ਮਿਡ-ਡੇਅ ਮੀਲ ''''ਚ ਦਾਲ ਦੀ ਥਾਂ ਹਲਦੀ-ਪਾਣੀ ਦੇ ਘੋਲ ਦਾ ਸੱਚ

10/20/2019 9:16:18 AM

ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ ਇੱਕ ਵੀਡੀਓ ਵਾਈਰਲ ਹੋਣ ਨਾਲ ਰੌਲਾ ਪੈ ਗਿਆ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇੱਕ ਪ੍ਰਾਈਮਰੀ ਸਕੂਲ ਵਿੱਚ ਬੱਚਿਆਂ ਨੂੰ ਮਿਡ-ਡੇਅ ਮੀਲ ਵਿੱਚ ਦਾਲ ਦੀ ਥਾਂ ਹਲਦੀ ਅਤੇ ਪਾਣੀ ਦਾ ਘੋਲ ਦਿੱਤਾ ਗਿਆ ਅਤੇ ਨਾਲ ਹੀ ਚੌਲ ਦਿੱਤੇ।

ਮਿਡ-ਡੇਅ ਮੀਲ ਵਿੱਚ ਅਜਿਹੀ ਕਥਿਤ ਹੇਰਾਫੇਰੀ ਦੀਆਂ ਖ਼ਬਰਾਂ ਅਕਸਰ ਆਉਂਦੀਆਂ-ਰਹਿੰਦੀਆਂ ਹਨ ਅਤੇ ਪਿਛਲੇ ਦਿਨੀਂ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਬੱਚਿਆਂ ਨੂੰ ਲੂਣ ਰੋਟੀ ਖੁਆਉਣ ਦਾ ਮਾਮਲਾ ਵੀ ਕਾਫ਼ਾ ਚਰਚਾ ਵਿੱਚ ਰਿਹਾ ਸੀ।

ਤਾਜ਼ਾ ਮਾਮਲਾ ਸੀਤਾਪੁਰ ਜ਼ਿਲ੍ਹੇ ਦੇ ਮੁੱਖ ਦਫ਼ਤਰ ''ਚੋਂ ਕਰੀਬ 20 ਕਿਲੋਮੀਟਰ ਦੂਰ ਪਿਸਾਵਾਂ ਬਲਾਕ ਦੇ ਬਿਚਪਾਰੀਆ ਪਿੰਡ ਸਥਿਤ ਪ੍ਰਾਈਮਰੀ ਸਕੂਲ ਦਾ ਹੈ, ਜਿੱਥੇ ਬੱਚਿਆਂ ਨੂੰ ਮਿਡ-ਡੇਅ ਮੀਲ ਵਿੱਚ ਕਥਿਤ ਤੌਰ ''ਤੇ ਦਾਲ ਦੀ ਥਾਂ ਹਲਦੀ ਅਤੇ ਪਾਣੀ ਦਾ ਘੋਲ ਦੇਣ ਦਾ ਵੀਡੀਓ ਸਾਹਮਣੇ ਆਇਆ ਹੈ।

ਹਾਲਾਂਕਿ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹੇ ਦੇ ਵੱਡੇ ਅਧਿਕਾਰੀਆਂ ਨੇ ਸਕੂਲ ਵਿੱਚ ਜਾ ਕੇ ਆਪਣੇ ਪੱਧਰ ''ਤੇ ਜਾਂਚ ਕੀਤੀ ਅਤੇ ਇਸ ਨੂੰ ਗ਼ਲਤ ਦੱਸਿਆ ਹੈ ਪਰ ਵੀਡੀਓ ਦੀ ਸੱਚਾਈ ਤੋਂ ਇਨ੍ਹਾਂ ਨੇ ਇਨਕਾਰ ਨਹੀਂ ਕੀਤਾ ਹੈ।

