‘ਤਣਾਅ-ਮੁਕਤ ਪ੍ਰੀਖਿਆ’ ਸਫਲਤਾ ਦੀ ਕੁੰਜੀ

01/23/2020 2:02:41 AM

ਪ੍ਰਿੰ. ਡਾ. ਮੋਹਨ ਲਾਲ ਸ਼ਰਮਾ

ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ’ਚ ਹਰੇਕ ਆਦਮੀ ਤਣਾਅ ਦਾ ਸ਼ਿਕਾਰ ਹੈ। ਖੁਸ਼ੀਆਂ ਅਤੇ ਅਪਣੱਤ ਲੋਕਾਂ ਦੇ ਜੀਵਨ ’ਚੋਂ ਖੰਭ ਲਾ ਕੇ ਕਿਤੇ ਉੱਡ ਗਈ ਹੈ। ਅੱਜ ਲੋਕਾਂ ਦਾ ਖਾਣ-ਪੀਣ ਵੀ ਸਮੇਂ ਮੁਤਾਬਕ ਨਹੀਂ ਰਿਹਾ, ਕਿਸੇ ਦਾ ਦੁੱਖ-ਸੁੱਖ ਵੰਡਣ ਦੀ ਗੱਲ ਤਾਂ ਦੂਰ ਹੈ। ਇਹ ਸਮੱਸਿਆ ਸਿਰਫ ਵੱਡਿਆਂ ਦੀ ਨਹੀਂ, ਅੱਜ ਦਾ ਬਚਪਨ ਵੀ ਤਣਾਅ ਦਾ ਸ਼ਿਕਾਰ ਹੈ।

ਮੋਮਬੱਤੀ ਜਲਾਕਰ ਪੜ੍ਹਨੇ ਵਾਲੇ ਰੌਸ਼ਨੀ ਕੀ ਜ਼ਿਆਦਾ ਕਦਰ ਕਰਤੇ ਹੈਂ, ਜਲਤੀ ਹੂਈ ਮੋਮ ਤਥਾ ਜਲਤਾ ਹੂਆ ਧਾਗਾ ਉਨ੍ਹੇਂ ਸਦਾ ਕਮ ਸਮੇਂ ਮੇਂ ਅਧਿਕ ਕਰਨੇ ਕੇ ਲੀਏ ਉਕਸਾਤਾ ਹੈ।

ਜਿਵੇਂ ਹੀ ਸਾਲਾਨਾ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਬੱਚਿਆਂ ਦੇ ਦਿਮਾਗ ’ਚ ਵੱਖ-ਵੱਖ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਵੇਂ ਪਤਾ ਨਹੀਂ ਪੇਪਰ ਕਿਹੋ ਜਿਹੇ ਆਉਣਗੇ? ਜੋ ਸਵਾਲ ਯਾਦ ਕੀਤੇ ਹਨ, ਉਹ ਆਉਣਗੇ ਵੀ ਜਾਂ ਨਹੀਂ? ਆਉਣ ਵਾਲੀ ਪ੍ਰੀਖਿਆ ’ਚ ਕਿੰਨੇ ਫੀਸਦੀ ਨੰਬਰ ਆਉਣਗੇ? ਮੈਂ ਕਿਤੇ ਫੇਲ ਹੀ ਨਾ ਹੋ ਜਾਵਾਂ? ਕਈ ਖਿਆਲ ਸਾਨੂੰ ਡਰਾ ਕੇ ਮਨ ਨੂੰ ਝੰਜੋੜ ਦਿੰਦੇ ਹਨ। ਸਿਰਫ ਪ੍ਰੀਖਿਆਵਾਂ ਕਾਰਣ ਮਨ ’ਚ ਡਰ, ਪ੍ਰੇਸ਼ਾਨੀ, ਉਦਾਸੀ, ਚਿੜਚਿੜਾਪਣ ਤੇ ਹੋਰ ਕਈ ਤਰ੍ਹਾਂ ਦੇ ਖਿਆਲ ਸਾਡੇ ਅੰਦਰ ਘਰ ਕਰ ਜਾਂਦੇ ਹਨ। ਅੱਜਕਲ ਬੱਚਿਆਂ ਦੀਆਂ ਖੇਡਾਂ, ਖਾਣ-ਪੀਣ, ਸੰਸਕਾਰ ਆਦਿ ਸਭ ਕੁਝ ਬਦਲ ਗਿਆ ਹੈ। ਅੱਜ ਦੇ ਵਿਦਿਆਰਥੀ ਪ੍ਰੀਖਿਆ ਦੇ ਸਮੇਂ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਪ੍ਰੀਖਿਆ ਇਕ ਅਜਿਹਾ ਡਰ ਹੈ, ਜਿਸ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਸੀਂ ਆਪਣਾ ਬਚਪਨ ਕਦੋਂ ਗੁਆ ਬੈਠਾਂਗੇ, ਪਤਾ ਹੀ ਨਹੀਂ ਲੱਗੇਗਾ।

