ਜਦ ਸੁਰੱਖਿਆ ਮੁਲਾਜ਼ਮ ਹੀ ਨਸ਼ਿਆਂ ਦੀ ਸਮੱਗਲਿੰਗ ਕਰਨਗੇ ਤਾਂ ਰੋਕੇਗਾ ਕੌਣ

Wednesday, Jun 15, 2016 - 07:27 AM (IST)

ਜਦ ਸੁਰੱਖਿਆ ਮੁਲਾਜ਼ਮ ਹੀ ਨਸ਼ਿਆਂ ਦੀ ਸਮੱਗਲਿੰਗ ਕਰਨਗੇ ਤਾਂ ਰੋਕੇਗਾ ਕੌਣ

ਪੰਜਾਬ ''ਚ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੇ ਪ੍ਰਚਲਨ ਤੇ ਭਾਰੀ ਗਿਣਤੀ ''ਚ ਸੂਬੇ ਦੀ ਜਨਤਾ ਦੇ ਨਸ਼ਿਆਂ ਦੀ ਗ੍ਰਿਫਤ ''ਚ ਹੋਣ ਦੀ ਦੂਸ਼ਣਬਾਜ਼ੀ ਦਰਮਿਆਨ ਨਸ਼ਿਆਂ ਦੇ ਧੰਦੇ ''ਚ ਪੇਸ਼ੇਵਰ ਸਮੱਗਲਰਾਂ ਦੇ ਸ਼ਾਮਿਲ ਹੋਣ ਦੇ ਨਾਲ-ਨਾਲ ਸੁਰੱਖਿਆ ਮੁਲਾਜ਼ਮਾਂ ਦੀ ਹਿੱਸੇਦਾਰੀ ਵੀ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।
ਇਕ ਪਾਸੇ ਜਿਥੇ ਇਸ ਸਮੇਂ ਪੰਜਾਬ ''ਚ ਨਸ਼ਿਆਂ ਦੇ ਸੇਵਨ ''ਤੇ ਆਧਾਰਿਤ ਫਿਲਮ ''ਉੜਤਾ ਪੰਜਾਬ'' ਨੇ ਸੂਬੇ ਦਾ ਸਿਆਸੀ ਤਾਪਮਾਨ ਗਰਮ ਕੀਤਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਵੀ ਇਹ ਗੱਲ ਕਬੂਲ ਕਰ ਚੁੱਕੀ ਹੈ ਕਿ ਨਸ਼ਿਆਂ ਦੀ ਆਦਤ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ।
ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਅਨੁਸਾਰ ਇਸ ਸਾਲ 4 ਮਈ ਨੂੰ ਓਡੀਸ਼ਾ ਤੋਂ ਰਾਜ ਸਭਾ ਮੈਂਬਰ ਰੰਜੀਬ ਬਿਸਵਾਲ ਅਤੇ 9 ਮਾਰਚ ਨੂੰ ਉੱਤਰਾਖੰਡ ਤੋਂ ਸੰਸਦ ਮੈਂਬਰ ਮਹਿੰਦਰ ਸਿੰਘ ਨੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੂੰ ਪੁੱਛਿਆ ਸੀ ਕਿ ਕੀ ਪੰਜਾਬ ਪੁਲਸ ਤੇ ਬੀ. ਐੱਸ. ਐੱਫ. ਦੇ ਮੁਲਾਜ਼ਮ ਸਰਹੱਦ ਪਾਰੋਂ ਨਸ਼ਿਆਂ ਦੀ ਸਮੱਗਲਿੰਗ ''ਚ ਸ਼ਾਮਿਲ ਪਾਏ ਗਏ ਹਨ?
ਇਸ ਦੇ ਜਵਾਬ ''ਚ ਸ਼੍ਰੀ ਰਿਜਿਜੂ ਨੇ ਦੱਸਿਆ ਸੀ ਕਿ ''''2014 ਤੋਂ ਇਸ ਸਾਲ ਮਾਰਚ ਤਕ ਸਰਹੱਦ ਪਾਰੋਂ ਨਸ਼ਿਆਂ ਦੀ ਸਮੱਗਲਿੰਗ ''ਚ ਸ਼ਮੂਲੀਅਤ ਦੇ ਸਿਲਸਿਲੇ ''ਚ 68 ਸੁਰੱਖਿਆ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ''ਚੋਂ 53 ਪੰਜਾਬ ਪੁਲਸ, 7 ਜੇਲ ਵਿਭਾਗ, 4 ਬੀ. ਐੱਸ. ਐੱਫ. ਅਤੇ ਦੋ ਹੋਮਗਾਰਡ ਵਿਭਾਗ ਨਾਲ  ਸੰਬੰਧਤ ਹਨ।''''
ਹਾਲਾਂਕਿ ਸ਼੍ਰੀ ਰਿਜਿਜੂ ਨੇ ਕਿਹਾ ਕਿ ਸਮੱਗਲਿੰਗ ''ਚ ਸ਼ਮੂਲੀਅਤ ਲਈ ਸੁਰੱਖਿਆ ਮੁਲਾਜ਼ਮਾਂ ਦਾ ਕੋਈ ਸੰਗਠਿਤ ਨੈੱਟਵਰਕ ਨਹੀਂ ਹੈ ਪਰ ਉਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸੁਰੱਖਿਆ ਮੁਲਾਜ਼ਮ ਸਰਹੱਦ ਪਾਰੋਂ ਅਤੇ ਦੇਸ਼ ਦੇ ਅੰਦਰ ਨਸ਼ਿਆਂ ਦੀ ਸਮੱਗਲਿੰਗ ''ਚ ਹਿੱਸੇਦਾਰੀ ਨਿਭਾ ਰਹੇ ਹਨ।
ਅੱਜ ਜਦੋਂ ਨਸ਼ਿਆਂ ਦਾ ਸੇਵਨ ਦੇਸ਼ ਦੇ ਨੌਜਵਾਨ ਵਰਗ ਦੀ ਸਿਹਤ ਤੇ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਬਣ ਚੁੱਕਾ ਹੈ, ਜੇ ਸੁਰੱਖਿਆ ਮੁਲਾਜ਼ਮ ਹੀ ਅਪਰਾਧੀਆਂ ਨਾਲ ਹੱਥ ਮਿਲਾਉਣ ਲੱਗ ਪੈਣਗੇ ਤਾਂ ਫਿਰ ਅਪਰਾਧਾਂ ਨੂੰ ਕੌਣ ਰੋਕੇਗਾ?
—ਵਿਜੇ ਕੁਮਾਰ


author

Vijay Kumar Chopra

Chief Editor

Related News