ਵੀਡੀਓ ਵਿੱਚ ਮਹਿਜ਼ ਕੁਝ ਬੱਚਿਆਂ ਦੇ ਹੀ ਨਜ਼ਰ ਆਉਣ ਅਤੇ ਇਹ ਵੀਡੀਓ ਸਿਰਫ਼ 10 ਸਕਿੰਟ ਦੀ ਹੋਣ ਕਰਕੇ ਸਪਸ਼ਟ ਨਹੀਂ ਹੋ ਸਕਿਆ ਹੈ।

ਇਸ ਦੇ ਨਾਲ ਹੀ ਵੀਡੀਓ ਬਣਾਉਣ ਵਾਲੇ ਦੇ ਮੰਤਵ ''ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ, ਵੀਡੀਓ ਪਿਸਾਵਾਂ ਦੇ ਹੀ ਇੱਕ ਪੱਤਰਕਾਰ ਨੇ ਬਣਾਇਆ। ਫਿਰ ਉਸ ਨੇ ਇਹ ਵੀਡੀਓ ਕਿਸੇ ਹੋਰ ਪੱਤਰਕਾਰ ਨੂੰ ਦੇ ਦਿੱਤਾ ਅਤੇ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਰਾਹੀਂ ਵਾਈਰਲ ਹੋ ਗਿਆ।

ਬੀਬੀਸੀ ਦੀ ਪੜਤਾਲ

ਬੀਬੀਸੀ ਨੇ ਇਸ ਮਾਮਲੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦੀ ਆਪਣੇ ਪੱਧਰ ''ਤੇ ਜਾਣਕਾਰੀ ਇਕੱਠੀ ਕੀਤੀ ਅਤੇ ਸਬੰਧਿਤ ਲੋਕਾਂ ਨਾਲ ਗੱਲ ਕੀਤੀ।

ਇਹ ਵੀ ਪੜ੍ਹੋ:

ਪਿਸਾਵਾਂ ਦੇ ਉਸ ਪੱਤਰਕਾਰ ਨਾਲ ਵੀ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਇਹ ਵੀਡੀਓ ਬਣਾਇਆ ਸੀ ਅਤੇ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਕੋਲੋਂ ਵੀ ਇਸ ਬਾਰੇ ਪੁੱਛਿਆ ਗਿਆ ਹੈ।

ਇਸ ਸਬੰਧ ''ਚ ਜੋ ਵੀਡੀਓ ਸਾਹਮਣੇ ਆਏ ਹਨ ਉਹ ਤਿੰਨ ਹਿੱਸਿਆਂ ਵਿੱਚ ਹਨ।

ਇੱਕ ਵੀਡੀਓ ਜਿਸ ਵਿੱਚ ਸਕੂਲ ਦਾ ਨਾਮ ਲਿਖਿਆ ਦਿੱਖ ਰਿਹਾ ਹੈ, ਉਹ ਸਿਰਫ਼ ਇੱਕ ਸਕਿੰਟ ਦਾ ਹੈ। ਪੰਜ ਸਕਿੰਟ ਵਾਲੇ ਦੂਜੇ ਵੀਡੀਓ ਵਿੱਚ ਦੋ ਬੱਚੀਆਂ ਖਾਣਾ ਖਾ ਰਹੀਆਂ ਹਨ ਜਿਨ੍ਹਾਂ ਵਿੱਚ ਇੱਕ ਦੀ ਪਲੇਟ ਵਿੱਚ ਸਿਰਫ਼ ਸਬਜ਼ੀ ਦੀ ਤਰੀ ਯਾਨਿ ਰਸ (ਜਿਸ ਨੂੰ ਹਲਦੀ ਤੇ ਪਾਣੀ ਦਾ ਘੋਲ ਦੱਸਿਆ ਜਾ ਰਿਹਾ ਹੈ) ਦਿਖ ਰਹੀ ਹੈ ਜਦੋਂਕਿ ਦੂਜੀ ਬੱਚੀ ਦੀ ਪਲੇਟ ਵਿੱਚ ਸਬਜ਼ੀ ਤੇ ਚੌਲ ਨਜ਼ਰ ਆ ਰਹੇ ਹਨ।

