‘ਕਦੋਂ ਬ੍ਰੇਕ ਲੱਗੇਗੀ’ ‘ਨੇਤਾਵਾਂ ਦੇ ਬੇਲੋੜੇ ਬਿਆਨਾਂ ’ਤੇ’

01/26/2021 2:30:39 AM

ਇਸ ਸਮੇਂ ਜਦਕਿ ਦੇਸ਼ ਅੰਦਰੂਨੀ ਅਤੇ ਬਾਹਰੀ ਦੋਵਾਂ ਹੀ ਮੋਰਚਿਆਂ ’ਤੇ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਕੁਝ ਨੇਤਾ ਬਿਨਾਂ ਸੋਚੇ ਬੇਲੋੜੇ ਬਿਆਨ ਦੇ ਕੇ ਹਾਲਾਤ ਨੂੰ ਹੋਰ ਵਿਗਾੜ ਰਹੇ ਹਨ, ਜੋ ਹੇਠਾਂ ਕੁਝ ਕੁ ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹੈ :

* 13 ਜਨਵਰੀ ਨੂੰ ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ (ਭਾਜਪਾ) ਨੇ ਦਿਗਵਿਜੇ ਸਿੰਘ (ਕਾਂਗਰਸ) ਵਲੋਂ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਨੂੰ ‘ਅੱਤਵਾਦੀ’ ਕਹਿਣ ਦੇ ਜਵਾਬ ’ਚ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸਮਾਰੋਹ ’ਚ ਕਿਹਾ, ‘‘ਕਾਂਗਰਸ ਨੇ ਦੇਸ਼ ਭਗਤਾਂ ਨੂੰ ਹਮੇਸ਼ਾ ਹੀ ਗਾਲ੍ਹਾਂ ਦਿੱਤੀਆਂ ਹਨ।’’

* 16 ਜਨਵਰੀ ਨੂੰ ਬੰਗਲਾ ਫਿਲਮ ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ‘ਚੌਬੀਸ ਪਰਗਨਾ’ ਦੇ ਮੁਸਲਿਮ ਬਹੁਗਿਣਤੀ ਇਲਾਕੇ ’ਚ ਭਾਸ਼ਣ ਦਿੰਦੇ ਹੋਏ ਕਿਹਾ, ‘‘ਤੁਸੀਂ ਲੋਕ ਆਪਣੀਆਂ ਅੱਖਾਂ ਖੋਲ੍ਹ ਕੇ ਰੱਖੋ। ਭਾਜਪਾ ਵਰਗਾ ਖਤਰਨਾਕ ਵਾਇਰਸ ਘੁੰਮ ਰਿਹਾ ਹੈ। ਇਹ ਪਾਰਟੀ ਧਰਮ ਦੇ ਨਾਂ ’ਤੇ ਭੇਦਭਾਵ ਅਤੇ ਦੰਗੇ ਕਰਵਾਉਂਦੀ ਹੈ। ਜੇਕਰ ਭਾਜਪਾ ਸੱਤਾ ’ਚ ਆਈ ਤਾਂ ਮੁਸਲਮਾਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ।’’

* 17 ਜਨਵਰੀ ਨੂੰ ਉੱਤਰ ਪ੍ਰਦੇਸ਼ ਸਰਕਾਰ ’ਚ ‘ਸੰਸਦੀ ਮਾਮਲੇ ਰਾਜ ਮੰਤਰੀ’ ਆਨੰਦ ਸਵਰੂਪ ਸ਼ੁਕਲਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬਾਰੇ ਕਿਹਾ, ‘‘ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਦੇ ਬਾਅਦ ਮਮਤਾ ਬੈਨਰਜੀ ਨੂੰ ਬੰਗਲਾਦੇਸ਼ ਵਿਚ ਸ਼ਰਨ ਲੈਣੀ ਪਵੇਗੀ। ਮਮਤਾ ਨੂੰ ਭਾਰਤੀਅਤਾ ਵਿਚ ਕੋਈ ਵਿਸ਼ਵਾਸ ਨਹੀਂ। ਉਹ ਇਸਲਾਮੀ ਅੱਤਵਾਦੀ ਹੈ ਅਤੇ ਬੰਗਲਾਦੇਸ਼ ਦੇ ਇਸ਼ਾਰੇ ’ਤੇ ਚੱਲ ਰਹੀ ਹੈ।’’

