ਦੇਸ਼ ਦੀਆਂ ਜੇਲਾਂ ’ਚ ਜ਼ਿਆਦਾ ਕੈਦੀ ਅਤੇ ਸਟਾਫ ਘੱਟ ਹੋਣ ਕਰ ਕੇ ਫੈਲ ਰਹੀ ਅਵਿਵਸਥਾ

11/12/2019 1:20:10 AM

ਇਕ ਅੰਦਾਜ਼ੇ ਮੁਤਾਬਕ ਸਾਡੇ ਦੇਸ਼ ’ਚ 1361 ਜੇਲਾਂ ਹਨ ਜਿਨ੍ਹਾਂ ਦੀ ਹਾਲਤ ਬਾਰੇ ਕੌਮੀ ਅਪਰਾਧ ਰਿਕਰਾਡ ਬਿਊਰੋ ਵਲੋਂ ਸੰਨ 2105-17 ਦੌਰਾਨ ਜਾਰੀ ਕੀਤੀ ਗਈ ਰਿਪੋਰਟ ’ਚ ਬੇਹੱਦ ਚਿੰਤਾਜਨਕ ਖੁਲਾਸੇ ਕੀਤੇ ਗਏ ਹਨ।

ਇਸ ਦੇ ਮੁਤਾਬਕ 2017 ਦੇ ਅਖੀਰ ’ਚ ਦੇਸ਼ ਦੀਆਂ ਜੇਲਾਂ ’ਚ ਸਮਰਥਾ ਨਾਲੋਂ ਕਿਤੇ ਜ਼ਿਆਦਾ 4.60 ਲੱਖ ਕੈਦੀ ਬੰਦ ਸਨ ਜੋ ਇਨ੍ਹਾਂ ਦੀ ਨਿਰਧਾਰਤ ਸਮਰਥਾ ਨਾਲੋਂ 60 ਹਜ਼ਾਰ ਜ਼ਿਆਦਾ ਸਨ। ਸਭ ਤੋਂ ਖਰਾਬ ਸਥਿਤੀ ਯੂ. ਪੀ. ਦੀ ਰਹੀ ਜਿਥੇ ਕੁਲ 70 ਜੇਲਾਂ ’ਚ 96383 ਕੈਦੀ ਬੰਦ ਸਨ ਜਦਕਿ ਇਨ੍ਹਾਂ ਦੀ ਸਮਰਥਾ ਸਿਰਫ 58400 ਕੈਦੀ ਰੱਖਣ ਦੀ ਹੀ ਹੈ।

ਦਿੱਲੀ ਦਾ ਤਿਹਾੜ ਜੇਲ ਕੰਪਲੈਕਸ ਦੱਖਣੀ ਏਸ਼ੀਆ ’ਚ ਸਭ ਤੋਂ ਵੱਡਾ ਹੈ ਜਿਸ ’ਚ 9 ਕੇਂਦਰੀ ਜੇਲਾਂ ਹਨ। ਇਸ ਤੋਂ ਇਲਾਵਾ ਰੋਹਿਣੀ ’ਚ ਵੀ ਇਕ ਜ਼ਿਲਾ ਜੇਲ ਕੰਪਲੈਕਸ ਹੈ। ਇਥੇ ਲੰਬੇ ਸਮੇਂ ਤੋਂ ਬੰਦ ਚੱਲੇ ਆ ਰਹੇ ਵਿਚਾਰ-ਅਧੀਨ ਕੈਦੀਆਂ ਕਾਰਨ ਭੀੜ ਵਧਣ ਤੋਂ ਇਲਾਵਾ ਸਟਾਫ ਦੀ ਘਾਟ ਕਾਰਨ ਅਵਿਵਸਥਾ ਅਤੇ ਕੈਦੀਆਂ ਵਿਚਾਲੇ ਮਾਰ-ਕੁਟਾਈ ਤੇ ਖੂਨ-ਖਰਾਬੇ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ।

