57 ਸਾਲ ਦਾ ਸਫਰ : ਸੂਬੇ ’ਚ ਦਿਸ ਰਿਹਾ ਵਿਕਾਸ ਦਾ ਅਸਰ

Wednesday, Nov 01, 2023 - 03:55 PM (IST)

‘ਹਰਿਆਣਾ’ ਸੂਬਾ ਹੁਣ 57 ਸਾਲ ਦਾ ਹੋ ਗਿਆ ਹੈ। ਇਨ੍ਹਾਂ 57 ਸਾਲਾਂ ’ਚ ਹਰਿਆਣਾ ਨੇ ਜਿੱਥੇ ਵਿਕਾਸ ਦੇ ਮਾਮਲੇ ’ਚ ਇਕ ਨਜ਼ੀਰ ਪੇਸ਼ ਕੀਤੀ ਹੈ, ਉੱਥੇ ਹੀ ਅਧਿਆਤਮਕ ਅਤੇ ਸਿਆਸੀ ਤੌਰ ’ਤੇ ਵੀ ਇਕ ਵਿਸ਼ੇਸ਼ ਪਛਾਣ ਕਾਇਮ ਕੀਤੀ ਹੈ। 1 ਨਵੰਬਰ 1966 ਨੂੰ ਹਰਿਆਣਾ ਪੰਜਾਬ ਤੋਂ ਵੱਖਰੇ ਸੂਬੇ ਦੇ ਤੌਰ ’ਤੇ ਹੋਂਦ ’ਚ ਆਇਆ। 44,212 ਵਰਗ ਕਿਲੋਮੀਟਰ ’ਚ ਫੈਲੇ ਹਰਿਆਣਾ ਦੀ ਗਿਣਤੀ ਅੱਜ ਦੇਸ਼ ਦੇ ਵਿਕਸਿਤ ਸੂਬਿਆਂ ’ਚ ਹੁੰਦੀ ਹੈ।

22 ਜ਼ਿਲ੍ਹਿਆਂ ਨੂੰ ਸਮੇਟੇ ਹਰਿਆਣਾ ਦੇ ਸੰਖੇਪ ਸਿਆਸੀ ਇਤਿਹਾਸ ਦੀ ਗੱਲ ਕਰੀਏ ਤਾਂ 57 ਸਾਲਾਂ ’ਚ ਇੱਥੇ 10 ਸਿਆਸੀ ਆਗੂ 24 ਵਾਰ ਮੁੱਖ ਮੰਤਰੀ ਬਣੇ ਹਨ, ਇਨ੍ਹਾਂ ’ਚ ਤਿੰਨੋਂ ‘ਲਾਲ’ ਚੌ. ਦੇਵੀ ਲਾਲ, ਚੌ. ਬੰਸੀ ਲਾਲ ਤੇ ਚੌ. ਭਜਨ ਲਾਲ ਵੀ ਸ਼ਾਮਲ ਹਨ। 2014 ਤੋਂ ਲਗਾਤਾਰ ਮਨੋਹਰ ਲਾਲ ਮੁੱਖ ਮੰਤਰੀ ਬਣੇ ਹੋਏ ਹਨ। ਹਰਿਆਣਾ ਨਾਲ ਨਾਤਾ ਰੱਖਣ ਵਾਲੀ ਸੁਸ਼ਮਾ ਸਵਰਾਜ ਦਿੱਲੀ ਦੀ ਮੁੱਖ ਮੰਤਰੀ ਬਣਨ ਤੋਂ ਇਲਾਵਾ ਲੋਕ ਸਭਾ ’ਚ ਨੇਤਾ ਵਿਰੋਧੀ ਧਿਰ ਰਹੀ। ਮੂਲ ਤੌਰ ’ਤੇ ਹਰਿਆਣਾ ਦੇ ਨਿਵਾਸੀ ਅਰਵਿੰਦ ਕੇਜਰੀਵਾਲ ਪਿਛਲੇ 10 ਸਾਲਾਂ ਤੋਂ ਦਿੱਲੀ ਦੇ ਮੁੱਖ ਮੰਤਰੀ ਹਨ। ਸੂਬੇ ਦੇ ਕਈ ਮਹਾਰਥੀ ਕੇਂਦਰ ’ਚ ਮੰਤਰੀ ਵੀ ਰਹੇ ਅਤੇ ਚੌ. ਦੇਵੀ ਲਾਲ ਨੂੰ 2 ਵਾਰ ਦੇਸ਼ ਦਾ ਉਪ-ਪ੍ਰਧਾਨ ਮੰਤਰੀ ਬਣਨ ਦਾ ਮੌਕਾ ਵੀ ਮਿਲਿਆ। ਕਾਰਜਕਾਲ ਦੇ ਨਜ਼ਰੀਏ ਨਾਲ ਹੁਣ ਤੱਕ ਦੇ 57 ਸਾਲ ਦੇ ਇਤਿਹਾਸ ’ਚ ਸਭ ਤੋਂ ਵੱਧ 11 ਸਾਲ 298 ਦਿਨ ਚੌ. ਭਜਨ ਲਾਲ ਮੁੱਖ ਮੰਤਰੀ ਦੀ ਕੁਰਸੀ ’ਤੇ ਰਹੇ।