ਤੀਜਾ ਵੀਡੀਓ ਦਸ ਸਕਿੰਟ ਦਾ ਹੈ ਜਿਸ ਵਿੱਚ ਉਨ੍ਹਾਂ ਦੋ ਬੱਚੀਆਂ ਤੋਂ ਇਲਾਵਾ ਦੋ ਹੋਰ ਬੱਚੇ ਵੀ ਇਹੀ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ।

ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਪਲੇਟ ਵਿੱਚ ਵੀ ਸਿਰਫ਼ ਸਬਜ਼ੀ ਦਾ ਰਸ ਜਾਂ ਤਰੀ ਹੀ ਨਜ਼ਰ ਆ ਰਹੀ ਹੈ। ਇਸੇ ਬੱਚੇ ਤੋਂ ਵੀਡੀਓ ਬਣਾਉਣ ਵਾਲਾ ਪੁੱਛਦਾ ਹੈ, "ਸਭ ਪਾਣੀ-ਪਾਣੀ ਹੈ ਨਾ? ਚੌਲ-ਚੂਲ ਕੁਝ ਨਹੀਂ ਮਿਲੇ?"

ਜਵਾਬ ਵਿੱਚ ਬੱਚਾ ਮੁਸਕਰਾਉਂਦੇ ਹੋਏ ਦੂਜੇ ਪਾਸੇ ਦੇਖਦਾ ਹੈ ਤੇ ਫਿਰ ਵੀਡੀਓ ਉੱਥੇ ਹੀ ਖ਼ਤਮ ਹੋ ਜਾਂਦਾ ਹੈ।

ਕੀ ਕਹਿੰਦੇ ਹਨ ਸਕੂਲ ਅਧਿਆਪਕ

ਬਿਚਪਾਰਿਆ ਪ੍ਰਾਈਮਰੀ ਸਕੂਲ ਦੇ ਅਧਿਆਪਕ ਸੰਦੀਪ ਕੁਮਾਰ ਨੇ ਇਸ ਬਾਰੇ ਬੀਬੀਸੀ ਨੂੰ ਦੱਸਿਆ, "ਵੀਡੀਓ ਵਿੱਚ ਦਿਖ ਰਿਹਾ ਬੱਚਾ ਮਾਨਸਿਕ ਰੂਪ ਤੋਂ ਕਮਜ਼ੋਰ ਹੈ। ਅਸੀਂ ਇੱਥੇ ਉਸ ਦਾ ਖਿਆਲ ਰੱਖਦੇ ਹਾਂ। ਦੂਜੀ ਗੱਲ ਪੱਤਰਕਾਰ ਜਨਾਬ ਸ਼ਨੀਵਾਰ ਨੂੰ ਵੀਡੀਓ ਬਣਾਉਣ ਆਏ ਸੀ, ਉਸ ਦਿਨ ਬੱਚਿਆਂ ਨੂੰ ਮਿਡ ਡੇਅ ਮੀਲ ਵਿੱਚ ਸਬਜ਼ੀ ਅਤੇ ਚੌਲ ਦਿੱਤੇ ਜਾਂਦੇ ਹਨ।"

"ਉਸ ਦਿਨ ਸੋਇਆਬੀਨ ਤੇ ਆਲੂ ਦੀ ਸਬਜ਼ੀ ਬਣੀ ਸੀ ਅਤੇ ਬੱਚਿਆਂ ਨੂੰ ਚੌਲ ਦੇ ਨਾਲ ਉਹੀ ਸਬਜ਼ੀ ਦਿੱਤੀ ਗਈ ਸੀ। ਜ਼ਿਆਦਾਤਰ ਬੱਚੇ ਉੱਦੋਂ ਤੱਕ ਭੋਜਨ ਖਾ ਚੁੱਕੇ ਸੀ ਅਤੇ ਕੁਝ ਬੱਚਿਆਂ ਨੇ ਦੁਬਾਰਾ ਸਬਜ਼ੀ ਮੰਗੀ ਸੀ। ਹੋ ਸਕਦਾ ਹੈ ਕਿ ਉਨ੍ਹਾਂ ਨੇ ਆਲੂ ਅਤੇ ਸੋਇਆਬੀਨ ਕੱਢ ਕੇ ਖਾ ਲਿਆ ਹੋਵੇ ਅਤੇ ਉਨ੍ਹਾਂ ਦੀ ਥਾਲੀ ਵਿੱਚ ਸਿਰਫ਼ ਰਸ ਹੀ ਬਚਿਆ ਹੋਵੇ। ਪਰ ਇਹ ਕਹਿਣਾ ਕਿ ਉਨ੍ਹਾਂ ਨੂੰ ਹਲਦੀ ਤੇ ਪਾਣੀ ਦਾ ਘੋਲ ਦਿੱਤਾ ਗਿਆ ਸੀ, ਇਹ ਬਿਲਕੁਲ ਬੇਬੁਨਿਆਦ ਹੈ ਅਤੇ ਅਜਿਹਾ ਇੱਥੇ ਅੱਜ-ਤੱਕ ਨਹੀਂ ਕੀਤਾ ਗਿਆ ਹੈ।"

ਸੰਦੀਪ ਕੁਮਾਰ ਦਾ ਦਾਅਵਾ ਹੈ ਕਿ ਉਹ ਪਿਛਲੇ ਇੱਕ ਸਾਲ ਤੋਂ ਇੱਥੇ ਤੈਨਾਤ ਹਨ ਅਤੇ ਰੈਗੁਲਰ ਰੂਪ ਤੋਂ ਮੈਨਿਊ ਦੇ ਹਿਸਾਬ ਨਾਲ ਬੱਚਿਆਂ ਨੂੰ ਰੋਜ਼ ਮਿਡ ਡੇਅ ਮੀਲ ਦਿੱਤਾ ਜਾਂਦਾ ਹੈ।

ਸਕੂਲ ਵਿੱਚ ਖਾਣਾ ਬਣਾਉਣ ਲਈ ਦੋ ਔਰਤਾਂ ਰੱਖੀਆਂ ਗਈਆਂ ਹਨ। ਖਾਣੇ ਬਣਾਉਣ ਵਾਲੀ ਸੁਧਾ ਆਪਣੀ ਦੂਜੀ ਸਹਿਯੋਗੀ ਦੇ ਨਾਲ ਭਾਂਡੇ ਸਾਫ਼ ਕਰ ਰਹੀ ਸੀ।

ਥੋੜ੍ਹੀ ਦੇਰ ਪਹਿਲਾਂ ਹੀ ਦੋਹਾਂ ਨੇ ਮਿੱਟੀ ਦੇ ਚੁੱਲ੍ਹੇ ''ਤੇ ਖਾਣਾ ਬਣਾਇਆ ਸੀ ਅਤੇ ਬੱਚਿਆਂ ਨੂੰ ਖਵਾਇਆ ਸੀ।

ਸੁਧਾ ਹਫ਼ਤੇ ਵਿੱਚ ਛੇ ਦਿਨ ਦਾ ਮੈਨਿਊ ਇੱਕ ਸਾਹ ਵਿੱਚ ਸੁਣਾ ਦਿੰਦੀ ਹੈ ਅਤੇ ਸਾਫ਼ ਤੌਰ ''ਤੇ ਕਹਿੰਦੀ ਹੈ ਸ਼ਨੀਵਾਰ ਨੂੰ ਉਨ੍ਹਾਂ ਨੇ ਸਬਜ਼ੀ ਤੇ ਚੌਲ ਬਣਾਏ ਸੀ।

ਵਿਭਾਗੀ ਜਾਂਚ

ਬੁੱਧਵਾਰ ਨੂੰ ਸਕੂਲ ਵਿੱਚ ਬੱਚਿਆਂ ਲਈ ਮਿਡ ਡੇਅ ਮੀਲ ਵਿਚ ਤਹਿਰੀ ਬਣੀ ਸੀ। ਤਹਿਰੀ ਤੋਂ ਬਾਅਦ ਬੱਚਿਆਂ ਨੂੰ ਮੈਨਿਊ ਦੇ ਹਿਸਾਬ ਨਾਲ ਦੁੱਧ ਵੀ ਦਿੱਤਾ ਗਿਆ ਸੀ। ਸਕੂਲ ਵਿੱਚ ਪਿੰਡ ਦੇ ਹੀ 104 ਬੱਚੇ ਪੜ੍ਹਣ ਆਉਂਦੇ ਹਨ।

