ਮੱਧ ਪ੍ਰਦੇਸ਼ ’ਚ ਸਸਤੇ ਰਾਸ਼ਨ ਦੇ ਲਈ ਵੈਕਸੀਨੇਸ਼ਨ ਜ਼ਰੂਰੀ ਅਤੇ ਕੇਂਦਰ ਸ਼ੁਰੂ ਕਰੇਗਾ ਲੱਕੀ ਡਰਾਅ ਯੋਜਨਾ

11/23/2021 3:38:18 AM

ਯੂਰਪ ਵਿਚ ਕੋਰੋਨਾ ਦੇ ਪ੍ਰਕੋਪ ’ਚ ਮੁੜ ਤੇਜ਼ੀ ਆਉਣ ਕਾਰਨ ਵੱਖ-ਵੱਖ ਦੇਸ਼ਾਂ ’ਚ ਨਵੇਂ ਸਿਰੇ ਤੋਂ ਸੁਰੱਖਿਆਤਮਕ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਬੇਸ਼ੱਕ ਭਾਰਤ ’ਚ ਕੋਰੋਨਾ ਦੀ ਤੀਸਰੀ ਲਹਿਰ ਦਾ ਖਤਰਾ ਮੌਜੂਦ ਹੋਣ ਦੇ ਬਾਵਜੂਦ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੇ ਮਾਮਲਿਆਂ ’ਚ ਕਮੀ ਨਜ਼ਰ ਆ ਰਹੀ ਹੈ, ਜਿਸ ਕਾਰਨ ਇਸ ਤੋਂ ਬਚਾਅ ਦੇ ਉਪਾਵਾਂ ’ਚ ਢਿੱਲ ਪੈ ਰਹੀ ਹੈ।

ਇਸੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਸਿਹਤ ਮੰਤਰਾਲਾ ਨੇ ਲੋਕਾਂ ਨੂੰ ਪੂਰਨ ਟੀਕਾਕਰਨ ਲਈ ਉਤਸ਼ਾਹਿਤ ਕਰਨ ਦੀ ਖਾਤਿਰ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਲੋਕਾਂ ਦੇ ਲਈ ਹਫਤਾਵਾਰੀ ਜਾਂ ਮਾਸਿਕ ਲੱਕੀ ਡਰਾਅ ਸਮੇਤ ਕੁਝ ਉਤਸ਼ਾਹਜਨਕ ਯੋਜਨਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਲੱਕੀ ਡਰਾਅ ’ਚ ਨਕਦ ਰਕਮ ਤੋਂ ਇਲਾਵਾ ਵੱਖ-ਵੱਖ ਵਸਤਾਂ ਦੇਣ ਦਾ ਪ੍ਰਸਤਾਵ ਹੈ, ਜਿਨ੍ਹਾਂ ’ਚ ਰਾਸ਼ਨ ਕਿੱਟ, ਮੁਸਾਫਿਰ ਪਾਸ ਆਦਿ ਸ਼ਾਮਲ ਹਨ।

ਇਸੇ ਤਰ੍ਹਾਂ ਮੱਧ ਪ੍ਰਦੇਸ਼ ਸਰਕਾਰ ਨੇ ਵੀ ਵੈਕਸੀਨੇਸ਼ਨ ਪ੍ਰਤੀ ਲਾਪ੍ਰਵਾਹੀ ਵਰਤਣ ਵਾਲੇ ਲੋਕਾਂ ’ਤੇ ਸਖਤੀ ਵਧਾ ਦਿੱਤੀ ਹੈ। ਸੂਬੇ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਇਕ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਟੀਕਾਕਰਨ ਪ੍ਰਤੀ ਉਦਾਸੀਨ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮੰਤਵ ਨਾਲ ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲਗਵਾਉਣ ਵਾਲਿਆਂ ਨੂੰ ਸਬਸਿਡੀ ਵਾਲਾ ਰਾਸ਼ਨ ਨਹੀਂ ਦਿੱਤਾ ਜਾਵੇਗਾ। ਡਿਪੂ ਹੋਲਡਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਲਾਭਪਾਤਰੀਆਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣ।

ਇਸ ਤੋਂ ਇਲਾਵਾ ਵੀ ਮੱਧ ਪ੍ਰਦੇਸ਼ ਦੇ ਇੰਦੌਰ ’ਚ ਦੂਜੀ ਡੋਜ਼ ਨਾ ਲਵਾਉਣ ਵਾਲਿਆਂ ’ਤੇ ਚਿੜੀਆਘਰ ਅਤੇ ਬਗੀਚਿਆਂ ’ਚ ਦਾਖਲ ਹੋਣ ’ਤੇ ਰੋਕ ਲਾ ਦਿੱਤੀ ਗਈ ਹੈ ਅਤੇ 1 ਦਸੰਬਰ ਤੋਂ ਭਵਨ ਨਿਰਮਾਤਾਵਾਂ ਅਤੇ ਠੇਕੇਦਾਰਾਂ ਨੇ ਉਨ੍ਹਾਂ ਮਜ਼ਦੂਰਾਂ ਨੂੰ ਕੰਮ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੇ ਦੋਵੇਂ ਡੋਜ਼ ਲਗਵਾਈਆਂ ਹੋਣਗੀਆਂ।

ਉਜੈਨ ’ਚ ਹੋਟਲਾਂ, ਲਾਊਂਜ ਅਤੇ ਧਰਮਸ਼ਾਲਾਵਾਂ ’ਚ ਲੋਕਾਂ ਦਾ ਬਿਨਾਂ ਵੈਕਸੀਨੇਸ਼ਨ ਦਾਖਲਾ ਰੋਕਣ ਅਤੇ ਗਵਾਲੀਅਰ ’ਚ ਪੈਟਰੋਲ ਪੰਪਾਂ ਦੇ ਮਾਲਕਾਂ ਨੇ ਦੂਜੀ ਡੋਜ਼ ਲਗਵਾਏ ਬਿਨਾਂ ਪੈਟਰੋਲ-ਡੀਜ਼ਲ ਨਾ ਦੇਣ ਦਾ ਫੈਸਲਾ ਕੀਤਾ ਹੈ।

ਕੋਰੋਨਾ ਮਹਾਮਾਰੀ ਦਾ ਪ੍ਰਕੋਪ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਸੁਰੱਖਿਆਤਮਕ ਉਪਾਵਾਂ ’ਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ। ਇਸ ਲਈ ਅਜਿਹੇ ਹੁਕਮਾਂ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੀ ਲਾਗੂ ਕਰਨ ਦੀ ਤੁਰੰਤ ਲੋੜ ਹੈ।

–ਵਿਜੇ ਕੁਮਾਰ


Bharat Thapa

Content Editor

Related News