ਸੜਕਾਂ ''ਤੇ ਮੌਤ ਬਣ ਕੇ ਘੁੰਮ ਰਹੇ ''ਬੇਸਹਾਰਾ ਜਾਨਵਰ''

08/04/2019 4:16:33 AM

ਕੁਝ ਸਾਲਾਂ ਤੋਂ ਸੜਕਾਂ 'ਤੇ ਘੁੰਮ ਰਹੇ ਆਵਾਰਾ ਜਾਨਵਰ, ਵਿਸ਼ੇਸ਼ ਤੌਰ 'ਤੇ ਛੱਡੀਆਂ ਗਈਆਂ ਗਊਆਂ ਲੋਕਾਂ ਦੀ ਸੁਰੱਖਿਆ ਲਈ ਭਾਰੀ ਖਤਰਾ ਬਣ ਗਈਆਂ ਹਨ ਅਤੇ ਇਨ੍ਹਾਂ ਕਾਰਣ ਹੋਣ ਵਾਲੇ ਸੜਕ ਹਾਦਸਿਆਂ ਨਾਲ ਵੱਡੀ ਗਿਣਤੀ 'ਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਨੁਸਾਰ 2014 ਤੋਂ 2018 ਵਿਚਾਲੇ 4 ਸਾਲਾਂ 'ਚ ਪੰਜਾਬ ਦੀਆਂ ਸੜਕਾਂ 'ਤੇ ਆਵਾਰਾ ਜਾਨਵਰਾਂ ਕਾਰਣ ਹੋਏ ਸੜਕ ਹਾਦਸਿਆਂ 'ਚ 400 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜਦਕਿ ਹੋਰਨਾਂ ਸੂਬਿਆਂ 'ਚ ਵੀ ਅਜਿਹੀ ਹੀ ਸਥਿਤੀ ਹੈ :

* 14 ਜੁਲਾਈ ਨੂੰ ਜ਼ੀਰਕਪੁਰ 'ਚ 2 ਆਵਾਰਾ ਸਾਨ੍ਹਾਂ ਨੇ ਇਕ ਸਕੂਟਰ ਨੂੰ ਸਿੰਙ ਮਾਰੇ, ਜਿਸ ਨਾਲ 6 ਮਹੀਨਿਆਂ ਦੀ ਬੱਚੀ ਦੀ ਮੌਤ ਅਤੇ ਉਸ ਦੀ ਵੱਡੀ ਭੈਣ ਜ਼ਖ਼ਮੀ ਹੋ ਗਈ।

* 16 ਜੁਲਾਈ ਨੂੰ ਪਿਹੋਵਾ ਰੋਡ ਸਥਿਤ ਨਾਨਕਸਰ ਪਿੰਡ ਦੇ ਨੇੜੇ ਇਕ ਸਾਨ੍ਹ ਨੇ ਇਕ ਨੌਜਵਾਨ ਦੇ ਸੀਨੇ 'ਤੇ ਸਿੰਙ ਮਾਰ ਕੇ ਉਸ ਨੂੰ ਮਾਰ ਦਿੱਤਾ।

* 17 ਜੁਲਾਈ ਨੂੰ ਜਲੰਧਰ-ਅੰਮ੍ਰਿਤਸਰ ਸੜਕ 'ਤੇ ਇਕ ਕਾਰ ਦੇ ਬੇਸਹਾਰਾ ਸਾਨ੍ਹ ਨਾਲ ਟਕਰਾ ਜਾਣ ਨਾਲ ਹੋਏ ਹਾਦਸੇ 'ਚ ਇਕ ਹੀ ਪਰਿਵਾਰ ਦੇ 3 ਮੈਂਬਰ ਚੱਲ ਵਸੇ।

* 17 ਜੁਲਾਈ ਨੂੰ ਹੀ ਪਟਿਆਲਾ ਦੇ ਹਸਨਪੁਰ ਪਿੰਡ ਦੇ ਨੇੜੇ ਬੇਸਹਾਰਾ ਗਾਂ ਇਕ ਵਾਹਨ ਨਾਲ ਟਕਰਾ ਜਾਣ ਨਾਲ ਉਸ 'ਚ ਸਵਾਰ 4 ਵਿਅਕਤੀ ਜ਼ਖ਼ਮੀ ਹੋ ਗਏ।

* 19 ਜੁਲਾਈ ਨੂੰ ਬਨੂੜ ਦੇ ਨੇੜੇ ਸੜਕ 'ਤੇ ਆਵਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਇਕ ਬੱਸ ਬੇਕਾਬੂ ਹੋ ਕੇ ਖੱਡ 'ਚ ਡਿੱਗ ਜਾਣ ਨਾਲ 36 ਯਾਤਰੀ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ ਇਕ ਦਾ ਪੈਰ ਅਤੇ ਦੂਜੇ ਦਾ ਹੱਥ ਕੱਟਿਆ ਗਿਆ।