ਮਿਡ ਡੇਅ ਮੀਲ ਵਿੱਚ ਕਥਿਤ ਬੇਨਿਯਮੀਆਂ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ''ਤੇ ਪਹੁੰਚ ਕੇ ਆਪਣੇ ਪੱਧਰ ''ਤੇ ਜਾਂਚ ਪੜਤਾਲ ਕੀਤੀ ਸੀ।

ਸੀਤਾਪੁਰ ਦੇ ਬੇਸਿਕ ਸਿੱਖਿਆ ਅਧਿਕਾਰੀ ਅਜੇ ਕੁਮਾਰ ਦੱਸਦੇ ਹਨ, "ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਖੰਡ ਸਿੱਖਿਆ ਅਧਿਕਾਰੀ ਅਤੇ ਹੋਰਨਾਂ ਅਧਿਕਾਰੀਆਂ ਦੇ ਨਾਲ ਮੈਂ ਖੁਦ ਜਾਂਚ ਕਰਨ ਗਿਆ ਸੀ। ਉਸ ਵੇਲੇ ਸਕੂਲ ਵਿੱਚ 20-25 ਬੱਚੇ ਮੌਜੂਦ ਸਨ। ਉਸ ਦਿਨ ਮੈਨਿਊ ਦੇ ਹਿਸਾਬ ਨਾਲ ਸਬਜ਼ੀ ਅਤੇ ਚੌਲ ਬਣੇ ਸੀ ਜਿਸ ਦੀ ਪੁਸ਼ਟੀ ਬੱਚਿਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਤੇ ਹੋਰਨਾਂ ਲੋਕਾਂ ਨੇ ਵੀ ਕੀਤੀ ਹੈ।"

ਬੀਬੀਸੀ ਨੇ ਪਿੰਡ ਦੇ ਕੁਝ ਉਨ੍ਹਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦੇ ਬੱਚੇ ਸਕੂਲ ਵਿੱਚ ਪੜ੍ਹਣ ਜਾਂਦੇ ਹਨ।

ਨੀਲਕੰਠ ਪਿੰਡ ਵਿੱਚ ਹੀ ਕਿਸਾਨ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਇੱਥੇ ਪੜ੍ਹਦੇ ਹਨ। ਇੱਕ ਬੱਚਾ ਚੌਥੀ ਕਲਾਸ ਵਿੱਚ ਪੜ੍ਹਦਾ ਹੈ ਜਦੋਂਕਿ ਦੂਜਾ ਬੱਚਾ ਪਹਿਲੀ ਕਲਾਸ ਵਿੱਚ ਪੜ੍ਹਦਾ ਹੈ।

ਨੀਲਕੰਠ ਦੱਸਦੇ ਹਨ, "ਬੱਚਿਆਂ ਨੇ ਖਾਣੇ ਸਬੰਧੀ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਕੋਈ ਗੜਬੜ ਹੁੰਦੀ ਤਾਂ ਦੱਸਦੇ ਜ਼ਰੂਰ। ਟੀਚਰ ਲੋਕ ਬੱਚਿਆਂ ਨੂੰ ਪੜ੍ਹਾਂਉਦੇ ਵੀ ਚੰਗੀ ਤਰ੍ਹਾਂ ਹਨ।"

ਵੀਡੀਏ ਬਣਾਉਣ ਵਾਲੇ ਪੱਤਰਕਾਰ

ਸੁਰਿੰਦਰ ਕੁਮਾਰ ਨਾਮ ਦੇ ਇੱਕ ਹੋਰ ਪਰਿਵਾਰ ਦੇ ਵੀ ਤਿੰਨ ਬੱਚੇ ਇੱਥੇ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਵੀ ਸਕੂਲ ਤੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ।

