ਜੰਮੂ-ਕਸ਼ਮੀਰ ’ਚ ਨੌਜਵਾਨ ਹਥਿਆਰ ਛੱਡ ਦੇਣ : ਮਹਿਬੂਬਾ, ਕਾਸ਼! ਇਹ ਗੱਲ ਉਨ੍ਹਾਂ ਨੇ ਪਹਿਲਾਂ ਕਹੀ ਹੁੰਦੀ

06/28/2022 12:56:07 AM

ਆਜ਼ਾਦੀ ਤੋਂ ਹੁਣ ਤੱਕ ਜੰਮੂ-ਕਸ਼ਮੀਰ ’ਚ 2 ਸਿਆਸੀ ਪਰਿਵਾਰਾਂ ਦੀ ਵੱਡੀ ਭੂਮਿਕਾ ਰਹੀ ਹੈ। ਸ਼ੇਖ ਅਬਦੁੱਲਾ, ਉਨ੍ਹਾਂ ਦੇ ਬੇਟੇ ਫਾਰੂਕ ਅਬਦੁੱਲਾ ਅਤੇ ਉਸ ਤੋਂ ਬਾਅਦ ਉਮਰ ਅਬਦੁੱਲਾ ਤਿੰਨੋਂ ਇਥੋਂ ਦੇ ਮੁੱਖ ਮੰਤਰੀ ਰਹੇ। ਇਨ੍ਹਾਂ ਤੋਂ ਇਲਾਵਾ ‘ਪੀਪਲਸ ਡੈਮੋਕ੍ਰੇਟਿਕ ਪਾਰਟੀ’ (ਪੀ.ਡੀ.ਪੀ.) ਦੇ ਸੰਸਥਾਪਕ ਮੁਫਤੀ ਮੁਹੰਮਦ ਸਈਦ ਤੇ ਉਨ੍ਹਾਂ ਦੀ ਬੇਟੀ ਮਹਿਬੂਬਾ ਮੁਫਤੀ ਨੇ ਵੀ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੇ ਤੌਰ ’ਤੇ ਅਹੁਦਾ ਸੰਭਾਲਿਆ। ਸ਼ੇਖ ਅਬਦੁੱਲਾ ਦੇ ਪਰਿਵਾਰ ਨੇ ਸੂਬੇ ’ਤੇ ਲਗਭਗ 25 ਸਾਲ ਅਤੇ ਮੁਫਤੀ ਮੁਹੰਮਦ ਸਈਦ ਅਤੇ ਉਨ੍ਹਾਂ ਦੀ ਬੇਟੀ ਮਹਿਬੂਬਾ ਨੇ ਲਗਭਗ 6 ਸਾਲ ਤੱਕ ਸੂਬੇ ’ਤੇ ਰਾਜ ਕੀਤਾ। ਇਨ੍ਹਾਂ ਤੋਂ ਇਲਾਵਾ ਸੂਬੇ ’ਚ ਸਾਢੇ 8 ਸਾਲ ਰਾਜਪਾਲ ਦਾ ਰਾਜ ਅਤੇ ਬਾਕੀ ਦੀ ਮਿਆਦ ’ਚ ਹੋਰਨਾਂ ਮੁੱਖ ਮੰਤਰੀਆਂ ਗੁਲਾਮ ਮੁਹੰਮਦ ਸਾਦਿਕ, ਸਈਦ ਮੀਰ ਕਾਸਿਮ, ਗੁਲਾਮ ਮੁਹੰਮਦ ਸ਼ਾਹ, ਗੁਲਾਮ ਨਬੀ ਆਜ਼ਾਦ ਦਾ ਰਾਜ ਰਿਹਾ।

ਮਹਿਬੂਬਾ ਮੁਫਤੀ ਨੇ ਪਿਤਾ ਮੁਫਤੀ ਮੁਹੰਮਦ ਸਈਦ ਦੀ ਮੌਤ ਤੋਂ  ਬਾਅਦ 4 ਅਪ੍ਰੈਲ, 2016 ਨੂੰ ਭਾਜਪਾ ਦੇ ਸਹਿਯੋਗ ਨਾਲ ਸੂਬੇ ’ਚ ਗਠਜੋੜ ਸਰਕਾਰ ਬਣਾਈ ਪਰ ਅਮਨ-ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ’ਚ ਕਰਨ ’ਚ ਅਸਫਲ ਰਹਿਣ ਕਾਰਨ ਭਾਜਪਾ ਵਲੋਂ ਹਮਾਇਤ ਵਾਪਸ ਲੈ ਲੈਣ ’ਤੇ 19 ਜੂਨ, 2018 ਨੂੰ ਉਨ੍ਹਾਂ ਅਸਤੀਫਾ ਦੇ ਦਿੱਤਾ। ਜੰਮੂ-ਕਸ਼ਮੀਰ ’ਚ 20 ਜੂਨ, 2018 ਤੋਂ ਰਾਜਪਾਲ ਦਾ ਰਾਜ ਰਿਹਾ ਅਤੇ 19 ਅਗਸਤ, 2019 ਨੂੰ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਨੂੰ ਹਟਾ ਦਿੱਤਾ ਗਿਆ ਅਤੇ 20 ਦਸੰਬਰ, 2019 ਨੂੰ ਜੰਮੂ-ਕਸ਼ਮੀਰ ’ਚ ਰਾਸ਼ਟਰਪਤੀ ਰਾਜ ਲਾ ਦਿੱਤਾ ਗਿਆ।

