ਸਾਨੂੰ ''ਜਾਨ'' ਨਹੀਂ, ''ਸਾਮਾਨ'' ਪਿਆਰਾ

08/08/2016 4:06:27 AM

ਇਹ ਸੋਸ਼ਲ ਮੀਡੀਆ ਦਾ ਦੌਰ ਹੈ। ਅਜਿਹੇ ਵਿਚ ਕਿਤੇ ਵੀ ਕੁਝ ਵੀ ਵਾਪਰ ਜਾਵੇ, ਕਿਸੇ ਘਰ ਵਿਚ ਜਾਂ ਸੜਕ ''ਤੇ, ਸਿਆਸੀ ਬੈਠਕ ਵਿਚ ਜਾਂ ਨਿੱਜੀ ਪਾਰਟੀ ਵਿਚ, ਕੋਈ ਨਾ ਕੋਈ ਇਸ ਦੀ ਤਸਵੀਰ ਜਾਂ ਵੀਡੀਓ ਨੂੰ ਆਪਣੇ ਮੋਬਾਇਲ ਵਿਚ ਕੈਦ ਕਰ ਹੀ ਲੈਂਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਇਹ ਸੋਸ਼ਲ ਮੀਡੀਆ ''ਤੇ ਵੀ ਅਪਲੋਡ ਕਰ ਦਿੱਤਾ ਜਾਂਦਾ ਹੈ। ਭਾਵੇਂ ਇਸ ਨੂੰ ਪਰਿਵਾਰ ਜਾਂ ਦੋਸਤਾਂ ਵਿਚਾਲੇ ਹੀ ਸਾਂਝਾ ਕੀਤਾ ਜਾ ਰਿਹਾ ਹੋਵੇ, ਜਲਦ ਹੀ ਇਹ ਜਨਤਕ ਹੋ ਜਾਂਦਾ ਹੈ।
ਅਜਿਹੇ ਵਿਚ ਹਵਾਈ ਜਹਾਜ਼ ਦੀ ਕ੍ਰੈਸ਼ ਲੈਂਡਿੰਗ ਵਰਗੀ ਵੱਡੀ ਦੁਰਘਟਨਾ ਕਿਵੇਂ ਕਿਸੇ ਦੇ ਮੋਬਾਇਲ ਵਿਚ ਕੈਦ ਹੋਣ ਤੋਂ ਬਚ ਜਾਂਦੀ। ਹਾਲਾਂਕਿ ਇਸ ਵਾਰ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਕਿਸੇ ਨੇ ਬਾਹਰੋਂ ਨਹੀਂ, ਜਹਾਜ਼ ਵਿਚ ਸਵਾਰ ਕਿਸੇ ਮੁਸਾਫਿਰ ਨੇ ਬਣਾਇਆ ਹੈ। ਜਹਾਜ਼ ''ਚ ਅੱਗ ਲੱਗ ਚੁੱਕੀ ਸੀ ਤੇ ਮੁਸਾਫਿਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਹੋ ਰਹੀ ਸੀ। ਵੀਡੀਓ ਵਿਚ ਫਲਾਈਟ ਅਟੈਂਡੈਂਟ ਦੀ ਘਬਰਾਈ ਹੋਈ ਆਵਾਜ਼ ਸਾਫ ਸੁਣਾਈ ਦਿੰਦੀ ਹੈ, ਜੋ ਮੁਸਾਫਿਰਾਂ ਨੂੰ ਜਲਦੀ ਤੋਂ ਜਲਦੀ ਬਾਹਰ ਨਿਕਲਣ ਲਈ ਕਹਿ ਰਹੀ ਹੈ। 
