ਹਿੰਸਾ ਦੀ ਅੱਗ ਪੁੱਜੀ ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ਤਕ

06/15/2023 4:31:38 AM

ਚੋਣ ਹਿੰਸਾ ਪੱਛਮੀ ਬੰਗਾਲ ਦੀ ਸਿਆਸਤ ਦਾ ਹਿੱਸਾ ਬਣ ਚੁੱਕੀ ਹੈ। ਸਾਲ 2018 ਦੀਆਂ ਪੰਚਾਇਤੀ ਚੋਣਾਂ ਅਤੇ ਅਗਲੇ ਸਾਲ 2019 ’ਚ ਹੋਈਆਂ ਲੋਕ ਸਭਾ ਚੋਣਾਂ ਅਤੇ 2021 ’ਚ ਵਿਧਾਨ ਸਭਾ ਚੋਣਾਂ ਦੌਰਾਨ ਵੀ ਸੂਬੇ ’ਚ ਕਾਫੀ ਹਿੰਸਾ ਹੋਈ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਸਾਲ 1999 ਤੋਂ 2016 ਦੇ ਦਰਮਿਆਨ ਪੱਛਮੀ ਬੰਗਾਲ ’ਚ ਪ੍ਰਤੀ ਸਾਲ ਔਸਤਨ 20 ਸਿਆਸੀ ਹੱਤਿਆਵਾਂ ਹੋਈਆਂ ਹਨ ਜਦਕਿ ਭਾਜਪਾ ਨੇ ਦੋਸ਼ ਲਾਇਆ ਹੈ ਕਿ ਸੂਬੇ ’ਚ 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਤੇ ਉਸ ਪਿੱਛੋਂ ਿਹੰਸਾ ’ਚ ਲਗਭਗ 60 ਲੋਕਾਂ ਦੀਆਂ ਸਿਆਸੀ ਹੱਤਿਆਵਾਂ ਹੋਈਆਂ।

ਹੁਣ ਜਦਕਿ ਸੂਬੇ ’ਚ 8 ਜੁਲਾਈ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਹਨ, ਇਨ੍ਹਾਂ ਲਈ 9 ਜੂਨ ਨੂੰ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬੇ ’ਚ ਹਿੰਸਾ ਸ਼ੁਰੂ ਹੋ ਗਈ ਹੈ ਅਤੇ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਦਿਨ ਵੀ ‘ਫੂਲਚੰਦ ਸ਼ੇਖ’ ਨਾਮੀ ਇਕ ਕਾਂਗਰਸੀ ਵਰਕਰ ਦੀ ‘ਖਾੜ-ਗ੍ਰਾਮ’ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਸ ਤੋਂ ਪਹਿਲਾਂ 26 ਮਈ ਨੂੰ ‘ਨਾਡੀਆ’ ਜ਼ਿਲੇ ਦੇ ‘ਕ੍ਰਿਸ਼ਨ ਗੰਜ’ ’ਚ ਭਾਜਪਾ ਦੇ ਇਕ ਆਗੂ ‘ਨਕੁਲ ਹਲਦਰ’ ਦੀ ਲਾਸ਼ ਰੁਖ ਨਾਲ ਲਟਕਦੀ ਮਿਲੀ। ਉਸੇ ਦਿਨ ‘ਪੂਰਬੀ ਮਿਦਨਾਪੁਰ’ ਜ਼ਿਲੇ ਦੇ ‘ਮੋਇਨਾ’ ਨਾਮੀ ਸਥਾਨ ’ਤੇ ਭਾਜਪਾ ਦੇ ਇਕ ਅਗਵਾ ਆਗੂ ‘ਵਿਜੇ ਭੂਈਆ’ ਦੀ ਲਾਸ਼ ਬਰਾਮਦ ਹੋਈ ਅਤੇ 2 ਜੂਨ ਨੂੰ ‘ਕੂਚ ਬਿਹਾਰ’ ’ਚ ਅਣਪਛਾਤੇ ਹਮਲਾਵਰਾਂ ਨੇ ਭਾਜਪਾ ਆਗੂ ‘ਪ੍ਰਸ਼ਾਂਤ ਬਾਸੁਨੀਆ’ ਨੂੰ ਗੋਲੀ ਮਾਰ ਦਿੱਤੀ।