ਵਰਣਨਯੋਗ ਹੈ ਕਿ ਜੰਮੂ-ਕਸ਼ਮੀਰ ਦੇ ਹਾਲਾਤ ਉਦੋਂ ਤੋਂ ਖਰਾਬ ਹੋਣੇ ਸ਼ੁਰੂ ਹੋਏ ਜਦੋਂ ਮਹਿਬੂਬਾ ਮੁਫਤੀ ਦੀ ਛੋਟੀ ਭੈਣ ਰੂਬੀਆ ਸਈਦ ਨੂੰ 7 ਦਸੰਬਰ, 1989 ਨੂੰ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਨੇ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਵੀ. ਪੀ. ਸਿੰਘ ਦੀ ਅਗਵਾਈ ਵਾਲੀ ਸੰਯੁਕਤ ਮੋਰਚੇ ਦੀ ਕੇਂਦਰ ਸਰਕਾਰ ’ਚ ਉਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਗ੍ਰਹਿ ਮੰਤਰੀ ਸਨ। ਰੂਬੀਆ ਨੂੰ ਅੱਤਵਾਦੀਆਂ ਕੋਲੋਂ ਛੁਡਵਾਉਣ ਲਈ ਕੇਂਦਰ ਸਰਕਾਰ ਨੇ 5 ਖਤਰਨਾਕ ਅੱਤਵਾਦੀਆਂ ਨੂੰ ਰਿਹਾਅ ਕਰਨ ਦੀ ਮੰਗ ਪ੍ਰਵਾਨ ਕਰ ਲਈ ਸੀ। ਸਿਆਸੀ ਦਰਸ਼ਕਾਂ ਦਾ ਕਹਿਣਾ ਹੈ ਕਿ ਜੇ ਉਸ ਸਮੇਂ ਕੇਂਦਰ ਸਰਕਾਰ ਅੱਤਵਾਦੀਆਂ ਅੱਗੇ ਗੋਡੇ ਨਾ ਟੇਕਦੀ ਤਾਂ ਕਸ਼ਮੀਰ ’ਚ ਅਜਿਹੇ ਹਾਲਾਤ ਕਦੇ ਨਾ ਹੁੰਦੇ।

1989 ’ਚ ਇਥੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਇਨ੍ਹਾਂ ਦੀ 2019 ’ਚ ਘਰ ਵਾਪਸੀ ਸ਼ੁਰੂ ਹੋਣ ਦਾ ਹਲਕਾ ਜਿਹਾ ਸੰਕੇਤ ਮਿਲਿਆ ਸੀ, ਜਦੋਂ ਅਕਤੂਬਰ 1990 ’ਚ ਇਥੋਂ ਹਿਜਰਤ ਕਰਕੇ ਜਾਣ ਵਾਲੇ ਸ਼੍ਰੀ ਰੌਸ਼ਨ ਲਾਲ ਮਾਵਾ ਨੇ ਵਾਪਸ ਆ ਕੇ ਸ਼੍ਰੀਨਗਰ ’ਚ ਆਪਣੀ ਦੁਕਾਨ ਦੁਬਾਰਾ ਖੋਲ੍ਹੀ ਪਰ ਅਨੰਤਨਾਗ ਜ਼ਿਲੇ ਦੇ ‘ਲੋਕ ਭਵਨ’ ਪਿੰਡ ਦੇ ਸ਼੍ਰੀ ਓਂਕਾਰ ਨਾਥ ਦੇ ਬੇਟੇ ਅਜੇ ਪੰਡਿਤਾ ਦੀ 8 ਜੂਨ, 2020 ਨੂੰ ਅੱਤਵਾਦੀਆਂ ਵਲੋਂ ਕੀਤੀ ਗਈ ਹੱਤਿਆ ਕਾਰਨ ਇਨ੍ਹਾਂ ਦੀ ਵਾਪਸੀ ਦੇ ਯਤਨਾਂ ਨੂੰ ਭਾਰੀ ਧੱਕਾ ਲੱਗਾ।ਹੁਣ 25 ਜੂਨ ਨੂੰ ਸ਼੍ਰੀਨਗਰ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਮਹਿਬੂਬਾ ਨੇ ਸਥਾਨਕ ਨੌਜਵਾਨਾਂ ਨੂੰ ਅੱਤਵਾਦ ਦਾ ਰਾਹ ਛੱਡਣ ਦੀ ਬੇਨਤੀ ਕੀਤੀ। ਮਹਿਬੂਬਾ ਨੇ ਕਿਹਾ, ‘‘ਰੋਜ਼ਾਨਾ ਤਿੰਨ ਜਾਂ ਚਾਰ ਨੌਜਵਾਨ ਮਾਰੇ ਜਾ ਰਹੇ ਹਨ। ਭਾਵ ਸਾਡੀ ਸਥਾਨਕ ਅੱਤਵਾਦੀਆਂ ਦੀ ਭਰਤੀ ਵਧ ਗਈ ਹੈ। ਮੈਂ ਅਪੀਲ ਕਰਦੀ ਹਾਂ ਕਿ ਇਹ ਸਹੀ ਨਹੀਂ ਹੈ ਅਤੇ ਤੁਹਾਨੂੰ ਇਸ ਨੂੰ ਛੱਡ ਦੇਣਾ ਚਾਹੀਦਾ ਹੈ।’’