* 22 ਜੁਲਾਈ ਨੂੰ ਲਖੀਮਪੁਰ ਖੀਰੀ ਦੇ ਚੰਦਾਪੁਰਾ ਪਿੰਡ 'ਚ ਆਵਾਰਾ ਜਾਨਵਰ ਦੇ ਹਮਲੇ 'ਚ ਇਕ ਵਿਅਕਤੀ ਮਾਰਿਆ ਗਿਆ।

* 23 ਜੁਲਾਈ ਨੂੰ ਬਦਾਯੂੰ ਦੇ ਇਕ ਪਿੰਡ 'ਚ ਇਕ ਆਵਾਰਾ ਸਾਨ੍ਹ ਨੇ ਇਕ ਵਿਅਕਤੀ ਨੂੰ ਆਪਣੇ ਸਿੰਙਾਂ ਨਾਲ ਚੁੱਕ ਕੇ ਦੂਰ ਉਛਾਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

* 26 ਜੁਲਾਈ ਨੂੰ ਨਾਭਾ 'ਚ ਭਵਾਨੀਗੜ੍ਹ ਰੋਡ 'ਤੇ ਘੁੰਮ ਰਹੇ ਆਵਾਰਾ ਸਾਨ੍ਹ ਨੇ ਹਮਲਾ ਕਰ ਕੇ ਬੀ. ਏ. ਫਾਈਨਲ ਦੇ ਵਿਦਿਆਰਥੀ ਨੂੰ ਮਾਰ ਦਿੱਤਾ।

* 27 ਜੁਲਾਈ ਨੂੰ ਮਹੋਬਾ 'ਚ ਆਵਾਰਾ ਜਾਨਵਰ ਨੂੰ ਬਚਾਉਂਦੇ-ਬਚਾਉਂਦੇ ਇਕ ਪੁਲਸ ਵਾਹਨ ਦਰੱਖਤ ਨਾਲ ਟਕਰਾ ਗਿਆ, ਜਿਸ ਨਾਲ ਦੋ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ।

* 28 ਜੁਲਾਈ ਨੂੰ ਬਠਿੰਡਾ 'ਚ 2 ਵੱਖ-ਵੱਖ ਘਟਨਾਵਾਂ 'ਚ ਆਵਾਰਾ ਪਸ਼ੂਆਂ ਦੀ ਲਪੇਟ 'ਚ ਆ ਕੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ।

* 30 ਜੁਲਾਈ ਨੂੰ ਅਹਿਮਦਾਬਾਦ 'ਚ ਰੱਖਿਆ ਸ਼ਕਤੀ ਯੂਨੀਵਰਸਿਟੀ ਸਰਕਲ ਦੇ ਨੇੜੇ ਇਕ ਬੇਸਹਾਰਾ ਗਊ ਨੇ ਹਮਲਾ ਕਰ ਕੇ ਇਕ ਵਿਅਕਤੀ ਨੂੰ ਮਾਰ ਦਿੱਤਾ।

* 31 ਜੁਲਾਈ ਨੂੰ ਆਪਣੇ 21ਵੇਂ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਬਰਨਾਲਾ ਦੇ ਪਿੰਡ ਮੱਲ੍ਹੀਆਂ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਮੋਟਰਸਾਈਕਲ ਲਾਵਾਰਿਸ ਪਸ਼ੂ ਨਾਲ ਟਕਰਾ ਜਾਣ ਨਾਲ ਉਸ ਦੀ ਮੌਤ ਹੋ ਗਈ।

* 02 ਅਗਸਤ ਨੂੰ ਮੁਜ਼ੱਫਰਪੁਰ 'ਚ ਸਾਨ੍ਹ ਅਤੇ ਗਊ ਦੀ ਲੜਾਈ ਤੋਂ ਭੈਅਭੀਤ ਔਰਤ ਸੜਕ ਕੰਢੇ ਖੁੱਲ੍ਹੇ ਨਾਲੇ 'ਚ ਡਿੱਗ ਗਈ ਅਤੇ ਉਸ ਤੋਂ ਤੁਰੰਤ ਬਾਅਦ ਸਾਨ੍ਹ ਨੇ ਹਮਲਾ ਕਰ ਕੇ ਗਊ ਨੂੰ ਵੀ ਉਸੇ ਨਾਲੇ 'ਚ ਡੇਗ ਦਿੱਤਾ, ਜਿਸ ਦੇ ਸਿੱਟੇ ਵਜੋਂ ਗਊ ਦੇ ਹੇਠਾਂ ਦੱਬ ਕੇ ਔਰਤ ਦੀ ਮੌਤ ਹੋ ਗਈ।

ਇਸੇ ਕਿਸਮ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਸੜਕਾਂ 'ਤੇ ਆਤੰਕ ਬਣ ਕੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਜਾਂ ਪਸ਼ੂਸ਼ਾਲਾਵਾਂ 'ਚ ਲਿਜਾ ਕੇ ਬੰਦ ਕਰਨ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਇਨ੍ਹਾਂ ਦੇ ਮਾਲਕਾਂ ਨੂੰ ਫੜ ਕੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰੇ।

                                                                                     —ਵਿਜੇ ਚੋਪੜਾ


KamalJeet Singh

Content Editor

Related News