13 ਜੂਨ ਨੂੰ ‘ਦੱਖਣੀ 24 ਪਰਗਨਾ’ ਜ਼ਿਲੇ ਦੇ ‘ਭਾਂਗਰ’ ’ਚ ਬੰਬ ਸੁੱਟਣ ਦੀ ਘਟਨਾ ’ਚ ਕਈ ਲੋਕ ਜ਼ਖਮੀ ਹੋ ਗਏ। ਫਿਰ 14 ਜੂਨ ਨੂੰ ਵੀ ‘ਦੱਖਣੀ 24 ਪਰਗਨਾ’ ਅਤੇ ‘ਬਾਂਕੁੜਾ’ ਜ਼ਿਲਿਆਂ ’ਚ ਵੱਖ-ਵੱਖ ਥਾਵਾਂ ’ਤੇ ਹਿੰਸਾ ਹੋਈ ਅਤੇ ‘ਇੰਡੀਅਨ ਸੈਕੂਲਰ ਫ੍ਰੰਟ’ ਅਤੇ ਤ੍ਰਿਣਮੂਲ ਕਾਂਗਰਸ ਦੇ ਹਮਾਇਤੀ ਆਪਸ ’ਚ ਭਿੜ ਗਏ।

ਦੋਵਾਂ ਦਲਾਂ ਦੇ ਹਮਾਇਤੀਆਂ ਨੇ ਇਕ ਦੂਜੇ ਨੂੰ ਨਾਮਜ਼ਦਗੀ ਦਾਖਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਕ ਦੂਜੇ ’ਤੇ ਬੰਬ ਸੁੱਟੇ ਅਤੇ ਕਾਰਾਂ ਨੂੰ ਨੁਕਸਾਨ ਪਹੁੰਚਾਇਆ। ਇਸ ਝੜਪ ’ਚ ਦੋਵਾਂ ਧਿਰਾਂ ਦੇ ਕਈ ਵਰਕਰ ਜ਼ਖਮੀ ਹੋ ਗਏ। ਦੰਗਾਕਾਰੀਆਂ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੇ ਲਾਠੀਚਾਰਜ ਕੀਤਾ।

‘ ਦੱਖਣੀ 24 ਪਰਗਨਾ’ ਜ਼ਿਲੇ ਦੇ ‘ਕੈਨਿੰਗ’ ਇਲਾਕੇ ’ਚ ਵੀ ਹਿੰਸਾ ’ਚ ਤ੍ਰਿਣਮੂਲ ਕਾਂਗਰਸ ਦੇ ਅਸੰਤੁਸ਼ਟ ਧੜਿਆਂ ਦੇ ਮੈਂਬਰਾਂ ਨਾਲ ਜੁੜੇ ਦੰਗਾਕਾਰੀਆਂ ਨੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਰੈਪਿਡ ਐਕਸ਼ਨ ਫੋਰਸ ਦੇ ਮੈਂਬਰਾਂ ’ਤੇ ਬੰਬ ਸੁੱਟੇ ਅਤੇ ਪਥਰਾਅ ਕੀਤਾ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲਸ ਨੂੰ ਇੱਥੇ ਵੀ ਅੱਥਰੂ ਗੈਸ ਛੱਡਣੀ ਪਈ। ‘ਬਾਂਕੁੜਾ’ ਦੇ ‘ਇੰਦਾਸ’ ’ਚ ਵੀ ਨਾਮਜ਼ਦਗੀ ਕੇਂਦਰ ਦੇ ਬਾਹਰ ਭਾਜਪਾ ਅਤੇ ਤ੍ਰਿਣਮੂਲ ਹਮਾਇਤੀਆਂ ਵਿਚਾਲੇ ਝੜਪ ਹੋਈ ਅਤੇ ਦੋਵਾਂ ਦੇ ਹਮਾਇਤੀਆਂ ਨੇ ਇਕ ਦੂਜੇ ’ਤੇ ਪਥਰਾਅ ਕੀਤਾ।

