ਨਿੱਜੀ ਹਸਪਤਾਲ ਦੀ ਵਾਇਰਲ ਹੋਈ ਵੀਡੀਓ ਨੇ ਮਾਨਸਾ ਸਿਹਤ ਵਿਭਾਗ ਨੂੰ ਪਵਾਈਆਂ ਭਾਜੜਾਂ
Friday, Sep 30, 2022 - 05:00 PM (IST)

ਮਾਨਸਾ (ਅਮਰਜੀਤ) : ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮਿਆਦ ਖ਼ਤਮ ਹੋ ਚੁੱਕੀਆਂ ਦਵਾਈਆਂ ਨੂੰ ਮਿਟਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ । ਜਿਸ 'ਤੇ ਹੁਣ ਮਾਨਸਾ ਦਾ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ। ਨਿੱਜੀ ਹਸਪਤਾਲ ਵਿੱਚ ਮਾਨਸਾ ਦੇ ਐੱਸ. ਐੱਮ. ਓ. ਅਤੇ ਡਰੱਗ ਇੰਸਪੈਕਟਰ ਵੱਲੋ ਸਾਂਝੇ ਤੌਰ 'ਤੇ ਰੇਡ ਕਰਕੇ ਉਕਤ ਦਵਾਈਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਵਾਇਰਲ ਵੀਡੀਓ ਵਿਚ ਨਜ਼ਰ ਆ ਰਿਹਾ ਨਿੱਜੀ ਹਸਪਤਾਲ ਦੇ ਇਕ ਡਾਕਟਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿਛਲੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਹਸਪਤਾਲ ਵਿੱਚ ਪਾਣੀ ਭਰ ਗਿਆ ਸੀ ਤੇ ਦਵਾਈਆਂ ਵਾਲੇ ਸਾਰੇ ਡੱਬੇ ਪਾਣੀ ਨਾਲ ਖ਼ਰਾਬ ਹੋ ਗਏ ਸੀ ।
ਇਹ ਵੀ ਪੜ੍ਹੋ- ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਮਾਮਲੇ 'ਚ ਕੀਤਾ ਵੱਡਾ ਖ਼ੁਲਾਸਾ, ਸਿੱਟ ਮੁਖੀ 'ਤੇ ਚੁੱਕੇ ਸਵਾਲ
ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਖ਼ਰਾਬ ਹੋਏ ਡੱਬਿਆਂ ਨੂੰ ਸਾਫ਼ ਕੀਤਾ ਜਾ ਰਿਹਾ ਸੀ ਨਾ ਕਿ ਮਿਆਦ ਪੁੱਗੀ ਦਵਾਈਆ ਦੀ ਮਿਤੀ ਢਾਹ ਰਹੇ ਸੀ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਪਤਾ ਲੱਗਦਾ ਹੈ ਕਿ ਦਵਾਈ ਦੀ ਮਿਆਦ ਖ਼ਤਮ ਹੋ ਗਈ ਹੈ , ਉਹ ਉਸੇ ਵੇਲੇ ਉਸਨੂੰ ਨਸ਼ਟ ਕਰ ਦਿੰਦੇ ਹਨ। ਉਧਰ ਸਿਹਤ ਵਿਭਾਗ ਵੱਲੋ ਛਾਪੇਮਾਰੀ ਬਾਰੇ ਜਾਣਕਾਰੀ ਦਿੰਦਿਆ ਐੱਸ. ਐਮ. ਓ. ਡਾ. ਰੂਬੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਸਪਤਾਲ ਦੀ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੂੰ 5-6 ਤਰ੍ਹਾਂ ਦੀ ਅਜਿਹੀਆਂ ਦਵਾਈਆਂ ਮਿਲੀਆਂ , ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਮਿਆਦ ਖ਼ਤਮ ਹੋਈਆਂ ਦਵਾਈਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਉੱਚ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਦੇ ਦਿੱਤੀ ਜਾਵੇਗੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।