ਊਠਾਂ ਨਾਲ ਭਰਿਆ ਕੈਂਟਰ ਫੜਿਆ, 1 ਗ੍ਰਿਫਤਾਰ
Saturday, Nov 30, 2024 - 06:05 PM (IST)
ਬਠਿੰਡਾ (ਸੁਖਵਿੰਦਰ) : ਚੌਕੀ ਵਰਧਮਾਨ ਪੁਲਸ ਨੇ ਕੁਝ ਹਿੰਦੂ ਸੰਗਠਨਾਂ ਦੀ ਮਦਦ ਨਾਲ ਊਠਾਂ ਨਾਲ ਲੱਦੇ ਇਕ ਕੈਂਟਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਊਠ ਉੱਤਰ ਪ੍ਰਦੇਸ਼ ਦੇ ਇਕ ਬੁੱਚੜਖਾਨੇ ਵਿਚ ਲਿਜਾਏ ਜਾ ਰਹੇ ਸਨ। ਸੰਘੇੜੀਆ ਦੇ ਗਊ ਰੱਖਿਆ ਸੰਗਠਨ ਦੇ ਆਗੂ ਸੁਰਿੰਦਰ ਬਿਸ਼ਨੋਈ, ਸ਼ਿਵ ਸੈਨਾ ਦੇ ਸ਼ਿਵ ਜੋਸ਼ੀ ਅਤੇ ਗਊ ਸੁਰੱਖਿਆ ਸੇਵਾ ਦਲ ਦੇ ਸੰਦੀਪ ਵਰਮਾ ਰਾਮਪੁਰਾ ਨੇ ਦੱਸਿਆ ਕਿ ਉਕਤ ਕੈਂਟਰ ਵਿਚ 12 ਊਠਾਂ ਨੂੰ ਲਿਜਾਇਆ ਜਾ ਰਿਹਾ ਸੀ। ਜੱਥੇਬੰਦੀਆਂ ਵਲੋਂ ਉਕਤ ਕੈਂਟਰ ਦਾ ਪਿੱਛਾ ਕਰਦੇ ਹੋਏ ਉਸਨੂੰ ਆਈ.ਟੀ.ਆਈ., ਬਠਿੰਡਾ ਵਿਖੇ ਭੇਜ ਦਿੱਤਾ ਗਿਆ। ਚੌਕ ਨੇੜੇ ਪੁਲਸ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਗਿਆ।
ਕੈਂਟਰ ’ਚ ਕੁੱਲ 3 ਲੋਕ ਸਵਾਰ ਸਨ, ਜਿਨ੍ਹਾਂ ’ਚੋਂ 2 ਭੱਜਣ ’ਚ ਕਾਮਯਾਬ ਹੋ ਗਏ ਜਦਕਿ ਕੈਂਟਰ ਚਾਲਕ ਕਾਬੂ ਕਰ ਲਿਆ ਗਿਆ। ਕੈਂਟਰ ਚਾਲਕ ਨੇ ਦੱਸਿਆ ਕਿ ਉਕਤ ਊਠ ਸੰਘੇੜੀਆ ਤੋਂ ਲੱਦ ਕੇ ਉੱਤਰ ਪ੍ਰਦੇਸ਼ ਲਿਜਾਏ ਜਾਣੇ ਸਨ। ਚੌਕੀ ਵਰਧਮਾਨ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੈਂਟਰ ਨੂੰ ਜ਼ਬਤ ਕਰ ਲਿਆ ਗਿਆ ਹੈ ਜਦਕਿ ਇੱਕ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।