ਮਹਿਬੂਬਾ ਮੁਫਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਵੀ ਮਾਰਿਆ ਗਿਆ ਹੈ ਜਿਨ੍ਹਾਂ ਨੇ ਹਥਿਆਰ ਨਹੀਂ ਚੁੱਕੇ ਸਨ। ਇਸ ਦੇ ਨਾਲ ਹੀ ਉਨ੍ਹਾਂ ਕਸ਼ਮੀਰੀ ਪੰਡਿਤਾਂ ਦੀ ਟਾਰਗੈੱਟ ਕਿਲਿੰਗ ਬਾਰੇ ਕਿਹਾ ਕਿ ‘‘ਮੌਲਵੀਆਂ ਸਮੇਤ ਹੋਰਨਾਂ ਲੋਕਾਂ ਨੂੰ ਇਸ ਗੱਲ ’ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਕਸ਼ਮੀਰੀ ਪੰਡਿਤ ਸਮਾਜ ਦਾ ਹਿੱਸਾ ਹਨ।’’ ਮਹਿਬੂਬਾ ਵਲੋਂ ਪਾਕਿ ਸਪਾਂਸਰ ਵਿਦੇਸ਼ੀ ਅਤੇ ਸਥਾਨਕ ਅੱਤਵਾਦੀਆਂ ਵਲੋਂ ਜਾਰੀ ਹਿੰਸਾ ਦੇ ਜਵਾਬ ’ਚ ਸੁਰੱਖਿਆ ਫੋਰਸਾਂ ਦੀ ਕਾਰਵਾਈ ’ਚ  ਮਾਰੇ ਜਾਣ ਵਾਲੇ ਅੱਤਵਾਦੀ ਨੌਜਵਾਨਾਂ ਨੂੰ ਹਿੰਸਾ ਦਾ ਰਾਹ ਛੱਡਣ ਲਈ ਕਹਿਣਾ ਸਹੀ ਹੈ।

ਇਹੀ ਗੱਲ ਜੇ ਮਹਿਬੂਬਾ ਮੁਫਤੀ ਨੇ ਪਹਿਲਾਂ ਕਹੀ ਹੁੰਦੀ ਤਾਂ ਸ਼ਾਇਦ ਬਿਹਤਰ ਹੁੰਦਾ। ਬੀਤੇ ਸਮੇਂ ਦੀਆਂ ਘਟਨਾਵਾਂ ਗਵਾਹ ਹਨ ਕਿ ਕਸ਼ਮੀਰ ’ਚ ਸਰਗਰਮ ਪਾਕਿ ਹਮਾਇਤੀ ਅਤੇ ਸਥਾਨਕ ਅੱਤਵਾਦੀ ਘੱਟ-ਗਿਣਤੀਆਂ ਦੇ ਨਾਲ-ਨਾਲ ਪ੍ਰਵਾਸੀ ਲੋਕਾਂ ਨੂੰ ਹਿਜਰਤ ਕਰਨ ਲਈ ਮਜਬੂਰ ਕਰਨ ਤੋਂ ਇਲਾਵਾ ਸਰਕਾਰੀ ਦਫਤਰਾਂ, ਪੁਲਸ ਅਤੇ ਸੁਰੱਖਿਆ ਫੋਰਸਾਂ ਆਦਿ ’ਚ ਕੰਮ ਕਰਦੇ ਆਪਣੇ ਹੀ ਭਰਾਵਾਂ ਦੀ ਹੱਤਿਆ ਕਰਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਾ ਕੇ ਆਖਿਰ ਕਿਸ ਦਾ ਭਲਾ ਕਰ ਰਹੇ ਹਨ?
ਦੱਸਣਯੋਗ ਹੈ ਕਿ ਪੰਜਾਬ ਕੇਸਰੀ ਵਲੋਂ ਸੰਚਾਲਿਤ ‘ਸ਼ਹੀਦ ਪਰਿਵਾਰ ਫੰਡ’ ਵਿਚ ਰਾਹਤ ਲੈਣ ਲਈ ਅਰਜ਼ੀਆਂ ਦੇਣ ਵਾਲੇ ਅੱਤਵਾਦ ਪੀੜਤ ਵਧੇਰੇ ਕਰਕੇ ਜੰਮੂ-ਕਸ਼ਮੀਰ ਦੇ ਮੁਸਲਿਮ ਪਰਿਵਾਰ ਹੀ ਹੁੰਦੇ ਹਨ।

–ਵਿਜੇ ਕੁਮਾਰ


Mukesh

Content Editor

Related News