ਇਹ ਸਭ ਉਦੋਂ ਹੋਇਆ, ਜਦੋਂ ਅਮੀਰਾਤ ਏਅਰਲਾਈਨਜ਼ ਦੇ ਬੋਇੰਗ ਜਹਾਜ਼ 777-300 ਨੂੰ ਬੁੱਧਵਾਰ ਦੁਬਈ ਕੌਮਾਂਤਰੀ ਹਵਾਈ ਅੱਡੇ ''ਤੇ ਕ੍ਰੈਸ਼ ਲੈਂਡ ਕਰਨਾ ਪਿਆ। ਕੇਰਲ ਦੇ ਤਿਰੂਵਨੰਤਪੁਰਮ ਤੋਂ ਉੱਡੇ ਇਸ ਜਹਾਜ਼ ''ਚ 226 ਭਾਰਤੀਆਂ ਸਣੇ 295 ਵਿਅਕਤੀ ਸਵਾਰ ਸਨ। ਜਹਾਜ਼ ਦੇ ਸੱਜੇ ਖੰਭ ਨੇ ਅੱਗ ਫੜ ਲਈ ਸੀ ਤੇ ਇਸ ਦੇ ਇੰਜਣ ਦਾ ਇਕ ਹਿੱਸਾ ਵੀ ਡਿੱਗ ਚੁੱਕਾ ਸੀ ਪਰ ਇਸ ਦੇ ਬਾਵਜੂਦ ਦਰਵਾਜ਼ਿਆਂ ਰਾਹੀਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜ਼ਮੀਨ ਨਾਲ ਵੱਜਣ ਦੇ ਸਿੱਟੇ ਵਜੋਂ ਧਮਾਕੇ ਦੇ ਨਾਲ ਹੀ ਕੈਬਿਨ ''ਚ ਧੂੰਆਂ ਭਰਨ ਲੱਗਾ ਸੀ। 
ਸਾਰੀਆਂ ਜਹਾਜ਼ਰਾਨੀ ਕੰਪਨੀਆਂ ਆਪਣੇ ਸਟਾਫ ਨੂੰ ਅਜਿਹੀ ਸਿਖਲਾਈ ਦਿੰਦੀਆਂ ਹਨ, ਜਿਸ ਨਾਲ ਉਹ ਅਜਿਹੀ ਹਾਲਤ ਵਿਚ 90 ਸੈਕੰਡ ਵਿਚ ਜਹਾਜ਼ ਨੂੰ ਖਾਲੀ ਕਰਵਾ ਸਕਣ। ਦਰਅਸਲ, ਜਹਾਜ਼ ਬਣਾਉਣ ਵਾਲਿਆਂ ਨੂੰ ਵੀ ਇਹ ਸਾਬਿਤ ਕਰਨਾ ਪੈਂਦਾ ਹੈ ਕਿ ਹੰਗਾਮੀ ਹਾਲਤ ਵਿਚ ਉਹ 90 ਸੈਕੰਡ ''ਚ ਸਾਰੇ ਮੁਸਾਫਿਰਾਂ ਨੂੰ ਅੱਧੇ ਹੰਗਾਮੀ ਰਸਤਿਆਂ ਰਾਹੀਂ ਬਾਹਰ ਕੱਢ ਸਕਦੇ ਹਨ ਕਿਉਂਕਿ ਦੁਰਘਟਨਾ ਦੀ ਹਾਲਤ ਵਿਚ ਹੋ ਸਕਦਾ ਹੈ ਕਿ ਕੁਝ ਰਸਤੇ ਕੰਮ ਨਾ ਕਰਨ, ਜਿਵੇਂ ਕਿ ਇਸ ਦੁਰਘਟਨਾ ''ਚ ਹੋਇਆ। 
ਅਧਿਐਨਾਂ ''ਚ ਇਹ ਗੱਲ ਸਾਹਮਣੇ ਆਈ ਹੈ ਕਿ 90 ਸੈਕੰਡ ਮਗਰੋਂ ਜਹਾਜ਼ ਦੇ ਕੈਬਿਨ ਦੇ ਅੱਗ ਵਿਚ ਘਿਰ ਜਾਣ ਦਾ ਜੋਖ਼ਮ ਕਈ ਗੁਣਾ ਵਧ ਜਾਂਦਾ ਹੈ। ਲੋਕ ਵੀ ਕਿਸਮਤ ਵਾਲੇ ਸਨ ਕਿ ਇਹ 777 ਜਹਾਜ਼ ਸੀ। ਕੁਝ ਜਾਣਕਾਰਾਂ ਅਨੁਸਾਰ ਏਅਰਬੱਸ 350 ਦੇ ਫਲੋਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਉਹ ਜ਼ਮੀਨ ਨਾਲ ਵੱਜਣ ਦੇ ਝਟਕੇ ਨੂੰ ਸਹਿਣ ਲਈ ਟੁੱਟ ਜਾਵੇ। 
