2 ਵਿਸ਼ਵ ਯੁੱਧਾਂ ਪਿੱਛੋਂ ਹੁਣ ਤੀਜੇ ਵਿਸ਼ਵ ਯੁੱਧ ਵੱਲ ਵਧ ਰਿਹਾ ਸੰਸਾਰ!

Sunday, Oct 08, 2023 - 03:15 AM (IST)

ਇਕ ਪਾਸੇ ਵਿਸ਼ਵ ’ਚ ਕੁਦਰਤੀ ਆਫਤਾਂ, ਵਾਰ-ਵਾਰ ਭੂਚਾਲਾਂ, ਹੜ੍ਹ, ਆਸਮਾਨੀ ਬਿਜਲੀ ਡਿੱਗਣ ਆਦਿ ਨੇ ਤਬਾਹੀ ਮਚਾਈ ਹੋਈ ਹੈ ਤਾਂ ਦੂਜੇ ਪਾਸੇ ਵੱਖ-ਵੱਖ ਦੇਸ਼ਾਂ ਦਰਮਿਆਨ ਜਾਰੀ ਯੁੱਧ ਵਿਸ਼ਵ ਸ਼ਾਂਤੀ ਲਈ ਖਤਰਾ ਬਣੇ ਹੋਏ ਹਨ।

ਯੂਕ੍ਰੇਨ ’ਤੇ ਕਬਜ਼ਾ ਕਰਨ ਲਈ ਲਗਭਗ ਪੌਣੇ 2 ਸਾਲਾਂ ਤੋਂ ਜਾਰੀ ਰੂਸ-ਯੂਕ੍ਰੇਨ ਯੁੱਧ ਵਿਚ ਵੱਡੀ ਗਿਣਤੀ ’ਚ ਦੋਵਾਂ ਧਿਰਾਂ ਦੇ ਲੋਕ ਮਾਰੇ ਜਾ ਰਹੇ ਹਨ ਅਤੇ 5 ਅਕਤੂਬਰ ਨੂੰ ਰੂਸ ਵੱਲੋਂ ਯੂਕ੍ਰੇਨ ’ਤੇ ਹੁਣ ਤੱਕ ਦੇ ਸਭ ਤੋਂ ਭਿਆਨਕ ਹਮਲੇ ਵਿਚ ਘੱਟੋ-ਘੱਟ 49 ਲੋਕ ਮਾਰੇ ਗਏ। ਇਸੇ ਦਿਨ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਅਮਰੀਕਾ ਨਾਲ ਆਪਸੀ ਪ੍ਰਮਾਣੂ ਸੰਧੀ ਭੰਗ ਕਰ ਕੇ ਪ੍ਰਮਾਣੂ ਪ੍ਰੀਖਣ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਧਮਕੀ ਵੀ ਦਿੱਤੀ ਹੈ।

ਇਸੇ ਦਿਨ ਤੁਰਕੀ ਦੀਆਂ ਫੌਜਾਂ ਨੇ ਉੱਤਰੀ ਸੀਰੀਆ ’ਤੇ ਹਮਲਾ ਕਰ ਕੇ ਘੱਟੋ-ਘੱਟ 11 ਕੁਰਦ ਲੋਕਾਂ ਨੂੰ ਮਾਰ ਸੁੱਟਿਆ। ਇਸੇ ਤਰ੍ਹਾਂ 6 ਅਕਤੂਬਰ ਨੂੰ ਦੱਖਣੀ ਚੀਨ ਸਾਗਰ ਵਿਚ ਚੀਨ ਅਤੇ ਫਿਲੀਪੀਂਸ ਦਰਮਿਆਨ ਜਾਰੀ ਤਣਾਅ ਸਿਖਰ ’ਤੇ ਪਹੁੰਚ ਗਿਆ ਜਦ ਚੀਨ ਦਾ ਇਕ ਗਸ਼ਤੀ ਜਹਾਜ਼ ਫਿਲੀਪੀਂਸ ਦੇ ਗਸ਼ਤੀ ਜਹਾਜ਼ ਦੇ ਬਿਲਕੁਲ ਨੇੜੇ ਪਹੁੰਚ ਜਾਣ ਕਾਰਨ ਦੋਵੇਂ ਜਹਾਜ਼ ਟਕਰਾਉਂਦੇ-ਟਕਰਾਉਂਦੇ ਬਚੇ।

