨਾਲ ਕਦਰਾਂ-ਕੀਮਤਾਂ ਭਰਪੂਰ ਸਿੱਖਿਆ ਦੇ ਕੇ ਫਰਜ਼ਾਂ ਦੀ ਅਹਿਮੀਅਤ ਨੂੰ ਸਮਝਾਉਣ ਵਿਚ ਸਫਲ ਹੋ ਸਕੀਏ ਤਾਂ ਕਿ ਵਿਸ਼ਵ ਮੁਕਾਬਲੇਬਾਜ਼ੀ ਪ੍ਰਤੀ ਹੁਨਰਮੰਦ ਮਨੁੱਖੀ ਸੋਮੇ ਤਿਆਰ ਕੀਤੇ ਜਾ ਸਕਣ। ਸਾਡੇ ਨੌਜਵਾਨ ਹਰੇਕ ਖੇਤਰ ਵਿਚ ਕਦਰਾਂ-ਕੀਮਤਾਂ ਦੇ ਅਧਾਰਿਤ ਸਿੱਖਿਆ ਦੇ ਜ਼ਰੀਏ ਮੁਹਾਰਤ ਹਾਸਲ ਕਰ ਸਕਦੇ ਹਨ ਅਤੇ ਉਹ ਮੁਹਾਰਤ ਦੇਸ਼ ਦੇ ਸਮਾਜਿਕ ਅਤੇ ਆਰਥਿਕ ਜੀਵਨ ਵਿਚ ਪ੍ਰਗਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਮੈਂ ਸਮਝਦਾ ਹਾਂ ਕਿ ਕਿਸੇ ਵੀ ਦੇਸ਼ ਦੀ ਯੁਵਾ ਪੀੜ੍ਹੀ ਨੂੰ ਹਾਂ-ਪੱਖੀ, ਸਿਰਜਣਾਤਮਕ ਰਾਹ ਵੱਲ ਪ੍ਰੇਰਿਤ ਕਰਨਾ ਵੱਡੀ ਚੁਣੌਤੀ ਹੈ। ਇਸ ਸਥਿਤੀ ਵਿਚ ਜਿਥੇ ਸਾਡੇ ਵਿਦਿਆਰਥੀ ਅਹਿਮ ਹਨ, ਉਥੇ ਸਾਡੇ ਅਧਿਆਪਕਾਂ ਦੀ ਵੱਡੀ ਭੂਮਿਕਾ ਰਹੇਗੀ। ਨਵੀਂ ਸਿੱਖਿਆ ਨੀਤੀ ਵਿਚ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਦੇ ਜ਼ਰੀਏ ਵਿੱਦਿਅਕ ਸੰਸਥਾਨਾਂ ਵਿਚ ਫਰਜ਼ਾਂ ਦੀ ਅਹਿਮੀਅਤ ਲਈ ਇਕ ਵਿਸੇਸ਼ ਈਕੋ ਸਿਸਟਮ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਿੱਤ ਨਵੀਆਂ ਤਬਦੀਲੀਆਂ ਨਾਲ ਵਿਸ਼ਵ ਮਾਹੌਲ ਵਿਚ ਰਣਨੀਤਕ ਤੌਰ ’ਤੇ ਭਾਰਤ ਨੂੰ ਮਹੱਤਵਪੂਰਨ ਬਣਾਈ ਰੱਖਣਾ ਕਾਫੀ ਚੁਣੌਤੀ ਭਰਿਆ ਕੰਮ ਹੈ। ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਅਸੀਂ ਆਪਣੇ ਵਿਦਿਆਰਥੀਆਂ ਅੰਦਰ ਮਨੁੱਖੀ ਕਦਰਾਂ-ਕੀਮਤਾਂ ਦਾ ਵਿਕਾਸ ਕਰਕੇ ਹੀ ਕਰ ਸਕਦੇ ਹਾਂ।

ਭਾਰਤੀ ਸਮਾਜ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ਸਾਡੇ ਸਭ ਵਿਚ ਸ਼ਾਂਤੀਪੂਰਨ ਸਹਿਯੋਗ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਹਿਯੋਗ ਅਤੇ ਆਪਸੀ ਸਹਿਯੋਗ ਦੀ ਭਾਵਨਾ ਸ਼ਾਂਤੀ ਸਥਾਪਿਤ ਕਰਦੀ ਹੈ ਅਤੇ ਇਹੋ ਸ਼ਾਂਤੀ ਪ੍ਰਗਤੀ ਦਾ ਰਾਹ ਤਿਆਰ ਕਰਦੀ ਹੈ। ਇਹ ਵੀ ਜ਼ਰੂਰੀ ਹੈ ਕਿ ਭਾਈਚਾਰਕ ਜੀਵਨ ਵਿਚ ਸਾਨੂੰ ਆਪਣੀ ਜ਼ਿੰਮੇਵਾਰੀ ਦਾ, ਆਪਣੇ ਫਰਜ਼ਾਂ ਦਾ ਨਾ ਸਿਰਫ ਅਹਿਸਾਸ ਹੋਣਾ ਚਾਹੀਦਾ ਹੈ ਸਗੋਂ ਉਨ੍ਹਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨਿਭਾਉਣ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਅਸੀਂ ਭਾਵੇਂ ਕਿਸੇ ਵੀ ਜਾਤੀ, ਖੇਤਰ, ਧਰਮ, ਭਾਸ਼ਾ ਰੀਤੀ-ਰਿਵਾਜ ਵਾਲੇ ਹੋਈਏ, ਸਾਨੂੰ ਹਾਲਾਤ ਰਾਹੀਂ ਪੈਦਾ ਕਠਿਨਾਈਆਂ ਵਿਚ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਆਪਸੀ ਸਮਝ ਅਤੇ ਆਪਸੀ ਸਹਿਯੋਗ ਨਾਲ ਹੀ ਦੇਸ਼ ਦੀ ਤਰੱਕੀ ਯਕੀਨੀ ਹੋ ਸਕਦੀ ਹੈ। ਕਈ ਦੇਸ਼ਾਂ ਨੇ ਆਪਣੇ ਵਿੱਦਿਅਕ ਪ੍ਰੋਗਰਾਮਾਂ ਵਿਚ ਨਾਗਰਿਕਤਾ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬੱਚਿਆਂ ਨੂੰ ਅਧਿਕਾਰਾਂ ਅਤੇ ਫਰਜ਼ਾਂ ਬਾਰੇ ਸਮਝਾ ਕੇ ਅਸੀਂ ਨਾ ਸਿਰਫ ਉਨ੍ਹਾਂ ਦੀ ਮਦਦ ਕਰ ਰਹੇ ਹਾਂ, ਸਗੋਂ ਰਾਸ਼ਟਰ ਨਿਰਮਾਣ ਦੀ ਨੀਂਹ ਨੂੰ ਮਜ਼ਬੂਤ ਕਰ ਰਹੇ ਹਾਂ।


author

Bharat Thapa

Content Editor

Related News