ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ

10/30/2021 3:33:49 AM

ਕੇਂਦਰ ਸਰਕਾਰ ਵੱਲੋਂ ਪਾਸ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ 26 ਨਵੰਬਰ, 2020 ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਦਿੱਲੀ ’ਚ ਦਾਖਲਾ ਰੋਕਣ ਦੇ ਲਈ 11 ਮਹੀਨੇ ਪਹਿਲਾਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਬਾਰਡਰਾਂ ’ਤੇ ਲਗਾਏ ਗਏ ਬੈਰੀਕੇਡਾਂ ’ਚੋਂ ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ’ਤੇ ਬੈਰੀਕੇਡ ਆਖਿਰ ਸੁਪਰੀਮ ਕੋਰਟ ਦੇ 21 ਅਕਤੂਬਰ ਦੇ ਨਿਰਦੇਸ਼ ’ਤੇ ਪੁਲਸ ਨੇ ਹਟਾਉਣੇੇ ਸ਼ੁਰੂ ਕਰ ਦਿੱਤੇ ਹਨ।

ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ ਪਰ ਉਹ ਅਣਮਿੱਥੇ ਸਮੇਂ ਦੇ ਲਈ ਸੜਕਾਂ ਬੰਦ ਨਹੀਂ ਕਰ ਸਕਦੇ। ਇਕ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ‘‘ਸਰਕਾਰ ਦੇ ਹੁਕਮ ’ਤੇ ਅਸੀਂ ਬੈਰੀਕੇਡ ਹਟਾ ਕੇ ਰਸਤਾ ਖੋਲ੍ਹ ਰਹੇ ਹਾਂ।’’

ਟਿਕਰੀ ਬਾਰਡਰ ’ਤੇ ਬੈਰੀਕੇਡ ਬਣਾ ਕੇ ਖੜ੍ਹੇ ਕੀਤੇ ਗਏ ਪੁਰਾਣੇ ਟਰੱਕ, ਲੋਹੇ ਦੀ ਕੰਡਿਆਲੀ ਤਾਰ ਅਤੇ ਆਰ. ਸੀ. ਸੀ. ਦੇ ਭਾਰੀ-ਭਰਕਮ ਬਲਾਕ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਲਈ ਲਾਏ ਗਏ ਚੱਲਦੇ-ਫਿਰਦੇ ਟਾਇਲਟ ਵੀ ਹਟਾ ਦਿੱਤੇ ਗਏ ਹਨ। ਸੜਕ ਤੋਂ ਕਈ ਟਰੱਕ ਮਿੱਟੀ ਵੀ ਹਟਾ ਦਿੱਤੀ ਗਈ ਹੈ।

ਗਾਜ਼ੀਪੁਰ ’ਚ ਵੀ ਰਾਸ਼ਟਰੀ ਰਾਜਮਾਰਗਾਂ ’ਤੇ ਲਗਾਏ ਗਏ ਲੋਹੇ ਦੇ ਕਿੱਲਾਂ ਨੂੰ ਪੁਲਸ ਅਧਿਕਾਰੀ ਅਤੇ ਮਜ਼ਦੂਰ ਹਟਾਉਂਦੇ ਹੋਏ ਦੇਖੇ ਗਏ।

ਸੁਪਰੀਮ ਕੋਰਟ ਦੇ ਹੁਕਮ ਦੇ ਬਾਅਦ ਹੁਣ ਇਹ ਆਸ ਬੱਝੀ ਹੈ ਕਿ ਰਸਤੇ ਖੁੱਲ੍ਹ ਜਾਣ ਨਾਲ ਲੋਕਾਂ ਨੂੰ ਆਵਾਜਾਈ ’ਚ ਹੁਣ ਤੱਕ ਜੋ ਅਸੁਵਿਧਾ ਹੋ ਰਹੀ ਸੀ ਉਹ ਹੁਣ ਦੂਰ ਹੋ ਜਾਵੇਗੀ। ਰਾਹੁਲ ਗਾਂਧੀ ਨੇ ਇਸ ਸਬੰਧ ’ਚ ਟਵੀਟ ਕੀਤਾ ਹੈ ਕਿ ‘‘ਅਜੇ ਤਾਂ ਸਿਰਫ ਦਿਖਾਵਟੀ ਬੈਰੀਕੇਡ ਹਟੇ ਹਨ ਜਲਦੀ ਹੀ ਤਿੰਨੇ ਖੇਤੀਬਾੜੀ ਵਿਰੋਧੀ ਕਾਨੂੰਨ ਵੀ ਹਟਣਗੇ। ਅੰਨਾਦਾਤਾ ਸੱਤਿਆਗ੍ਰਹਿ ਜ਼ਿੰਦਾਬਾਦ।’’

ਬੈਰੀਕੇਡ ਹਟਾਉਣ ਦੀ ਇਸ ਕਾਰਵਾਈ ਦੇ ਬਾਅਦ ਕਿਸਾਨ ਸੰਗਠਨ ਕੀ ਰੁਖ ਅਪਣਾਉਂਦੇ ਹਨ ਅਤੇ ਆਪਣੇ ਅੰਦੋਲਨ ਨੂੰ ਧਾਰ ਦੇਣ ਦੇ ਲਈ ਅਤੇ ਸਰਕਾਰ ’ਤੇ ਦਬਾਅ ਬਣਾਉਣ ਦੇ ਲਈ ਕੀ ਰਣਨੀਤੀ ਅਪਣਾਉਣਗੇ ਇਹ ਤਾਂ ਸਮਾਂ ਹੀ ਦੱਸੇਗਾ।

ਫਿਲਹਾਲ ਹੁਣ ਜਦਕਿ ਬੈਰੀਕੇਡ ਹਟਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੜਕਾਂ ਨੂੰ ਕਦੀ ਵੀ ਰੋਕਿਆ ਨਹੀਂ ਅਤੇ ਰਣਨੀਤੀ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਿਆ ਜਾਵੇਗਾ।

ਫਿਲਹਾਲ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਹੁਕਮ ਨਾਲ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਉਸੇ ਤਰ੍ਹਾਂ ਜੇਕਰ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨ ਮਿਲ ਕੇ ਕਿਸਾਨਾਂ ਦੇ ਅੰਦੋਲਨ ਦਾ ਵੀ ਕੋਈ ਹੱਲ ਕੱਢ ਸਕਣ ਤਾਂ ਨਾ ਸਿਰਫ ਕਿਸਾਨਾਂ ’ਚ ਵਧ ਰਿਹਾ ਅਸੰਤੋਸ਼ ਖਤਮ ਹੋਵੇਗਾ ਸਗੋਂ ਕਿਸਾਨ ਖੇਤੀਬਾੜੀ ਦੇ ਕੰਮ ’ਚ ਆਪਣਾ ਸਮਾਂ ਲਗਾ ਸਕਣਗੇ ਜਿਸ ਨਾਲ ਫਸਲ ਦੀ ਉਪਜ ’ਚ ਵਾਧਾ ਹੋਣ ਨਾਲ ਉਨ੍ਹਾਂ ’ਚ ਖੁਸ਼ਹਾਲੀ ਆਵੇਗੀ।

-ਵਿਜੇ ਕੁਮਾਰ


Bharat Thapa

Content Editor

Related News