ਭੀੜ ਦੇ ਮਾਮਲੇ ’ਚ ਯੂ. ਪੀ. ਅਤੇ ਛੱਤੀਸਗੜ੍ਹ ਤੋਂ ਬਾਅਦ ਦਿੱਲੀ ਦੀਆਂ ਜੇਲਾਂ ਤੀਜੇ ਨੰਬਰ ’ਤੇ ਹਨ ਜਿਥੇ 10026 ਕੈਦੀਆਂ ਦੀ ਸਮਰਥਾ ਦੇ ਉਲਟ 15168 ਕੈਦੀ ਰਹਿ ਰਹੇ ਹਨ। ਦਿੱਲੀ ਦੀਆਂ ਜੇਲਾਂ 11972 ਵਿਚਾਰ ਅਧੀਨ ਕੈਦੀਆਂ ਨਾਲ ਦੇਸ਼ ’ਚ ਦੂਜੇ ਨੰਬਰ ’ਤੇ ਅਤੇ ਕੇਂਦਰ ਸ਼ਾਸਿਤ ਰਾਜਾਂ ’ਚ ਸਭ ਤੋਂ ਵਧ ਭੀੜ ਵਾਲੀਆਂ ਜੇਲਾਂ ਹਨ।

ਦਿੱਲੀ ਦੀਆਂ ਜੇਲਾਂ ’ਚ ਤਾਇਨਾਤ ਸਟਾਫ ਮਨਜ਼ੂਰਸ਼ੁਦਾ ਗਿਣਤੀ ਨਾਲੋਂ ਲਗਭਗ 49.8 ਫੀਸਦੀ ਘੱਟ ਹੈ ਤੇ ਇਹ ਦੇਸ਼ ’ਚ ਸਟਾਫ ਦੀ ਸਭ ਤੋਂ ਜ਼ਿਆਦਾ ਘਾਟ ਵਾਲੀਆਂ ਜੇਲਾਂ ’ਚ ਚੋਟੀ ’ਤੇ ਹਨ। ਇਥੇ ਹੋਰ ਸਟਾਫ ਤੋਂ ਇਲਾਵਾ ਮੈਡੀਕਲ ਸਟਾਫ ਦੀ ਵੀ ਘਾਟ ਹੈ ਅਤੇ ਇਨ੍ਹਾਂ ਦੇ 122 ਅਹੁਦੇ ਖਾਲੀ ਦੱਸੇ ਜਾਂਦੇ ਹਨ।

ਸਮਰਥਾ ਨਾਲੋਂ ਜ਼ਿਆਦਾ ਭੀੜ ਹੋਣ ਕਾਰਨ ਇਨ੍ਹਾਂ ਜੋਲਾਂ ’ਚ ਸਾਫ-ਸਫਾਈ ਦਾ ਬੁਰਾ ਹਾਲ ਹੈ। ਕੈਦੀਆਂ ਨੂੰ ਪੂਰੀ ਨੀਂਦ ਵੀ ਨਹੀਂ ਮਿਲਦੀ ਅਤੇ ਉਨ੍ਹਾਂ ਦੇ ਸੌਣ ਦਾ ਪ੍ਰਬੰਧ ਕਰਨਾ ਵੀ ਪ੍ਰਸ਼ਾਸਨ ਲਈ ਚੁਣੌਤੀ ਬਣ ਰਿਹਾ ਹੈ।

ਦਿੱਲੀ ਦੀ ਤਿਹਾੜ ਜੇਲ ਦੀ ਨਹੀਂ ਸਗੋਂ ਦੇਸ਼ ਦੀਆਂ ਹੋਰ ਜੇਲਾਂ ’ਚ ਵੀ ਸਮਰਥਾ ਨਾਲੋਂ ਜ਼ਿਆਦਾ ਭੀੜ ਹੋਣ ਅਤੇ ਸਟਾਫ ਦੀ ਘਾਟ ਦੇ ਸਿੱਟੇ ਵਜੋਂ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਨ੍ਹਾਂ ’ਤੇ ਰੋਕ ਲਾਉਣ ਲਈ ਜ਼ਰੂਰੀ ਹੈ ਕਿ ਵਿਚਾਰ ਅਧੀਨ ਕੈਦੀਆਂ ਦੇ ਮਾਮਲਿਆਂ ਦਾ ਛੇਤੀ ਨਿਪਟਾਰਾ ਕਰ ਕੇ ਭੀੜ ਘਟਾਈ ਜਾਵੇ ਅਤੇ ਸਟਾਫ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਦੂਰ ਕੀਤੀ ਜਾਵੇ ਤਾਂਕਿ ਵਿਵਸਥਾ ਬਹਾਲ ਹੋਵੇ ਅਤੇ ਜੇਲਾਂ ਦਾ ਸੰਚਾਲਨ ਸੁਚੱਜੇ ਢੰਗ ਨਾਲ ਹੋ ਸਕੇ।

–ਵਿਜੇ ਕੁਮਾਰ

 


Bharat Thapa

Content Editor

Related News