ਪਰ ਜਦੋਂ ਇਸ ਬਾਰੇ ਵੀਡੀਓ ਬਣਾਉਣ ਵਾਲੇ ਪੱਤਰਕਾਰ ਆਸ਼ੀਸ਼ ਪ੍ਰਤਾਪ ਸਿੰਘ ਉਰਫ਼ ਗੋਲੂ ਸਿੰਘ ਨਾਲ ਬੀਬੀਸੀ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲ ਵਿੱਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਕਈ ਵਾਰੀ ਮਿਲੀਆਂ ਹਨ ਪਰ ਪਿੰਡ ਦੇ ਪ੍ਰਧਾਨ ਦੇ ਡਰ ਤੋਂ ਕੋਈ ਵੀ ਕੁਝ ਵੀ ਕਹਿਣ ਤੋਂ ਬਚਦਾ ਹੈ।

ਆਸ਼ੀਸ਼ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਹੋਰ ਕੰਮ ਤੋਂ ਉੱਥੋਂ ਲੰਘ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਬੱਚਿਆਂ ਦੀ ਪਲੇਟ ਵਿੱਚ ਪਾਣੀ ਹੀ ਪਾਣੀ ਹੈ ਤਾਂ ਉਹ ਵੀਡੀਓ ਬਣਾਉਣ ਲੱਗੇ।

ਆਸ਼ੀਸ਼ ਦੱਸਦੇ ਹਨ, "ਬੱਚਿਆਂ ਦੀ ਥਾਲੀ ਵਿੱਚ ਮੈਂ ਇਹੀ ਦੇਖਿਆ। ਬੱਚਿਆਂ ਨੂੰ ਵੀ ਪੁੱਛਿਆ ਤਾਂ ਬੋਲੇ ਇਹੀ ਮਿਲਿਆ ਹੈ ਖਾਣੇ ਵਿੱਚ। ਮੈਂ ਵੀਡੀਓ ਇਸ ਲਈ ਛੋਟਾ ਬਣਾਇਆ ਕਿਉਂਕਿ ਅਧਿਆਪਕਾਂ ਨੇ ਮੈਨੂੰ ਜ਼ਬਰਦਸਤੀ ਰੋਕ ਦਿੱਤਾ ਤੇ ਮਨ੍ਹਾ ਕਰਨ ਲੱਗੇ ਕਿ ਤੁਸੀਂ ਵੀਡੀਓ ਨਹੀਂ ਬਣਾ ਸਕਦੇ।"

ਆਸੀਸ਼ ਪ੍ਰਤਾਪ ਸਿੰਘ ਮੁਤਾਬਕ ਸਕੂਲ ਵਿੱਚ ਬੱਚਿਆਂ ਕੋਲ ਜੁੱਤੇ ਵੀ ਨਹੀਂ ਸੀ ਅਤੇ ਜਦੋਂ ਇਹ ਵੀਡੀਓ ਵਾਇਰਲ ਹੋਇਆ ਤਾਂ ਜਲਦਬਾਜ਼ੀ ਵਿੱਚ ਬੱਚਿਆਂ ਨੂੰ ਜੁੱਤੇ ਵੰਡੇ ਗਏ।

ਆਸ਼ੀਸ਼ ਇਲਜ਼ਾਮ ਲਾਉਂਦੇ ਹਨ, "ਮੈਨੂੰ ਧਮਕੀ ਦਿੱਤੀ ਗਈ ਕਿ ਜੇ ਇਸ ਨੂੰ ਜ਼ਿਆਦਾ ਤੂਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉੰਝ ਹੀ ਐਫ਼ਆਈਆਰ ਕਰਾ ਦਿੱਤੀ ਜਾਵੇਗੀ ਜਿਵੇਂ ਕਿ ਮਿਰਜ਼ਾਪੁਰ ਵਿੱਚ ਇੱਕ ਪੱਤਰਕਾਰ ਦੇ ਖਿਲਾਫ਼ ਕਰਵਾਈ ਗਈ ਸੀ। ਮੇਰੇ ਕੋਲ ਕਈ ਲੋਕਾਂ ਨਾ ਇਸ ਸਬੰਧੀ ਫੋਨ ਕੀਤਾ।"