ਹੁਣ 7 ਅਕਤੂਬਰ ਨੂੰ ਪੁਰਾਣੇ ਦੁਸ਼ਮਣਾਂ ਫਿਲਿਸਤੀਨ ਅਤੇ ਇਜ਼ਰਾਈਲ ਦਰਮਿਆਨ ਭਿਆਨਕ ਯੁੱਧ ਛਿੜ ਗਿਆ ਹੈ। ਮਿਸਰ ਅਤੇ ਇਜ਼ਰਾਈਲ ਦਰਮਿਆਨ ਭੂ-ਮੱਧ ਸਾਗਰ ਦੇ ਤੱਟ ’ਤੇ ਵੱਸੇ ਹੋਏ ਅਤੇ ਇਜ਼ਰਾਈਲ ਵਿਰੋਧੀ ਅੱਤਵਾਦੀ ਸਮੂਹ ‘ਹਮਾਸ’ ਵੱਲੋਂ ਸ਼ਾਸਿਤ ਗਾਜ਼ਾਪੱਟੀ ਇਕ ਛੋਟਾ ਜਿਹਾ ਫਿਲਿਸਤੀਨੀ ਇਲਾਕਾ ਹੈ। ‘ਹਮਾਸ’ ਇੱਥੇ ਇਸਲਾਮੀ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਸ ਨੂੰ 1987 ’ਚ ਸ਼ੇਖ ਅਹਿਮਦ ਯਾਸੀਨ ਨੇ ਕਾਇਮ ਕੀਤਾ ਸੀ।

‘ਹਮਾਸ’ ਫਿਲਿਸਤੀਨੀ ਇਲਾਕਿਆਂ ਤੋਂ ਇਜ਼ਰਾਈਲ ਨੂੰ ਹਟਾਉਣ ਲਈ ਲੜ ਰਿਹਾ ਹੈ। ਇਹ ਸੰਗਠਨ ਆਪਣੇ ਲਈ ਜ਼ਿਆਦਾਤਰ ਹਥਿਆਰ ਗਾਜ਼ਾਪੱਟੀ ਵਿਚ ਹੀ ਬਣਾਉਂਦਾ ਹੈ। ਇਜ਼ਰਾਈਲ ਲਗਾਤਾਰ ਦਾਅਵਾ ਕਰਦਾ ਆ ਰਿਹਾ ਹੈ ਕਿ ‘ਹਮਾਸ’ ਕੋਲ ਹਥਿਆਰ ਬਣਾਉਣ ਦੀ ਤਕਨੀਕ ਈਰਾਨ ਤੋਂ ਆਈ ਹੈ ਅਤੇ ਇਸ ਨੂੰ ਸਾਰੇ ਇਸਲਾਮੀ ਦੇਸ਼ ਆਰਥਿਕ ਸਹਾਇਤਾ ਦਿੰਦੇ ਹਨ। ਈਰਾਨ ਨੇ ਇਜ਼ਰਾਈਲ ’ਤੇ ‘ਹਮਾਸ’ ਦੇ ਹਮਲੇ ਦੀ ਹਮਾਇਤ ਵੀ ਕੀਤੀ ਹੈ।

‘ਹਮਾਸ’ ਅਤੇ ਇਜ਼ਰਾਈਲ ਵਿਚ ਲੰਬੇ ਸਮੇਂ ਤੋਂ ਸੰਘਰਸ਼ ਚਲਿਆ ਆ ਰਿਹਾ ਹੈ ਅਤੇ ਵੈਸਟ ਬੈਂਕ, ਗਾਜ਼ਾਪੱਟੀ ਅਤੇ ਗੋਲਨ ਹਾਈਟਸ ਵਰਗੇ ਇਲਾਕਿਆਂ ਸਬੰਧੀ ਝਗੜਾ ਹੈ। ਇਨ੍ਹਾਂ ਇਲਾਕਿਆਂ ਸਮੇਤ ਪੂਰਬੀ ਯੇਰੂਸ਼ਲਮ ’ਤੇ ਫਿਲਿਸਤੀਨ ਆਪਣਾ ਦਾਅਵਾ ਜਤਾਉਂਦਾ ਹੈ ਪਰ ਇਜ਼ਰਾਈਲ ਯੇਰੂਸ਼ਲਮ ’ਤੇ ਆਪਣਾ ਅਧਿਕਾਰ ਛੱਡਣ ਨੂੰ ਤਿਆਰ ਨਹੀਂ ਹੈ।