ਇਸ ਦੁਰਘਟਨਾ ''ਚ ਇਹ ਦੇਖਣਾ ਬੇਹੱਦ ਫਿਕਰ ਵਾਲਾ ਤੇ ਪ੍ਰੇਸ਼ਾਨ ਕਰਨ ਵਾਲਾ ਰਿਹਾ ਕਿ ਇਸ ਖਤਰਨਾਕ ਹ ਾਲਤ ਵਿਚ ਵੀ ਲੋਕ ਆਪਣਾ ਸਾਮਾਨ ਨਾਲ ਲਿਜਾਣ ਵਿਚ ਕੀਮਤੀ ਸਮਾਂ ਬਰਬਾਦ ਕਰ ਰਹੇ ਸਨ, ਜਦਕਿ ਘਰੇਲੂ ਜਾਂ ਕੌਮਾਂਤਰੀ ਉਡਾਣ ਦੌਰਾਨ ਪਹਿਲੀ ਹਦਾਇਤ ਇਹੀ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਵਿਚ ਬਿਨਾਂ ਕਿਸੇ ਸਾਮਾਨ ਦੇ ਤੁਰੰਤ ਬਾਹਰ ਵੱਲ ਭੱਜੋ। ਦੂਜੇ ਪਾਸੇ ਵੀਡੀਓ ਤੋਂ ਪਤਾ ਲੱਗਦਾ ਹੈ ਕਿ 36 ਸੈਕੰਡ ਬਾਅਦ ਵੀ ਕਈ ਲੋਕ ਆਪਣਾ ਸਾਮਾਨ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਕ ਵਿਅਕਤੀ ਤਾਂ ਆਪਣਾ ਲੈਪਟਾਪ ਨਾ ਲੱਭਣ ਦੀ ਗੱਲ ਕਰ ਰਿਹਾ ਹੈ। ਅਜਿਹਾ ਕਰਕੇ ਉਹ ਲੋਕ ਆਪਣੀ ਜਾਨ ਦੇ ਨਾਲ-ਨਾਲ ਹੋਰਨਾਂ ਦੀ ਜਾਨ ਨੂੰ ਖਤਰੇ ਵਿਚ ਪਾ ਰਹੇ ਸਨ। 
ਆਖਿਰ ਭਾਰਤੀਆਂ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਭੌਤਿਕ ਚੀਜ਼ਾਂ ਪ੍ਰਤੀ ਇੰਨਾ ਲਗਾਅ ਕਿਉਂ ਹੈ? ਕੀ ਇਸ ਦਾ ਕਾਰਨ ਹੈ ਕਿ ਭਾਰਤੀ ਪਲਾਸਟਿਕ ਮਨੀ (ਕ੍ਰੈਡਿਟ ਕਾਰਡ) ਦੀ ਵਰਤੋਂ ਘੱਟ ਕਰਦੇ ਹਨ।  ਇਕ ਵਾਰ ਲੁੱਟੀ ਗਈ ਨਕਦੀ ਵਾਪਿਸ ਨਹੀਂ ਆਉਂਦੀ ਜਾਂ ਸੁਰੱਖਿਆ ਹਦਾਇਤਾਂ ਦਾ ਪ੍ਰਦਰਸ਼ਨ  ਹੋਰ ਜ਼ਿਆਦਾ ਸਪੱਸ਼ਟਤਾ ਨਾਲ ਕੀਤਾ ਜਾਣਾ ਜ਼ਰੂਰੀ ਹੈ ਜਾਂ ਸਾਡੇ ਲੋਕਾਂ ਵਿਚ ਇਸ ਸੰਬੰਧੀ ਟ੍ਰੇਨਿੰਗ ਦੀ ਘਾਟ ਹੈ ਕਿ ਹੰਗਾਮੀ ਹਾਲਤਾਂ ਵਿਚ ਕਿਸ ਤਰ੍ਹਾਂ ਦਾ ਵਤੀਰਾ ਕਰਨਾ ਚਾਹੀਦਾ ਹੈ। 
ਵਧੇਰੇ ਅਮਰੀਕੀ ਸਕੂਲਾਂ ਤੇ ਕਾਲਜਾਂ ਵਿਚ ਫਾਇਰ ਡਰਿੱਲ ਜਾਂ ਐਮਰਜੈਂਸੀ ਡਰਿੱਲ ਆਯੋਜਿਤ ਹੁੰਦੀਆਂ  ਰਹਿੰਦੀਆਂ ਹਨ ਤਾਂ ਕਿ ਬੱਚੇ ਸਿੱਖ ਸਕਣ ਕਿ ਅੱਗ ਲੱਗਣ ਜਾਂ ਹੋਰ ਹੰਗਾਮੀ ਹਾਲਤਾਂ ਵਿਚ ਕਿਸ ਤਰ੍ਹਾਂ ਉਹ ਇਮਾਰਤ ''ਚੋਂ ਸੁਰੱਖਿਅਤ ਬਾਹਰ ਨਿਕਲ ਸਕਦੇ ਹਨ। 