ਮਿਡ ਡੇਅ ਮੀਲ

ਆਸ਼ੀਸ਼ ਸਿੰਘ ਨੇ ਜੋ ਵੀਡੀਓ ਬਣਾਏ ਉਸ ਵਿੱਚ ਉਨ੍ਹਾਂ ਨੇ ਖਾਣਾ ਖਾਂਦੇ ਹੋਏ ਚਾਰ ਬੱਚਿਆਂ ਤੋਂ ਇਲਾਵਾ ਹੋਰ ਕੁਝ ਵੀ ਸ਼ੂਟ ਨਹੀਂ ਕੀਤਾ, ਸਕੂਲ ਦੇ ਅਧਿਆਪਕਾਂ ਨਾਲ ਵੀ ਗੱਲ ਨਹੀਂ ਕੀਤੀ ਅਤੇ ਨਾ ਹੀ ਕਿਸੇ ਕਾਬਿਲ ਅਧਿਕਾਰੀ ਨਾਲ। ਆਸ਼ੀਸ਼ ਕਹਿੰਦੇ ਹਨ ਕਿ ਉਨ੍ਹਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ।

ਵਿਭਾਗ ਦੇ ਅਧਿਕਾਰੀਆਂ ਨਾਲ ਬੀਬੀਸੀ ਨੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ।

ਮਾਮਲਾ ਧਿਆਨ ਵਿੱਚ ਆਉਣ ਤੇ ਵਿਭਾਗੀ ਜਾਂਚ ਤੋਂ ਬਾਅਦ ਬੇਸਿਕ ਸਿੱਖਿਆ ਅਧਿਕਾਰੀ ਨੇ ਹੀ ਇਸ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਡੀਆ ਨੂੰ ਇੱਕ ਵਾਰੀ ਜਾਣਕਾਰੀ ਦੇ ਦਿੱਤੀ ਗਈ ਹੈ, ਵਾਰੀ-ਵਾਰੀ ਨਹੀਂ ਦਿੱਤੀ ਜਾਵੇਗੀ।

ਫਿਲਹਾਲ ਮਿਲ ਡੇਅ ਮੀਲ ਵਿੱਚ ਜਿੱਥੋਂ ਤੱਕ ਹਲਦੀ ਤੇ ਪਾਣੀ ਦਾ ਘੋਲ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਖੁਦ ਆਸ਼ੀਸ਼ ਵੀ ਉਸ ਦੀ ਪੁਸ਼ਟੀ ਨਹੀਂ ਕਰਦੇ।

ਉਨ੍ਹਾਂ ਮੁਤਾਬਕ, "ਮੈਂ ਉਸ ਨੂੰ ਆਪਣੇ ਹੱਥ ਵਿੱਚ ਲੈ ਕੇ ਤਾਂ ਦੇਖਿਆ ਨਹੀਂ ਅਤੇ ਨਾ ਹੀ ਕੋਈ ਉਸ ਦਾ ਪਰੀਖਣ ਕਰਾਇਆ ਹੈ। ਪਰ ਦੇਖਣ ਵਿੱਚ ਉਹ ਸਬਜ਼ੀ ਦਾ ਰਸ ਤਾਂ ਬਿਲਕੁਲ ਨਹੀਂ ਲਗ ਰਿਹਾ ਸੀ ਕਿਉਂਕਿ ਇੰਨਾ ਪੀਲਾ ਰੰਗ ਸਬਜ਼ੀ ਦੇ ਰਸ ਦਾ ਨਹੀਂ ਹੁੰਦਾ ਹੈ।"

