ਲਾਇਸੈਂਸੀ ਹਥਿਆਰ/ਨੰਗੀਆਂ ਤਲਵਾਰਾਂ ''ਤੇ ਮੁਕੰਮਲ ਰੋਕ

01/19/2017 12:07:43 PM

ਬਠਿੰਡਾ (ਬਲਵਿੰਦਰ) - ਵਧੀਕ ਜ਼ਿਲਾ ਮੈਜਿਸਟਰੇਟ, ਬਠਿੰਡਾ ਰਾਹੁਲ ਚਾਬਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਕੋਈ ਵੀ ਅਸਲਾ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ''ਤੇ ਪੂਰਨ ਤੌਰ ''ਤੇ ਪਾਬੰਦੀ ਲਗਾ ਦਿੱਤੀ ਹੈ। ਮਿੰਨੀ ਸਕੱਤਰੇਤ, ਬਠਿੰਡਾ ਵਿਚ ਕਾਗਜ਼ ਅਤੇ ਹੋਰ ਕੂੜਾ ਕਰਕਟ, ਬੀੜੀ, ਸਿਗਰਟ ਦੇ ਟੋਟੇ ਜਾਂ ਹੋਰ ਗੰਦ ਮਿੰਨੀ ਸਕੱਤਰੇਤ ਦੀ ਇਮਾਰਤ ਦੇ ਅੰਦਰ ਨਾ ਸੁੱਟਿਆ ਜਾਵੇ ਅਤੇ ਇਸ ਤੋਂ ਇਲਾਵਾ ਪਾਨ, ਜ਼ਰਦਾ ਅਤੇ ਜ਼ਰਦੇ ਵਾਲੇ ਗੁਟਕੇ ਆਦਿ ਖਾ ਕੇ ਟਾਇਲਟ ਤੋਂ ਇਲਾਵਾ ਕਿਤੇ ਹੋਰ ਨਾ ਥੁੱਕਿਆ ਜਾਵੇ।