ਹਰਿਆਣਾ ਇਕ ਪ੍ਰਾਚੀਨ ਨਾਂ ਹੈ। ਪੁਰਾਤਨ ਕਾਲ ’ਚ ਇਸ ਭੂ-ਭਾਗ ਨੂੰ ਬ੍ਰਹਮਵਰਤ, ਆਰੀਆਵਰਤ ਦੇ ਨਾਵਾਂ ਨਾਲ ਜਾਣਿਆ ਜਾਂਦਾ ਸੀ। ਇਹ ਨਾਂ ਹਰਿਆਣਾ ਦੀ ਇਸ ਧਰਤੀ ’ਤੇ ਭਗਵਾਨ ਬ੍ਰਹਮਾ ਦੇ ਅਵਤਾਰਨ, ਆਰੀਆ ਦੇ ਨਿਵਾਸ ਸਥਾਨ ਅਤੇ ਵੈਦਿਕ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ’ਤੇ ਆਧਾਰਿਤ ਹਨ। ਜ਼ਿਲ੍ਹਾ ਰੋਹਤਕ ਦੇ ਬੋਹਰ ਪਿੰਡ ਤੋਂ ਮਿਲੇ ਸ਼ਿਲਾਲੇਖ ਅਨੁਸਾਰ, ਇਸ ਖੇਤਰ ਨੂੰ ਹਰਿਯਾਨਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਸ਼ਿਲਾਲੇਖ ਬਿਕ੍ਰਮੀ ਸੰਮਤ 1337 ਦੌਰਾਨ ਬਲਬਨ ਕਾਲ ਨਾਲ ਸਬੰਧਤ ਹੈ। ਸੁਲਤਾਨ ਮੁਹੰਮਦ-ਬਿਨ-ਤੁਗਲਕ ਦੇ ਸ਼ਾਸਨਕਾਲ ਦੇ ਇਕ ਪੱਥਰ ’ਤੇ ‘ਹਰਿਆਣਾ’ ਸ਼ਬਦ ਅੰਕਿਤ ਹੈ। ਹਰਿਆਣਾ ਦੀਆਂ ਹੱਦਾਂ ਉੱਤਰ ’ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼, ਦੱਖਣ ਤੇ ਪੱਛਮ ’ਚ ਰਾਜਸਥਾਨ ਨਾਲ ਜੁੜੀਆਂ ਹੋਈਆਂ ਹਨ। ਯਮੁਨਾ ਨਦੀ ਇਸ ਦੀ ਉੱਤਰ ਪ੍ਰਦੇਸ਼ ਨਾਲ ਪੂਰਬੀ ਹੱਦ ਨੂੰ ਪਰਿਭਾਸ਼ਿਤ ਕਰਦੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਹਰਿਆਣਾ ਨਾਲ 3 ਪਾਸਿਆਂ ਤੋਂ ਘਿਰੀ ਹੋਈ ਹੈ। ਨਤੀਜੇ ਵਜੋਂ ਹਰਿਆਣਾ ਦਾ ਦੱਖਣੀ ਖੇਤਰ ਨਿਯੋਜਿਤ ਵਿਕਾਸ ਦੇ ਮਕਸਦ ਨਾਲ ਰਾਸ਼ਟਰੀ ਰਾਜਧਾਨੀ ਖੇਤਰ ’ਚ ਸ਼ਾਮਲ ਹੈ।