ਬਚਪਨ ਕੋ ਆਪ ਖੋਨੇ ਨਾ ਦੇਨਾ ਪਰੀਕਸ਼ਾ ਭਾਰੀ ਹੋਨੇ ਨਾ ਦੇਨਾ, ਏਕਾਗਰਤਾ ਕਾ ਦਾਮਨ ਪਕੜ ਕਰ ਡਰ ਕਾ ਕਰ ਦੋ ਦੂਰ ਅੰਧੇਰਾ।

ਪ੍ਰੀਖਿਆ ਦੇ ਦਿਨਾਂ ’ਚ ਵਿਦਿਆਰਥੀ ਦੇ ਮਨ ’ਚ ਪੈਦਾ ਹੋਣ ਵਾਲਾ ਡਰ ਅਤੇ ਤਣਾਅ ਉਸ ਨੂੰ ਮੁਸ਼ਕਿਲ ’ਚ ਫਸਾ ਦਿੰਦਾ ਹੈ। ਅੱਜ ਦੀ ਗੁੰਝਲਦਾਰ ਸਿੱਖਿਆ ਪ੍ਰਣਾਲੀ ਅਤੇ ਮੁਲਾਂਕਣ ਵਿਧੀ ਨੇ ਬੱਚਿਆਂ ਦੇ ਮਨ ’ਚ ਪ੍ਰੀਖਿਆ ਦਾ ਡਰ ਪੈਦਾ ਕਰ ਦਿੱਤਾ ਹੈ। ਪ੍ਰੀਖਿਆ ਦੇ ਦਿਨਾਂ ’ਚ ਬੱਚੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਵਿਸ਼ੇ ’ਤੇ ਅੱਜ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੂੰ ਤਣਾਅ-ਮੁਕਤ ਪ੍ਰੀਖਿਆ ਦੇਣ ਲਈ ਸਹੀ ਰਾਹ ’ਤੇ ਲਿਆਉਣ ਵਾਸਤੇ ਸਹੀ ਉਪਦੇਸ਼ ਦੇਣ ਦੀ ਲੋੜ ਹੈ। ਬੱਚਿਆਂ ਦੇ ਮਨ ’ਚ ਆਪਣੇ ਵਿੱਦਿਅਕ ਵਰ੍ਹੇ ਦੀ ਮਿਹਨਤ ਦੇ ਫਲ ਨੂੰ ਲੈ ਕੇ ਅਜੀਬੋ-ਗਰੀਬ ਸਥਿਤੀਆਂ ਸਾਹਮਣੇ ਆਉਂਦੀਆਂ ਹਨ। ਇਸ ਬਾਰੇ ਮਨੋਵਿਗਿਆਨੀ ਆਪੋ-ਆਪਣੇ ਵਿਚਾਰ ਪੇਸ਼ ਕਰਦੇ ਹਨ ਅਤੇ ਇਸ ਤਣਾਅ ਨੂੰ ਘੱਟ ਕਰਨ ਲਈ ਹੱਲ ਵੀ ਦੱਸਦੇ ਹਨ। ਸਵਾਲ ਹੈ ਕਿ ਇਹ ਤਣਾਅ ਪੈਦਾ ਕਿਉਂ ਹੁੰਦਾ ਹੈ? ਜੇਕਰ ਇਹ ਕਿਹਾ ਜਾਵੇ ਕਿ ਇਹ ਤਣਾਅ ਸਿਰਫ ਨਾ ਪੜ੍ਹਨ ਵਾਲੇ ਬੱਚਿਆਂ ਦੇ ਮਨ ’ਚ ਹੀ ਹੁੰਦਾ ਹੈ ਤਾਂ ਗਲਤ ਹੋਵੇਗਾ ਸਗੋਂ ਇਹ ਡਰ ਜ਼ਿਆਦਾ ਪੜ੍ਹਨ ਵਾਲੇ ਬੱਚਿਆਂ ਦੇ ਮਨ ’ਚ ਵੀ ਹੁੰਦਾ ਹੈ।

