ਕਦੋਂ ਖਤਮ ਹੋਵੇਗਾ ਫਾਇਰ ਸੇਫਟੀ ਨੂੰ ਲੈ ਕੇ ਉਦਾਸੀਨਤਾ ਭਰਿਆ ਰਵੱਈਆ

02/25/2019 5:29:58 AM

12 ਫਰਵਰੀ ਨੂੰ ਤੜਕੇ ਦਿੱਲੀ ਦੇ ਕਰੋਲ ਬਾਗ ਸਥਿਤ ਹੋਟਲ ਅਰਪਿਤ 'ਚ ਲੱਗੀ ਭਿਆਨਕ ਅੱਗ 'ਚ 17 ਲੋਕਾਂ ਦੀ ਮੌਤ ਤੋਂ ਬਾਅਦ 23 ਫਰਵਰੀ ਨੂੰ ਬੈਂਗਲੁਰੂ ਦੇ ਯੇਲਹੰਕਾ ਏਅਰਬੇਸ 'ਚ ਆਯੋਜਿਤ ਹੋ ਰਹੇ 'ਏਅਰੋ ਇੰਡੀਆ ਸ਼ੋਅ' ਦੌਰਾਨ ਪਾਰਕਿੰਗ 'ਚ ਖੜ੍ਹੀਆਂ ਲੱਗਭਗ 300 ਕਾਰਾਂ ਸੜ ਕੇ ਸੁਆਹ ਹੋ ਗਈਆਂ। 
ਇਨ੍ਹਾਂ ਦੁਰਘਟਨਾਵਾਂ ਨੇ ਇਕ ਵਾਰ ਫਿਰ ਦੇਸ਼ 'ਚ ਫਾਇਰ ਸੇਫਟੀ ਨੂੰ ਲੈ ਕੇ ਪ੍ਰਸ਼ਾਸਨ ਦਾ ਉਦਾਸੀਨਤਾ ਭਰਿਆ ਰਵੱਈਆ ਉਜਾਗਰ ਕਰ ਦਿੱਤਾ ਹੈ। ਦੇਸ਼ ਦੇ ਅਨੇਕ ਹੋਟਲਾਂ ਵਾਂਗ ਹੀ ਦਿੱਲੀ ਦੇ ਹੋਟਲ ਅਰਪਿਤ 'ਚ  ਵੀ ਅੱਗ ਲੱਗਣ 'ਤੇ ਉਸ ਨੂੰ ਬੁਝਾਉਣ ਅਤੇ ਬਚਣ ਲਈ ਸੁਰੱਖਿਆ ਦੇ ਇੰਤਜ਼ਾਮ ਨਾਕਾਫੀ ਸਨ। 
ਉਥੇ  ਗੈਸਟ ਹਾਊਸ ਅਤੇ ਹੋਟਲ 'ਚੋਂ ਬਾਹਰ ਨਿਕਲਣ ਲਈ ਵੱਖਰਾ ਰਸਤਾ ਮੁਹੱਈਆ ਹੋਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਸੀ। ਇੰਨਾ ਹੀ ਨਹੀਂ, ਸਾਰੀਆਂ ਖਿੜਕੀਆਂ ਵਿੰਡੋ ਏ. ਸੀ. ਦੀ ਜਗ੍ਹਾ ਤੋਂ ਪੈਕ ਸਨ ਜਾਂ ਜਾਮ ਹੋ ਚੁੱਕੀਆਂ ਸਨ, ਜਿਸ ਕਾਰਨ ਧੂੰਏਂ ਨਾਲ ਸਾਹ ਘੁੱਟਣ ਕਾਰਨ ਵੀ ਕਈ ਲੋਕਾਂ ਦੀਆਂ ਜਾਨਾਂ ਗਈਆਂ। ਅੱਗ ਸ਼ਾਰਟ ਸਰਕਟ ਕਾਰਨ ਲੱਗੀ,  ਸੁਰੱਖਿਆ ਦਾ ਉਥੇ ਧਿਆਨ ਨਹੀਂ ਰੱਖਿਆ ਗਿਆ ਸੀ। 