* 19 ਜਨਵਰੀ ਨੂੰ ਮਮਤਾ ਬੈਨਰਜੀ ਨੇ ਕਿਹਾ, ‘‘ਭਾਜਪਾ ਮਾਓਵਾਦੀਆਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਇਹ ਸਾਡੀਆਂ ਸਭਾਵਾਂ ’ਚ ਅਵਿਵਸਥਾ ਫੈਲਾਉਂਦੀ ਹੈ। ਹੁਣ ਅਸੀਂ ਵੀ ਭਾਜਪਾ ਅਤੇ ਮਾਕਪਾ ਦੀਆਂ ਬੈਠਕਾਂ ’ਚ ਰੁਕਾਵਟ ਪਾਉਣ ਅਤੇ ਹੰਗਾਮਾ ਕਰਨ ਲਈ ਆਪਣੇ ਲੋਕਾਂ ਨੂੰ ਭੇਜਾਂਗੇ।’’

* 19 ਜਨਵਰੀ ਨੂੰ ਤ੍ਰਿਣਮੂਲ ਕਾਂਗਰਸ ਦੀ ਇਕ ਰੈਲੀ ’ਚ ‘ਬੰਗਾਲ ਦੇ ਗੱਦਾਰਾਂ ਨੂੰ ਗੋਲੀ ਮਾਰੋ... ...’ ਨਾਅਰੇ ਲਾਏ ਗਏ।

* ਇਸਦੇ ਅਗਲੇ ਦਿਨ 20 ਜਨਵਰੀ ਨੂੰ ਹੁਗਲੀ ’ਚ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਮੰਤਰੀ ਸ਼ੁਭੇਂਦੂ ਅਧਿਕਾਰੀ ਦੀ ਰੈਲੀ ’ਚ ਭਾਜਪਾ ਸਮਰਥਕਾਂ ਨੇ ‘‘ਦੇਸ਼ ਦੇ ਗੱਦਾਰਾਂ ਨੂੰ...ਗੋਲੀ ਮਾਰੋ...’’ ਦੇ ਨਾਅਰੇ ਲਾਏ।

* 20 ਜਨਵਰੀ ਨੂੰ ਹੀ ਰਾਜਸਥਾਨ ਦੀ ਭਾਜਪਾ ਸੰਸਦ ਮੈਂਬਰ ਜਸਕੌਰ ਮੀਣਾ ਨੇ ਕਿਹਾ ਕਿ, ‘‘ਕਿਸਾਨ ਅੰਦੋਲਨ ਵਿਚ ਏ.ਕੇ. 47 ਲੈ ਕੇ ਅੱਤਵਾਦੀ ਬੈਠੇ ਹਨ।’’

* 20 ਜਨਵਰੀ ਨੂੰ ਤ੍ਰਿਣਮੂਲ ਕਾਂਗਰਸੀ ਨੇਤਾ ਮਦਨ ਮਿੱਤਰਾ ਨੇ ਕਿਹਾ, ‘‘ਜੇਕਰ ਸ਼ੁਭੇਂਦੂ ਅਧਿਕਾਰੀ ਜਿੱਤੇ ਤਾਂ ਮੈਂ ਆਪਣਾ ਪੰਜਾ ਕੱਟ ਲਵਾਂਗਾ। ਮੈਂ ਈਮਾਨਦਾਰ ਹਾਂ, ਗੱਦਾਰ ਨਹੀਂ।’’

* 22 ਜਨਵਰੀ ਨੂੰ ‘ਆਲ ਇੰਡੀਆ ਡੈਮੋਕ੍ਰੇਟਿਕ ਫਰੰਟ’ ਦੇ ਚੀਫ ਬਦਰੂਦੀਨ ਅਜ਼ਮਲ ਨੇ ਕਿਹਾ, ‘‘ਭਾਜਪਾ ਦੁਬਾਰਾ ਸੱਤਾ ’ਚ ਆਈ ਤਾਂ ਮਸਜਿਦਾਂ ਨੂੰ ਤਬਾਹ ਕਰ ਦੇਵੇਗੀ ਅਤੇ ਮੁਸਲਿਮ ਔਰਤਾਂ ਦੇ ਬੁਰਕਿਆਂ ’ਤੇ ਵੀ ਪਾਬੰਦੀ ਲਾ ਦੇਵੇਗੀ।’’