ਹਰਿਆਣਾ ਭਾਰਤ ਦੇ ਖੁਸ਼ਹਾਲ ਸੂਬਿਆਂ ’ਚੋਂ ਇਕ ਹੈ ਅਤੇ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ ’ਤੇ ਇਹ ਦੇਸ਼ ਦਾ ਦੂਜਾ ਸਭ ਤੋਂ ਧਨੀ ਸੂਬਾ ਹੈ। ਇਸ ਤੋਂ ਇਲਾਵਾ ਭਾਰਤ ’ਚ ਸਭ ਤੋਂ ਵੱਧ ਪੇਂਡੂ ਕਰੋੜਪਤੀ ਵੀ ਇਸੇ ਸੂਬੇ ’ਚ ਹਨ। ਵਰਤਮਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪਿਛਲੇ 9 ਸਾਲਾਂ ਦੌਰਾਨ ਕਈ ਨਵੇਂ ਤਜਰਬੇ ਕੀਤੇ ਹਨ ਅਤੇ ਹੌਸਲੇ ਨਾਲ ਫੈਸਲੇ ਲੈਂਦੇ ਹੋਏ ਵਿਵਸਥਾ ਤਬਦੀਲੀ ’ਚ ਵੀ ਬਦਲਾਅ ਕੀਤਾ। ਅੱਜ ਉਨ੍ਹਾਂ ਦੀਆਂ ਕਈ ਯੋਜਨਾਵਾਂ ਅਤੇ ਨੀਤੀਆਂ ਦੇ ਮਾਮਲੇ ’ਚ ਹਰਿਆਣਾ ਦੂਜੇ ਸੂਬਿਆਂ ਲਈ ਇਕ ਮਿਸਾਲ ਵੀ ਹੈ। ਸੁਸ਼ਾਸਨ ਅਤੇ ਪਾਰਦਰਸ਼ਿਤਾ ਮੁੱਖ ਮੰਤਰੀ ਮਨੋਹਰ ਲਾਲ ਦਾ ਖਾਸ ਏਜੰਡਾ ਰਹੇ ਹਨ।