ਇਸ ਲਈ 7 ਅਕਤੂਬਰ ਨੂੰ ਇਜ਼ਰਾਈਲੀ ਦਿਵਸ ਦੇ ਦਿਨ ‘ਹਮਾਸ’ ਨੇ ਗਾਜ਼ਾਪੱਟੀ ਵੱਲੋਂ ਇਜ਼ਰਾਈਲ ਦੇ ਤੇਲ ਅਵੀਵ, ਅਸ਼ਕਲੋਨ ਆਦਿ ਵੱਖ-ਵੱਖ ਸ਼ਹਿਰਾਂ ’ਤੇ ਤਾਬੜਤੋੜ ਗੋਲੇ ਅਤੇ 5000 ਰਾਕੇਟ ਦਾਗ ਕੇ ਇਜ਼ਰਾਈਲ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ।

ਇਜ਼ਰਾਈਲ ਵਿਚ ਦਾਖਲ ਹੋਏ ‘ਹਮਾਸ’ ਲੜਾਕਿਆਂ ਅਤੇ ਇਜ਼ਰਾਈਲੀ ਫੌਜ ਦਰਮਿਆਨ ਮੁੱਠਭੇੜ ਦੇ ਨਤੀਜੇ ਵਜੋਂ 100 ਤੋਂ ਵੱਧ ਇਜ਼ਰਾਈਲੀਆਂ ਦੀ ਮੌਤ ਅਤੇ ਸੈਂਕੜੇ ਜ਼ਖਮੀ ਹੋ ਗਏ। ‘ਹਮਾਸ’ ਨੇ 35 ਇਜ਼ਰਾਈਲੀਆਂ ਨੂੰ ਬੰਦੀ ਬਣਾਉਣ ਦਾ ਦਾਅਵਾ ਵੀ ਕੀਤਾ ਹੈ।

‘ਹਮਾਸ’ ਨੇ ਇਸ ਨੂੰ ‘ਆਪ੍ਰੇਸ਼ਨ ਅਲ-ਅਕਸਾ ਸਟਾਰਮ’ ਨਾਂ ਦਿੱਤਾ ਹੈ ਕਿਉਂਕਿ ਇਸ ਦਾ ਉਦੇਸ਼ ‘ਅਲ-ਅਕਸਾ ਕੰਪਾਊਂਡ’ ਨੂੰ ਆਜ਼ਾਦ ਕਰਵਾਉਣਾ ਵੀ ਹੈ ਜਿੱਥੇ ‘ਅਲ-ਅਕਸਾ ਮਸਜਿਦ’ ਸਥਿਤ ਹੈ। ਇਸੇ ਕੰਪਾਊਂਡ ਵਿਚ ‘ਟੈਂਪਲ ਮਾਊਂਟ’ ਹੈ, ਜਿੱਥੇ ਯਹੂਦੀ ਵੀ ਪ੍ਰਾਰਥਨਾ ਕਰਦੇ ਹਨ।

‘ਹਮਾਸ’ ਦੇ ਸਰਗਨਾ ‘ਮੁਹੰਮਦ ਡੇਫ’ ਨੇ ਇਸ ਹਮਲੇ ਨੂੰ ਮਹਾਨ ਕ੍ਰਾਂਤੀ ਦਾ ਦਿਨ ਦੱਸਦੇ ਹੋਏ ਕਿਹਾ ਕਿ ‘‘ਅਸੀਂ ਇਜ਼ਰਾਈਲ ਵਿਰੁੱਧ ਨਵਾਂ ਫੌਜੀ ਮਿਸ਼ਨ ਸ਼ੁਰੂ ਕੀਤਾ ਹੈ। ਬਸ ਹੁਣ ਬਹੁਤ ਹੋ ਗਿਆ। ਹੁਣ ਅਸੀਂ ਹੋਰ ਬਰਦਾਸ਼ਤ ਨਹੀਂ ਕਰਾਂਗੇ।’’