ਜਿਨਹੋਂਨੇ ਕੁਛ ਕਰਨਾ ਹੋਤਾ ਹੈ ਉਨ੍ਹੇਂ ਬੜੇ ਦਿਨ ਭੀ ਛੋਟੇ ਲਗਤੇ ਹੈਂ,

ਜਿਨਹੋਂਨੇ ਕੁਛ ਨਾ ਕਰਨਾ ਹੋ ਉਨ੍ਹੇਂ ਛੋਟੇ ਦਿਨ ਭੀ ਬੜੇ ਲਗਤੇ ਹੈਂ।

ਜ਼ਿਆਦਾ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਇਹ ਹਾਲ ਹੁੰਦਾ ਹੈ ਕਿ ਕਿਤੇ ਕੁਝ ਰਹਿ ਨਾ ਜਾਵੇ। ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਮਿਲੇ ਅਤੇ ਉਹ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰ ਸਕਣ। ਕੁਝ ਮਾਪਿਆਂ ਵਲੋਂ ਵੀ ਵਿਦਿਆਰਥੀਆਂ ’ਤੇ ਦਬਾਅ ਬਣਾਇਆ ਜਾਂਦਾ ਹੈ ਕਿ ਜ਼ਿਆਦਾ ਨੰਬਰ ਆਉਣੇ ਚਾਹੀਦੇ ਹਨ। ਕਈ ਵਾਰ ਮਾਪੇ ਵਿਦਿਆਰਥੀਆਂ ’ਤੇ ਕਿਸੇ ਹੁਸ਼ਿਆਰ ਮਿੱਤਰ ਜਾਂ ਕਿਸੇ ਰਿਸ਼ਤੇਦਾਰ ਨਾਲ ਤੁਲਨਾ ਕਰਦੇ ਹੋਏ ਵੀ ਪੜ੍ਹਨ ਲਈ ਦਬਾਅ ਪਾਉਂਦੇ ਹਨ। ਇਸ ਕਾਰਣ ਵੀ ਵਿਦਿਆਰਥੀ ਤਣਾਅ ਦਾ ਸ਼ਿਕਾਰ ਹੁੰਦੇ ਹਨ।

ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਤਣਾਅ ਨੂੰ ਘੱਟ ਕਿਵੇਂ ਕੀਤਾ ਜਾਵੇ ਜਾਂ ਇਸ ਤਣਾਅ ਤੋਂ ਕਿਵੇਂ ਬਚਿਆ ਜਾਵੇ? ਮਿਹਨਤ ਤੋਂ ਬਿਨਾਂ ਸੁਪਨੇ ਇੰਝ ਹੱਥੋਂ ਨਿਕਲ ਜਾਂਦੇ ਹਨ, ਜਿਵੇਂ ਰੇਤਾ ਮੁੱਠੀ ’ਚੋਂ। ਮਿਹਨਤ ਕੀਤੇ ਬਿਨਾਂ ਆਦਮੀ ਸਫਲ ਨਹੀਂ ਹੋ ਸਕਦਾ ਅਤੇ ਜੋ ਸਫਲ ਨਹੀਂ ਹੁੰਦਾ, ਉਹ ਬਾਅਦ ’ਚ ਸਮੇਂ ਨੂੰ ਦੋਸ਼ ਦਿੰਦਾ ਹੈ। ਜੇ ਅਸੀਂ ਸਾਰਾ ਸਾਲ ਮਨ ਲਾ ਕੇ ਧਿਆਨ ਨਾਲ ਪੜ੍ਹਾਈ ਨਹੀਂ ਕਰਾਂਗੇ ਤਾਂ ਸਾਡੇ ਮਨ ਅੰਦਰ ਘੱਟ ਨੰਬਰ ਲੈਣ ਜਾਂ ਫੇਲ ਹੋਣ ਦਾ ਡਰ ਬਣਿਆ ਰਹੇਗਾ। ਇਥੇ ਮਾਰਗਦਰਸ਼ਕ, ਅਧਿਆਪਕ ਅਤੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਲਈ ਚੰਗੇ ਆਦਰਸ਼ ਬਣਨ ਤਾਂ ਕਿ ਉਹ ਤਣਾਅ-ਮੁਕਤ ਹੋ ਕੇ ਆਪਣੇ ਉਦੇਸ਼ ਦੀ ਪ੍ਰਾਪਤੀ ਕਰ ਸਕਣ।

ਬੱਚਿਆਂ ਨੂੰ ਫੋਨ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ, ਉਨ੍ਹਾਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਵੇ। ਮਾਪੇ ਬੱਚਿਆਂ ਸਾਹਮਣੇ 99 ਫੀਸਦੀ ਜਾਂ 100 ਫੀਸਦੀ ਨੰਬਰ ਲੈਣ ਦੀ ਸ਼ਰਤ ਨਾ ਰੱਖਣ ਕਿਉਂਕਿ ਹਰੇਕ ਬੱਚੇ ਦਾ ਦਿਮਾਗ ਆਪੋ-ਆਪਣਾ ਹੁੰਦਾ ਹੈ ਤੇ ਉਨ੍ਹਾਂ ’ਚ ਆਪੋ-ਆਪਣੇ ਗੁਣ ਹੁੰਦੇ ਹਨ। ਬੱਚਿਆਂ ’ਚ ਮਨ ਦੀ ਇਕਾਗਰਤਾ ਵਾਲਾ ਗੁਣ ਪੈਦਾ ਕੀਤਾ ਜਾਵੇ ਤਾਂ ਕਿ ਉਹ ਸਹੀ ਢੰਗ ਨਾਲ ਪੜ੍ਹਾਈ ਕਰ ਸਕਣ। ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਪੜ੍ਹਨ ਦੀ ਆਦਤ ਪਾਈ ਜਾਵੇ। ਪ੍ਰੀਖਿਆ ਦੇ ਬੋਝ ਨੂੰ ਮਨ ’ਤੇ ਹਾਵੀ ਕਰ ਕੇ ਬੱਚੇ ਸਫਲਤਾ ਦੀ ਪੌੜੀ ਨਹੀਂ ਚੜ੍ਹ ਸਕਦੇ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਯੋਜਨਾਬੱਧ ਢੰਗ ਨਾਲ ਸਮੇਂ ਦੀ ਮਹੱਤਤਾ ਨੂੰ ਪਛਾਣ ਕੇ ਟਾਈਮ ਟੇਬਲ ਬਣਾ ਕੇ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਕਿ ਚੰਗੇ ਨਤੀਜੇ ਸਾਹਮਣੇ ਆ ਸਕਣ।