ਦੋਪਹੀਆ ਵਾਹਨਾਂ ਤੇ ਕਾਰਾਂ ਦੇ ਨਿਰਮਾਣ ’ਚ ਮੋਹਰੀ ਸੂਬਾ
ਹਰਿਆਣਾ ਆਰਥਿਕ ਤੌਰ ’ਤੇ ਦੱਖਣੀ ਏਸ਼ੀਆ ਦਾ ਸਭ ਤੋਂ ਵਿਕਸਿਤ ਖੇਤਰ ਹੈ ਅਤੇ ਇੱਥੇ ਖੇਤੀ ਤੇ ਨਿਰਮਾਣ ਉਦਯੋਗ ਨੇ 1970 ਦੇ ਦਹਾਕੇ ਤੋਂ ਲਗਾਤਾਰ ਤਰੱਕੀ ਕੀਤੀ ਹੈ। ਭਾਰਤ ’ਚ ਹਰਿਆਣਾ ਕਾਰਾਂ, ਦੋਪਹੀਆ ਵਾਹਨਾਂ ਅਤੇ ਟ੍ਰੈਕਟਰਾਂ ਦੇ ਨਿਰਮਾਣ ’ਚ ਪਹਿਲੇ ਸਥਾਨ ’ਤੇ ਹੈ। ਵੈਦਿਕ ਭੂਮੀ ਹਰਿਆਣਾ ਭਾਰਤੀ ਸੱਭਿਅਤਾ ਦਾ ਪਾਲਣਾ ਰਹੀ ਹੈ। ਹਰਿਆਣਾ ਦਾ ਮਾਣਮੱਤਾ ਅਤੀਤ ਅਨੇਕਾਂ ਮਿੱਥਾਂ, ਦੰਤ ਕਥਾਵਾਂ ਅਤੇ ਵੈਦਿਕ ਸੰਦਰਭਾਂ ਨਾਲ ਭਰਿਆ ਹੋਇਆ ਹੈ। ਮਹਾਰਿਸ਼ੀ ਵੇਦਵਿਆਸ ਨੇ ਇਸ ਪਾਵਨ ਧਰਤੀ ’ਤੇ ਮਹਾਭਾਰਤ ਕਾਵਿ ਦੀ ਰਚਨਾ ਕੀਤੀ। 5000 ਸਾਲ ਪਹਿਲਾਂ ਇੱਥੇ ਮਹਾਭਾਰਤ ਦੀ ਜੰਗ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਦੈਵੀ ਸੰਦੇਸ਼ ਦੇ ਕੇ ਕਰਤੱਵ-ਬੋਧ ਕਰਾਇਆ ਸੀ।

ਹਰਿਆਣਾ ਖੇਤਰ ਕਈ ਜੰਗਾਂ ਦਾ ਗਵਾਹ ਰਿਹਾ ਹੈ। ਹੂਣਾਂ, ਤੁਰਕੀਆਂ ਅਤੇ ਤੁਗਲਕਾਂ ਨੇ ਕਈ ਵਾਰ ਭਾਰਤ ’ਤੇ ਹਮਲਾ ਕੀਤਾ। ਹਰਿਆਣਾ ਦੀ ਭੂਮੀ ’ਤੇ ਫੈਸਲਾਕੁੰਨ ਲੜਾਈਆਂ ਲੜੀਆਂ ਗਈਆਂ। 14ਵੀਂ ਸਦੀ ਦੇ ਅਖੀਰ ’ਚ ਤੈਮੂਰਲੰਗ ਨੇ ਇਸੇ ਖੇਤਰ ਤੋਂ ਦਿੱਲੀ ’ਚ ਪ੍ਰਵੇਸ਼ ਕੀਤਾ ਸੀ। 1526 ’ਚ ਮੁਗਲਾਂ ਨੇ ਪਾਨੀਪਤ ਦੀ ਇਤਿਹਾਸਕ ਭੂਮੀ ’ਤੇ ਇਬ੍ਰਾਹੀਮ ਲੋਧੀ ਨੂੰ ਹਰਾਇਆ ਸੀ। ਪਾਨੀਪਤ ’ਚ ਹੀ 1556 ’ਚ ਇਕ ਹੋਰ ਫੈਸਲਾਕੁੰਨ ਜੰਗ ਲੜੀ ਗਈ ਜਿਸ ਨੇ ਸਦੀਆਂ ਤਕ ਮੁਗਲਾਂ ਨੂੰ ਅਜੇਤੂ ਸ਼ਕਤੀ ਵਜੋਂ ਸਥਾਪਿਤ ਕਰ ਦਿੱਤਾ। 18ਵੀਂ ਸਦੀ ਦੇ ਮੱਧ ’ਚ ਮਰਾਠਿਆਂ ਨੇ ਹਰਿਆਣਾ ’ਤੇ ਆਪਣਾ ਸ਼ਾਸਨ ਸਥਾਪਿਤ ਕੀਤਾ। ਭਾਰਤ ’ਚ ਅਹਿਮਦਸ਼ਾਹ ਦੁੱਰਾਨੀ ਦੇ ਹਮਲੇ, ਮਰਾਠਾ ਸ਼ਕਤੀ ਦੇ ਉਭਾਰ ਅਤੇ ਮੁਗਲਾਂ ਦੇ ਪਤਨ ਪਿੱਛੋਂ ਅਖੀਰ ਅੰਗ੍ਰੇਜ਼ੀ ਸ਼ਾਸਨ ਦਾ ਆਗਮਨ ਹੋਇਆ। ਅਸਲ ’ਚ ਪ੍ਰਾਚੀਨ ਕਾਲ ਤੋਂ ਹੀ ਹਰਿਆਣਾ ਦੇ ਬਹਾਦਰ ਲੋਕਾਂ ਨੇ ਬੜੇ ਹੌਸਲੇ ਨਾਲ ਵਿਦੇਸ਼ੀ ਹਮਲਾਵਰਾਂ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੀਆਂ ਸ਼ਾਨਾਮੱਤੀਆਂ ਪ੍ਰੰਪਰਾਵਾਂ ਅਤੇ ਇਸ ਪਵਿੱਤਰ ਭੂਮੀ ਦੇ ਮਾਣ ਨੂੰ ਕਾਇਮ ਰੱਖਿਆ ਹੈ।