ਵੱਖ-ਵੱਖ ਮੈਨਿਊ

ਮਿਡ ਡੇਅ ਮੀਲ ਯੋਜਨਾ ਦੇ ਤਹਿਤ ਸਕੂਲਾਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਸਵਾਦ ਵਾਲਾ ਤੇ ਮਨਪਸੰਦ ਭੋਜਨ ਦੇਣ ਦਾ ਪ੍ਰਬੰਧ ਕੀਤੀ ਗਿਆ ਹੈ ਜਿਸ ਦੇ ਤਹਿਤ ਉਨ੍ਹਾਂ ਨੂੰ ਹਫ਼ਤੇ ਵਿੱਚ ਚਾਰ ਦਿਨ ਚੌਲ ਦਾ ਬਣਿਆ ਖਾਣਾ ਅਤੇ ਦੋ ਦਿਨ ਕਣਣ ਨਾਲ ਬਣਿਆ ਖਾਣਾ ਦਿੱਤਾ ਜਾਂਦਾ ਹੈ।

ਹਰ ਦਿਨ ਦਾ ਵੱਖਰਾ ਮੈਨਿਊ ਹੈ ਅਤੇ ਉਸੇ ਮੁਤਾਬਕ ਹੀ ਭੋਜਨ ਬਣਦਾ ਹੈ। ਖਾਣਾ ਪਕਾਉਣ ਲਈ ਰਸੋਈਏ ਦੀ ਨਿਯੁਕਤੀ ਕੀਤੀ ਜਾਂਦੀ ਹੈ।

ਲਖਨਓ ਵਿੱਚ ਸੀਨੀਅਰ ਪੱਤਰਕਾਰ ਅਮਿਤਾ ਵਰਮਾ ਦਾ ਕਹਿੰਦੀ ਹੈ, "ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ 100 ਗ੍ਰਾਮ ਅਨਾਜ ਦੇਣ ਦਾ ਪ੍ਰਬੰਧ ਹੈ। ਕਹਿਣ ਲਈ ਤਾਂ ਖਾਣਾ ਪਕਾਉਣ ਲਈ ਤੇਲ, ਮਸਾਲੇ ਵੀ ਮੁਹੱਈਆ ਕਰਵਾਏ ਜਾਂਦੇ ਹਨ, ਪਰ ਸੱਚਾਈ ਇਹ ਹੈ ਕਿ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਕਿਸੇ ਵੀ ਸਕੂਲ ਵਿੱਚ ਭੋਜਨ ਬਹੁਤ ਘੱਟ ਉਪਲਬਧ ਹੁੰਦਾ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਮੁਤਾਬਕ, "ਮਿਡ-ਡੇਅ ਮੀਲ ਵਿਚ ਕਈ ਵਾਰ ਜੋ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਵਿੱਚ ਸਕੂਲ ਦੇ ਅਧਿਆਪਕਾਂ ਨੂੰ ਵੀ ਪੂਰੀ ਤਰ੍ਹਾਂ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਸੀਮਤ ਸਾਧਨਾਂ ਵਿਚ ਹੀ ਉਨ੍ਹਾਂ ਨੂੰ ਇਹ ਪੂਰੇ ਪ੍ਰਬੰਧ ਕਰਨੇ ਪੈਂਦੇ ਹਨ ਅਤੇ ਨਿਗਰਾਨੀ ਲਈ ਬਹੁਤ ਸਾਰੇ ਚੈਨਲ ਹਨ। ਅਜਿਹੇ ਵਿੱਚ ਜੇ ਸਬਜ਼ੀ ਵਿੱਚ ਸਿਰਫ਼ ਪੀਲਾ ਪਾਣੀ ਹੀ ਦਿਖਾਈ ਦੇ ਰਿਹਾ ਹੈ ਤਾਂ ਇਹ ਸਿੱਟਾ ਕੱਢਣਾ ਸਹੀ ਨਹੀਂ ਹੋਵੇਗਾ ਕਿ ਇਹ ਹਲਦੀ ਅਤੇ ਪਾਣੀ ਦਾ ਘੋਲ ਹੈ।"

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=Te3IppZe1lY

https://www.youtube.com/watch?v=YF0inyU98e8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News