ਉਥੇ  ਹੀ 20 ਤੋਂ 24 ਫਰਵਰੀ ਤਕ ਬੈਂਗਲੁਰੂ ਦੇ ਯੇਲਹੰਕਾ ਏਅਰਬੇਸ 'ਤੇ ਆਯੋਜਿਤ ਹੋ ਰਹੇ 'ਏਅਰੋ ਇੰਡੀਆ 2019' ਵਿਚ 23 ਫਰਵਰੀ ਨੂੰ ਅਚਾਨਕ ਚਾਰੋਂ ਪਾਸੇ ਕਾਲਾ ਧੂੰਆਂ ਛਾ ਜਾਣ ਤੋਂ ਬਾਅਦ ਪਤਾ ਲੱਗਾ ਕਿ ਪਾਰਕਿੰਗ 'ਚ ਖੜ੍ਹੀਆਂ ਕਾਰਾਂ ਨੂੰ ਅੱਗ ਲੱਗ ਗਈ ਹੈ। ਪਾਰਕਿੰਗ ਵਾਲੀ ਥਾਂ ਦੇ ਨੇੜੇ ਸੁੱਕੇ ਘਾਹ  ਨੂੰ ਅੱਗ ਲੱਗ ਗਈ, ਜੋ ਤੇਜ਼ ਹਵਾ ਨਾਲ ਪਾਰਕਿੰਗ ਏਰੀਆ ਨੰਬਰ 5 'ਚ ਖੜ੍ਹੀਆਂ ਕਾਰਾਂ ਤਕ ਫੈਲ ਗਈ। 
ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਜਦੋਂ ਤਕ ਮੌਕੇ 'ਤੇ ਪਹੁੰਚਦੀਆਂ, ਉਥੇ ਖੜ੍ਹੀਆਂ ਲੱਗਭਗ 300 ਕਾਰਾਂ ਸੜ ਚੁੱਕੀਆਂ ਸਨ। ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਸਵਾਲ ਉੱਠਦਾ ਹੈ ਕਿ ਇੰਨੇ ਮਹੱਤਵਪੂਰਨ ਆਯੋਜਨ 'ਚ ਅੱਗ ਲੱਗਣ ਵਰਗੀ ਆਮ ਘਟਨਾ ਨਾਲ ਜੂਝਣ ਲਈ ਪੁਖਤਾ ਬੰਦੋਬਸਤ ਕਿਉਂ ਨਹੀਂ ਕੀਤੇ ਗਏ ਸਨ। 
ਇਥੇ ਘੋਰ ਲਾਪਰਵਾਹੀ ਦਾ ਵੀ ਖਦਸ਼ਾ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਕਿਸੇ ਵਿਅਕਤੀ ਵਲੋਂ ਸੜੀ ਹੋਈ ਸਿਗਰਟ ਸੁੱਟਣਾ ਹੋ ਸਕਦਾ ਹੈ, ਜਿਸ ਨਾਲ ਘਾਹ ਨੇ ਤੁਰੰਤ ਅੱਗ ਫੜ ਲਈ ਹੋਵੇਗੀ, ਜੋ ਪਾਰਕਿੰਗ ਤਕ ਫੈਲ ਗਈ।
ਹਾਲ ਹੀ 'ਚ ਜਾਰੀ ਕੀਤੇ ਗਏ 'ਇੰਡੀਆ ਰਿਸਕ ਸਰਵੇ' ਅਨੁਸਾਰ ਦੇਸ਼ 'ਚ ਬਿਜ਼ਨੈੱਸ ਲਈ ਅੱਗ ਤੀਜਾ ਸਭ ਤੋਂ ਵੱਡਾ ਖਤਰਾ ਹੈ। ਸਾਲ 2016 ਦੇ ਇਸੇ ਸਰਵੇ 'ਚ ਇਹ ਖਤਰਾ 8ਵੇਂ ਸਥਾਨ 'ਤੇ ਸੀ। 
