ਪਿੰਡ ਘਰਾਂਗਣਾ ਵਿਚ ਸੱਤ ਖੇਤੀ ਮੋਟਰਾਂ ਤੋਂ ਬਿਜਲੀ ਦੀ ਤਾਰ ਚੋਰੀ
Monday, Aug 04, 2025 - 06:01 PM (IST)

ਮਾਨਸਾ (ਜੱਸਲ) : ਪਿੰਡ ਘਰਾਂਗਣਾ ਵਿਚ ਸੱਤ ਕਿਸਾਨਾਂ ਦੇ ਖੇਤਾਂ ਵਿਚ ਟਿਊਬਵੈੱਲਾਂ ’ਤੇ ਲਗਾਈ ਗਈ ਬਿਜਲੀ ਦੀ ਤਾਰ ਚੋਰੀ ਹੋਣ ਦੀ ਸ਼ਿਕਾਇਤ ਮਿਲਣ ’ਤੇ ਸਦਰ ਥਾਣਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਘਰੰਗਣਾ ਦੇ ਵਸਨੀਕ ਪ੍ਰੇਮ ਸਿੰਘ ਨੇ ਦੱਸਿਆ ਕਿ 27 ਅਤੇ 28 ਜੁਲਾਈ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਖੇਤ ਦੀ ਬਿਜਲੀ ਦੀ ਤਾਰ ਚੋਰੀ ਕਰ ਲਈ ਗਈ ਸੀ।
ਉਕਤ ਨੇ ਦੱਸਿਆ ਕਿ ਉਸੇ ਰਾਤ ਉਸ ਦੇ ਖੇਤ ਦੇ ਗੁਆਂਢੀ ਰਾਜਿੰਦਰ ਸਿੰਘ, ਗਮਦੂਰ ਸਿੰਘ, ਹਰਜਿੰਦਰ ਸਿੰਘ, ਟਹਿਲ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਦੇ ਖੇਤਾਂ ਤੋਂ ਵੀ ਬਿਜਲੀ ਦੀ ਤਾਰ ਚੋਰੀ ਹੋ ਗਈ ਸੀ, ਜਿਸਦੀ ਕੀਮਤ 45 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਸਦਰ ਥਾਣੇ ਦੇ ਏਐੱਸਆਈ ਮੱਖਣ ਸਿੰਘ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।