ਦੂਜੇ ਸੂਬਿਆਂ ਲਈ ਮਿਸਾਲ
ਦੇਸ਼ ਦੇ ਭੂਗੋਲਿਕ ਖੇਤਰ ਦਾ 1.37 ਫੀਸਦੀ ਅਤੇ ਆਬਾਦੀ ਦਾ 2 ਫੀਸਦੀ ਹੋਣ ਦੇ ਬਾਵਜੂਦ ਹਰਿਆਣਾ ਨੇ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਜੋ ਹੋਰ ਸੂਬਿਆਂ ਲਈ ਅਪਣਾਉਣ ਵਾਲੀਆਂ ਹਨ। ਹਰਿਆਣਾ ਅੱਜ ਦੁੱਧ ਅਤੇ ਖੁਰਾਕੀ ਵਸਤਾਂ ਦੀ ਪੈਦਾਵਾਰ ’ਚ ਅੱਵਲ ਹੈ। ਇਹ ਆਟੋਮੋਬਾਈਲ, ਆਈ.ਟੀ. ਅਤੇ ਹੋਰ ਉਦਯੋਗਾਂ ਦਾ ਵੱਡਾ ਕੇਂਦਰ ਹੈ। ਇੱਥੇ ਅਤੀ ਉੱਤਮ ਸੰਚਾਰ ਸਹੂਲਤਾਂ, ਵਿਕਸਿਤ ਉਦਯੋਗਿਕ ਜਾਇਦਾਦਾਂ, ਚਮਕਦੇ ਰਾਜਮਾਰਗਾਂ, ਐਕਸਪ੍ਰੈੱਸ-ਵੇਅ, ਰੇਲ-ਮਾਰਗ, ਮੈਟਰੋ ਰੇਲ ਦਾ ਜਾਲ ਵਿਛ ਚੁੱਕਾ ਹੈ। ਸੂਬੇ ਦਾ ਹਰ ਪਿੰਡ ਬਿਜਲੀ ਦੀ ਰੋਸ਼ਨੀ ਨਾਲ ਜਗਮਗਾ ਰਿਹਾ ਹੈ ਅਤੇ ਆਉਣ-ਜਾਣ ਲਈ ਸੜਕਾਂ ਨਾਲ ਜੁੜਿਆ ਹੈ। ਇਹੀ ਨਹੀਂ, ਪੀਣ ਵਾਲੇ ਪਾਣੀ ਅਤੇ ਸਿੰਚਾਈ ਲਈ ਕਾਫੀ ਨਹਿਰਾਂ ਅਤੇ ਹੋਰ ਸਾਧਨ ਸੂਬੇ ’ਚ ਮੁਹੱਈਆ ਹਨ। ਇੱਥੇ ਆਧੁਨਿਕ ਸਿੱਖਿਆ ਦੇ ਹਰ ਖੇਤਰ ਅਤੇ ਵਿਸ਼ੇ ਦੀ ਸਿੱਖਿਆ ਦੇਣ ਲਈ ਕਈ ਭਰੋਸੇਯੋਗ ਟ੍ਰੇਨਿੰਗ ਸੈਂਟਰ ਖੁੱਲ੍ਹ ਚੁੱਕੇ ਹਨ।

