ਸੂਏ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Wednesday, Jun 19, 2024 - 06:23 PM (IST)

ਸੂਏ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਚਾਉਕੇ (ਮਾਰਕੰਡਾ) : ਪਿੰਡ ਬੱਲੋਂ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੂਏ ਦੇ ਪੁਲ ਥੱਲੇ ਝਾੜੀਆਂ ਵਿਚ ਫਸੀ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਵੇਖਿਆ ਗਿਆ। ਇਸ ਮੌਕੇ ਇੱਕਠੇ ਹੋਏ ਪਿੰਡ ਵਾਸੀਆਂ ਵੱਲੋਂ ਪੁਲਸ ਚੋਂਕੀ ਚਾਉਕੇ ਅਤੇ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਨੂੰ ਲਾਸ਼ ਬਾਰੇ ਜਾਣੂ ਕਰਵਾਇਆ ਗਿਆ। ਪਹੁੰਚੇ ਪੁਲਸ ਕਰਮਚਾਰੀ ਅਤੇ ਸਹਾਰਾ ਸਮਾਜ ਸੇਵਾ ਦੀ ਟੀਮ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧ ਵਿਚ ਸਹਾਰਾ ਸਮਾਜ ਸੇਵਾ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਇਹ ਸੂਆ ਹਰੀਕੇ ਨਹਿਰ ਵਿਚੋਂ ਹੰਡਿਆਇਆ ਹੁੰਦਾ ਹੋਇਆ ਪਿੰਡ ਬੱਲੋਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੁਲਸ ਦੀ ਮੌਜੂਦਗੀ ਵਿਚ ਸਹਾਰਾ ਵਾਈਸ ਪ੍ਰਧਾਨ ਸੁਖਦੇਵ ਸਿੰਘ ਕਾਲ਼ਾ, ਵਰਕਰ ਜਗਤਾਰ ਸਿੰਘ, ਜਗਸੀਰ ਸਿੰਘ, ਓਮ ਪ੍ਰਕਾਸ਼, ਨਿਰਮਲ ਸਿੰਘ, ਹਨੀ ਸਿੰਘ ਨੇ ਸੂਏ ਵਿਚੋਂ ਬਾਹਰ ਕੱਢਿਆ। ਲਾਸ਼ ਨਗਨ ਹਾਲਤ ਵਿਚ ਸੀ। 

ਮ੍ਰਿਤਕ ਦੀ ਦਾੜੀ ਕੱਟੀ ਹੋਈ, ਸਿਰ ਦੇ ਵਾਲ ਦਰਮਿਆਨੇ ਰੱਖੇ ਹੋਏ ਹਨ ਅਤੇ ਕੱਦ 5 ਫੁੱਟ 7 ਇੱਚ, ਉਮਰ ਕਰੀਬ 45/50 ਸਾਲ ਜਾਪਦੀ ਹੈ। ਲਾਸ਼ 4/5 ਦਿਨ ਪੁਰਾਣੀ ਜਾਪ ਰਹੀ ਹੈ। ਲਾਸ਼ ਨੂੰ ਪੁਲਸ ਦੇ ਦੇਖ ਰੇਖ ਹੇਠ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿਚ 72 ਘੰਟੇ ਸ਼ਨਾਖਤ ਲਈ ਰੱਖਿਆ ਗਿਆ ਹੈ। ਪੁਲਸ ਅਤੇ ਸਹਾਰਾ ਵੱਲੋਂ ਇਸ ਦੇ ਪਰਿਵਾਰਿਕ ਮੈਂਬਰਾਂ ਨੂੰ ਲੱਭਣ ਦੇ ਉਪਰਾਲੇ ਸ਼ੁਰੂ ਕਰ ਦਿਤੇ ਗਏ।


author

Gurminder Singh

Content Editor

Related News