ਇਹ ਘਰ ਸ਼ਹੀਦ ਫ਼ੌਜੀ ਦੀ ਕੈਂਸਰ ਪੀੜਤ ਮਾਂ ਦੇ ਇਲਾਜ ਲਈ ਵਿਕਾਊ ਹੈ, ਦਿਲ ਝੰਜੋੜ ਦੇਵੇਗੀ ਇਹ ਵੀਡੀਓ
Monday, Jun 14, 2021 - 06:15 PM (IST)
ਦੇਸ਼ ਦੀ ਸੇਵਾ ਕਰਨ ਦਾ ਸੁਫ਼ਨਾ ਲੈ ਕੇ ਫ਼ੌਜ 'ਚ ਭਰਤੀ ਹੋਏ ਨੌਜਵਾਨ ਨੂੰ ਇਹ ਨਹੀਂ ਪਤਾ ਸੀ ਕਿ ਉਹ ਦੋ-ਤਿੰਨ ਸਾਲਾਂ ਮਗਰੋਂ ਸ਼ਹੀਦ ਹੋ ਜਾਵੇਗਾ ਤੇ ਬਾਅਦ ਵਿੱਚ ਉਸ ਦੀ ਮਾਂ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੋਵੇਗੀ। ਠੋਕਰਾਂ ਵੀ ਅਜਿਹੀਆਂ ਕਿ ਜਿਸ ਘਰ ਵਿੱਚੋਂ ਉਸ ਦੀ ਡੋਲ਼ੀ ਉੱਠੀ ਸੀ ਕਿਸੇ ਦਿਨ ਉਹੀ ਉਸਨੂੰ ਲੱਗੀ ਨਾ-ਮੁਰਾਦ ਬੀਮਾਰੀ ਲਈ ਵੇਚਣਾ ਪਵੇਗਾ। ਇਹ ਕਹਾਣੀ ਹੈ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦੀ ਧੀ ਦੀ, ਜਿਸਨੂੰ 7-8 ਸਾਲ ਪਹਿਲਾਂ ਕੈਂਸਰ ਦੀ ਬੀਮਾਰੀ ਨੇ ਘੇਰ ਲਿਆ ਸੀ। ਕਈ ਆਪਰੇਸ਼ਨ ਕਰਵਾਉਣ ਮਗਰੋਂ ਵੀ ਬੀਮਾਰੀ ਨੇ ਉਸਦਾ ਪਿੱਛਾ ਨਹੀਂ ਛੱਡਿਆ ਤਾਂ ਆਖਰ ਡਾਕਟਰ ਨੇ ਮੁੜ ਇਲਾਜ ਕਰਵਾਉਣ ਲਈ ਸੱਦਿਆ ਪਰ ਇਲਾਜ ਕਰਵਾਉਣ ਲਈ ਲੱਖਾਂ ਰੁਪਏ ਦੀ ਰਕਮ ਕਿੱਥੋਂ ਆਵੇ?ਜਿਸ ਕਰਕੇ ਪਿਓ ਨੂੰ ਆਪਣਾ ਘਰ ਵੇਚਣ ਦਾ ਫ਼ੈਸਲਾ ਲੈਣਾ ਪਿਆ।
ਦੁੱਖਾਂ ਦੀ ਮਾਰੀ ਇਸ ਧੀ ਦੀ ਕਹਾਣੀ ਦਿਲ ਝੰਜੋੜ ਦੇਵੇਗੀ। ਸ਼ਹੀਦ ਫ਼ੌਜੀ ਦੀ ਮਾਂ ਫਖ਼ਰ ਨਾਲ ਕਹਿੰਦੀ ਹੈ ਕਿ ਉਸਦੇ ਪੁੱਤ ਨੇ ਦੇਸ਼ ਲਈ ਕੁਰਬਾਨੀ ਦੇ ਦਿੱਤੀ ਹੈ ਪਰ ਦੇਸ਼ ਨੇ ਉਸ ਲਈ ਕੀ ਕੀਤਾ? ਸ਼ਹੀਦ ਫ਼ੌਜੀ ਦੀ ਮਾਂ ਦਾ ਦਰਦ ਪਰਤ ਦਰ ਪਰਤ ਹੋਰ ਗਹਿਰਾ ਹੁੰਦਾ ਗਿਆ ਜਦੋਂ ਕਾਗ਼ਜ਼ਾਂ ਵਿੱਚੋਂ ਉਸਦਾ ਨਾਂ ਹੀ ਹਟਾ ਦਿੱਤਾ। ਅੱਜ ਕਾਗ਼ਜ਼ਾਂ ਵਿੱਚ ਸ਼ਹੀਦ ਫ਼ੌਜੀ ਦੀ ਮਾਂ ਦਾ ਦਿਹਾਂਤ ਹੋ ਚੁੱਕਾ ਹੈ ਪਰ ਅਸਲੀਅਤ ਵਿੱਚ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਜਿਸ ਵਿੱਚ ਉਸਦੇ ਸਹੁਰਿਆਂ ਨੇ ਵੀ ਉਸਦਾ ਸਾਥ ਦੇਣ ਦੀ ਬਜਾਏ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ। ਪੁੱਤ ਦੀ ਸ਼ਹੀਦੀ ਮਗਰੋਂ ਨਾ ਉਸਦੀ ਸਾਰ ਸਹੁਰਿਆਂ ਨੇ ਲਈ ਤੇ ਨਾਂ ਸਰਕਾਰਾਂ ਨੇ। ਆਖ਼ਰ ਧੀ ਨੂੰ ਆਪਣਾ ਪਿਓ ਯਾਦ ਆਇਆ ਤੇ ਰੋਂਦੀ ਕੁਰਲਾਉਂਦੀ ਆਸ ਉਮੀਦ ਲੈ ਕੇ ਪਿਓ ਦੇ ਘਰ ਆ ਗਈ। ਸਮੇਂ ਦਾ ਸਿਤਮ ਵੇਖੋ ਕਿ ਪਿਓ ਦੇ ਘਰ ਵੀ 7-8 ਜਣੇ ਖਾਣ ਵਾਲੇ ਹਨ ਪਰ ਕਮਾਉਣ ਵਾਲਾ ਇੱਕੋ ਪੁੱਤ, ਜਿਸਨੂੰ ਵੀ ਸਰੀਰਕ ਹੀਣਤਾ ਕਰਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਐਨਾ ਕੁਝ ਹੋਣ ਦੇ ਬਾਵਜੂਦ ਵੀ ਪਿਓ ਲਈ ਆਪਣੀ ਧੀ ਪਹਿਲਾਂ ਹੈ ਜਿਸਨੇ ਉਸਦੇ ਇਲਾਜ ਲਈ ਘਰ ਵਿਕਾਊ ਲਾ ਦਿੱਤਾ ਹੈ ਤਾਂ ਜੋ ਧੀ ਦਾ ਇਲਾਜ ਕਰਾ ਸਕੇ।
ਇਹ ਕਹਾਣੀ ਇਕ ਘਰ ਦੀ ਨਹੀਂ ਸਗੋਂ ਪੰਜਾਬ ਦੇ ਅਨੇਕਾਂ ਘਰਾਂ ਦੀ ਹੈ, ਜਿਸਦੀ ਗਵਾਹੀ ਬਠਿੰਡਾ ਤੋਂ ਬੀਕਾਨੇਰ ਚੱਲਦੀ ਕੈਂਸਰ ਰੇਲ ਭਰਦੀ ਹੈ। ਪੰਜਾਬ ਦੀ ਇਹ ਹੋਣੀ ਕਿਸੇ ਨੇ ਚਿਤਵੀ ਵੀ ਨਹੀਂ ਹੋਣੀ। ਆਖ਼ਿਰ ਸੁੱਤੀਆਂ ਸਰਕਾਰਾਂ ਲੋਕਾਂ ਨੂੰ ਮਰਦੇ ਕਦੋਂ ਤਕ ਵੇਖਦੀਆਂ ਰਹਿਣਗੀਆਂ?