ਖੇਤੀ ’ਚ ਨਵੇਂ ਆਯਾਮ ਰਚ ਰਿਹਾ ਛੋਟਾ ਜਿਹਾ ਸੂਬਾ
1966-67 ’ਚ ਸੂਬੇ ’ਚ ਸਿਰਫ 1.83 ਲੱਖ ਹੈਕਟੇਅਰ ’ਚ ਨਰਮਾ, ਜਦਕਿ 7.43 ਲੱਖ ਹੈਕਟੇਅਰ ’ਚ ਕਣਕ ਦੀ ਕਾਸ਼ਤ ਹੁੰਦੀ ਸੀ। ਹੁਣ ਲਗਭਗ 25 ਲੱਖ ਹੈਕਟੇਅਰ ’ਚ ਕਣਕ, ਜਦਕਿ 7 ਲੱਖ ਹੈਕਟੇਅਰ ’ਚ ਨਰਮੇ ਦੀ ਫਸਲ ਹੁੰਦੀ ਹੈ। ਇਸੇ ਤਰ੍ਹਾਂ ਸੂਬੇ ਦੇ ਗਠਨ ਦੇ ਸਮੇਂ ਬਾਗਬਾਨੀ ਦਾ ਕੋਈ ਰਕਬਾ ਨਹੀਂ ਸੀ ਅਤੇ ਅੱਜ ਲਗਭਗ 82 ਲੱਖ ਹੈਕਟੇਅਰ ’ਚ ਬਾਗਬਾਨੀ ਕੀਤੀ ਜਾ ਰਹੀ ਹੈ ਤਾਂ ਸਾਢੇ 4 ਲੱਖ ਹੈਕਟੇਅਰ ’ਚ ਸਬਜ਼ੀਆਂ ਦੀ ਖੇਤੀ। ਸੂਬੇ ’ਚ 3 ਲੱਖ ਤੋਂ ਵੱਧ ਟ੍ਰੈਕਟਰ ਹਨ ਤਾਂ ਲਗਭਗ 50 ਫੀਸਦੀ ਫਸਲ ਨਹਿਰੀ ਪਾਣੀ ਨਾਲ ਸਿੰਜੀ ਜਾ ਰਹੀ ਹੈ। ਇਸ ਸਮੇਂ ਸੂਬੇ ’ਚ 2643 ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇਅ, 827 ਕਿਲੋਮੀਟਰ ਲੰਬੇ ਸਟੇਟ ਹਾਈਵੇਅ, 21,948 ਕਿਲੋਮੀਟਰ ਲੰਬੇ ਜ਼ਿਲਾ ਮਾਰਗ ਅਤੇ 15,000 ਕਿਲੋਮੀਟਰ ਲੰਬੀਆਂ ਸੜਕਾਂ ਸ਼ਹਿਰੀ ਖੇਤਰ ’ਚ ਹਨ। ਇਸੇ ਤਰ੍ਹਾਂ ਸਾਲ 1966-67 ’ਚ ਸੂਬੇ ’ਚ 343 ਮੈਗਾਵਾਟ ਬਿਜਲੀ ਮੁਹੱਈਆ ਸੀ ਜੋ ਹੁਣ 12,000 ਮੈਗਾਵਾਟ ਤੋਂ ਵੱਧ ਹੋ ਗਈ ਹੈ।

-ਸੰਜੇ ਅਰੋੜਾ


Anuradha

Content Editor

Related News