* 23 ਜਨਵਰੀ ਨੂੰ ਤਾਮਿਲਨਾਡੂ ਦੇ ‘ਧਾਰਾਪੂਰਮ’ ’ਚ ਰਾਹੁਲ ਗਾਂਧੀ ਬੋਲੇ, ‘‘ਨਾਗਪੁਰ ਦੇ ‘ਨਿੱਕਰ ਵਾਲੇ’ ਕਦੇ ਵੀ ਤਾਮਿਲਨਾਡੂ ਦਾ ਭਵਿੱਖ ਤੈਅ ਨਹੀਂ ਕਰ ਸਕਦੇ। ਅਸੀਂ ਨਰਿੰਦਰ ਮੋਦੀ ਨੂੰ ਭਾਰਤ ਦੀ ਨੀਂਹ ਨਸ਼ਟ ਨਹੀਂ ਕਰਨ ਦਿਆਂਗੇ।’’

* 24 ਜਨਵਰੀ ਨੂੰ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ, ‘‘ਸੁਭਾਸ਼ ਚੰਦਰ ਬੋਸ ਨੂੰ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ’ਚ ਭੇਜ ਦਿੱਤਾ ਗਿਆ। ਉਨ੍ਹਾਂ ਦੀ ਹੱਤਿਆ ਕਾਂਗਰਸ ਨੇ ਹੀ ਕਰਵਾਈ ਸੀ।’’

* 24 ਜਨਵਰੀ ਨੂੰ ਹੀ ਅਸਮ ਦੇ ਸੀਨੀਅਰ ਭਾਜਪਾ ਆਗੂ ਅਤੇ ਮੰਤਰੀ ਹਿੰਮਤਾ ਬਿਸਵਾ ਸ਼ਰਮਾ ਨੇ ਕਿਹਾ, ‘‘ਕਾਂਗਰਸ ਅਤੇ ਹੋਰ ਖੇਤਰੀ ਪਾਰਟੀਆਂ ਦਾ ਇਕੋ-ਇਕ ਟੀਚਾ ਸੂਬੇ ’ਚ ਬਾਬਰ ਦਾ ਸ਼ਾਸਨ ਲਿਆਉਣਾ ਹੈ, ਪਰ ਜਦੋਂ ਤਕ ਭਾਜਪਾ ਦੇ ਹਨੰੂਮਾਨ ਇਥੇ ਮੌਜੂਦ ਹਨ, ਉਦੋਂ ਤਕ ਅਸੀਂ ਰਾਮ ਦੇ ਆਦਰਸ਼ਾਂ ਦੇ ਨਾਲ ਅੱਗੇ ਵਧਦੇ ਜਾਵਾਂਗੇ।’’

* 24 ਜਨਵਰੀ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੁਇਤਰਾ ਬੋਲੀ, ‘‘ਬਾਂਦਰਾਂ ਦੇ ਝੰੁਡ ’ਚ ਮਮਤਾ ਦੀਦੀ ਇਕੋ-ਇਕ ਸ਼ੇਰਨੀ ਹੈ।’’

* 25 ਜਨਵਰੀ ਨੂੰ ਬਲੀਆ ਤੋਂ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ, ‘‘ਮਮਤਾ ਬੈਨਰਜੀ ਦੇ ਡੀ. ਐੱਨ. ਏ. ’ਚ ਦੋਸ਼ ਹੈ। ਉਹ ਰਾਕਸ਼ਸੀ ਪ੍ਰਵਿਰਤੀ ਦੀ ਹੈ।’’

ਸਾਡੇ ਆਗੂਆਂ ਵਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਖਿਝ ਕੇ ਹਾਲ ਹੀ ’ਚ ਦਿੱਲੀ ਹਾਈ ਕੋਰਟ ਨੇ ਇਹ ਸਖਤ ਟਿੱਪਣੀ ਕੀਤੀ ਹੈ ਕਿ ‘‘ਨੇਤਾਵਾਂ ਨੂੰ ਇਸ ਨਾਲ ਮਤਲਬ ਨਹੀਂ ਹੈ ਕਿ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਹ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ’ਚ ਲੱਗੇ ਹਨ। ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਹੈਰਾਨੀ ਨਹੀਂ ਹੋਵੇਗੀ ਕਿ ਨੇਤਾਵਾਂ ਨੂੰ ਜਨਤਾ ਸ਼ਰੇਆਮ ਕੁੱਟਣਾ ਸ਼ੁਰੂ ਕਰ ਦੇਵੇ।’’

ਯਕੀਨਨ ਹੀ ਇਹ ਟਿੱਪਣੀ ਸਾਡੇ ਨੇਤਾਵਾਂ ਦੇ ਲਈ ਇਕ ਚਿਤਾਵਨੀ ਹੈ, ਜਿਸ ’ਤੇ ਉਨ੍ਹਾਂ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ।

-ਵਿਜੇ ਕੁਮਾਰ


Bharat Thapa

Content Editor

Related News