 ਜ਼ਿਲੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਅਤੇ ਨਹਿਰਾਂ ਦੇ ਪੁਲ, ਨਹਿਰਾਂ, ਨਾਲਿਆਂ ਅਤੇ ਸੂਏ/ਰਜਬਾਹੇ, ਆਇਲ ਪਾਈਪ ਲਾਈਨਜ਼ ਆਦਿ ਦੀ ਸੁਰੱਖਿਆ ਲਈ ਸਾਰੇ ਤੰਦਰੁਸਤ ਆਦਮੀ ਰਾਖੀ ਦੀ ਡਿਊਟੀ ਨਿਭਾਉਣਗੇ।
 ਸਾਈਬਰ ਕੈਫੇ ਤੇ ਐੱਸ. ਟੀ. ਡੀ./ਪੀ. ਸੀ. ਓ. ਮਾਲਕ ਕਿਸੇ ਅਣਜਾਣ ਵਿਅਕਤੀ ਨੂੰ ਜਿਸ ਦੀ ਪਛਾਣ ਸਾਈਬਰ ਕੈਫੇ ਅਤੇ ਐੱਸ. ਟੀ. ਡੀ./ਪੀ. ਸੀ. ਓ. ਦੇ ਮਾਲਕ ਨੂੰ ਨਹੀਂ ਦਿੱਤੀ ਗਈ, ਉਕਤ ਦੀ ਵਰਤੋਂ ਕਰਨ ''ਤੇ ਰੋਕ ਲਗਾਈ ਜਾਵੇ। ਵਰਤੋਂ ਕਰਨ/ਆਉਣ ਵਾਲੇ ਵਿਅਕਤੀ ਦੀ ਪਛਾਣ ਦੇ ਰਿਕਾਰਡ ਲਈ ਰਜਿਸਟਰ ਲਾਇਆ ਜਾਵੇ ਤੇ ਉਸ ਵਿਚ ਉਸ ਦਾ ਨਾਂ, ਘਰ ਦਾ ਪਤਾ, ਟੈਲੀਫੋਨ ਨੰਬਰ ਅਤੇ ਪਛਾਣ ਸਬੰਧੀ ਸਬੂਤ ਦਾ ਇੰਦਰਾਜ ਕੀਤਾ ਜਾਵੇ। ਇਸ ਦਾ ਰਿਕਾਰਡ ਮੁੱਖ ਸਰਵਰ ਵਿਚ ਘੱਟੋ-ਘੱਟ ਛੇ ਮਹੀਨਿਆਂ ਲਈ ਸੁਰੱਖਿਅਤ ਰੱਖਿਆ ਜਾਵੇ। ਕੋਈ ਵੀ ਵਿਅਕਤੀ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼ 2000 ਵਿਚ ਦਰਜ ਉਪਬੰਦਾਂ ਅਨੁਸਾਰ ਸਮਰਥ ਅਧਿਕਾਰੀ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਨਾ ਕਰਨ। ਇਸੇ ਤਰ੍ਹਾਂ ਆਰਕੈਸਟਰਾ, ਬੈਂਡ, ਡੀ. ਜੇ. ਅਤੇ ਧਾਰਮਿਕ ਥਾਵਾਂ ''ਤੇ ਲਾਊਡ ਸਪੀਕਰਾਂ ਦੀ ਵਰਤੋਂ ''ਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਪੂਰਨ ਤੌਰ ''ਤੇ ਪਾਬੰਦੀ ਹੋਵੇਗੀ। ਲਾਊਡ ਸਪੀਕਰਾਂ ਦੀ ਆਵਾਜ਼ ਵਿਆਹ ਵਾਲੇ ਘਰਾਂ ''ਤੇ ਮੈਰਿਜ ਪੈਲੇਸਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ।
 ਜ਼ਿਲੇ ਦੇ ਸਾਰੇ ਕੈਮਿਸਟ/ਮੈਡੀਕਲ ਡਰੱਗ ਸਟੋਰ (ਥੋਕ/ਪ੍ਰਚੂਨ) ਆਪਣੇ ਚਾਲੂ ਸਟਾਕ, ਵੇਚ ਤੇ ਖਰੀਦ ਦਾ ਰਜਿਸਟਰ ਲਾਉਣਗੇ ਇਸ ਹੁਕਮ ਅਨੁਸਾਰ ਕੋਈ ਵੀ ਕੈਮਿਸਟ ਅਜਿਹੀਆਂ ਜਾਰੀ ਸੂਚੀ ਵਾਲੀਆਂ ਦਵਾਈਆਂ ਬਿਨਾਂ ਡਾਕਟਰ ਦੀ ਪਰਚੀ ਅਤੇ ਪੱਕੇ ਬਿੱਲ ਤੋਂ ਨਹੀਂ ਵੇਚੇਗਾ। ਜ਼ਿਲੇ ''ਚ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਲਈ ਵਿਆਹਾਂ/ਸ਼ਾਦੀਆਂ ਅਤੇ ਹੋਰ ਸਮਾਗਮਾਂ ''ਤੇ ਪਟਾਕੇ/ਆਤਿਸ਼ਬਾਜ਼ੀ ਚਲਾਉਣ ਤੇ ਆਰਮ ਫਾਇਰ ਦੀ ਵਰਤੋਂ ਕਰਨ ਉੱਪਰ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸੇ ਤਰ੍ਹਾਂ ਇਕ ਹੋਰ ਹੁਕਮ ਜਾਰੀ ਕਰਕੇ ਉਨ੍ਹਾਂ ਦੁਆਰਾ ਜ਼ਿਲੇ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿਚ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਕੱਚੀਆਂ ਖੂਹੀਆਂ ਪੁੱਟਣ ''ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਕ ਹੋਰ ਹੁਕਮ ਰਾਹੀਂ ਕੇਂਦਰੀ ਜੇਲ ਬਠਿੰਡਾ ਅੰਦਰ ਮੋਬਾਇਲ ਅਤੇ ਹੋਰ ਦੂਰਸੰਚਾਰ ਮਾਧਿਅਮ ਯੰਤਰ ਆਦਿ ਲਿਜਾਣ ਦੀ ਮਨਾਹੀ ਕੀਤੀ ਗਈ ਹੈ। ਇਕ ਵੱਖਰੇ ਹੁਕਮ ਰਾਹੀਂ ਵਧੀਕ ਜ਼ਿਲਾ ਮੈਜਿਸਟਰੇਟ ਨੇ ਜ਼ਿਲੇ ਅੰਦਰ ਉਲਾਈਵ ਰੰਗ ਦੀ ਮਿਲਟਰੀ ਵਰਦੀ ਅਤੇ ਉਲਾਈਵ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਦੀ ਮਨਾਹੀ ਕੀਤੀ ਹੈ। ਇਸੇ ਤਰ੍ਹਾਂ ਇਹ ਵੀ ਹੁਕਮ ਦਿੱਤਾ ਗਿਆ ਕਿ ਜ਼ਿਲੇ ਦੀ ਹਦੂਦ ਅੰਦਰ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਬੱਸ ਅੰਦਰ ਸਫਰ ਦੌਰਾਨ ਅਸ਼ਲੀਲ ਗਾਣੇ ਨਹੀਂ ਲਗਾਏ ਜਾਣਗੇ। ਇਹ ਸਾਰੇ ਹੁਕਮ 3 ਮਾਰਚ 2017 ਤੱਕ ਲਾਗੂ ਰਹਿਣਗੇ।

Related News