‘ਇੰਡੀਅਨ ਸੈਕੂਲਰ ਫ੍ਰੰਟ’ (ਆਈ. ਐੱਸ. ਐੱਫ.) ਦੇ ਆਗੂ ਅਤੇ ‘ਭਾਂਗਰ’ ਦੇ ਵਿਧਾਇਕ ਨੌਸ਼ਾਦ ਸਿੱਦੀਕੀ ਅਨੁਸਾਰ, ‘‘ਤ੍ਰਿਣਮੂਲ ਕਾਂਗਰਸ ਦੇ ਗੁੰਡੇ ਸਾਡੇ ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖਲ ਕਰਨ ਤੋਂ ਰੋਕਣ ਲਈ ਹਿੰਸਾ ’ਤੇ ਉਤਾਰੂ ਹਨ। ’’

ਭਾਜਪਾ ਆਗੂ ਅਗਨੀ ਮਿੱਤਰਪਾਲ ਨੇ ਦੋਸ਼ ਲਾਇਆ ਹੈ ਕਿ ‘‘ਤ੍ਰਿਣਮੂਲ ਕਾਂਗਰਸ ਹਿੰਸਾ ਕਰਵਾ ਕੇ ਸੂਬੇ ’ਚ ਨਾਮਜ਼ਦਗੀ ਪ੍ਰਕਿਰਿਆ ’ਚ ਅੜਿੱਕਾ ਡਾਹੁਣ ਦਾ ਯਤਨ ਕਰ ਰਹੀ ਹੈ।’’

ਦੂਜੇ ਪਾਸੇ ਤ੍ਰਿਣਮੂਲ ਦੇ ਸੂਬਾਈ ਬੁਲਾਰੇ ਕੁਨਾਲ ਘੋਸ਼ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ‘‘ਇੰਡੀਅਨ ਸੈਕੂਲਰ ਫ੍ਰੰਟ (ਆਈ. ਐੱਸ. ਐੱਫ.) ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।’’

ਇਸ ਦੌਰਾਨ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਕਰਵਾਉਣ ਲਈ 13 ਜੂਨ ਨੂੰ ਕਲਕੱਤਾ ਹਾਈ ਕੋਰਟ ਨੇ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਚੋਣਾਂ ’ਚ ਇਸ ਪ੍ਰਕਾਰ ਦੀਆਂ ਘਟਨਾਵਾਂ ਦਾ ਹੋਣਾ ਦੱਸਦਾ ਹੈ ਕਿ ਸਿਆਸਤ ’ਚ ਹਿੰਸਾ ਦੀ ਭਾਵਨਾ ਕਿਸ ਕਦਰ ਜੜ੍ਹਾਂ ਜਮਾ ਕੇ ਲੋਕਤੰਤਰ ਦੇ ਸਭ ਤੋਂ ਹੇਠਲ ਥੰਮ੍ਹ ਪੰਚਾਇਤਾਂ ਦੀਆਂ ਚੋਣਾਂ ਤੱਕ ਪਹੁੰਚ ਚੁੱਕੀ ਹੈ। ਇਸ ਨੂੰ ਸਿਹਤਮੰਦ ਲੋਕਤੰਤਰ ਲਈ ਸਹੀ ਨਹੀਂ ਕਿਹਾ ਜਾ ਸਕਦਾ।

- ਵਿਜੇ ਕੁਮਾਰ


Anmol Tagra

Content Editor

Related News