ਇਸ ’ਤੇ ਗੁੱਸੇ ’ਚ ਆਏ ਇਜ਼ਰਾਈਲ ਨੇ ਵੀ ਅਧਿਕਾਰਤ ਤੌਰ ’ਤੇ ‘ਹਮਾਸ’ ਵਿਰੁੱਧ ਯੁੱਧ ਦਾ ਐਲਾਨ ਕਰ ਕੇ ਇਸ ਨੂੰ ‘ਆਪ੍ਰੇਸ਼ਨ ਆਇਰਨ ਸਵੋਰਡਜ਼’ ਦਾ ਨਾਂ ਦਿੱਤਾ ਹੈ ਅਤੇ ਗਾਜ਼ਾਪੱਟੀ ਦੇ ਇਲਾਕੇ ’ਚ 17 ਟਿਕਾਣਿਆਂ ’ਤੇ ਇਜ਼ਰਾਈਲੀ ਹਵਾਈ ਫੌਜ ਦੇ ਲੜਾਕੂ ਜੈੱਟ ਜਹਾਜ਼ਾਂ ਵੱਲੋਂ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ। ਫਿਲਿਸਤੀਨੀ ਅਧਿਕਾਰੀਆਂ ਅਨੁਸਾਰ ਉਸਦੇ 200 ਤੋਂ ਵੱਧ ਲੋਕ ਮਾਰੇ ਗਏ ਅਤੇ 1600 ਤੋਂ ਵੱਧ ਜ਼ਖਮੀ ਹੋ ਗਏ ਹਨ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਹੈ ਕਿ ‘‘ਦੁਸ਼ਮਣਾਂ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਵੇਗਾ ਕਿ ਉਨ੍ਹਾਂ ਨੂੰ ਇਸ ਦੀ ਕਿੰਨੀ ਕੀਮਤ ਚੁਕਾਉਣੀ ਪਵੇਗੀ। ‘ਹਮਾਸ’ ਹੁਣ ਬਚੇਗਾ ਨਹੀਂ ਅਤੇ ਅਸੀਂ ਜੇਤੂ ਹੋਵਾਂਗੇ। ਯੁੱਧ ਉਨ੍ਹਾਂ ਨੇ ਸ਼ੁਰੂ ਕੀਤਾ ਹੈ ਪਰ ਖਤਮ ਅਸੀਂ ਕਰਾਂਗੇ।’’

‘ਹਮਾਸ’ ਦੇ ਇਸ ਹਮਲੇ ਨੂੰ ਇਜ਼ਰਾਈਲੀ ਖੁਫੀਆ ਏਜੰਸੀ ‘ਮੋਸਾਦ’ ਦੀ ਨਾਕਾਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਦੁਨੀਆ ਭਰ ’ਚ ਮੁਖਬਰ ਮੌਜੂਦ ਹਨ। ਵਰਣਨਯੋਗ ਹੈ ਕਿ ਇਜ਼ਰਾਈਲ ਨੇ 1970 ਵਿਚ ਇਰਾਕ ਵੱਲੋਂ ਫਰਾਂਸ ਤੋਂ ਖਰੀਦੇ ਪ੍ਰਮਾਣੂ ਪਲਾਂਟ ’ਤੇ 1 ਮਿੰਟ 20 ਸੈਕੰਡ ਵਿਚ 16 ਬੰਬ ਸੁੱਟ ਕੇ ਪ੍ਰਮਾਣੂ ਪਲਾਂਟ ਤਬਾਹ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ।

ਕਹਿਣਾ ਮੁਸ਼ਕਲ ਹੈ ਕਿ ਇਸ ਘਟਨਾਕ੍ਰਮ ਦਾ ਨਤੀਜਾ ਕੀ ਹੋਵੇਗਾ, ਹਾਲ ਦੀ ਘੜੀ ਇਹੀ ਕਿਹਾ ਜਾ ਸਕਦਾ ਹੈ ਕਿ ਜਿੰਨੀ ਜਲਦੀ ਇਹ ਵਿਵਾਦ ਸੁਲਝ ਸਕੇ ਓਨਾ ਹੀ ਦੁਨੀਆ ਲਈ ਚੰਗਾ ਹੋਵੇਗਾ।

ਪਹਿਲਾਂ ਹੀ ਵਿਸ਼ਵ ਸ਼ਾਂਤੀ ਖਤਰੇ ਵਿਚ ਪਈ ਹੋਈ ਹੈ, ਹੁਣ ‘ਹਮਾਸ’ ਅਤੇ ਇਜ਼ਰਾਈਲ ਯੁੱਧ ਨੇ ਇਹ ਖਤਰਾ ਹੋਰ ਵਧਾ ਦਿੱਤਾ ਹੈ ਅਤੇ ਅਤੀਤ ਵਿਚ ਹੋ ਚੁੱਕੇ 2 ਵਿਸ਼ਵ ਯੁੱਧਾਂ ਪਿੱਛੋਂ ਤੀਜੇ ਵਿਸ਼ਵ ਯੁੱਧ ਦੀ ਆਹਟ ਤੇਜ਼ੀ ਨਾਲ ਸੁਣਾਈ ਦੇ ਰਹੀ ਹੈ।

-ਵਿਜੇ ਕੁਮਾਰ


Anmol Tagra

Content Editor

Related News