ਇਕ ਜਹਾਜ਼ਰਾਨੀ ਮਾਹਿਰ ਐਸ਼ਲੇ ਨੂਨਸ ਅਨੁਸਾਰ ਕੁਝ ਸਮੇਂ ਤੋਂ ਇਹ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਜਹਾਜ਼ ਦੇ ਕ੍ਰੈਸ਼ ਹੋਣ ਦੀ ਹਾਲਤ ਵਿਚ ਲੋਕ ਆਪਣਾ ਸਾਮਾਨ ਨਾਲ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਪਿਛਲੇ ਸਾਲ ਲਾਸ ਵੇਗਾਸ ਵਿਚ ਹਵਾਈ ਪੱਟੀ ''ਤੇ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਦੇ ਅੱਗ ਫੜਨ ''ਤੇ ਹੋਇਆ। ਫਿਰ 2013 ਵਿਚ ਵੀ ਸਾਨ ਫ੍ਰਾਂਸਿਸਕੋ ''ਚ ਏਸ਼ੀਆਨਾ ਏਅਰਲਾਈਨਜ਼ ਦੇ ਜਹਾਜ਼ ਦੀ ਕ੍ਰੈਸ਼ ਲੈਂਡਿੰਗ ਦੀਆਂ ਫੋਟੋਆਂ ਵਿਚ ਵੀ ਦਿਖਾਈ ਦਿੱਤਾ ਕਿ ਮੁਸਾਫਿਰ ਆਪਣੇ ਸਾਮਾਨ ਨੂੰ ਲੈ ਕੇ ਬਾਹਰ ਨਿਕਲੇ। 
ਸਾਮਾਨ ਕੱਢਣ ਅਤੇ ਨਾਲ ਲਿਜਾਣ ਵਿਚ ਸਮਾਂ ਜ਼ਿਆਦਾ ਲੱਗਦਾ ਹੈ ਤੇ ਸਾਰੀ ਪ੍ਰਕਿਰਿਆ ਮੱਠੀ ਪੈ ਜਾਂਦੀ ਹੈ। ਅਮੀਰਾਤ ਜਹਾਜ਼ ਦੇ ਮੁਸਾਫਿਰ ਖੁਸ਼ਕਿਸਮਤ ਰਹੇ ਕਿ ਸਾਰੇ ਸੁਰੱਖਿਅਤ ਬਾਹਰ ਆ ਗਏ ਪਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਕ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮ ਨੂੰ ਜਾਨ ਗੁਆਉਣੀ ਪਈ।
ਸਮਾਂ ਆ ਗਿਆ ਹੈ ਕਿ ਇਕ ਜ਼ਿੰਮੇਵਾਰ ਰਾਸ਼ਟਰ ਦੇ ਰੂਪ ਵਿਚ ਅਸੀਂ ਆਪਣੇ ਨਾਗਰਿਕਾਂ ਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਉਹ ਹੰਗਾਮੀ ਹਾਲਤਾਂ ਨਾਲ ਸਹੀ ਢੰਗ ਨਾਲ ਨਜਿੱਠ ਸਕਣ, ਨਾ ਕਿ ਸੜਦੇ ਹੋਏ ਜਹਾਜ਼ ਵਿਚ ਖੜ੍ਹੇ ਹੋ ਕੇ 1 ਮਿੰਟ 50 ਸੈਕੰਡ ਦੀ ਵੀਡੀਓ ਆਪਣੇ ਮੋਬਾਇਲ ਨਾਲ ਬਣਾ ਲੈਣ। 


Vijay Kumar Chopra

Chief Editor

Related News