ਪ੍ਰੀਖਿਆ ਨਾਲ ਸਬੰਧਤ ਸਹੀ ਤੌਰ-ਤਰੀਕੇ ਅਪਣਾ ਕੇ ਪ੍ਰੀਖਿਆ ਪ੍ਰਣਾਲੀ ’ਚ ਵਧ ਰਹੇ ਨਕਲ ਦੇ ਰੁਝਾਨ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਜੋ ਬੱਚੇ ਪ੍ਰੀਖਿਆ ਦੇ ਦਿਨਾਂ ’ਚ ਮਿਹਨਤ ਨਹੀਂ ਕਰਦੇ, ਉਨ੍ਹਾਂ ਦੇ ਮਨ ’ਚ ਪ੍ਰੀਖਿਆ ਸਬੰਧੀ ਅਜੀਬ ਕਿਸਮ ਦੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਹਨ। ਜ਼ਿਆਦਾਤਰ ਬੱਚਿਆਂ ਦੀ ਪ੍ਰੀਖਿਆ ਦੇ ਦਿਨਾਂ ’ਚ ਇਹ ਸੋਚ ਹੁੰਦੀ ਹੈ ਕਿ

ਪੜ੍ਹਨਾ ਲਿਖਨਾ ਛੋੜ ਪਰੇ ਨਕਲ ਪਰ ਰਖ ਆਸ

ਉਠਾ ਰਜਾਈ ਸੋ ਜਾ ਬੰਦੇ, ਈਸ਼ਵਰ ਕਰੇਗਾ ਪਾਸ।

ਅੱਜ ਲੋੜ ਹੈ ਵਿਦਿਆਰਥੀਆਂ ’ਚ ਪੂਰਾ ਵਿਸ਼ਵਾਸ ਭਰਨ ਦੀ, ਉਨ੍ਹਾਂ ਨੂੰ ਸਹੀ ਢੰਗ ਨਾਲ ਪ੍ਰੀਖਿਆ ਲਈ ਤਿਆਰ ਹੋਣ ’ਚ ਮਦਦ ਦੇਣ ਦੀ, ਤਾਂ ਹੀ ਉਹ ਪ੍ਰੀਖਿਆ ਦੇ ਡਰ ਨੂੰ ਮਨ ’ਚੋਂ ਦੂਰ ਕਰ ਕੇ ਆਪਣੇ ਉਦੇਸ਼ ਦੀ ਪੂਰਤੀ ਕਰ ਸਕਣਗੇ ਅਤੇ ਸਫਲਤਾ ਦੇ ਮੁਕਾਮ ’ਤੇ ਪਹੁੰਚ ਸਕਣਗੇ। ਆਓ ਮਿਲ ਕੇ ਕੋਸ਼ਿਸ਼ ਕਰੀਏ ਤਾਂ ਕਿ ਕਿਸੇ ਵਿਦਿਆਰਥੀ ਨੂੰ ਪ੍ਰੀਖਿਆ ਦੌਰਾਨ ਮਜਬੂਰੀ ’ਚ ਸਮਾਂ ਬਿਤਾਉਂਦਿਆਂ ਇਹ ਨਾ ਲਿਖਣਾ ਪਵੇ ਕਿ

ਗਊ ਹਮਾਰੀ ਮਾਤਾ ਹੈ ਆਗੇ ਕੁਛ ਨਹੀਂ ਆਤਾ ਹੈ

ਅਤੇ ਨਾ ਹੀ ਕਿਸੇ ਪੇਪਰ ਚੈੱਕ ਕਰਨ ਵਾਲੇ ਨੂੰ ਇਹ ਜਵਾਬ ਦੇਣਾ ਪਵੇ ਕਿ ਬੈਲ ਤੁਮਹਾਰਾ ਬਾਪ ਹੈ, ਨੰਬਰ ਦੇਨਾ ਪਾਪ ਹੈ।

ਇਨ੍ਹਾਂ ਗੁਣਾਂ ਨੂੰ ਅਪਣਾ ਕੇ ਵਿਦਿਆਰਥੀ ਜ਼ਰੂਰ ਹੀ ਤਣਾਅ-ਮੁਕਤ ਹੋ ਕੇ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਸਕਦਾ ਹੈ ਅਤੇ ਆਪਣੇ ਮਾਪਿਆਂ, ਅਧਿਆਪਕਾਂ ਦਾ ਸਿਰ ਮਾਣ ਨਾਲ ਉੱਚਾ ਚੁੱਕ ਸਕਦਾ ਹੈ।


Bharat Thapa

Content Editor

Related News