ਸਰਵੇ ਅਨੁਸਾਰ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਫਾਇਰ ਬ੍ਰਿਗੇਡ ਵਿਭਾਗ 'ਚ ਮੁਲਾਜ਼ਮਾਂ ਅਤੇ ਜ਼ਰੂਰੀ ਉਪਕਰਣਾਂ ਦੀਆਂ ਕਮੀਆਂ ਇਸ ਦੇ ਲਈ ਜ਼ਿੰਮੇਵਾਰ ਹਨ। ਸਰਕਾਰ ਅਤੇ ਹੋਰ ਬਾਡੀਜ਼ ਨੇ ਫਾਇਰ ਸੇਫਟੀ ਦੇ ਸਬੰਧ 'ਚ ਅਨੇਕ ਨਿਯਮ ਬਣਾਏ ਹੋਏ ਹਨ ਪਰ ਇਸ ਗੱਲ ਦੀ ਨਿਗਰਾਨੀ ਲਈ ਅਜੇ ਵੀ ਕੋਈ ਸਿਸਟਮ ਸਾਡੇ ਕੋਲ ਨਹੀਂ ਹੈ ਕਿ ਉਨ੍ਹਾਂ ਨਿਯਮਾਂ ਦੀ ਪਾਲਣਾ ਹੋ ਵੀ ਰਹੀ ਹੈ ਜਾਂ ਨਹੀਂ। ਇਹੀ ਕਾਰਨ ਹੈ ਕਿ ਜ਼ਿਆਦਾਤਰ ਜਨਤਕ ਥਾਵਾਂ 'ਤੇ ਫਾਇਰ ਸੇਫਟੀ ਨੂੰ ਲੈ ਕੇ ਘੋਰ ਲਾਪਰਵਾਹੀ ਦਾ ਮੰਜ਼ਰ ਨਜ਼ਰ ਆਉਂਦਾ ਹੈ। 
ਕਿੰਨੀਆਂ ਹੀ ਇਮਾਰਤਾਂ ਲਈ 'ਫਾਇਰ ਨੋ ਆਬਜੈਕਸ਼ਨ ਸਰਟੀਫਿਕੇਟ' ਨਹੀਂ ਲਿਆ ਜਾਂਦਾ ਅਤੇ ਜੇਕਰ ਲਿਆ ਵੀ ਜਾਂਦਾ ਹੈ ਤਾਂ ਉਹ ਕਿਸੇ ਹੋਰ ਖੇਤਰ ਦਾ ਵੀ  ਹੋ  ਸਕਦਾ ਹੈ ਜਾਂ ਉਹ ਕਿਸੇ ਵੀ  ਤਰ੍ਹਾਂ ਫਾਇਰ ਸੇਫਟੀ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ। 2017 'ਚ ਗ੍ਰਹਿ ਮੰਤਰਾਲੇ ਵਲੋਂ ਸੰਸਦ 'ਚ ਦਿੱਤੇ ਗਏ ਜੁਆਬ ਦੇ ਹੀ ਅਨੁਸਾਰ ਸਾਲ 2012 'ਚ ਦੇਸ਼ ਵਿਚ 8559 ਫਾਇਰ ਸਟੇਸ਼ਨਾਂ ਦੀ ਲੋੜ ਸੀ, ਜਦਕਿ ਉਨ੍ਹਾਂ ਦੀ ਗਿਣਤੀ ਸਿਰਫ 2987, ਭਾਵ ਲੋੜ ਤੋਂ 65 ਫੀਸਦੀ ਘੱਟ ਸੀ। ਇਸ ਜਵਾਬ ਦੇ ਹੀ ਅਨੁਸਾਰ ਦੇਸ਼ ਨੂੰ 5,59,681 ਟ੍ਰੇਂਡ ਫਾਇਰ ਫਾਈਟਰਸ, 2,21,411 ਫਾਇਰ ਫਾਈਟਿੰਗ ਉਪਕਰਣਾਂ ਅਤੇ 9337 ਅੱਗ-ਬੁਝਾਊ ਵਾਹਨਾਂ ਦੀ ਲੋੜ ਸੀ। ਲੱਗਦਾ ਨਹੀਂ ਹੈ ਕਿ ਅੱਜ ਵੀ ਇਸ ਸਥਿਤੀ 'ਚ ਕੋਈ ਵੱਡਾ ਬਦਲਾਅ ਹੋਇਆ ਹੈ। 
ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਦੀ ਅਸਮਰੱਥਾ ਕਾਰਨ ਸਾਲ 2015 'ਚ ਦੇਸ਼ 'ਚ ਲੱਗਭਗ 17,700 ਲੋਕਾਂ ਦੀਆਂ ਜਾਨਾਂ ਗਈਆਂ। ਇਸ ਦਾ ਅਰਥ ਇਹ ਹੈ ਕਿ ਰੋਜ਼ਾਨਾ ਔਸਤਨ 44 ਅਜਿਹੀਆਂ ਮੌਤਾਂ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ। 
ਦਿੱਲੀ, ਮੁੰਬਈ, ਬੈਂਗਲੁਰੂ, ਕਾਨਪੁਰ, ਇਲਾਹਾਬਾਦ ਵਰਗੇ ਦੇਸ਼ ਦੇ ਵੱਡੇ ਸ਼ਹਿਰਾਂ 'ਚ ਇਹ ਸਮੱਸਿਆ ਜ਼ਿਆਦਾ ਭਿਆਨਕ ਹੈ। ਦਿੱਲੀ ਦੀ ਗੱਲ ਕਰੀਏ ਤਾਂ ਉਥੇ 250 ਤੋਂ ਵੱਧ  ਹੋਟਲਾਂ ਅਤੇ ਨਰਸਿੰਗ ਹੋਮਜ਼ 'ਚ ਫਾਇਰ ਸੇਫਟੀ ਇੰਤਜ਼ਾਮ ਨਹੀਂ ਹਨ। 
ਦਿੱਲੀ ਫਾਇਰ ਸਰਵਿਸ ਦੇ ਤਹਿਤ ਦੇਸ਼ ਦੀ ਰਾਜਧਾਨੀ 'ਚ ਕੁਲ 61 ਫਾਇਰ ਸਟੇਸ਼ਨ ਹਨ ਪਰ ਸਭ ਤੋਂ ਵੱਡੀ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ 'ਚ ਅੱਧੇ ਤੋਂ ਵੱਧ, ਭਾਵ 51 ਫੀਸਦੀ ਫਾਇਰਮੈਨ ਦੇ ਅਹੁਦੇ ਖਾਲੀ ਹਨ। 
ਸਪੱਸ਼ਟ ਹੈ ਕਿ ਦੇਸ਼ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਮਾਸੂਮ ਜਾਨਾਂ ਨੂੰ ਗੁਆਉਣ ਤੋਂ ਬਚਾਉਣ ਲਈ ਫਾਇਰ ਸੇਫਟੀ ਰੂਲਜ਼ ਨੂੰ ਮਜ਼ਬੂਤ ਕਰਨ, ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਤੋਂ ਲੈ ਕੇ ਫਾਇਰ ਬ੍ਰਿਗੇਡ ਵਿਭਾਗ 'ਚ ਫਾਇਰਮੈਨ ਅਤੇ ਉਪਕਰਣਾਂ ਦੀ ਘਾਟ ਨੂੰ ਪੂਰਾ ਕਰਨ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।


Related News